Skip to content

Skip to table of contents

ਮੇਰੀ ਬੇਸਹਾਰਾ ਜ਼ਿੰਦਗੀ ਨੂੰ ਮਿਲਿਆ ਸਹਾਰਾ

ਮੇਰੀ ਬੇਸਹਾਰਾ ਜ਼ਿੰਦਗੀ ਨੂੰ ਮਿਲਿਆ ਸਹਾਰਾ

ਮੈਂ ਪਾਣੀ ਵਿਚ ਮੂਧੇ-ਮੂੰਹ ਲੰਮਾ ਪਿਆ ਹੋਇਆ ਸੀ। ਮੈ ਸਾਹ ਲੈਣ ਲਈ ਆਪਣਾ ਸਿਰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਗਰਦਨ ਨੇ ਜਵਾਬ ਦੇ ਦਿੱਤਾ। ਮੈਂ ਘਬਰਾਏ ਹੋਏ ਨੇ ਪਾਸਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਮੇਰੀਆਂ ਲੱਤਾਂ-ਬਾਹਾਂ ਨੇ ਮੇਰਾ ਸਾਥ ਨਾ ਦਿੱਤਾ। ਮੇਰੇ ਫੇਫੜਿਆਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ। ਸਾਲ 1991 ਦੀਆਂ ਗਰਮੀਆਂ ਦੇ ਉਸ ਦਿਨ ਮੇਰੀ ਜ਼ਿੰਦਗੀ ਬਿਲਕੁਲ ਬਦਲ ਗਈ।

ਮੇਰਾ ਜਨਮ ਸਰੈਂਚ ਸ਼ਹਿਰ ਵਿਚ ਹੋਇਆ ਅਤੇ ਮੇਰੀ ਪਰਵਰਿਸ਼ ਹੰਗਰੀ ਦੇ ਉੱਤਰ-ਪੂਰਬ ਵੱਲ ਪੈਂਦੇ ਪਿੰਡ ਤੀਸਲਦਾਨੀ ਵਿਚ ਹੋਈ। ਜੂਨ 1991 ਵਿਚ ਮੈਂ ਆਪਣੇ ਦੋਸਤਾਂ ਨਾਲ ਤੀਸਾ ਦਰਿਆ ’ਤੇ ਗਿਆ। ਜਿਸ ਜਗ੍ਹਾ ਅਸੀਂ ਗਏ, ਮੈਨੂੰ ਲੱਗਾ ਕਿ ਉੱਥੇ ਪਾਣੀ ਗਹਿਰਾ ਸੀ ਅਤੇ ਮੈਂ ਛਲਾਂਗ ਲਗਾ ਦਿੱਤੀ। ਇਹ ਮੇਰੀ ਬਹੁਤ ਵੱਡੀ ਗ਼ਲਤੀ ਸੀ! ਮੇਰੀ ਗਰਦਨ ਦੇ ਤਿੰਨ ਮਣਕੇ ਟੁੱਟ ਗਏ ਅਤੇ ਮੇਰੀ ਰੀੜ੍ਹ ਦੀ ਹੱਡੀ ਨੂੰ ਵੀ ਸੱਟ ਲੱਗੀ। ਜਦ ਮੇਰੇ ਇਕ ਦੋਸਤ ਨੇ ਦੇਖਿਆ ਕਿ ਮੈਂ ਹਿਲ-ਜੁਲ ਨਹੀਂ ਰਿਹਾ, ਤਾਂ ਉਸ ਨੇ ਮੈਨੂੰ ਧਿਆਨ ਨਾਲ ਪਾਣੀ ਵਿੱਚੋਂ ਕੱਢ ਕੇ ਮਰਨੋਂ ਬਚਾਇਆ।

