Skip to content

Skip to table of contents

 ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਸੱਸ-ਸਹੁਰੇ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?

ਸੱਸ-ਸਹੁਰੇ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?

ਚੁਣੌਤੀ

“ਇਕ ਵਾਰ ਜਦ ਅਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਸੀ, ਤਾਂ ਮੇਰੀ ਪਤਨੀ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸ ਦਿੱਤਾ। ਫਿਰ ਉਸ ਦੇ ਡੈਡੀ ਨੇ ਮੈਨੂੰ ਘਰ ਬੁਲਾ ਕੇ ਸਲਾਹ ਦਿੱਤੀ। ਪਰ ਇਹ ਗੱਲ ਮੈਨੂੰ ਜ਼ਰਾ ਵੀ ਚੰਗੀ ਨਹੀਂ ਲੱਗੀ!”—ਜੇਮਜ਼। *

“ਮੇਰੀ ਸੱਸ ਮੈਨੂੰ ਅਕਸਰ ਕਹਿੰਦੀ ਹੈ: ‘ਮੈਨੂੰ ਆਪਣੇ ਪੁੱਤ ਦੀ ਬਹੁਤ ਕਮੀ ਮਹਿਸੂਸ ਹੁੰਦੀ ਹੈ! ਮੇਰਾ ਪੁੱਤ ਪਹਿਲਾਂ ਮੇਰਾ ਕਿੰਨਾ ਕਰਦਾ ਸੀ।’ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਲੱਗਦਾ ਕਿ ਮੈਂ ਉਸ ਦੇ ਪੁੱਤ ਨਾਲ ਵਿਆਹ ਕਰਾ ਕੇ ਗ਼ਲਤੀ ਕੀਤੀ ਅਤੇ ਆਪਣੀ ਸੱਸ ਨੂੰ ਬਹੁਤ ਦੁੱਖ ਦਿੱਤਾ ਹੈ!”—ਨਾਤਾਸ਼ਾ

ਕੀ ਅਜਿਹੀਆਂ ਮੁਸ਼ਕਲਾਂ ਕਾਰਨ ਤੁਹਾਨੂੰ ਆਪਣੇ ਵਿਆਹੁਤਾ ਰਿਸ਼ਤੇ ’ਤੇ ਅਸਰ ਪੈਣ ਦੇਣਾ ਚਾਹੀਦਾ ਹੈ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਵਿਆਹ ਤੋਂ ਬਾਅਦ ਇਕ ਨਵੇਂ ਪਰਿਵਾਰ ਦੀ ਸ਼ੁਰੂਆਤ ਹੁੰਦੀ ਹੈ। ਬਾਈਬਲ ਕਹਿੰਦੀ ਹੈ ਕਿ ਵਿਆਹ ਤੋਂ ਬਾਅਦ ਪਤੀ “ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ।” ਇਹੀ ਗੱਲ ਪਤਨੀ ’ਤੇ ਵੀ ਲਾਗੂ ਹੁੰਦੀ ਹੈ ਯਾਨੀ ਉਹ ਵੀ ਵਿਆਹ ਤੋਂ ਬਾਅਦ ਆਪਣੇ ਮਾਪੇ ਛੱਡ ਕੇ ਆਪਣੇ ਪਤੀ ਨਾਲ ਰਹੇਗੀ। ਬਾਈਬਲ ਮੁਤਾਬਕ ਵਿਆਹ ਤੋਂ ਬਾਅਦ ਪਤੀ-ਪਤਨੀ “ਇਕ ਸਰੀਰ” ਹੋ ਜਾਂਦੇ ਹਨ। ਹੁਣ ਉਨ੍ਹਾਂ ਦੋਵਾਂ ਦਾ ਆਪਣਾ ਇਕ ਪਰਿਵਾਰ ਹੈ।—ਮੱਤੀ 19:5.

