Skip to content

Skip to table of contents

ਕੀ ਤੁਸੀਂ ‘ਸਦਾ ਦਾਉਤਾਂ ਉਡਾਉਂਦੇ ਹੋ’?

ਕੀ ਤੁਸੀਂ ‘ਸਦਾ ਦਾਉਤਾਂ ਉਡਾਉਂਦੇ ਹੋ’?

“ਮਸਕੀਨ ਦੇ ਸੱਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।”​—ਕਹਾਉਤਾਂ 15:15.

ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ? ਇਹ ਇਨਸਾਨ ਦੇ ਦਿਲ ਅਤੇ ਮਨ ਦੀ ਹਾਲਤ ਬਾਰੇ ਦੱਸਦੇ ਹਨ। ਜਿਹੜਾ ਇਨਸਾਨ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਵੱਲ ਹੀ ਧਿਆਨ ਲਾਈ ਰੱਖਦਾ ਹੈ, ਉਸ ਦੇ “ਸੱਭੇ ਦਿਨ ਬੁਰੇ ਹੁੰਦੇ ਹਨ” ਯਾਨੀ ਨਿਰਾਸ਼ਾ ਨਾਲ ਭਰੇ ਹੁੰਦੇ ਹਨ। ਦੂਜੇ ਪਾਸੇ, “ਚੰਗੇ ਦਿਲ ਵਾਲਾ” ਯਾਨੀ ਚੰਗੀਆਂ ਗੱਲਾਂ ਵੱਲ ਧਿਆਨ ਦੇਣ ਵਾਲਾ ਇਨਸਾਨ “ਦਾਉਤਾਂ ਉਡਾਉਂਦਾ ਹੈ।” ਇਸ ਦਾ ਮਤਲਬ ਹੈ ਕਿ ਉਸ ਦੀ ਜ਼ਿੰਦਗੀ ਵਿਚ ਖ਼ੁਸ਼ੀ ਹੁੰਦੀ ਹੈ।

ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ ਜੋ ਸਾਡੀ ਖ਼ੁਸ਼ੀ ਖੋਹ ਸਕਦੀਆਂ ਹਨ। ਫਿਰ ਵੀ ਮੁਸ਼ਕਲਾਂ ਦੇ ਬਾਵਜੂਦ ਅਸੀਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਸਲਾਹ ਦਿੰਦੀ ਹੈ।

  • ਕੱਲ੍ਹ ਦੀ ਚਿੰਤਾ ਦੇ ਬੋਝ ਹੇਠ ਅੱਜ ਨਾ ਦੱਬੇ ਜਾਓ। ਯਿਸੂ ਮਸੀਹ ਨੇ ਕਿਹਾ ਸੀ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”​—ਮੱਤੀ 6:34.

  • ਆਪਣੀ ਜ਼ਿੰਦਗੀ ਵਿਚ ਹੋ ਰਹੀਆਂ ਚੰਗੀਆਂ ਗੱਲਾਂ ਵੱਲ ਧਿਆਨ ਦਿਓ। ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਕਿਉਂ ਨਾ ਉਨ੍ਹਾਂ ਚੰਗੀਆਂ ਗੱਲਾਂ ਨੂੰ ਲਿਖ ਲਓ ਤੇ ਉਨ੍ਹਾਂ ਬਾਰੇ ਸੋਚੋ? ਨਾਲੇ ਪਿਛਲੀਆਂ ਗ਼ਲਤੀਆਂ ਜਾਂ ਬੁਰੇ ਕੰਮਾਂ ਬਾਰੇ ਸੋਚਦੇ ਨਾ ਰਹੋ। ਉਨ੍ਹਾਂ ਤੋਂ ਕੁਝ ਸਿੱਖੋ ਤੇ ਅੱਗੇ ਵਧੋ। ਇਕ ਡ੍ਰਾਈਵਰ ਦੀ ਰੀਸ ਕਰੋ ਜੋ ਸ਼ੀਸ਼ੇ ਵਿੱਚੋਂ ਪਿੱਛੇ ਦੇਖਦਾ ਤਾਂ ਹੈ, ਪਰ ਦੇਖਦਾ ਨਹੀਂ ਰਹਿੰਦਾ। ਇਹ ਵੀ ਯਾਦ ਰੱਖੋ ਕਿ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਮਾਫ਼ ਕਰਦਾ ਹੈ।​—ਜ਼ਬੂਰਾਂ ਦੀ ਪੋਥੀ 130:4.

  • ਜਦੋਂ ਤੁਸੀਂ ਬਹੁਤ ਪਰੇਸ਼ਾਨ ਹੁੰਦੇ ਹੋ, ਤਾਂ ਕਿਉਂ ਨਾ ਕਿਸੇ ਨਾਲ ਗੱਲ ਕਰੋ ਜੋ ਤੁਹਾਡੀ ਉਦਾਸੀ ਦੂਰ ਕਰ ਸਕਦਾ ਹੈ ਤੇ ਤੁਹਾਨੂੰ ਹੌਸਲਾ ਦੇ ਸਕਦਾ ਹੈ? ਕਹਾਉਤਾਂ 12:25 ਵਿਚ ਲਿਖਿਆ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਤੁਸੀਂ ਆਪਣੇ ਘਰ ਦੇ ਕਿਸੇ ਜੀਅ ਜਾਂ ਕਿਸੇ ਚੰਗੇ ਦੋਸਤ ਨਾਲ ਗੱਲ ਕਰ ਸਕਦੇ ਹੋ ਜੋ ਨਾ ਤਾਂ ਦੂਜਿਆਂ ਵਿਚ ਨੁਕਸ ਕੱਢਦਾ ਹੈ ਤੇ ਨਾ ਹੀ ਆਪ ਨਿਰਾਸ਼ ਰਹਿੰਦਾ ਹੈ, ਸਗੋਂ “ਹਰ ਵੇਲੇ ਪ੍ਰੇਮ ਕਰਦਾ ਹੈ।” (ਕਹਾਉਤਾਂ 17:17) ਉਸ ਦੇ ‘ਚੰਗੇ ਬਚਨ’ ਤੋਂ ਤੁਹਾਨੂੰ ਹੌਸਲਾ ਮਿਲ ਸਕਦਾ ਹੈ।

ਬਾਈਬਲ ਦੀਆਂ ਵਧੀਆ ਸਲਾਹਾਂ ਨੇ ਕਈ ਲੋਕਾਂ ਦੀ ਮਦਦ ਕੀਤੀ ਹੈ ਕਿ ਉਹ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਰਹਿਣ। ਉਮੀਦ ਹੈ ਕਿ ਇਹ ਸਲਾਹਾਂ ਤੁਹਾਡੀ ਵੀ ਮਦਦ ਕਰਨਗੀਆਂ। ▪ (w13-E 11/01)