Skip to content

Skip to table of contents

ਜਦੋਂ ਆਪਣਾ ਕੋਈ ਹੋਵੇ ਬੀਮਾਰ

ਜਦੋਂ ਆਪਣਾ ਕੋਈ ਹੋਵੇ ਬੀਮਾਰ

“ਜਦੋਂ ਡੈਡੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਸੀ, ਅਸੀਂ ਡਾਕਟਰ ਨੂੰ ਉਨ੍ਹਾਂ ਦੇ ਖ਼ੂਨ ਦੇ ਟੈੱਸਟਾਂ ਬਾਰੇ ਦੱਸਣ ਲਈ ਕਿਹਾ। ਡਾਕਟਰ ਨੇ ਸਾਨੂੰ ਦੱਸਿਆ ਸੀ ਕਿ ਟੈੱਸਟ ਠੀਕ ਸਨ, ਪਰ ਫਿਰ ਜਦੋਂ ਉਸ ਨੇ ਦੁਬਾਰਾ ਦੇਖਿਆ, ਤਾਂ ਟੈੱਸਟਾਂ ਦੇ ਦੋ ਨਤੀਜੇ ਸਹੀ ਨਹੀਂ ਸਨ। ਉਸ ਨੇ ਮਾਫ਼ੀ ਮੰਗੀ ਤੇ ਕਿਸੇ ਹੋਰ ਡਾਕਟਰ ਨੂੰ ਬੁਲਾਇਆ। ਡੈਡੀ ਹੁਣ ਠੀਕ ਹਨ। ਚੰਗਾ ਹੋਇਆ ਅਸੀਂ ਡਾਕਟਰ ਨੂੰ ਸਵਾਲ ਪੁੱਛੇ।”—ਮੈਰੀਬੇਲ।

ਡਾਕਟਰ ਨੂੰ ਮਿਲਣ ਤੋਂ ਪਹਿਲਾਂ ਬੀਮਾਰੀ ਦੇ ਲੱਛਣ ਅਤੇ ਦਵਾਈਆਂ ਲਿਖੋ

ਡਾਕਟਰ ਕੋਲ ਜਾਣਾ ਅਤੇ ਹਸਪਤਾਲ ਵਿਚ ਦਾਖ਼ਲ ਹੋਣਾ ਸਿਰ-ਦਰਦੀ ਭਰਿਆ ਕੰਮ ਹੋ ਸਕਦਾ ਹੈ। ਮੈਰੀਬੇਲ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮਦਦ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ, ਸ਼ਾਇਦ ਕਿਸੇ ਦੀ ਜਾਨ ਵੀ ਬਚ ਸਕਦੀ ਹੈ। ਤੁਸੀਂ ਕਿਸੇ ਆਪਣੇ ਦੀ ਮਦਦ ਕਿੱਦਾਂ ਕਰ ਸਕਦੇ ਹੋ?

ਡਾਕਟਰ ਨੂੰ ਮਿਲਣ ਤੋਂ ਪਹਿਲਾਂ। ਮਰੀਜ਼ ਦੀ ਲਿਖਣ ਵਿਚ ਮਦਦ ਕਰੋ ਕਿ ਬੀਮਾਰੀ ਦੇ ਕੀ ਲੱਛਣ ਹਨ ਤੇ ਉਹ ਕਿਹੜੀਆਂ ਦਵਾਈਆਂ ਜਾਂ ਵਿਟਾਮਿਨ ਲੈਂਦਾ ਹੈ। ਉਹ ਸਵਾਲ ਵੀ ਲਿਖੋ ਜੋ ਡਾਕਟਰ ਨੂੰ ਪੁੱਛਣੇ ਹਨ। ਆਪਣੇ ਦੋਸਤ ਨੂੰ ਉਸ ਦੀ ਹਾਲਤ ਬਾਰੇ ਚੰਗੀ ਤਰ੍ਹਾਂ ਦੱਸਣ ਲਈ ਕਹੋ ਜਾਂ ਉਸ ਨੂੰ ਪੁੱਛੋ ਕਿ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਹਿਲਾਂ ਕਦੇ ਇਹ ਬੀਮਾਰੀ ਤਾਂ ਨਹੀਂ ਹੋਈ। ਇਹ ਨਾ ਸੋਚੋ ਕਿ ਡਾਕਟਰ ਨੂੰ ਪਹਿਲਾਂ ਤੋਂ ਹੀ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਹੋਵੇਗਾ ਜਾਂ ਉਹ ਆਪ ਤੁਹਾਨੂੰ ਪੁੱਛੇਗਾ।

