Skip to content

Skip to table of contents

ਪਰਿਵਾਰ ਦੀ ਮਦਦ ਲਈ | ਨੌਜਵਾਨ

ਇਕੱਲੇਪਣ ਨਾਲ ਕਿਵੇਂ ਸਿੱਝੀਏ?

ਇਕੱਲੇਪਣ ਨਾਲ ਕਿਵੇਂ ਸਿੱਝੀਏ?

ਚੁਣੌਤੀ

“ਮੇਰੀਆਂ ਦੋ ਸਹੇਲੀਆਂ ਸਨ ਜੋ ਇਕੱਠੇ ਸਮਾਂ ਬਿਤਾਉਂਦੀਆਂ ਸਨ, ਪਰ ਮੈਨੂੰ ਨਹੀਂ ਸੀ ਪੁੱਛਦੀਆਂ। ਉਹ ਅਕਸਰ ਮੇਰੇ ਸਾਮ੍ਹਣੇ ਗੱਲਾਂ ਕਰਦੀਆਂ ਸਨ ਕਿ ਉਨ੍ਹਾਂ ਨੇ ਇਕੱਠਿਆ ਕਿੰਨਾ ਮਜ਼ਾ ਕੀਤਾ। ਇਕ ਵਾਰੀ ਮੈਂ ਉਨ੍ਹਾਂ ਵਿੱਚੋਂ ਇਕ ਦੇ ਘਰ ਫ਼ੋਨ ਕੀਤਾ ਅਤੇ ਕਿਸੇ ਹੋਰ ਨੇ ਫ਼ੋਨ ਚੁੱਕਿਆ। ਦੂਜੀ ਸਹੇਲੀ ਵੀ ਉੱਥੇ ਹੀ ਸੀ ਅਤੇ ਮੈਂ ਪਿੱਛੇ ਉਨ੍ਹਾਂ ਦੋਵਾਂ ਨੂੰ ਗੱਲਾਂ ਕਰਦੇ ਤੇ ਹਾਸਾ-ਮਖੌਲ ਕਰਦਿਆਂ ਸੁਣ ਸਕਦੀ ਸੀ। ਮੈਂ ਸੁਣ ਸਕਦੀ ਸੀ ਕਿ ਉਹ ਕਿੰਨਾ ਮਜ਼ਾ ਕਰ ਰਹੀਆਂ ਸਨ ਜਿਸ ਕਰਕੇ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਲੀ ਮਹਿਸੂਸ ਕਰਨ ਲੱਗੀ!”—ਮਰੀਆ। *

ਕੀ ਤੁਸੀਂ ਵੀ ਕਦੇ ਇਕੱਲਾਪਣ ਮਹਿਸੂਸ ਕੀਤਾ ਹੈ? ਜੇ ਹਾਂ, ਤਾਂ ਬਾਈਬਲ ਦੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ। ਪਰ ਸਭ ਤੋਂ ਪਹਿਲਾਂ ਤੁਹਾਨੂੰ ਇਕੱਲੇਪਣ ਬਾਰੇ ਕੁਝ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਹਰ ਕੋਈ ਕਦੇ-ਨਾ-ਕਦੇ ਇਕੱਲਾ ਮਹਿਸੂਸ ਕਰਦਾ ਹੈ। ਇਹ ਗੱਲ ਉਨ੍ਹਾਂ ਬਾਰੇ ਵੀ ਸੱਚ ਹੈ ਜਿਨ੍ਹਾਂ ਬਾਰੇ ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਰੇ ਪਸੰਦ ਕਰਦੇ ਹਨ। ਕਿਉਂ? ਕਿਉਂਕਿ ਕਿਸੇ ਦਾ ਇਕੱਲਾ ਹੋਣਾ ਇਸ ਗੱਲ ’ਤੇ ਨਿਰਭਰ ਨਹੀਂ ਕਰਦਾ ਕਿ ਉਸ ਦੇ ਕਿੰਨੇ ਦੋਸਤ ਹਨ, ਬਲਕਿ ਇਸ ਗੱਲ ’ਤੇ ਕਿ ਉਸ ਦੇ ਕਿਹੋ ਜਿਹੇ ਦੋਸਤ ਹਨ। ਹੋ ਸਕਦਾ ਹੈ ਕਿ ਇਕ ਵਿਅਕਤੀ ਦੇ ਆਲੇ-ਦੁਆਲੇ 24 ਘੰਟੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੋਵੇ, ਪਰ ਉਸ ਦਾ ਕੋਈ ਜਿਗਰੀ ਦੋਸਤ ਨਾ ਹੋਵੇ ਜਿਸ ਕਰਕੇ ਉਹ ਇਕੱਲਾ ਮਹਿਸੂਸ ਕਰੇ।