ਮਾਪਿਆਂ ਤੋਂ ਪਹਿਲਾਂ ਜੀਵਨ ਸਾਥੀ। ਵਿਆਹੁਤਾ ਜੀਵਨ ਦਾ ਸਲਾਹਕਾਰ ਜੌਨ. ਐੱਮ. ਗੌਟਮਨ ਲਿਖਦਾ ਹੈ: “ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਹਮੇਸ਼ਾ ਇਕ-ਦੂਜੇ ਨਾਲ ਸਲਾਹ-ਮਸ਼ਵਰਾ ਕਰ ਕੇ ਇਕੱਠੇ ਫ਼ੈਸਲੇ ਲੈਣ। ਵਿਆਹ ਤੋਂ ਬਾਅਦ ਤੁਹਾਨੂੰ ਆਪਣੇ ਵਿਆਹੁਤਾ ਰਿਸ਼ਤੇ ਦੀ ਡੋਰ ਨੂੰ ਪੱਕਾ ਕਰਨ ਲਈ ਸ਼ਾਇਦ ਆਪਣੇ ਮਾਂ-ਬਾਪ ਜਾਂ ਭੈਣਾਂ-ਭਰਾਵਾਂ ਤੋਂ ਵੀ ਕੁਝ ਹੱਦ ਤਕ ਦੂਰੀ ਕਾਇਮ ਕਰਨੀ ਪਵੇ।” *

ਕਈ ਮਾਪਿਆਂ ਨੂੰ ਸ਼ਾਇਦ ਇਹ ਤਬਦੀਲੀ ਕਬੂਲ ਕਰਨੀ ਔਖੀ ਲੱਗੇ। ਇਕ ਜਵਾਨ ਪਤੀ ਕਹਿੰਦਾ ਹੈ: “ਵਿਆਹ ਤੋਂ ਪਹਿਲਾਂ ਮੇਰੀ ਪਤਨੀ ਉਹੀ ਕਰਦੀ ਸੀ ਜੋ ਉਸ ਦੇ ਮੰਮੀ-ਡੈਡੀ ਕਹਿੰਦੇ ਸਨ। ਵਿਆਹ ਤੋਂ ਬਾਅਦ ਉਸ ਦੇ ਮੰਮੀ ਜੀ ਨੇ ਦੇਖਿਆ ਕਿ ਉਸ ਦੀ ਧੀ ਦੀ ਜ਼ਿੰਦਗੀ ਵਿਚ ਕਿਸੇ ਹੋਰ ਨੇ ਪਹਿਲੀ ਥਾਂ ਲੈ ਲਈ ਹੈ। ਇਹ ਗੱਲ ਕਬੂਲ ਕਰਨੀ ਉਨ੍ਹਾਂ ਲਈ ਔਖੀ ਸੀ!”

ਨਵੇਂ ਵਿਆਹੇ ਜੋੜੇ ਨੂੰ ਵੀ ਸ਼ਾਇਦ ਮਾਪਿਆਂ ਦੀ ਦਖ਼ਲਅੰਦਾਜ਼ੀ ਚੰਗੀ ਨਾ ਲੱਗੇ। ਪਹਿਲਾਂ ਜ਼ਿਕਰ ਕੀਤਾ ਜੇਮਜ਼ ਅੱਗੇ ਕਹਿੰਦਾ ਹੈ: “ਤੁਸੀਂ ਦੋਸਤ ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ, ਪਰ ਸੱਸ-ਸਹੁਰਾ ਨਹੀਂ।” ਉਹ ਕਹਿੰਦਾ ਹੈ: “ਜਿੱਦਾਂ ਕਿਸੇ ਨੇ ਕਿਹਾ ਹੈ, ‘ਭਾਵੇਂ ਤੁਹਾਨੂੰ ਚੰਗਾ ਲੱਗੇ ਜਾਂ ਨਾ, ਪਰ ਹੁਣ ਤੁਹਾਨੂੰ ਉਨ੍ਹਾਂ ਨੂੰ ਗਲ਼ੇ ਲਾਉਣਾ ਹੀ ਪੈਣਾ।’ ਭਾਵੇਂ ਕਿ ਉਹ ਤੁਹਾਨੂੰ ਖਿਝ ਚੜਾਉਣ, ਫਿਰ ਵੀ ਯਾਦ ਰੱਖੋ ਕਿ ਉਹ ਹੈ ਤਾਂ ਤੁਹਾਡੇ ਪਰਿਵਾਰ ਦੇ ਮੈਂਬਰ ਹੀ।”

 ਤੁਸੀਂ ਕੀ ਕਰ ਸਕਦੇ ਹੋ?

