Skip to content

Skip to table of contents

ਮੁੱਖ ਪੰਨੇ ਤੋਂ

ਸੱਚੇ ਦੋਸਤ ਦੀ ਪਛਾਣ

ਸੱਚੇ ਦੋਸਤ ਦੀ ਪਛਾਣ

ਬ੍ਰਿਟੇਨ ਵਿਚ 42 ਸਾਲਾਂ ਦੀ ਔਰਤ ਨੇ 25 ਦਸੰਬਰ 2010 ਨੂੰ ਇਕ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਖ਼ੁਦਕਸ਼ੀ ਕਰਨ ਤੋਂ ਪਹਿਲਾਂ ਇਕ ਨੋਟ ਲਿਖਿਆ। ਉਸ ਦੀਆਂ ਗੱਲਾਂ ਪੜ੍ਹ ਕੇ ਇੱਦਾਂ ਲੱਗਾ ਕਿ ਉਹ ਮਦਦ ਲਈ ਪੁਕਾਰ ਰਹੀ ਸੀ। ਹਾਲਾਂਕਿ ਇਸ ਤੀਵੀਂ ਦੇ ਸੋਸ਼ਲ ਨੈੱਟਵਰਕ ’ਤੇ ਹਜ਼ਾਰਾਂ ਹੀ ਆਨ-ਲਾਈਨ “ਦੋਸਤ” ਬਣੇ ਸਨ, ਪਰ ਕੋਈ ਇਕ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਪੁਲਿਸ ਨੂੰ ਉਸ ਦੀ ਲਾਸ਼ ਇਕ ਦਿਨ ਬਾਅਦ ਮਿਲੀ। ਉਸ ਨੇ ਜ਼ਿਆਦਾ ਗੋਲੀਆਂ ਖਾ ਕੇ ਆਪਣੀ ਜਾਨ ਲੈ ਲਈ।

ਅੱਜ ਦੀ ਤਕਨਾਲੋਜੀ ਨਾਲ ਅਸੀਂ ਕਿਸੇ ਵੀ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਹਜ਼ਾਰਾਂ ਹੀ “ਦੋਸਤ” ਬਣਾ ਸਕਦੇ ਹਾਂ। ਕਿਵੇਂ? ਅਸੀਂ ਕੰਪਿਊਟਰ ’ਤੇ ਲੋਕਾਂ ਦੇ ਨਾਂ ਆਪਣੀ ਕਾਨਟੈਕਟ ਲਿਸਟ ਵਿਚ ਸ਼ਾਮਲ ਕਰ ਸਕਦੇ ਹਾਂ। ਅਤੇ ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਆਪਣੀ “ਦੋਸਤੀ” ਤੋੜਨੀ ਚਾਹੁੰਦੇ ਹਾਂ, ਤਾਂ ਅਸੀਂ ਲਿਸਟ ਵਿੱਚੋਂ ਬਸ ਉਨ੍ਹਾਂ ਦਾ ਨਾਂ ਕੱਟ ਸਕਦੇ ਹਾਂ। ਬ੍ਰਿਟੇਨ ਵਿਚ ਵਾਪਰੀ ਉਸ ਦਰਦਨਾਕ ਘਟਨਾ ਤੋਂ ਇਕ ਸੱਚਾਈ ਸਾਮ੍ਹਣੇ ਆਉਂਦੀ ਹੈ ਕਿ ਸੱਚੇ ਦੋਸਤ ਮਿਲਣੇ ਬਹੁਤ ਮੁਸ਼ਕਲ ਹਨ। ਹਾਲ ਹੀ ਵਿਚ ਕੀਤੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਅਸੀਂ ਅੱਜ ਜ਼ਿਆਦਾ ਲੋਕਾਂ ਨਾਲ ਆਨ-ਲਾਈਨ ਦੋਸਤੀ ਕਰਦੇ ਹਾਂ, ਫਿਰ ਵੀ ਸੱਚੇ ਦੋਸਤਾਂ ਦੀ ਕਮੀ ਹੈ।