ਧਿਆਨ ਦਿਓ, ਆਦਰ ਨਾਲ ਸਵਾਲ ਪੁੱਛੋ ਅਤੇ ਜ਼ਰੂਰੀ ਗੱਲਾਂ ਲਿਖੋ

ਮਿਲਣ ਵੇਲੇ। ਧਿਆਨ ਰੱਖੋ ਕਿ ਡਾਕਟਰ ਜੋ ਕਹਿ ਰਿਹਾ ਹੈ ਉਹ ਤੁਹਾਨੂੰ ਅਤੇ ਮਰੀਜ਼ ਨੂੰ ਸਮਝ ਲੱਗ ਰਿਹਾ ਹੈ। ਸਵਾਲ ਪੁੱਛੋ ਪਰ ਆਪਣੀਆਂ ਹੀ ਨਾ ਮਾਰੀ ਜਾਓ। ਮਰੀਜ਼ ਨੂੰ ਆਪ ਸਵਾਲ ਪੁੱਛਣ ਦਿਓ। ਧਿਆਨ ਦਿਓ ਅਤੇ ਜ਼ਰੂਰੀ ਗੱਲਾਂ ਲਿਖ ਲਓ। ਇਲਾਜ ਦੇ ਹੋਰ ਤਰੀਕਿਆਂ ਬਾਰੇ ਪੁੱਛੋ। ਕੁਝ ਹਾਲਾਤਾਂ ਵਿਚ ਵਧੀਆ ਹੋਵੇਗਾ ਕਿ ਤੁਸੀਂ ਮਰੀਜ਼ ਨੂੰ ਹੋਰ ਡਾਕਟਰ ਦੀ ਰਾਇ ਲੈਣ ਦੀ ਸਲਾਹ ਦਿਓ।

ਡਾਕਟਰ ਦੀ ਸਲਾਹ ਅਤੇ ਲਿਖੀਆਂ ਦਵਾਈਆਂ ਬਾਰੇ ਗੱਲ ਕਰੋ

ਮਿਲਣ ਤੋਂ ਬਾਅਦ। ਡਾਕਟਰ ਦੀਆਂ ਦੱਸੀਆਂ ਗੱਲਾਂ ਬਾਰੇ ਮਰੀਜ਼ ਨਾਲ ਚਰਚਾ ਕਰੋ। ਧਿਆਨ ਨਾਲ ਦੇਖੋ ਕਿ ਉਹ ਸਹੀ ਦਵਾਈਆਂ ਲੈ ਰਿਹਾ ਹੈ ਜਾਂ ਨਹੀਂ। ਮਰੀਜ਼ ਨੂੰ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਲੈਣ ਲਈ ਕਹੋ ਅਤੇ ਜੇ ਦਵਾਈ ਦਾ ਗ਼ਲਤ ਅਸਰ ਹੋ ਜਾਂਦਾ ਹੈ, ਤਾਂ ਫ਼ੌਰਨ ਡਾਕਟਰ ਨੂੰ ਦੱਸੋ। ਮਰੀਜ਼ ਨੂੰ ਕਹੋ ਕਿ ਉਹ ਹਿੰਮਤ ਨਾ ਹਾਰੇ ਅਤੇ ਉਸ ਨੂੰ ਡਾਕਟਰ ਦੀਆਂ ਹੋਰ ਹਿਦਾਇਤਾਂ ਵੀ ਮੰਨਣ ਦੀ ਹੱਲਾਸ਼ੇਰੀ ਦਿਓ ਜਿਵੇਂ ਕਿ ਇਲਾਜ ਵਾਸਤੇ ਹੋਰ ਕੀ-ਕੀ ਕਰਨ ਲਈ ਕਿਹਾ ਗਿਆ ਸੀ। ਮਰੀਜ਼ ਦੀ ਆਪਣੀ ਬੀਮਾਰੀ ਬਾਰੇ ਹੋਰ ਜਾਣਨ ਵਿਚ ਮਦਦ ਕਰੋ।

