Skip to content

Skip to table of contents

 ਮੁੱਖ ਪੰਨੇ ਤੋਂ | ਘਰ ਵਿਚ ਕਿਵੇਂ ਰੱਖੀਏ ਸ਼ਾਂਤੀ

ਪਰਿਵਾਰ ਵਿਚ ਲੜਾਈ-ਝਗੜਾ ਕਿਉਂ ਹੁੰਦਾ ਹੈ?

ਪਰਿਵਾਰ ਵਿਚ ਲੜਾਈ-ਝਗੜਾ ਕਿਉਂ ਹੁੰਦਾ ਹੈ?

ਘਾਨਾ ਵਿਚ ਰਹਿੰਦੇ ਸੇਰਾਹ * ਤੇ ਜੇਕਬ ਦੇ ਵਿਆਹ ਨੂੰ 17 ਸਾਲ ਹੋ ਗਏ ਹਨ। ਸੇਰਾਹ ਕਹਿੰਦੀ ਹੈ: “ਸਾਡੀ ਅਕਸਰ ਪੈਸੇ ਕਰਕੇ ਲੜਾਈ ਹੁੰਦੀ ਹੈ।” ਉਹ ਦੱਸਦੀ ਹੈ: “ਮੈਨੂੰ ਗੁੱਸਾ ਇਸ ਕਰਕੇ ਆਉਂਦਾ ਕਿਉਂਕਿ ਪਰਿਵਾਰ ਦੀ ਦੇਖ-ਭਾਲ ਕਰਨ ਲਈ ਮੈਂ ਜੀ-ਜਾਨ ਲਾ ਦਿੰਦੀ ਹਾਂ, ਪਰ ਜੇਕਬ ਖ਼ਰਚਿਆਂ ਬਾਰੇ ਮੇਰੇ ਨਾਲ ਕਦੇ ਕੋਈ ਗੱਲ ਨਹੀਂ ਕਰਦਾ। ਅਸੀਂ ਕਈ-ਕਈ ਹਫ਼ਤਿਆਂ ਤਕ ਇਕ-ਦੂਜੇ ਨਾਲ ਬੋਲਦੇ ਨਹੀਂ।”

ਉਸ ਦਾ ਪਤੀ ਜੇਕਬ ਕਹਿੰਦਾ ਹੈ: “ਹਾਂ, ਅਸੀਂ ਕਈ ਵਾਰ ਇਕ-ਦੂਸਰੇ ਨੂੰ ਬੁਰਾ-ਭਲਾ ਕਹਿੰਦੇ ਹਾਂ। ਇੱਦਾਂ ਅਕਸਰ ਗ਼ਲਤਫ਼ਹਿਮੀਆਂ ਅਤੇ ਚੰਗੀ ਤਰ੍ਹਾਂ ਗੱਲਬਾਤ ਨਾ ਕਰਨ ਕਰਕੇ ਹੁੰਦਾ ਹੈ। ਲੜਾਈ-ਝਗੜੇ ਇਸ ਕਰਕੇ ਵੀ ਹੁੰਦੇ ਹਨ ਕਿਉਂਕਿ ਅਸੀਂ ਗੁੱਸੇ ਵਿਚ ਜਲਦੀ ਭੜਕ ਜਾਂਦੇ ਹਾਂ।”

ਭਾਰਤ ਵਿਚ ਰਹਿੰਦੇ ਨੇਥਨ ਦਾ ਨਵਾਂ-ਨਵਾਂ ਵਿਆਹ ਹੋਇਆ ਹੈ। ਉਹ ਕਹਿੰਦਾ ਹੈ: “ਇਕ ਦਿਨ ਮੇਰੇ ਸਹੁਰੇ ਨੇ ਮੇਰੀ ਸੱਸ ਨੂੰ ਕਿੰਨੀਆਂ ਝਿੜਕਾਂ ਮਾਰੀਆਂ ਤੇ ਉਹ ਗੁੱਸੇ ਹੋ ਕੇ ਘਰ ਛੱਡ ਕੇ ਚਲੀ ਗਈ। ਜਦੋਂ ਮੈਂ ਆਪਣੇ ਸਹੁਰੇ ਨੂੰ ਪੁੱਛਿਆ ਕਿ ਉਸ ਨੇ ਇੱਦਾਂ ਕਿਉਂ ਕੀਤਾ, ਤਾਂ ਉਸ ਨੂੰ ਲੱਗਾ ਕਿ ਮੈਂ ਜਵਾਈ ਹੋ ਕੇ ਉਸ ਦੀ ਬੇਇੱਜ਼ਤੀ ਕਰ ਰਿਹਾ ਹਾਂ। ਉਸ ਤੋਂ ਬਾਅਦ ਤਾਂ ਉਹ ਸਾਰਿਆਂ ’ਤੇ ਹੀ ਵਰ੍ਹ ਪਿਆ।”

ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕਿ ਮਾਹੌਲ ਵਿਗੜਨ ਤੇ ਕੁਝ ਬੁਰਾ-ਭਲਾ ਕਹਿਣ ਨਾਲ ਘਰ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਮਾੜੀ-ਮੋਟੀ ਟੋਕਾ-ਟਾਕੀ ਗਰਮਾ-ਗਰਮ ਬਹਿਸ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਇਨਸਾਨ ਨਹੀਂ ਜੋ ਹਰ ਵੇਲੇ ਐਨ ਸਹੀ ਗੱਲਾਂ ਕਰੇ। ਇਸ ਕਰਕੇ ਅਸੀਂ ਸੌਖਿਆਂ ਹੀ ਦੂਜਿਆਂ ਦੀਆਂ ਗੱਲਾਂ ਜਾਂ ਇਰਾਦਿਆਂ ਦਾ ਗ਼ਲਤ ਮਤਲਬ ਕੱਢ ਸਕਦੇ ਹਾਂ। ਫਿਰ ਵੀ ਅਸੀਂ ਕੁਝ ਹੱਦ ਤਕ ਸ਼ਾਂਤੀ ਬਣਾ ਕੇ ਰੱਖ ਸਕਦੇ ਹਾਂ।

ਉਦੋਂ ਤੁਸੀਂ ਕੀ ਕਰ ਸਕਦੇ ਹੋ ਜਦੋਂ ਘਰ ਵਿਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਜਾਂਦੀ ਹੈ? ਪਰਿਵਾਰ ਵਿਚ ਦੁਬਾਰਾ ਸ਼ਾਂਤੀ ਬਣਾਉਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ? ਪਰਿਵਾਰ ਘਰ ਵਿਚ ਸ਼ਾਂਤੀ ਕਿੱਦਾਂ ਕਾਇਮ ਕਰ ਸਕਦੇ ਹਨ? ਇਸ ਵਾਸਤੇ ਅਗਲਾ ਲੇਖ ਪੜ੍ਹੋ। (g15-E 12)

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।