ਤੁਸੀਂ ਸ਼ਾਇਦ ਕਾਫ਼ੀ ਲੋਕਾਂ ਨਾਲ ਸਹਿਮਤ ਹੋਵੋਗੇ ਕਿ ਚੰਗੇ ਦੋਸਤ ਬਣਾਉਣੇ ਜ਼ਰੂਰੀ ਹਨ। ਸ਼ਾਇਦ ਤੁਹਾਨੂੰ ਇਹ ਵੀ ਲੱਗੇ ਕਿ ਕੰਪਿਊਟਰ ਜਾਂ ਮੋਬਾਇਲ ਫ਼ੋਨ ’ਤੇ ਬਟਨ ਪ੍ਰੈੱਸ ਕਰਨ ਨਾਲ ਦੋਸਤ ਨਹੀਂ ਬਣ ਜਾਂਦੇ। ਤੁਸੀਂ ਇਕ ਦੋਸਤ ਵਿਚ ਕਿਹੜੀਆਂ ਖੂਬੀਆਂ ਦੇਖਦੇ ਹੋ? ਤੁਸੀਂ ਖ਼ੁਦ ਇਕ ਚੰਗੇ ਦੋਸਤ ਕਿਵੇਂ ਬਣ ਸਕਦੇ ਹੋ? ਪੱਕੀ ਦੋਸਤੀ ਕਰਨ ਲਈ ਕੀ ਕਰਨ ਦੀ ਲੋੜ ਹੈ?

ਜ਼ਰਾ ਚਾਰ ਅਸੂਲਾਂ ਉੱਤੇ ਗੌਰ ਕਰੋ ਅਤੇ ਦੇਖੋ ਕਿ ਬਾਈਬਲ ਦੀ ਵਧੀਆ ਸਲਾਹ ’ਤੇ ਚੱਲ ਕੇ ਤੁਸੀਂ ਦੂਜਿਆਂ ਦੇ ਦੋਸਤ ਕਿਵੇਂ ਬਣ ਸਕੋਗੇ ਤਾਂਕਿ ਉਹ ਤੁਹਾਡੇ ਨਾਲ ਦੋਸਤੀ ਕਰਨ।

1. ਦਿਖਾਓ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ

ਸੱਚੀ ਦੋਸਤੀ ਦਾ ਮਤਲਬ ਹੈ ਇਕ-ਦੂਜੇ ਦਾ ਸਾਥ ਨਿਭਾਉਣਾ। ਦੂਜੇ ਸ਼ਬਦਾਂ ਵਿਚ ਇਕ ਚੰਗਾ ਦੋਸਤ ਤੁਹਾਡੇ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਂਦਾ ਹੈ ਅਤੇ ਤੁਹਾਡੀ ਦਿਲੋਂ ਫ਼ਿਕਰ ਕਰਦਾ ਹੈ। ਸੱਚੀ ਦੋਸਤੀ ਇਕ ਤਰਫ਼ਾ ਨਹੀਂ, ਸਗੋਂ ਦੋ ਤਰਫ਼ਾ ਹੁੰਦੀ ਹੈ। ਇਸ ਵਿਚ ਬਹੁਤ ਮਿਹਨਤ ਲੱਗਦੀ ਹੈ ਤੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਅਜਿਹੀ ਦੋਸਤੀ ਦਾ ਫਲ ਮਿੱਠਾ ਹੁੰਦਾ ਹੈ। ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਦੋਸਤ ਦੀ ਮਦਦ ਕਰਨ, ਉਸ ਨੂੰ ਆਪਣਾ ਸਮਾਂ ਦੇਣ ਅਤੇ ਉਸ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨ ਲਈ ਤਿਆਰ ਹਾਂ?’ ਯਾਦ ਰੱਖੋ ਕਿ ਚੰਗੇ ਦੋਸਤ ਬਣਾਉਣ ਲਈ ਤੁਹਾਨੂੰ ਪਹਿਲਾਂ ਖ਼ੁਦ ਨੂੰ ਇਕ ਚੰਗੇ ਦੋਸਤ ਬਣਨ ਦੀ ਲੋੜ ਹੈ।