ਹਸਪਤਾਲ ਵਿਚ

ਧਿਆਨ ਰੱਖੋ ਕਿ ਸਾਰੇ ਕਾਗਜ਼-ਪੱਤਰ ਸਹੀ ਭਰੇ ਹਨ

ਸ਼ਾਂਤ ਅਤੇ ਚੁਕੰਨੇ ਰਹੋ। ਹਸਪਤਾਲ ਜਾਣ ਲੱਗਿਆਂ ਸ਼ਾਇਦ ਮਰੀਜ਼ ਲਾਚਾਰ ਮਹਿਸੂਸ ਕਰੇ ਅਤੇ ਫ਼ਿਕਰਾਂ ਵਿਚ ਪੈ ਜਾਵੇ। ਸ਼ਾਂਤ ਅਤੇ ਚੁਕੰਨੇ ਰਹਿਣ ਨਾਲ ਤੁਸੀਂ ਸਾਰਿਆਂ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਚਿੰਤਾ ਨਾ ਕਰਨ ਅਤੇ ਗ਼ਲਤੀਆਂ ਕਰਨ ਤੋਂ ਬਚਣ। ਧਿਆਨ ਰੱਖੋ ਕਿ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਤੁਸੀਂ ਸਾਰੇ ਕਾਗਜ਼-ਪੱਤਰ ਸਹੀ ਤਰ੍ਹਾਂ ਭਰੇ ਹਨ। ਮਰੀਜ਼ ਨੇ ਇਲਾਜ ਕਰਾਉਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਅਨੁਸਾਰ ਚੱਲੋ। ਜੇ ਉਹ ਬਹੁਤ ਜ਼ਿਆਦਾ ਬੀਮਾਰ ਹੈ ਅਤੇ ਇਲਾਜ ਬਾਰੇ ਦੱਸ ਨਹੀਂ ਸਕਦਾ, ਤਾਂ ਜੋ ਇਲਾਜ ਉਸ ਨੇ ਪਹਿਲਾਂ ਲਿਖੇ ਹੋਏ ਹਨ, ਉਨ੍ਹਾਂ ਮੁਤਾਬਕ ਚੱਲੋ। ਨਾਲੇ ਨਜ਼ਦੀਕੀ ਰਿਸ਼ਤੇਦਾਰ ਜਾਂ ਉਸ ਦੀ ਦੇਖ-ਭਾਲ ਕਰਨ ਵਾਲਾ ਵਿਅਕਤੀ ਜੋ ਇਲਾਜ ਦੱਸਦਾ ਹੈ, ਉਸ ਦੀ ਕਦਰ ਕਰੋ। *

