Skip to content

Skip to table of contents

 ਬਾਈਬਲ ਕੀ ਕਹਿੰਦੀ ਹੈ

ਦੁੱਖ-ਤਕਲੀਫ਼ਾਂ

ਦੁੱਖ-ਤਕਲੀਫ਼ਾਂ

ਕੁਝ ਲੋਕ ਸੋਚਦੇ ਹਨ ਕਿ ਰੱਬ ਸਾਨੂੰ ਦੁੱਖ ਦਿੰਦਾ ਹੈ ਜਾਂ ਉਸ ਨੂੰ ਸਾਡੀਆਂ ਦੁੱਖ-ਤਕਲੀਫ਼ਾਂ ਦੇਖ ਕੇ ਕੋਈ ਫ਼ਰਕ ਨਹੀਂ ਪੈਂਦਾ। ਪਰ ਕੀ ਬਾਈਬਲ ਇਹ ਗੱਲ ਸਿਖਾਉਂਦੀ ਹੈ? ਸ਼ਾਇਦ ਇਸ ਸਵਾਲ ਦਾ ਜਵਾਬ ਜਾਣ ਕੇ ਤੁਸੀਂ ਹੈਰਾਨ ਹੋਵੋ।

ਕੀ ਰੱਬ ਸਾਨੂੰ ਦੁੱਖ ਦਿੰਦਾ ਹੈ?

ਪਰਮੇਸ਼ੁਰ ਬੁਰਾਈ ਨਹੀਂ ਕਰਦਾ।’ਅੱਯੂਬ 34:12.

ਲੋਕੀ ਕੀ ਕਹਿੰਦੇ ਹਨ

ਕਈ ਕਹਿੰਦੇ ਹਨ ਕਿ ਜੋ ਵੀ ਹੁੰਦਾ ਹੈ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਇਸ ਲਈ ਉਹ ਮੰਨਦੇ ਹਨ ਕਿ ਰੱਬ ਸਾਡੀਆਂ ਦੁੱਖ-ਤਕਲੀਫ਼ਾਂ ਲਈ ਜ਼ਿੰਮੇਵਾਰ ਹੈ। ਮਿਸਾਲ ਲਈ, ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਤਾਂ ਲੋਕ ਸੋਚਦੇ ਹਨ ਕਿ ਇੱਦਾਂ ਰੱਬ ਪਾਪੀਆਂ ਨੂੰ ਸਜ਼ਾ ਦਿੰਦਾ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਰੱਬ ਸਾਡੀਆਂ ਦੁੱਖ-ਤਕਲੀਫ਼ਾਂ ਲਈ ਜ਼ਿੰਮੇਵਾਰ ਨਹੀਂ ਹੈ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਜਦ ਅਸੀਂ ਮੁਸ਼ਕਲ ਘੜੀਆਂ ਵਿੱਚੋਂ ਦੀ ਲੰਘਦੇ ਹਾਂ, ਤਾਂ ਇੱਦਾਂ ਕਹਿਣਾ ਗ਼ਲਤ ਹੋਵੇਗਾ ਕਿ “ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।” ਕਿਉਂ? ਕਿਉਂਕਿ “ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂਬ 1:13) ਕਹਿਣ ਦਾ ਮਤਲਬ ਹੈ ਕਿ ਜਦ ਸਾਡੇ ’ਤੇ ਮੁਸ਼ਕਲ ਘੜੀਆਂ ਆਉਂਦੀਆਂ ਹਨ ਜਾਂ ਸਾਨੂੰ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਇਹ ਰੱਬ ਵੱਲੋਂ ਨਹੀਂ ਹੁੰਦੀਆਂ। ਜੇ ਰੱਬ ਇੱਦਾਂ ਕਰੇ, ਤਾਂ ਇਸ ਦਾ ਮਤਲਬ ਹੈ ਕਿ ਉਹ ਬੁਰਾ ਹੈ, ਪਰ ‘ਪਰਮੇਸ਼ੁਰ ਬੁਰਾਈ ਨਹੀਂ ਕਰਦਾ।’—ਅੱਯੂਬ 34:12, CL.