ਜੇ ਸੱਸ-ਸਹੁਰੇ ਨੂੰ ਲੈ ਕੇ ਕਿਸੇ ਗੱਲ ’ਤੇ ਤੁਹਾਡੇ ਦੋਵਾਂ ਵਿਚ ਮਤਭੇਦ ਹੈ, ਤਾਂ ਮਿਲ-ਜੁਲ ਕੇ ਮਸਲਾ ਹੱਲ ਕਰੋ। ਬਾਈਬਲ ਦੀ ਸਲਾਹ ਮੰਨ ਕੇ ‘ਮੇਲ ਨੂੰ ਭਾਲੋ ਅਤੇ ਉਹ ਦਾ ਪਿੱਛਾ ਕਰੋ।’—ਜ਼ਬੂਰਾਂ ਦੀ ਪੋਥੀ 34:14.

ਅੱਗੇ ਦਿੱਤੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਹਰ ਮਿਸਾਲ ਅਤੇ ਸੁਝਾਅ ਪਤੀ ਜਾਂ ਪਤਨੀ ਨੂੰ ਮੱਦੇ-ਨਜ਼ਰ ਰੱਖ ਕੇ ਦਿੱਤਾ ਗਿਆ ਹੈ। ਪਰ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਦੋਨਾਂ ਨੂੰ ਕਰਨਾ ਪੈਂਦਾ ਹੈ। ਨਾਲੇ ਬਾਈਬਲ ਦੇ ਅਸੂਲ ਸੱਸ-ਸਹੁਰੇ ਸੰਬੰਧੀ ਕਈ ਮਸਲਿਆਂ ਦਾ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਤੁਹਾਡੀ ਪਤਨੀ ਕਹਿੰਦੀ ਹੈ ਕਿ ਤੁਹਾਨੂੰ ਉਸ ਦੀ ਮੰਮੀ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਪਰ ਤੁਹਾਨੂੰ ਲੱਗਦਾ ਕਿ ਉਸ ਦੀ ਮੰਮੀ ਨੂੰ ਖ਼ੁਸ਼ ਕਰਨਾ ਬਹੁਤ ਔਖਾ ਹੈ।

ਇੱਦਾਂ ਕਰੋ: ਇਸ ਸਮੱਸਿਆ ਬਾਰੇ ਆਪਣੀ ਪਤਨੀ ਨਾਲ ਗੱਲ ਕਰੋ ਅਤੇ ਉਸ ਦੀ ਸਲਾਹ ਮੰਨਣ ਲਈ ਤਿਆਰ ਰਹੋ। ਗੱਲ ਇਹ ਨਹੀਂ ਕਿ ਤੁਸੀਂ ਆਪਣੀ ਸੱਸ ਬਾਰੇ ਕੀ ਸੋਚਦੇ ਹੋ, ਸਗੋਂ ਇਹ ਕਿ ਤੁਸੀਂ ਆਪਣੀ ਪਤਨੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਨ ਦੀ ਸਹੁੰ ਖਾਧੀ ਹੈ। ਗੱਲਬਾਤ ਕਰਦਿਆਂ ਇਕ-ਦੋ ਤਰੀਕਿਆਂ ’ਤੇ ਸੋਚ-ਵਿਚਾਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਸੱਸ ਨਾਲ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ। ਫਿਰ ਇਨ੍ਹਾਂ ਮੁਤਾਬਕ ਚੱਲੋ। ਜਦ ਤੁਹਾਡੀ ਪਤਨੀ ਦੇਖੇਗੀ ਕਿ ਤੁਸੀਂ ਉਸ ਦੀ ਮੰਮੀ ਨਾਲ ਆਪਣੇ ਰਿਸ਼ਤੇ ਨੂੰ ਸੁਧਾਰਨ ਦੀ ਕਿੰਨੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਤੁਹਾਡਾ ਹੋਰ ਵੀ ਜ਼ਿਆਦਾ ਆਦਰ-ਮਾਣ ਕਰੇਗੀ।—ਬਾਈਬਲ ਦਾ ਅਸੂਲ: 1 ਕੁਰਿੰਥੀਆਂ 10:24.

ਤੁਹਾਡਾ ਪਤੀ ਕਹਿੰਦਾ ਹੈ ਕਿ ਤੈਨੂੰ ਸਿਰਫ਼ ਆਪਣੇ ਮੰਮੀ-ਡੈਡੀ ਦੀ ਪਈ ਰਹਿੰਦੀ ਹੈ। ਤੈਨੂੰ ਮੇਰੀ ਕੋਈ ਪਰਵਾਹ ਨਹੀਂ।