ਮੈਂ ਹੋਸ਼ ਵਿਚ ਸੀ ਅਤੇ ਜਾਣਦਾ ਸੀ ਕਿ ਮੇਰੇ ਨਾਲ ਕੋਈ ਵੱਡਾ ਹਾਦਸਾ ਵਾਪਰਿਆ ਹੈ। ਕਿਸੇ ਨੇ ਐਮਰਜੈਂਸੀ ਸੇਵਾ ਵਾਲਿਆਂ ਨੂੰ ਬੁਲਾਇਆ ਅਤੇ ਉਹ ਮੈਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਮੇਰੀ ਰੀੜ੍ਹ ਦੀ ਹੱਡੀ ਦਾ ਓਪਰੇਸ਼ਨ ਕੀਤਾ ਤਾਂਕਿ ਇਸ ਨੂੰ ਹੋਰ ਨੁਕਸਾਨ ਨਾ ਹੋਵੇ। ਬਾਅਦ ਵਿਚ ਮੈਨੂੰ ਠੀਕ ਹੋਣ ਲਈ ਰਾਜਧਾਨੀ ਬੁਡਾਪੇਸਟ ਲਿਆਂਦਾ ਗਿਆ। ਮੈਂ ਤਿੰਨ ਮਹੀਨੇ ਮੰਜੇ ’ਤੇ ਰਿਹਾ। ਹਾਲਾਂਕਿ ਮੈਂ ਆਪਣਾ ਸਿਰ ਹਿਲਾ ਸਕਦਾ ਸੀ, ਪਰ ਮੇਰਾ ਧੜ ਨਕਾਰਾ ਹੋ ਗਿਆ ਸੀ। 20 ਸਾਲਾਂ ਦੀ ਉਮਰ ਵਿਚ ਮੈਂ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਹੋ ਗਿਆ। ਮੈਂ ਇੰਨਾ ਮਾਯੂਸ ਹੋ ਗਿਆ ਕਿ ਮੈਂ ਮਰ ਜਾਣਾ ਚਾਹੁੰਦਾ ਸੀ।

ਆਖ਼ਰ ਵਿਚ ਜਦ ਮੈਂ ਘਰ ਜਾਣ ਦੇ ਲਾਇਕ ਹੋ ਗਿਆ, ਤਾਂ ਮੇਰੇ ਮਾਪਿਆਂ ਨੂੰ ਮੇਰੀ ਦੇਖ-ਭਾਲ ਕਰਨ ਦੀ ਟ੍ਰੇਨਿੰਗ ਮਿਲੀ। ਪਰ ਮੇਰੇ ਵੱਲ ਦੇਖ ਕੇ ਮੇਰੇ ਮਾਪਿਆਂ ਦਾ ਮਨ ਬੜਾ ਦੁਖੀ ਹੁੰਦਾ ਸੀ ਅਤੇ ਉਹ ਮੇਰੀ ਦੇਖ-ਭਾਲ ਕਰਦੇ-ਕਰਦੇ ਥੱਕ ਜਾਂਦੇ ਸਨ। ਤਕਰੀਬਨ ਇਕ ਸਾਲ ਬਾਅਦ ਮੈਂ ਡਿਪਰੈਸ਼ਨ ਵਿਚ ਡੁੱਬ ਗਿਆ। ਉਸ ਵਕਤ ਮੈਨੂੰ ਮਾਹਰਾਂ ਤੋਂ ਕਾਊਂਸਲਿੰਗ ਮਿਲਦੀ ਸੀ ਜਿਸ ਕਾਰਨ ਮੈਨੂੰ ਆਪਣੀ ਹਾਲਤ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਮਿਲੀ।

ਨਾਲੇ ਮੈਂ ਜ਼ਿੰਦਗੀ ਬਾਰੇ ਹੋਰ ਗਹਿਰਾਈ ਨਾਲ ਸੋਚਣ ਲੱਗ ਪਿਆ। ਕੀ ਜ਼ਿੰਦਗੀ ਦਾ ਕੋਈ ਮਕਸਦ ਹੈ? ਇਹ ਹਾਦਸਾ ਮੇਰੇ ਨਾਲ ਹੀ ਕਿਉਂ ਵਾਪਰਿਆ? ਮੈਂ ਸਵਾਲਾਂ ਦੇ ਜਵਾਬ ਲੱਭਣ ਲਈ ਕਿਤਾਬਾਂ ਤੇ ਮੈਗਜ਼ੀਨ ਪੜ੍ਹੇ। ਨਾਲੇ ਮੈਂ ਬਾਈਬਲ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ, ਪਰ ਮੈਨੂੰ ਸਮਝਣ ਵਿਚ ਬੜੀ ਔਖੀ ਲੱਗੀ। ਸੋ ਮੈਂ ਇਸ ਨੂੰ ਬੰਦ ਕਰ ਕੇ ਇਕ ਪਾਸੇ ਰੱਖ ਦਿੱਤਾ। ਮੈਂ ਇਕ ਪਾਦਰੀ ਨਾਲ ਵੀ ਗੱਲ ਕੀਤੀ, ਪਰ ਮੈਨੂੰ ਉਸ ਦੇ ਕਿਸੇ ਜਵਾਬ ਤੋਂ ਤਸੱਲੀ ਨਹੀਂ ਮਿਲੀ।