ਜੇ ਰੱਬ ਸਾਡੀਆਂ ਦੁੱਖ-ਤਕਲੀਫ਼ਾਂ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਕੌਣ ਹੈ? ਅਫ਼ਸੋਸ ਦੀ ਗੱਲ ਹੈ ਕਿ ਇਨਸਾਨ ਹੀ ਇਕ-ਦੂਜੇ ’ਤੇ ਜ਼ੁਲਮ ਢਾਹੁੰਦੇ ਹਨ। (ਉਪਦੇਸ਼ਕ ਦੀ ਪੋਥੀ 8:9) ਨਾਲੇ ਸ਼ਾਇਦ ਸਾਡੇ ’ਤੇ ਦੁੱਖ ਇਸ ਕਰਕੇ ਆਉਣ ਕਿਉਂਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” ਯਾਨੀ ਕਈ ਵਾਰ ਗ਼ਲਤ ਸਮੇਂ ਅਤੇ ਗ਼ਲਤ ਜਗ੍ਹਾ ’ਤੇ ਹੋਣ ਕਰਕੇ ਸਾਡੇ ’ਤੇ ਬਿਪਤਾ ਆ ਸਕਦੀ ਹੈ। (ਉਪਦੇਸ਼ਕ ਦੀ ਪੋਥੀ 9:11) ਬਾਈਬਲ ਸਿਖਾਉਂਦੀ ਹੈ ਕਿ ਸ਼ੈਤਾਨ ਇਸ ‘ਦੁਨੀਆਂ ਦਾ ਹਾਕਮ’ ਹੈ ਅਤੇ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (ਯੂਹੰਨਾ 12:31; 1 ਯੂਹੰਨਾ 5:19) ਇਸ ਲਈ ਰੱਬ ਨਹੀਂ, ਸਗੋਂ ਸ਼ੈਤਾਨ ਸਾਡੇ ਦੁੱਖਾਂ ਲਈ ਕਸੂਰਵਾਰ ਹੈ।

 ਕੀ ਰੱਬ ਨੂੰ ਸਾਡੀ ਪਰਵਾਹ ਹੈ?

“ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।”ਯਸਾਯਾਹ 63:9.

ਲੋਕੀ ਕੀ ਕਹਿੰਦੇ ਹਨ

ਕਈ ਸੋਚਦੇ ਹਨ ਕਿ ਰੱਬ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦ ਅਸੀਂ ਦੁੱਖਾਂ ਵਿੱਚੋਂ ਦੀ ਗੁਜ਼ਰਦੇ ਹਾਂ। ਮਿਸਾਲ ਲਈ, ਇਕ ਲੇਖਕ ਕਹਿੰਦਾ ਹੈ ਕਿ ਰੱਬ “ਪੱਥਰ-ਦਿਲ ਤੇ ਬੇਰਹਿਮ ਹੈ।” ਉਹ ਕਹਿੰਦਾ ਹੈ ਕਿ ਜੇ ਰੱਬ ਹੈ, ਤਾਂ ਉਹ ਇਨਸਾਨਾਂ ਦੇ ਦੁੱਖਾਂ ਨੂੰ ਦੇਖ ਕੇ ਵੀ ਅਣਦੇਖਿਆਂ ਕਰ ਦਿੰਦਾ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਵਿਚ ਕਿਤੇ ਵੀ ਨਹੀਂ ਲਿਖਿਆ ਕਿ ਰੱਬ ਪੱਥਰ-ਦਿਲ ਹੈ ਜਾਂ ਉਹ ਸਾਡੀ ਪਰਵਾਹ ਨਹੀਂ ਕਰਦਾ, ਸਗੋਂ ਇਹ ਦੱਸਦੀ ਹੈ ਕਿ ਉਹ ਇਨਸਾਨਾਂ ਦੇ ਦੁੱਖ ਦੇਖ ਕੇ ਦੁਖੀ ਹੁੰਦਾ ਹੈ ਅਤੇ ਉਹ ਜਲਦ ਦੁੱਖਾਂ ਨੂੰ ਖ਼ਤਮ ਕਰਨ ਵਾਲਾ ਹੈ। ਬਾਈਬਲ ਵਿਚ ਦਰਜ ਤਿੰਨ ਗੱਲਾਂ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਜਾਣ ਕੇ ਤੁਹਾਨੂੰ ਦਿਲਾਸਾ ਮਿਲੇਗਾ।