ਇਕ ਦੋਸਤ ਵਿਚ ਲੋਕ ਕਿਹੜੀਆਂ ਖੂਬੀਆਂ ਦੇਖਦੇ ਹਨ

ਈਰੇਨ: “ਜਿੱਦਾਂ ਇਕ ਖੂਬਸੂਰਤ ਬਾਗ਼ ਬੜੀ ਮਿਹਨਤ ਨਾਲ ਤਿਆਰ ਹੁੰਦਾ ਹੈ ਉਸੇ ਤਰ੍ਹਾਂ ਚੰਗੀ ਦੋਸਤੀ ਕਰਨ ਲਈ ਬਹੁਤ ਸਮਾਂ ਅਤੇ ਪਿਆਰ ਦਿਖਾਉਣਾ ਪੈਂਦਾ ਹੈ। ਪਹਿਲਾਂ ਖ਼ੁਦ ਚੰਗੇ ਦੋਸਤ ਬਣ ਕੇ ਦਿਖਾਓ। ਦੂਜਿਆਂ ਨੂੰ ਖੁੱਲ੍ਹ ਕੇ ਪਿਆਰ ਕਰੋ ਅਤੇ ਉਨ੍ਹਾਂ ਵਿਚ ਦਿਲਚਸਪੀ ਲਓ। ਅਤੇ ਜਦੋਂ ਦੂਸਰਿਆਂ ਨੂੰ ਤੁਹਾਡੀ ਲੋੜ ਹੋਵੇ, ਤਾਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਆਪਣਾ ਸਮਾਂ ਦਿਓ।”

ਲੂਈਸ ਅਲਫੋਨਸੋ: “ਅੱਜ-ਕੱਲ੍ਹ ਲੋਕਾਂ ਨੂੰ ਦੂਜਿਆਂ ਲਈ ਕੁਰਬਾਨੀਆਂ ਕਰਨ ਦੀ ਬਜਾਇ ਖ਼ੁਦਗਰਜ਼ ਬਣਨਾ ਸਿਖਾਇਆ ਜਾਂਦਾ ਹੈ। ਸੋ ਜਦ ਕੋਈ ਸਾਡੇ ਲਈ ਕੁਝ ਕਰਦਾ ਹੈ ਅਤੇ ਬਦਲੇ ਵਿਚ ਕੁਝ ਨਹੀਂ ਚਾਹੁੰਦਾ, ਤਾਂ ਸਾਡੇ ਦਿਲ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ।”

ਬਾਈਬਲ ਕੀ ਕਹਿੰਦੀ ਹੈ?

“ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ। ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ।” (ਲੂਕਾ 6:31, 38) ਇੱਥੇ ਯਿਸੂ ਸਾਨੂੰ ਕਹਿ ਰਿਹਾ ਹੈ ਕਿ ਸਾਨੂੰ ਬਿਨਾਂ ਕਿਸੇ ਸੁਆਰਥ ਅਤੇ ਖੁੱਲ੍ਹ-ਦਿਲੀ ਨਾਲ ਦੂਜਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਦਰਿਆ-ਦਿਲੀ ਦਿਖਾਉਣ ਨਾਲ ਦੋਸਤੀ ਦਾ ਬੰਧਨ ਹੋਰ ਗੂੜ੍ਹਾ ਹੁੰਦਾ ਹੈ। ਜੇ ਅਸੀਂ ਬਿਨਾਂ ਕਿਸੇ ਸ਼ਰਤ ਦੇ ਆਪਣੇ ਦੋਸਤਾਂ ਦੀ ਮਦਦ ਕਰਨ ਲਈ ਹਰਦਮ ਤਿਆਰ ਰਹਿੰਦੇ ਹਾਂ, ਤਾਂ ਉਹ ਸਾਡੇ ਵੱਲ ਖਿੱਚੇ ਚਲੇ ਆਉਣਗੇ।