ਇੱਦਾਂ ਕਰੋ: ਇਸ ਸਮੱਸਿਆ ਬਾਰੇ ਆਪਣੇ ਪਤੀ ਨਾਲ ਗੱਲ ਕਰੋ ਅਤੇ ਮਾਮਲੇ ਨੂੰ ਉਸ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਬੇਸ਼ੱਕ ਤੁਹਾਡੇ ਪਤੀ ਨੂੰ ਇਸ ਗੱਲ ’ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਮਾਪਿਆਂ ਦਾ ਆਦਰ-ਮਾਣ ਕਰਦੇ ਹੋ। (ਕਹਾਉਤਾਂ 23:22) ਫਿਰ ਵੀ ਸ਼ਾਇਦ ਤੁਹਾਨੂੰ ਆਪਣੇ ਪਤੀ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਭਰੋਸਾ ਦਿਵਾਉਣ ਦੀ ਲੋੜ ਪਵੇ ਕਿ ਮਾਪਿਆਂ ਨਾਲੋਂ ਜ਼ਿਆਦਾ ਤੁਹਾਨੂੰ ਉਸ ਦੀ ਪਰਵਾਹ ਹੈ। ਜੇ ਤੁਹਾਡੇ ਪਤੀ ਨੂੰ ਇਹ ਭਰੋਸਾ ਹੋਵੇਗਾ, ਤਾਂ ਉਹ ਇਹ ਨਹੀਂ ਸੋਚੇਗਾ ਕਿ ਤੁਸੀਂ ਉਸ ਨਾਲੋਂ ਜ਼ਿਆਦਾ ਆਪਣੇ ਮਾਪਿਆਂ ਦਾ ਖ਼ਿਆਲ ਰੱਖਦੇ ਹੋ।—ਬਾਈਬਲ ਦਾ ਅਸੂਲ: ਅਫ਼ਸੀਆਂ 5:33.

ਤੁਹਾਡੀ ਪਤਨੀ ਤੁਹਾਡੇ ਤੋਂ ਸਲਾਹ ਲੈਣ ਦੀ ਬਜਾਇ ਆਪਣੇ ਮਾਤਾ-ਪਿਤਾ ਕੋਲੋਂ ਸਲਾਹ ਲੈਂਦੀ ਹੈ।

ਇੱਦਾਂ ਕਰੋ: ਆਪਣੀ ਪਤਨੀ ਨਾਲ ਗੱਲ ਕਰੋ ਅਤੇ ਦੋਵੇਂ ਇਸ ਗੱਲ ’ਤੇ ਸਹਿਮਤ ਹੋਵੋ ਕਿ ਕਿਨ੍ਹਾਂ ਗੱਲਾਂ ਬਾਰੇ ਮਾਤਾ-ਪਿਤਾ ਦੀ ਸਲਾਹ ਲਈ ਜਾਣੀ ਚਾਹੀਦੀ ਹੈ ਤੇ ਕਿਨ੍ਹਾਂ ਬਾਰੇ ਨਹੀਂ। ਸਮਝਦਾਰੀ ਤੋਂ ਕੰਮ ਲਓ। ਕੀ ਕਿਸੇ ਮੁੱਦੇ ਬਾਰੇ ਮਾਪਿਆਂ ਨਾਲ ਗੱਲ ਕਰਨੀ ਹਮੇਸ਼ਾ ਗ਼ਲਤ ਹੁੰਦੀ ਹੈ? ਮਾਪਿਆਂ ਨਾਲ ਗੱਲ ਕਦੋਂ ਕੀਤੀ ਜਾ ਸਕਦੀ ਹੈ? ਜੇ ਤੁਸੀਂ ਸੋਚ-ਵਿਚਾਰ ਕਰ ਕੇ ਆਪਸ ਵਿਚ ਰਾਜ਼ੀ ਹੋਵੋ ਕਿ ਕਿਹੜੀਆਂ ਗੱਲਾਂ ਬਾਰੇ ਤੁਸੀਂ ਮਾਪਿਆਂ ਤੋਂ ਸਲਾਹ ਲਓਗੇ, ਤਾਂ ਇੱਦਾਂ ਰਾਈ ਦਾ ਪਹਾੜ ਨਹੀਂ ਬਣੇਗਾ।—ਬਾਈਬਲ ਦਾ ਅਸੂਲ: ਫ਼ਿਲਿੱਪੀਆਂ 4:5. (g15-E 03)

^ ਪੈਰਾ 4 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 9 ਇਹ ਗੱਲ ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਸੱਤ ਅਸੂਲ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿੱਚੋਂ ਲਈ ਗਈ ਹੈ।