ਰੱਬ ਨੂੰ ਸਾਡੇ ਦੁੱਖਾਂ ਬਾਰੇ ਪਤਾ ਹੈ। ਜਦ ਤੋਂ ਇਨਸਾਨਾਂ ਉੱਤੇ ਦੁੱਖ ਆਉਣੇ ਸ਼ੁਰੂ ਹੋਏ, ਉਸ ਸਮੇਂ ਤੋਂ ਹੀ ਯਹੋਵਾਹ * ਨੇ ਇਨਸਾਨਾਂ ਦੀਆਂ ਅੱਖਾਂ ਵਿਚ ਆਏ ਹਰ ਹੰਝੂ ਨੂੰ ਦੇਖਿਆ। ਉਸ ਦੀਆਂ “ਅੱਖਾਂ” ਸਭ ਕੁਝ ਦੇਖਦੀਆਂ ਹਨ। (ਜ਼ਬੂਰਾਂ ਦੀ ਪੋਥੀ 11:4; 56:8) ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਜਦੋਂ ਉਸ ਦੇ ਲੋਕਾਂ ਉੱਤੇ ਜ਼ੁਲਮ ਕੀਤੇ ਜਾ ਰਹੇ ਸਨ, ਤਾਂ ਪਰਮੇਸ਼ੁਰ ਨੇ ਕਿਹਾ: ‘ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਵੇਖਿਆ ਹੈ।’ ਪਰ ਕੀ ਉਸ ਨੂੰ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਬਾਰੇ ਥੋੜ੍ਹਾ ਜਿਹਾ ਹੀ ਪਤਾ ਸੀ? ਨਹੀਂ, ਉਹ ਖ਼ੁਦ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਬਹੁਤ ਸਾਰੇ ਲੋਕਾਂ ਨੂੰ ਇਹ ਜਾਣ ਕੇ ਦਿਲਾਸਾ ਮਿਲਿਆ ਹੈ ਕਿ ਪਰਮੇਸ਼ੁਰ ਸਾਡੇ ਸਾਰੇ ਦੁੱਖਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਨਾਲੇ ਉਹ ਉਨ੍ਹਾਂ ਦੁੱਖਾਂ ਬਾਰੇ ਵੀ ਜਾਣਦਾ ਹੈ ਜਿਨ੍ਹਾਂ ਬਾਰੇ ਸ਼ਾਇਦ ਕਿਸੇ ਹੋਰ ਨੂੰ ਪਤਾ ਨਾ ਹੋਵੇ ਜਾਂ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝ ਨਾ ਸਕਣ।—ਜ਼ਬੂਰਾਂ ਦੀ ਪੋਥੀ 31:7; ਕਹਾਉਤਾਂ 14:10.