ਫਿਰ 1994 ਦੀ ਬਸੰਤ ਰੁੱਤੇ ਯਹੋਵਾਹ ਦੇ ਦੋ ਗਵਾਹ ਮੇਰੇ ਡੈਡੀ ਜੀ ਨੂੰ ਮਿਲਣ ਆਏ ਅਤੇ ਡੈਡੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੇ ਨਾਲ ਗੱਲ ਕਰਨ। ਉਨ੍ਹਾਂ ਨੇ ਮੈਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਿਆ ਕਿ ਧਰਤੀ ਇਕ ਸੋਹਣੇ ਬਾਗ਼ ਵਰਗੀ ਬਣੇਗੀ ਅਤੇ ਬੀਮਾਰੀ ਤੇ ਦੁੱਖਾਂ ਨੂੰ ਖ਼ਤਮ ਕੀਤਾ ਜਾਵੇਗਾ। ਮੈਨੂੰ ਇਹ ਸਭ ਸੁਣ ਕੇ ਬਹੁਤ ਵਧੀਆ ਲੱਗਾ, ਪਰ ਮੇਰੇ ਮਨ ਵਿਚ ਇਨ੍ਹਾਂ ਗੱਲਾਂ ਬਾਰੇ ਸ਼ੱਕ ਸੀ। ਫਿਰ ਵੀ ਮੈਂ ਉਨ੍ਹਾਂ ਕੋਲੋਂ ਦੋ ਕਿਤਾਬਾਂ ਲੈ ਲਈਆਂ। ਜਦ ਮੈਂ ਇਹ ਕਿਤਾਬਾਂ ਪੜ੍ਹ ਲਈਆਂ, ਤਾਂ ਗਵਾਹਾਂ ਨੇ ਮੈਨੂੰ ਬਾਈਬਲ ਦਾ ਅਧਿਐਨ ਕਰਨ ਬਾਰੇ ਪੁੱਛਿਆ ਅਤੇ ਮੈਂ ਮੰਨ ਗਿਆ। ਉਨ੍ਹਾਂ ਨੇ ਮੈਨੂੰ ਪ੍ਰਾਰਥਨਾ ਕਰਨ ਦੀ ਵੀ ਹੱਲਾਸ਼ੇਰੀ ਦਿੱਤੀ।

ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੂੰ ਵਾਕਈ ਮੇਰਾ ਫ਼ਿਕਰ ਹੈ

ਗਵਾਹਾਂ ਨਾਲ ਲਗਾਤਾਰ ਮੇਰੀ ਗੱਲਬਾਤ ਹੁੰਦੀ ਰਹੀ ਅਤੇ ਮੈਨੂੰ ਬਾਈਬਲ ਵਿੱਚੋਂ ਆਪਣੇ ਕਈ ਸਵਾਲਾਂ ਦੇ ਜਵਾਬ ਮਿਲਦੇ ਗਏ। ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੂੰ ਵਾਕਈ ਮੇਰਾ ਫ਼ਿਕਰ ਹੈ। ਆਖ਼ਰਕਾਰ ਦੋ ਸਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ 13 ਸਤੰਬਰ 1997 ਨੂੰ ਮੇਰੇ ਘਰੇ ਬਾਥ-ਟੱਬ ਵਿਚ ਮੈਨੂੰ ਬਪਤਿਸਮਾ ਦਿੱਤਾ ਗਿਆ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ ਭਰਿਆ ਦਿਨ ਸੀ।