ਇਕੱਲਾਪਣ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਹਰਾਂ ਨੇ 148 ਰਿਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਜਿਹੜੇ ਲੋਕ ਦੂਜਿਆਂ ਨਾਲ ਘੱਟ ਮੇਲ-ਜੋਲ ਰੱਖਦੇ ਹਨ, ਉਹ ਤੇਜ਼ੀ ਨਾਲ ਮੌਤ ਵੱਲ ਵਧਦੇ ਜਾ ਰਹੇ ਹਨ। ਇਕੱਲੇ ਰਹਿਣਾ “ਮੋਟਾਪੇ ਤੋਂ ਦੋ ਗੁਣਾ ਖ਼ਤਰਨਾਕ ਹੈ” ਅਤੇ ਇਹ “ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ।”

ਇਕੱਲੇਪਣ ਕਰਕੇ ਤੁਸੀਂ ਖ਼ਤਰੇ ਵਿਚ ਪੈ ਸਕਦੇ ਹੋ। ਇਕੱਲੇਪਣ ਕਰਕੇ ਸ਼ਾਇਦ ਤੁਸੀਂ ਕਿਸੇ ਨੂੰ ਵੀ ਆਪਣਾ ਦੋਸਤ ਬਣਾ ਲਓ ਜੋ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ। ਐਲਨ ਨਾਂ ਦਾ ਨੌਜਵਾਨ ਕਹਿੰਦਾ ਹੈ, “ਜਦ ਤੁਸੀਂ ਇਕੱਲੇ ਹੁੰਦੇ ਹੋ, ਤਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤਾਂ ਤੁਹਾਡੇ ਵਿਚ ਦਿਲਚਸਪੀ ਲਵੇ। ਤੁਸੀਂ ਸ਼ਾਇਦ ਸੋਚਣ ਲੱਗ ਪਓ ਕਿ ਜੋ ਮਰਜ਼ੀ ਹੋ ਜਾਵੇ ਇਕੱਲੇ ਨਹੀਂ ਰਹਿਣਾ ਭਾਵੇਂ ਕਿਸੇ ਨਾਲ ਵੀ ਦੋਸਤੀ ਕਰਨੀ ਪਵੇ। ਇਸ ਨਾਲ ਤੁਸੀਂ ਮੁਸੀਬਤ ਵਿਚ ਫਸ ਸਕਦੇ ਹੋ।”

ਤਕਨਾਲੋਜੀ ਹਮੇਸ਼ਾ ਇਕੱਲੇਪਣ ਦਾ ਇਲਾਜ ਨਹੀਂ ਹੁੰਦੀ। ਨੈਟਲੀ ਨਾਂ ਦੀ ਇਕ ਕੁੜੀ ਕਹਿੰਦੀ ਹੈ, “ਮੈਂ ਇਕ ਦਿਨ ਵਿਚ ਸੈਂਕੜੇ ਲੋਕਾਂ ਨੂੰ ਮੈਸਿਜ ਜਾਂ ਈ-ਮੇਲ ਭੇਜ ਸਕਦੀ ਹਾਂ। ਪਰ ਇੱਦਾਂ ਕਰਨ ਨਾਲ ਵੀ ਮੇਰਾ ਇਕੱਲਾਪਣ ਦੂਰ ਨਹੀਂ ਹੁੰਦਾ।” ਟਾਈਲਰ ਨਾਂ ਦਾ ਨੌਜਵਾਨ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ, “ਮੈਸਿਜ ਭੇਜਣੇ ਚਾਹ-ਪਾਣੀ ਦੇ ਬਰਾਬਰ ਹਨ, ਜਦ ਕਿ ਆਮ੍ਹੋ-ਸਾਮ੍ਹਣੇ ਗੱਲਬਾਤ ਕਰਨੀ ਸਾਗ-ਰੋਟੀ ਦੇ ਬਰਾਬਰ ਹੈ। ਚਾਹ-ਪਾਣੀ ਵਧੀਆ ਹੈ, ਪਰ ਢਿੱਡ ਭਰਨ ਲਈ ਸਾਗ-ਰੋਟੀ ਦੀ ਲੋੜ ਪੈਂਦੀ ਹੈ।”