2. ਖੁੱਲ੍ਹ ਕੇ ਗੱਲ ਕਰੋ ਤੇ ਧਿਆਨ ਨਾਲ ਸੁਣੋ

ਜੇ ਦੋ ਦੋਸਤ ਇਕ-ਦੂਜੇ ਨਾਲ ਗੱਲਬਾਤ ਨਹੀਂ ਕਰਦੇ ਅਤੇ ਧਿਆਨ ਨਾਲ ਇਕ-ਦੂਸਰੇ ਦੀ ਨਹੀਂ ਸੁਣਦੇ, ਤਾਂ ਦੋਸਤੀ ਗੂੜ੍ਹੀ ਨਹੀਂ ਹੋ ਸਕਦੀ। ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਦੋਹਾਂ ਨੂੰ ਦਿਲਚਸਪੀ ਹੈ, ਉਨ੍ਹਾਂ ਬਾਰੇ ਗੱਲ ਕਰੋ। ਆਪਣੇ ਦੋਸਤ ਦੀਆਂ ਗੱਲਾਂ ਧਿਆਨ ਨਾਲ ਸੁਣੋ ਅਤੇ ਉਸ ਦੇ ਵਿਚਾਰਾਂ ਦੀ ਕਦਰ ਕਰੋ। ਜੇ ਹੋ ਸਕੇ, ਤਾਂ ਉਨ੍ਹਾਂ ਦੀ ਤਾਰੀਫ਼ ਕਰੋ ਅਤੇ ਹਿੰਮਤ ਵਧਾਓ। ਹੋ ਸਕਦਾ ਹੈ ਕਿ ਕਦੇ-ਕਦੇ ਸਾਨੂੰ ਆਪਣੇ ਦੋਸਤ ਨੂੰ ਸਲਾਹ ਜਾਂ ਅਨੁਸ਼ਾਸਨ ਦੇਣ ਦੀ ਲੋੜ ਪਵੇ ਅਤੇ ਇੱਦਾਂ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਪਰ ਇਕ ਵਫ਼ਾਦਾਰ ਦੋਸਤ ਬੇਝਿਜਕੇ ਸਾਨੂੰ ਸਾਡੀਆਂ ਗ਼ਲਤੀਆਂ ਦੱਸੇਗਾ ਅਤੇ ਸਮਝਦਾਰੀ ਨਾਲ ਸਾਨੂੰ ਸਿੱਧੇ ਰਾਹ ਪਾਵੇਗਾ।

ਇਕ ਦੋਸਤ ਵਿਚ ਲੋਕ ਕਿਹੜੀਆਂ ਖੂਬੀਆਂ ਦੇਖਦੇ ਹਨ

ਹੁਆਨ: “ਇਕ ਸੱਚਾ ਦੋਸਤ ਬਿਨਾਂ ਡਰੇ ਤੁਹਾਨੂੰ ਆਪਣੀ ਰਾਇ ਦੱਸੇਗਾ ਅਤੇ ਜੇ ਤੁਸੀਂ ਉਸ ਨਾਲ ਸਹਿਮਤ ਨਹੀਂ ਹੋ, ਤਾਂ ਉਹ ਇਸ ਦਾ ਬੁਰਾ ਨਹੀਂ ਮੰਨੇਗਾ।”

ਯੂਨੇਸ: “ਮੈਨੂੰ ਉਹ ਦੋਸਤ ਬਹੁਤ ਪਿਆਰੇ ਲੱਗਦੇ ਹਨ ਜਿਹੜੇ ਮੇਰੇ ਨਾਲ ਬੈਠ ਕੇ ਮੇਰੀਆਂ ਗੱਲਾਂ ਸੁਣਦੇ ਹਾਂ, ਖ਼ਾਸਕਰ ਉਦੋਂ ਜਦੋਂ ਮੈਂ ਪਰੇਸ਼ਾਨ ਹੁੰਦੀ ਹਾਂ।”

