Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਅਮਰੀਕਾ

ਇਕ ਅਧਿਐਨ ਮੁਤਾਬਕ ਸੜਕ ਪਾਰ ਕਰਦਿਆਂ ਪੈਦਲ ਤੁਰਨ ਵਾਲੇ ਲਗਭਗ ਇਕ-ਤਿਹਾਈ ਲੋਕਾਂ ਦਾ ਧਿਆਨ ਗਾਣੇ ਸੁਣਨ, ਫ਼ੋਨ ’ਤੇ ਗੱਲ ਕਰਨ ਜਾਂ ਕੁਝ ਹੋਰ ਕਰਨ ਵੱਲ ਹੁੰਦਾ ਹੈ। ਸਭ ਤੋਂ ਜ਼ਿਆਦਾ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਉਹ ਫ਼ੋਨ ’ਤੇ ਮੈਸਿਜ ਭੇਜਦੇ ਹਨ। ਧਿਆਨ ਨਾਲ ਦੇਖ ਕੇ ਸੜਕ ਪਾਰ ਕਰਨ ਵਾਲੇ ਲੋਕਾਂ ਨਾਲੋਂ ਇਹ ਲੋਕ ਸੜਕ ਪਾਰ ਕਰਨ ਲਈ 18 ਪ੍ਰਤਿਸ਼ਤ ਜ਼ਿਆਦਾ ਸਮਾਂ ਲੈਂਦੇ ਹਨ, ਚਾਰ ਗੁਣਾ ਜ਼ਿਆਦਾ ਵਾਰ ਲਾਲ ਬੱਤੀ ਦੀ ਉਲੰਘਣਾ ਕਰਦੇ ਹਨ ਤੇ ਸੱਜੇ-ਖੱਬੇ ਦੇਖੇ ਬਿਨਾਂ ਜਿੱਥੋਂ ਮਰਜ਼ੀ ਸੜਕ ਪਾਰ ਕਰਦੇ ਹਨ।

ਨਾਈਜੀਰੀਆ

ਦਲਾਲ ਨਾਈਜੀਰੀਆ ਤੋਂ ਯੂਰਪ ਨੂੰ ਔਰਤਾਂ ਲੈ ਕੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਜਾਦੂ-ਟੂਣੇ ਦੇ ਮੰਦਰਾਂ ਵਿਚ ਆਪਣਾ ਮੂੰਹ ਬੰਦ ਰੱਖਣ ਦੀ ਸਹੁੰ ਖਿਲਾਉਂਦੇ ਹਨ। ਦਲਾਲਾਂ ਨੂੰ ਪਤਾ ਹੈ ਕਿ ਔਰਤਾਂ ਦੇ ਮਨਾਂ ਵਿਚ ਡਰ ਹੈ ਕਿ ਜੇ ਉਹ ਆਪਣਾ ਮੂੰਹ ਖੋਲ੍ਹਣਗੀਆਂ, ਤਾਂ ਭੂਤ-ਪ੍ਰੇਤ ਉਨ੍ਹਾਂ ਨੂੰ ਸਜ਼ਾ ਦੇਣਗੇ। ਦਲਾਲ ਇਸ ਡਰ ਦਾ ਫ਼ਾਇਦਾ ਉਠਾ ਕੇ ਔਰਤਾਂ ਨੂੰ ਆਪਣੇ ਕੰਟ੍ਰੋਲ ਵਿਚ ਰੱਖਦੇ ਹਨ ਤੇ ਉਨ੍ਹਾਂ ਤੋਂ ਜਿਸਮ-ਫਰੋਸ਼ੀ ਦਾ ਧੰਦਾ ਕਰਾਉਂਦੇ ਹਨ।

ਸਪੇਨ

ਕਾਫ਼ੀ ਸਮੇਂ ਤੋਂ ਬੇਰੋਜ਼ਗਾਰ ਪੰਜ ਤੋਂ ਦਸ ਪ੍ਰਤਿਸ਼ਤ ਲੋਕ ਕਿਸੇ ਕੰਮ ਲਈ ਅਪਲਾਈ ਕਰਨ ਵੇਲੇ ਆਪਣੇ ਬਾਇਓਡਾਟੇ ਵਿੱਚੋਂ ਆਪਣੀਆਂ ਯੂਨੀਵਰਸਿਟੀ ਦੀਆਂ ਡਿਗਰੀਆਂ ਅਤੇ ਆਪਣੇ ਕੰਮ ਦੇ ਤਜਰਬੇ ਨੂੰ ਹਟਾ ਦਿੰਦੇ ਹਨ ਕਿਉਂਕਿ ਜਿਨ੍ਹਾਂ ਕੰਮਾਂ ਲਈ ਉਹ ਅਪਲਾਈ ਕਰਦੇ ਹਨ, ਉਨ੍ਹਾਂ ਲਈ ਉਹ ਜ਼ਿਆਦਾ ਪੜ੍ਹੇ-ਲਿਖੇ ਹੁੰਦੇ ਹਨ।

ਸੰਸਾਰ

ਮੰਨਿਆ ਜਾਂਦਾ ਹੈ ਕਿ ਗ਼ਰੀਬ ਦੇਸ਼ਾਂ ਵਿਚ ਚੁੱਲ੍ਹਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਮੌਤ ਦਾ ਮੁੱਖ ਕਾਰਨ ਹੈ। ਇਨ੍ਹਾਂ ਦੇਸ਼ਾਂ ਵਿਚ ਹਰ ਸਾਲ 40 ਲੱਖ ਲੋਕ ਧੂੰਏਂ ਕਰਕੇ ਹੋਣ ਵਾਲੀਆਂ ਸਾਹ ਦੀਆਂ ਬੀਮਾਰੀਆਂ ਨਾਲ ਮਰਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਚੁੱਲ੍ਹੇ ਵਿਚ ਲੱਕੜਾਂ ਜਾਂ ਕੋਲੇ ਬਾਲ਼ਣ ਨਾਲ ਜੋ ਹਾਨੀਕਾਰਕ ਰਸਾਇਣ ਨਿਕਲਦੇ ਹਨ, ਉਨ੍ਹਾਂ ਕਰਕੇ ਧੂੰਆਂ ਸਿਗਰਟ ਦੇ ਧੂੰਏਂ ਜਿੰਨਾ ਜ਼ਹਿਰੀਲਾ ਤੇ ਜਾਨਲੇਵਾ ਹੁੰਦਾ ਹੈ। (w13-E 12/01)