ਤੁਸੀਂ ਕੀ ਕਰ ਸਕਦੇ ਹੋ

ਐਵੇਂ ਗ਼ਲਤ ਨਾ ਸੋਚੀ ਜਾਓ। ਮਿਸਾਲ ਲਈ, ਤੁਸੀਂ ਅਜਿਹੀ ਸਾਈਟ ’ਤੇ ਜਾਂਦੇ ਹੋ ਜਿੱਥੇ ਤੁਸੀਂ ਕਿਸੇ ਪਾਰਟੀ ਦੀਆਂ ਫੋਟੋਆਂ ਦੇਖਦੇ ਹੋ ਜਿਸ ਵਿਚ ਤੁਹਾਡੇ ਦੋਸਤਾਂ ਨੂੰ ਸੱਦਿਆ ਗਿਆ ਸੀ, ਪਰ ਤੁਹਾਨੂੰ ਨਹੀਂ। ਦੇਖਦੇ ਸਾਰ ਤੁਸੀਂ ਆਪਣੀ ਸੋਚ ਨੂੰ ਦੋ ਪਾਸੇ ਲਿਜਾ ਸਕਦੇ ਹੋ। ਤੁਸੀਂ ਜਾਂ ਤਾਂ ਇਹ ਸੋਚ ਸਕਦੇ ਹੋ ਕਿ ਤੁਹਾਨੂੰ ਜਾਣ-ਬੁੱਝ ਕੇ ਨਹੀਂ ਸੱਦਿਆ ਗਿਆ ਜਾਂ ਸੋਚ ਸਕਦੇ ਹੋ ਕਿ ਤੁਹਾਨੂੰ ਕਿਸੇ ਵਾਜਬ ਕਾਰਨ ਕਰਕੇ ਨਹੀਂ ਸੱਦਿਆ ਗਿਆ। ਜੇ ਤੁਹਾਨੂੰ ਪੂਰੀ ਗੱਲ ਨਹੀਂ ਪਤਾ, ਤਾਂ ਫਿਰ ਕਿਉਂ ਐਵੇਂ ਗ਼ਲਤ ਸੋਚੀ ਜਾਣਾ। ਇਸ ਦੀ ਬਜਾਇ, ਸੋਚੋ ਕਿ ਕਿਹੜੀ ਸਹੀ ਵਜ੍ਹਾ ਕਰਕੇ ਤੁਹਾਨੂੰ ਨਹੀਂ ਸੱਦਿਆ ਗਿਆ। ਤੁਹਾਡੇ ਇਕੱਲੇਪਣ ਦਾ ਕਾਰਨ ਅਕਸਰ ਤੁਹਾਡਾ ਨਜ਼ਰੀਆ ਹੁੰਦਾ ਹੈ, ਨਾ ਕਿ ਤੁਹਾਡੇ ਹਾਲਾਤ।ਬਾਈਬਲ ਦਾ ਅਸੂਲ: ਕਹਾਉਤਾਂ 15:15.

ਗੱਲਾਂ ਨੂੰ ਵਧਾਓ-ਚੜ੍ਹਾਓ ਨਾ। ਜਦ ਤੁਸੀਂ ਇਕੱਲੇ ਹੁੰਦੇ ਹੋ, ਤਾਂ ਤੁਸੀਂ ਸ਼ਾਇਦ ਸੋਚੋ ਕਿ ‘ਮੈਨੂੰ ਕਦੇ ਕੋਈ ਨਹੀਂ ਸੱਦਦਾ’ ਜਾਂ ‘ਸਾਰੇ ਹਮੇਸ਼ਾ ਮੇਰੇ ਤੋਂ ਪਰੇ-ਪਰੇ ਰਹਿੰਦੇ ਹਨ।’ ਪਰ ਇਸ ਤਰ੍ਹਾਂ ਦੀਆਂ ਮਨ-ਘੜਤ ਗੱਲਾਂ ਬਣਾਈ ਜਾਣ ਨਾਲ ਤੁਸੀਂ ਇਕੱਲੇਪਣ ਦੀ ਦਲਦਲ ਵਿਚ ਹੋਰ ਖੁੱਭਦੇ ਜਾਓਗੇ। ਇਸ ਤਰ੍ਹਾਂ ਦੀ ਸੋਚ ਨਾਲ ਤੁਸੀਂ ਖ਼ਿਆਲਾਂ ਦੀ ਘੁੰਮਣਘੇਰੀ ਵਿਚ ਫਸ ਸਕਦੇ ਹੋ: ਤੁਸੀਂ ਮਹਿਸੂਸ ਕਰਦੇ ਹੋ ਕਿ ਦੂਸਰੇ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ ਜਿਸ ਕਰਕੇ ਤੁਸੀਂ ਵੀ ਉਨ੍ਹਾਂ ਨੂੰ ਮਿਲਦੇ-ਗਿਲ਼ਦੇ ਨਹੀਂ। ਇਸ ਕਰਕੇ ਤੁਸੀਂ ਇਕੱਲੇ ਮਹਿਸੂਸ ਕਰਨ ਲੱਗਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਦੂਸਰੇ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ।ਬਾਈਬਲ ਦਾ ਅਸੂਲ: ਕਹਾਉਤਾਂ 18:1.

ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਦੋਸਤੀ ਕਰਨ ਲਈ ਤਿਆਰ ਰਹੋ। ਬਾਈਬਲ ਵਿਚ ਦਾਊਦ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ ਜਿਸ ਦੀ ਮੁਲਾਕਾਤ ਯੋਨਾਥਾਨ ਨਾਲ ਉਸ ਸਮੇਂ ਹੋਈ ਜਦੋਂ ਉਹ ਨੌਜਵਾਨ ਸੀ ਅਤੇ ਯੋਨਾਥਾਨ ਉਸ ਤੋਂ 30 ਸਾਲ ਵੱਡਾ ਸੀ। ਉਮਰ ਵਿਚ ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਉਹ ਦੋਵੇਂ ਜਿਗਰੀ ਦੋਸਤ ਬਣੇ। (1 ਸਮੂਏਲ 18:1) ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। 21 ਸਾਲ ਦੀ ਕੀਆਰਾ ਕਹਿੰਦੀ ਹੈ: “ਹਾਲ ਹੀ ਦੇ ਸਮੇਂ ਵਿਚ ਮੈਂ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਦੋਸਤੀ ਕਰ ਕੇ ਬਹੁਤ ਖ਼ੁਸ਼ ਹਾਂ। ਮੇਰੇ ਜਿਗਰੀ ਦੋਸਤਾਂ ਵਿੱਚੋਂ ਕੁਝ ਦੀ ਉਮਰ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਹੈ। ਮੈਂ ਅਲੱਗ-ਅਲੱਗ ਮਾਮਲਿਆਂ ਵਿਚ ਦਿੱਤੀ ਉਨ੍ਹਾਂ ਦੀ ਰਾਇ ਦੀ ਕਦਰ ਕਰਦੀ ਹਾਂ। ਨਾਲੇ ਉਹ ਭਰੋਸੇਮੰਦ ਦੋਸਤ ਹਨ।”ਬਾਈਬਲ ਦਾ ਅਸੂਲ: ਅੱਯੂਬ 12:12.

ਕੁਝ ਪਲ ਇਕੱਲੇ ਬਿਤਾਉਣ ਦੇ ਫ਼ਾਇਦੇ। ਜਦ ਕੁਝ ਲੋਕ ਥੋੜ੍ਹੇ ਪਲਾਂ ਲਈ ਇਕੱਲੇ ਹੁੰਦੇ ਹਨ, ਤਾਂ ਉਹ ਇਕੱਲਾਪਣ ਮਹਿਸੂਸ ਕਰਦੇ ਹਨ। ਪਰ ਤੁਹਾਨੂੰ ਉਦੋਂ ਇਕੱਲੇ ਮਹਿਸੂਸ ਕਰਨ ਦੀ ਲੋੜ ਨਹੀਂ ਜਦ ਦੂਜੇ ਤੁਹਾਡੇ ਨਾਲ ਨਹੀਂ ਹੁੰਦੇ। ਮਿਸਾਲ ਲਈ, ਯਿਸੂ ਦੂਜਿਆਂ ਨੂੰ ਮਿਲਣਾ-ਗਿਲ਼ਣਾ ਪਸੰਦ ਕਰਦਾ ਸੀ, ਪਰ ਉਹ ਇਕੱਲੇ ਬਿਤਾਏ ਸਮੇਂ ਦੀ ਵੀ ਕਦਰ ਕਰਦਾ ਸੀ। (ਮੱਤੀ 14:23; ਮਰਕੁਸ 1:35) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਇਹ ਸੋਚਣ ਦੀ ਬਜਾਇ ਕਿ ਤੁਹਾਡਾ ਇਕੱਲੇ ਰਹਿਣਾ ਚੰਗਾ ਨਹੀਂ, ਤੁਸੀਂ ਇਹ ਸਮਾਂ ਰੱਬ ਵੱਲੋਂ ਮਿਲੀਆਂ ਬਰਕਤਾਂ ਉੱਤੇ ਸੋਚ-ਵਿਚਾਰ ਕਰਨ ਵਿਚ ਲਾ ਸਕਦੇ ਹੋ। ਇਸ ਕਰਕੇ ਸ਼ਾਇਦ ਤੁਹਾਡੇ ਦੋਸਤ ਤੁਹਾਨੂੰ ਹੋਰ ਜ਼ਿਆਦਾ ਪਸੰਦ ਕਰਨ।—ਕਹਾਉਤਾਂ 13:20. ▪ (g15-E 04)

^ ਪੈਰਾ 4 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।