ਸਿਲਵੀਨਾ: “ਭਾਵੇਂ ਕਿ ਤੁਹਾਨੂੰ ਠੇਸ ਪਹੁੰਚੇ, ਪਰ ਸੱਚੇ ਦੋਸਤ ਤੁਹਾਨੂੰ ਹਮੇਸ਼ਾ ਸੱਚ-ਸੱਚ ਦੱਸਣਗੇ ਕਿਉਂਕਿ ਉਹ ਤੁਹਾਡਾ ਭਲਾ ਚਾਹੁੰਦੇ ਹਨ।”

ਬਾਈਬਲ ਕੀ ਕਹਿੰਦੀ ਹੈ?

“ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” (ਯਾਕੂਬ 1:19) ਚੰਗੇ ਦੋਸਤਾਂ ਨੂੰ ਹਮੇਸ਼ਾ ਵਧੀਆ ਲੱਗਦਾ ਹੈ ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਸੁਣਦੇ ਹਾਂ। ਜੇ ਆਪਾਂ ਹੀ ਬੋਲੀ ਜਾਈਏ, ਤਾਂ ਇੱਦਾਂ ਲੱਗੇਗਾ ਕਿ ਸਾਡੇ ਲਈ ਆਪਣੇ ਦੋਸਤ ਦੀਆਂ ਗੱਲਾਂ ਕੋਈ ਮਾਅਨੇ ਨਹੀਂ ਰੱਖਦੀਆਂ। ਸੋ ਜਦੋਂ ਸਾਡਾ ਕੋਈ ਦੋਸਤ ਸਾਡੇ ਨਾਲ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹੈ, ਤਾਂ ਕੰਨ ਲਾ ਕੇ ਸੁਣੋ। ਅਤੇ ਜੇ ਉਹ ਤੁਹਾਨੂੰ ਕੋਈ ਸਿੱਧੀ ਗੱਲ ਕਹਿ ਦੇਵੇ, ਤਾਂ ਬੁਰਾ ਨਾ ਮਨਾਓ। ਕਹਾਉਤਾਂ 27:6 ਕਹਿੰਦਾ ਹੈ: “ਮਿੱਤਰ ਦੀ ਚਪੇੜ ਤੋਂ ਤੈਨੂੰ ਲਾਭ ਹੈ।”

3. ਹੱਦ ਤੋਂ ਜ਼ਿਆਦਾ ਉਮੀਦਾਂ ਨਾ ਰੱਖੋ

ਜਿੱਦਾਂ-ਜਿੱਦਾਂ ਅਸੀਂ ਆਪਣੇ ਦੋਸਤ ਦੇ ਕਰੀਬ ਆਉਂਦੇ ਹਾਂ, ਉੱਦਾਂ-ਉੱਦਾਂ ਸਾਨੂੰ ਉਸ ਦੀਆਂ ਕਮੀਆਂ-ਕਮਜ਼ੋਰੀਆਂ ਨਜ਼ਰ ਆਉਂਦੀਆਂ ਹਨ। ਯਾਦ ਰੱਖੋ ਕਿ ਜੇ ਸਾਡੇ ਦੋਸਤਾਂ ਵਿਚ ਕਮੀਆਂ-ਕਮਜ਼ੋਰੀਆਂ ਹਨ, ਤਾਂ ਸਾਡੇ ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ। ਇਸ ਲਈ ਸਾਨੂੰ ਆਪਣੇ ਦੋਸਤਾਂ ਤੋਂ ਹੱਦੋਂ ਵਧ ਉਮੀਦਾਂ ਕਦੀ ਨਹੀਂ ਰੱਖਣੀਆਂ ਚਾਹੀਦੀਆਂ। ਇਸ ਦੀ ਬਜਾਇ, ਆਪਣੇ ਦੋਸਤਾਂ ਦੀਆਂ ਖੂਬੀਆਂ ਨੂੰ ਦੇਖੋ ਕਿਉਂਕਿ ਉਨ੍ਹਾਂ ਕੋਲ ਗ਼ਲਤੀਆਂ ਹੋਣਗੀਆਂ, ਪਰ ਉਨ੍ਹਾਂ ਨੂੰ ਮਾਫ਼ ਕਰਦੇ ਰਹੋ।