ਸਾਲ 2007 ਵਿਚ ਮੈਂ ਪੱਕੇ ਤੌਰ ਤੇ ਬੁਡਾਪੇਸਟ ਚਲਾ ਗਿਆ ਅਤੇ ਮੈਂ ਇਕ ਅਜਿਹੇ ਘਰ ਵਿਚ ਰਹਿੰਦਾ ਹਾਂ ਜਿੱਥੇ ਅਪਾਹਜਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਇੱਥੇ ਮੈਨੂੰ ਦੂਜਿਆਂ ਨੂੰ ਬਾਈਬਲ ਦੀਆਂ ਸ਼ਾਨਦਾਰ ਗੱਲਾਂ ਦੱਸਣ ਦੇ ਕਈ ਮੌਕੇ ਮਿਲਦੇ ਹਨ। ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੇ ਕੋਲ ਇਕ ਆਟੋਮੈਟਿਕ ਵੀਲ੍ਹਚੇਅਰ ਹੈ ਜਿਸ ਨੂੰ ਮੈਂ ਠੋਡੀ ਨਾਲ ਚਲਾਉਂਦਾ ਹਾਂ ਅਤੇ ਜਦ ਮੌਸਮ ਵਧੀਆ ਹੁੰਦਾ ਹੈ, ਤਾਂ ਮੈਂ ਬਾਹਰ ਜਾ ਕੇ ਲੋਕਾਂ ਨਾਲ ਗੱਲ ਕਰ ਸਕਦਾ ਹਾਂ।

ਮੰਡਲੀ ਦੇ ਇਕ ਪਰਿਵਾਰ ਨੇ ਦਰਿਆ-ਦਿਲੀ ਦਿਖਾਉਂਦੇ ਹੋਏ ਮੈਨੂੰ ਇਕ ਖ਼ਾਸ ਲੈਪਟਾਪ ਖ਼ਰੀਦ ਕੇ ਦਿੱਤਾ ਜਿਸ ਨੂੰ ਉਂਗਲਾਂ ਨਾਲ ਚਲਾਉਣ ਦੀ ਬਜਾਇ ਸਿਰ ਹਿਲਾ ਕੇ ਚਲਾਇਆ ਜਾ ਸਕਦਾ ਹੈ। ਇਸ ਨਾਲ ਮੈਂ ਲੋਕਾਂ ਨੂੰ ਇੰਟਰਨੈੱਟ ਰਾਹੀਂ ਫ਼ੋਨ ਕਰਦਾ ਹਾਂ ਅਤੇ ਉਨ੍ਹਾਂ ਲੋਕਾਂ ਨੂੰ ਚਿੱਠੀਆਂ ਲਿਖਦਾ ਹਾਂ ਜੋ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦੇ ਵੇਲੇ ਘਰਾਂ ਵਿਚ ਨਹੀਂ ਮਿਲਦੇ। ਇੱਦਾਂ ਲੋਕਾਂ ਨਾਲ ਮੇਰੇ ਗੱਲਬਾਤ ਕਰਨ ਦੇ ਤਰੀਕੇ ਵਿਚ ਸੁਧਾਰ ਹੋਇਆ ਹੈ ਅਤੇ ਮੈਨੂੰ ਮਦਦ ਮਿਲੀ ਹੈ ਕਿ ਮੈਂ ਆਪਣੇ ਬਾਰੇ ਜ਼ਿਆਦਾ ਨਾ ਸੋਚਾਂ।

ਇਕ ਖ਼ਾਸ ਲੈਪਟਾਪ ਦੀ ਮਦਦ ਸਦਕਾ ਇੰਟਰਨੈੱਟ ਰਾਹੀਂ ਬਾਈਬਲ ਦਾ ਸੰਦੇਸ਼ ਸੁਣਾਉਂਦਾ ਹੋਇਆ

ਨਾਲੇ ਜਦ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਂਦਾ ਹਾਂ, ਤਾਂ ਮਸੀਹੀ ਭਰਾ ਮੈਨੂੰ ਧਿਆਨ ਨਾਲ ਵੀਲ੍ਹਚੇਅਰ ਸਣੇ ਚੁੱਕ ਕੇ ਪਹਿਲੀ ਮੰਜ਼ਲ ’ਤੇ ਲੈ ਜਾਂਦੇ ਹਨ। ਮੀਟਿੰਗ ਦੌਰਾਨ ਜਦ ਸਾਰਿਆਂ ਨੂੰ ਟਿੱਪਣੀਆਂ ਦੇਣ ਲਈ ਕਿਹਾ ਜਾਂਦਾ ਹੈ, ਤਾਂ ਮੇਰੇ ਨਾਲ ਦੀ ਸੀਟ ’ਤੇ ਬੈਠਾ ਭਰਾ ਮੇਰੇ ਲਈ ਆਪਣਾ ਹੱਥ ਖੜ੍ਹਾ ਕਰਦਾ ਹੈ। ਫਿਰ ਉਹ ਮੇਰੀ ਬਾਈਬਲ ਜਾਂ ਮੇਰੀ ਕਿਤਾਬ-ਮੈਗਜ਼ੀਨ ਫੜਦਾ ਹੈ ਤਾਂਕਿ ਮੈਂ ਜਵਾਬ ਦੇ ਸਕਾਂ।