ਰੱਬ ਸਾਡੇ ਦੁੱਖ ਦੇਖ ਕੇ ਦੁਖੀ ਹੁੰਦਾ ਹੈ। ਯਹੋਵਾਹ ਪਰਮੇਸ਼ੁਰ ਨਾ ਸਿਰਫ਼ ਸਾਡੇ ਦੁੱਖ ਜਾਣਦਾ ਹੈ, ਸਗੋਂ ਉਹ ਦੁਖੀ ਵੀ ਹੁੰਦਾ ਹੈ। ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਜਦੋਂ ਉਸ ਦੇ ਭਗਤਾਂ ’ਤੇ ਔਖੀਆਂ ਘੜੀਆਂ ਆਈਆਂ, ਤਾਂ ਉਹ ਤੜਫ਼ ਉੱਠਿਆ। ਬਾਈਬਲ ਕਹਿੰਦੀ ਹੈ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਭਾਵੇਂ ਕਿ ਪਰਮੇਸ਼ੁਰ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ, ਪਰ ਉਹ ਦੁੱਖ ਸਹਿੰਦੇ ਲੋਕਾਂ ਨਾਲ ਹਮਦਰਦੀ ਜਤਾਉਂਦਾ ਹੈ। ਇਸ ਦਾ ਮਤਲਬ ਹੈ ਕਿ ਉਹ ਸਾਡੇ ਦਰਦ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਦਾ ਹੈ। ਵਾਕਈ, “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂਬ 5:11) ਇਸ ਦੇ ਨਾਲ-ਨਾਲ, ਯਹੋਵਾਹ ਦੁੱਖ ਸਹਿਣ ਵਿਚ ਵੀ ਸਾਡੀ ਮਦਦ ਕਰਦਾ ਹੈ।—ਫ਼ਿਲਿੱਪੀਆਂ 4:12, 13.

ਰੱਬ ਇਨਸਾਨਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ। ਬਾਈਬਲ ਮੁਤਾਬਕ ਪਰਮੇਸ਼ੁਰ ਧਰਤੀ ਉੱਤੇ ਰਹਿੰਦੇ ਹਰ ਇਨਸਾਨ ਦੇ ਦੁੱਖਾਂ ਨੂੰ ਮਿਟਾ ਦੇਵੇਗਾ। ਆਪਣੇ ਸਵਰਗੀ ਰਾਜ ਦੁਆਰਾ ਯਹੋਵਾਹ ਇਨਸਾਨਾਂ ਦੇ ਹਾਲਾਤ ਬਿਲਕੁਲ ਹੀ ਬਦਲ ਕੇ ਚੰਗੇ ਬਣਾ ਦੇਵੇਗਾ। ਉਸ ਸਮੇਂ ਬਾਰੇ ਗੱਲ ਕਰਦੇ ਹੋਏ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ “ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” (ਪ੍ਰਕਾਸ਼ ਦੀ ਕਿਤਾਬ 21:4) ਪਰ ਉਨ੍ਹਾਂ ਲੋਕਾਂ ਬਾਰੇ ਕੀ ਜੋ ਪਹਿਲਾਂ ਹੀ ਮਰ ਚੁੱਕੇ ਹਨ? ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਤਾਂਕਿ ਉਹ ਇਸ ਧਰਤੀ ’ਤੇ ਜ਼ਿੰਦਗੀ ਦਾ ਮਜ਼ਾ ਲੈ ਸਕਣ ਜਿੱਥੇ ਕੋਈ ਦੁੱਖ-ਦਰਦ ਨਹੀਂ ਹੋਵੇਗਾ। (ਯੂਹੰਨਾ 5:28, 29) ਕੀ ਅਤੀਤ ਵਿਚ ਹੋਈਆਂ ਦੁਖਦਾਈ ਘਟਨਾਵਾਂ ਦੀਆਂ ਯਾਦਾਂ ਕਿਸੇ ਨੂੰ ਤੜਫ਼ਾਉਣਗੀਆਂ? ਨਹੀਂ, ਕਿਉਂਕਿ ਯਹੋਵਾਹ ਵਾਅਦਾ ਕਰਦਾ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”—ਯਸਾਯਾਹ 65:17. * (g15-E 01)

^ ਪੈਰਾ 13 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

^ ਪੈਰਾ 15 ਪਰਮੇਸ਼ੁਰ ਨੇ ਦੁੱਖ-ਤਕਲੀਫ਼ਾਂ ਦਾ ਅੰਤ ਕਿਉਂ ਨਹੀਂ ਕੀਤਾ ਹੈ ਅਤੇ ਉਹ ਇਨ੍ਹਾਂ ਨੂੰ ਕਿਵੇਂ ਖ਼ਤਮ ਕਰੇਗਾ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 8ਵਾਂ ਅਤੇ 11ਵਾਂ ਅਧਿਆਇ ਦੇਖੋ।