ਇਕ ਦੋਸਤ ਵਿਚ ਲੋਕ ਕਿਹੜੀਆਂ ਖੂਬੀਆਂ ਦੇਖਦੇ ਹਨ

ਸੈਮੂਏਲ: “ਅਸੀਂ ਆਪਣੇ ਨਾਲੋਂ ਜ਼ਿਆਦਾ ਦੂਸਰਿਆਂ ਤੋਂ ਹੱਦੋਂ ਵਧ ਉਮੀਦਾਂ ਰੱਖਦੇ ਹਾਂ। ਜੇ ਅਸੀਂ ਆਪਣੀਆਂ ਗ਼ਲਤੀਆਂ ਨੂੰ ਮੰਨੀਏ ਤੇ ਯਾਦ ਰੱਖੀਏ ਕਿ ਸਾਨੂੰ ਵੀ ਮਾਫ਼ੀ ਦੀ ਲੋੜ ਹੈ, ਤਾਂ ਹੀ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਾਂਗੇ।”

ਥੈਨੀਏਲ: “ਇਹ ਗੱਲ ਸੱਚ ਹੈ ਕਿ ਸਾਡੇ ਦੋਸਤ ਗ਼ਲਤੀਆਂ ਕਰਨਗੇ। ਜਦ ਗਿਲੇ-ਸ਼ਿਕਵੇ ਪੈਦਾ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਨਾਲ ਝੱਟ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਅਤੇ ਦੁਬਾਰਾ ਉਹ ਗੱਲ ਛੇੜਨੀ ਨਹੀਂ ਚਾਹੀਦੀ।”

ਬਾਈਬਲ ਕੀ ਕਹਿੰਦੀ ਹੈ?

ਕੀ ਤੁਸੀਂ ਮਾਫ਼ ਕਰਨ ਲਈ ਤਿਆਰ ਹੋ?​—ਕੁਲੁੱਸੀਆਂ 3:13, 14

“ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ।” (ਯਾਕੂਬ 3:2) ਜਦ ਅਸੀਂ ਆਪਣੇ ਦੋਸਤਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਉਨ੍ਹਾਂ ਦੀਆਂ ਆਦਤਾਂ ਤੋਂ ਖਿੱਝ ਨਹੀਂ ਆਵੇਗੀ ਅਤੇ ਅਸੀਂ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨਜ਼ਰਅੰਦਾਜ਼ ਕਰ ਸਕਾਂਗੇ। ਬਾਈਬਲ ਕਹਿੰਦੀ ਹੈ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। . . . ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”ਕੁਲੁੱਸੀਆਂ 3:13, 14.

4. ਹਰ ਤਰ੍ਹਾਂ ਦੇ ਲੋਕਾਂ ਨਾਲ ਦੋਸਤੀ ਕਰੋ

ਇਹ ਗੱਲ ਤਾਂ ਸੱਚ ਹੈ ਕਿ ਸਾਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਜਾਂ ਆਪਣੀ ਹੈਸੀਅਤ ਦੇ ਲੋਕਾਂ ਨਾਲ ਦੋਸਤੀ ਕਰੀਏ। ਸਾਨੂੰ ਹਰ ਉਮਰ, ਵੱਖੋ-ਵੱਖਰੇ ਸਭਿਆਚਾਰਾਂ ਅਤੇ ਦੇਸ਼ਾਂ ਦੇ ਲੋਕਾਂ ਨਾਲ ਮਿਲਣਾ-ਗਿਲ਼ਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।