ਮੇਰੇ ਸਰੀਰ ਵਿਚ ਲਗਾਤਾਰ ਦਰਦ ਰਹਿੰਦਾ ਹੈ ਅਤੇ ਦੂਜੇ ਹੀ ਮੇਰਾ ਹਰ ਕੰਮ ਕਰਦੇ ਹਨ। ਇਸ ਲਈ ਮੈਂ ਕਦੇ-ਕਦੇ ਨਿਰਾਸ਼ ਹੋ ਜਾਂਦਾ ਹਾਂ। ਯਹੋਵਾਹ ਮੇਰਾ ਦੋਸਤ ਹੈ ਅਤੇ ਮੈਂ ਜਾਣਦਾ ਹਾਂ ਕਿ ਜਦ ਮੈਂ ਦਿਲ ਖੋਲ੍ਹ ਕੇ ਉਸ ਨੂੰ ਆਪਣੀਆਂ ਪਰੇਸ਼ਾਨੀਆਂ ਦੱਸਦਾ ਹਾਂ, ਤਾਂ ਉਹ ਮੇਰੀ ਸੁਣਦਾ ਹੈ। ਨਾਲੇ ਰੋਜ਼ ਬਾਈਬਲ ਪੜ੍ਹ ਕੇ ਮੈਨੂੰ ਤਾਕਤ ਮਿਲਦੀ ਹੈ। ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੋਸਤੀ, ਉਨ੍ਹਾਂ ਦੀਆਂ ਹੌਸਲੇ ਵਾਲੀਆਂ ਗੱਲਾਂ ਅਤੇ ਮੇਰੇ ਲਈ ਕੀਤੀਆਂ ਪ੍ਰਾਰਥਨਾਵਾਂ ਕਾਰਨ ਮੇਰਾ ਮਨ ਖ਼ੁਸ਼ ਰਹਿੰਦਾ ਹੈ ਅਤੇ ਮੈਂ ਹਿੰਮਤ ਨਹੀਂ ਹਾਰਦਾ।

ਯਹੋਵਾਹ ਨੇ ਮੇਰੀ ਬੇਸਹਾਰਾ ਜ਼ਿੰਦਗੀ ਨੂੰ ਸਹਾਰਾ ਦਿੱਤਾ ਹੈ। ਉਸ ਨੇ ਮੈਨੂੰ ਉਮੀਦ ਵੀ ਦਿੱਤੀ ਹੈ ਕਿ ਮੈਂ ਨਵੀਂ ਦੁਨੀਆਂ ਵਿਚ ਬਿਲਕੁਲ ਤੰਦਰੁਸਤ ਹੋ ਜਾਵਾਂਗਾ। ਇਸ ਲਈ, ਮੈਂ ਉਸ ਸਮੇਂ ਨੂੰ ਦੇਖਣ ਲਈ ਤਰਸਦਾ ਹਾਂ ਜਦ ਮੈਂ ‘ਤੁਰਾਂਗਾਂ ਤੇ ਨੱਚਦਾ-ਟੱਪਦਾ ਉਸ ਦੀ ਵਡਿਆਈ ਕਰਾਂਗਾ’ ਕਿਉਂਕਿ ਪਰਮੇਸ਼ੁਰ ਨੇ ਮੇਰੇ ਉੱਤੇ ਬੇਸ਼ੁਮਾਰ ਪਿਆਰ ਅਤੇ ਦਇਆ ਦੀ ਬਰਸਾਤ ਕੀਤੀ ਹੈ।ਰਸੂਲਾਂ ਦੇ ਕੰਮ 3:6-9. ▪ (g14-E 11)