ਆਦਰ ਨਾਲ ਮਰੀਜ਼ ਦੀ ਹਾਲਤ ਬਾਰੇ ਡਾਕਟਰਾਂ ਅਤੇ ਨਰਸਾਂ ਨੂੰ ਦੱਸੋ

ਪਹਿਲ ਕਰੋ। ਗੱਲ ਕਰਨ ਤੋਂ ਡਰੋ ਨਾ। ਤੁਹਾਡੇ ਚੰਗੇ ਪਹਿਰਾਵੇ ਤੇ ਗੱਲਬਾਤ ਕਰਨ ਦੇ ਤਰੀਕੇ ਕਰਕੇ ਡਾਕਟਰ ਅਤੇ ਨਰਸਾਂ ਮਰੀਜ਼ ਵਿਚ ਜ਼ਿਆਦਾ ਰੁਚੀ ਲੈ ਸਕਦੇ ਹਨ ਅਤੇ ਸ਼ਾਇਦ ਉਹ ਮਰੀਜ਼ ਦੀ ਹੋਰ ਚੰਗੀ ਤਰ੍ਹਾਂ ਦੇਖ-ਭਾਲ ਕਰਨ। ਬਹੁਤ ਸਾਰੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਕਈ ਡਾਕਟਰ ਦੇਖਦੇ ਹਨ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਬਾਕੀ ਦੇ ਡਾਕਟਰਾਂ ਤੇ ਨਰਸਾਂ ਨੇ ਕੀ ਕਿਹਾ ਹੈ। ਤੁਹਾਨੂੰ ਮਰੀਜ਼ ਬਾਰੇ ਪਤਾ ਹੈ, ਇਸ ਲਈ ਜੇ ਉਸ ਦੀ ਹਾਲਤ ਵਿਗੜਦੀ ਜਾਂ ਸੁਧਰਦੀ ਹੈ, ਤਾਂ ਡਾਕਟਰ ਨੂੰ ਦੱਸੋ।

ਜੋ ਤੁਹਾਡੇ ਹੱਥ ਵੱਸ ਹੈ ਉਹ ਕਰੋ

ਆਦਰ ਦਿਖਾਓ ਤੇ ਧੰਨਵਾਦ ਕਰੋ। ਡਾਕਟਰ-ਨਰਸਾਂ ਜ਼ਿਆਦਾਤਰ ਤਣਾਅ ਭਰੇ ਮਾਹੌਲ ਵਿਚ ਕੰਮ ਕਰਦੇ ਹਨ। ਤੁਸੀਂ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ। (ਮੱਤੀ 7:12) ਡਾਕਟਰਾਂ ਦੇ ਤਜਰਬੇ ਤੇ ਸਿਖਲਾਈ ਲਈ ਕਦਰ ਦਿਖਾਓ। ਉਨ੍ਹਾਂ ਦੀ ਕਾਬਲੀਅਤ ’ਤੇ ਭਰੋਸਾ ਰੱਖੋ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕਰੋ। ਕਦਰਦਾਨੀ ਦਿਖਾਉਣ ਨਾਲ ਉਹ ਆਪਣਾ ਕੰਮ ਹੋਰ ਵੀ ਵਧੀਆ ਢੰਗ ਨਾਲ ਕਰ ਸਕਦੇ ਹਨ।

ਹਰ ਕੋਈ ਬੀਮਾਰ ਹੁੰਦਾ ਹੈ। ਪਰ ਜਦੋਂ ਤੁਸੀਂ ਪਹਿਲਾਂ ਤੋਂ ਹੀ ਸਮਝਦਾਰੀ ਤੋਂ ਕੰਮ ਲੈਂਦੇ ਹੋ ਅਤੇ ਆਪਣੇ ਦੋਸਤ ਜਾਂ ਕਿਸੇ ਰਿਸ਼ਤੇਦਾਰ ਦੀ ਮਦਦ ਕਰਦੇ ਹੋ, ਤਾਂ ਉਹ ਮਾੜੇ ਹਾਲਾਤਾਂ ਵਿਚ ਜੋ ਕੁਝ ਉਸ ਦੇ ਹੱਥ ਵੱਸ ਹੈ ਕਰ ਸਕੇਗਾ।ਕਹਾਉਤਾਂ 17:17. (g15-E 10)

^ ਪੈਰਾ 8 ਵੱਖੋ-ਵੱਖਰੀਆਂ ਥਾਵਾਂ ’ਤੇ ਮਰੀਜ਼ਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਲਈ ਜੋ ਕਾਨੂੰਨ ਬਣਾਏ ਗਏ ਹਨ, ਉਹ ਅਲੱਗ-ਅਲੱਗ ਹੋ ਸਕਦੇ ਹਨ। ਧਿਆਨ ਰੱਖੋ ਕਿ ਮਰੀਜ਼ ਨੇ ਇਲਾਜ ਕਰਾਉਣ ਦੇ ਤਰੀਕਿਆਂ ਬਾਰੇ ਜੋ ਕਾਗਜ਼-ਪੱਤਰ ਬਣਾਏ ਹਨ, ਉਹ ਪੂਰੇ ਤੇ ਸਹੀ ਹੋਣ।