ਇਕ ਦੋਸਤ ਵਿਚ ਲੋਕ ਕਿਹੜੀਆਂ ਖੂਬੀਆਂ ਦੇਖਦੇ ਹਨ

ਯੂਨਾਈ: “ਜੇ ਅਸੀਂ ਸਿਰਫ਼ ਆਪਣੀ ਉਮਰ ਅਤੇ ਆਪਣੀਆਂ ਆਦਤਾਂ ਵਰਗੇ ਦੋਸਤ ਬਣਾਈਏ, ਤਾਂ ਇਹ ਇੱਦਾਂ ਹੋਵੇਗਾ ਜਿੱਦਾਂ ਅਸੀਂ ਰੋਜ਼ ਇੱਕੋ ਹੀ ਰੰਗ ਦੇ ਕੱਪੜੇ ਪਾਈ ਜਾਂਦੇ ਹਾਂ। ਭਾਵੇਂ ਤੁਹਾਨੂੰ ਉਹ ਰੰਗ ਕਿੰਨਾ ਹੀ ਚੰਗਾ ਲੱਗਦਾ ਹੋਵੇ, ਪਰ ਇਕ-ਨਾ-ਇਕ ਦਿਨ ਤੁਸੀਂ ਉਹ ਰੰਗ ਪਾ-ਪਾ ਕੇ ਅੱਕ ਜਾਵੋਗੇ।”

ਫੁੰਕੇ: “ਹਰ ਤਰ੍ਹਾਂ ਦੇ ਲੋਕਾਂ ਨਾਲ ਦੋਸਤੀ ਕਰ ਕੇ ਮੈਂ ਸਮਝਦਾਰੀ ਨਾਲ ਲੋਕਾਂ ਨਾਲ ਪੇਸ਼ ਆਉਣਾ ਸਿੱਖਿਆ ਹੈ। ਨਾਲੇ ਮੈਂ ਸਿੱਖਿਆ ਹੈ ਕਿ ਛੋਟੇ-ਵੱਡਿਆਂ ਨਾਲ ਤੇ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨਾਲ ਕਿੱਦਾਂ ਗੱਲ ਕਰੀਦੀ ਹੈ। ਹੁਣ ਮੈਂ ਹਰ ਕਿਸੇ ਨਾਲ ਗੱਲ ਕਰ ਸਕਦੀ ਹਾਂ ਜਿਸ ਕਾਰਨ ਮੇਰੇ ਸਾਰੇ ਦੋਸਤ ਮੈਨੂੰ ਪਿਆਰ ਕਰਦੇ ਹਾਂ।”

ਕੀ ਤੁਸੀਂ ਹਰ ਤਰ੍ਹਾਂ ਦੇ ਲੋਕਾਂ ਨਾਲ ਦੋਸਤੀ ਕਰਦੇ ਹੋ?​—2 ਕੁਰਿੰਥੀਆਂ 6:13

ਬਾਈਬਲ ਕੀ ਕਹਿੰਦੀ ਹੈ?

“ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਗੱਲ ਕਰ ਰਿਹਾ ਹਾਂ, ਤੁਸੀਂ ਵੀ ਸਾਡੇ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਵੇਂ ਅਸੀਂ ਤੁਹਾਡੇ ਨਾਲ ਪੇਸ਼ ਆਉਂਦੇ ਹਾਂ। ਤੁਸੀਂ ਵੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।” (2 ਕੁਰਿੰਥੀਆਂ 6:13) ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਲੋਕਾਂ ਨਾਲ ਦੋਸਤੀ ਕਰੀਏ। ਜੇ ਤੁਸੀਂ ਬਿਨਾਂ ਫ਼ਰਕ ਕੀਤੇ ਸਭ ਨੂੰ ਆਪਣੇ ਦੋਸਤ ਬਣਾਓ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਤੁਸੀਂ ਦੂਜਿਆਂ ਦੀਆਂ ਨਜ਼ਰਾਂ ਵਿਚ ਹਰਮਨ ਪਿਆਰੇ ਬਣ ਜਾਵਾਂਗੇ। ▪ (g14 06-E)