Skip to content

Skip to table of contents

ਮਾਹਵਾਰੀ ਰੁਕਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣਾ

ਮਾਹਵਾਰੀ ਰੁਕਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣਾ

“ਮੈਂ ਬਿਨਾਂ ਵਜ੍ਹਾ ਅਚਾਨਕ ਉਦਾਸ ਹੋ ਜਾਂਦੀ ਸੀ ਤੇ ਰੋਣ ਲੱਗ ਪੈਂਦੀ ਸੀ। ਮੈਂ ਸੋਚਦੀ ਸੀ ਕਿਤੇ ਮੈਂ ਪਾਗਲ ਤਾਂ ਨਹੀਂ ਹੋ ਰਹੀ।”​—ਰੋਨਡਰੋ, * ਉਮਰ 50 ਸਾਲ।

“ਜਦ ਮੈਂ ਸਵੇਰ ਨੂੰ ਉੱਠਦੀ ਹਾਂ, ਤਾਂ ਘਰ ਵਿਚ ਖਿਲਾਰਾ ਪਿਆ ਹੁੰਦਾ ਹੈ। ਮੈਨੂੰ ਆਪਣੀਆਂ ਚੀਜ਼ਾਂ ਨਹੀਂ ਲੱਭਦੀਆਂ। ਜੋ ਕੰਮ ਮੈਂ ਸਾਲਾਂ ਤੋਂ ਸੌਖਿਆਂ ਹੀ ਕਰ ਲੈਂਦੀ ਸੀ, ਹੁਣ ਉਹ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ ਤੇ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਨਾਲ ਇੱਦਾਂ ਕਿਉਂ ਹੁੰਦਾ ਹੈ।”​—ਹੰਸਾ, ਉਮਰ 55 ਸਾਲ।

ਇਹ ਤੀਵੀਆਂ ਬੀਮਾਰ ਨਹੀਂ ਹਨ, ਸਗੋਂ ਉਨ੍ਹਾਂ ਦੇ ਸਰੀਰ ਵਿਚ ਇਕ ਕੁਦਰਤੀ ਤਬਦੀਲੀ ਆ ਰਹੀ ਹੈ। ਇਹ ਤਬਦੀਲੀ ਹੈ ਮਾਹਵਾਰੀ ਦਾ ਰੁਕਣਾ। ਇਸ ਤਬਦੀਲੀ ਕਰਕੇ ਔਰਤ ਵਿਚ ਗਰਭ ਧਾਰਨ ਕਰਨ ਦੀ ਸਮਰਥਾ ਨਹੀਂ ਰਹਿੰਦੀ। ਕੀ ਤੁਸੀਂ ਵੀ ਔਰਤ ਹੋਣ ਦੇ ਨਾਤੇ ਜ਼ਿੰਦਗੀ ਦੇ ਇਸ ਪੜਾਅ ਦੇ ਲਾਗੇ ਹੋ ਜਾਂ ਇਸ ਵਿੱਚੋਂ ਦੀ ਲੰਘ ਰਹੇ ਹੋ? ਤੁਸੀਂ ਤੇ ਦੂਸਰੇ ਇਸ ਤਬਦੀਲੀ ਬਾਰੇ ਜਿੰਨਾ ਜਾਣ ਸਕੋਗੇ ਉੱਨਾ ਹੀ ਤੁਸੀਂ ਮਾਹਵਾਰੀ ਬੰਦ ਹੋਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਤਿਆਰ ਹੋ ਸਕੋਗੇ।

ਮਾਹਵਾਰੀ ਰੁਕਣੀ

ਆਮ ਤੌਰ ਤੇ 40 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਇਸ ਤਬਦੀਲੀ ਰਾਹੀਂ ਗੁਜ਼ਰਦੀਆਂ ਹਨ ਜਦ ਕਿ ਕੁਝ ਔਰਤਾਂ ਵਿਚ 60 ਸਾਲਾਂ ਦੀ ਉਮਰ ਤੋਂ ਬਾਅਦ ਇਹ ਤਬਦੀਲੀ ਹੁੰਦੀ ਹੈ। ਜ਼ਿਆਦਾਤਰ ਔਰਤਾਂ ਦੀ ਮਾਹਵਾਰੀ ਹੌਲੀ-ਹੌਲੀ ਰੁਕਦੀ ਹੈ। * ਸਰੀਰ ਵਿਚ ਘੱਟ-ਵੱਧ ਹਾਰਮੋਨਜ਼ ਪੈਦਾ ਹੋਣ ਕਰਕੇ ਇਕ ਔਰਤ ਨੂੰ ਸ਼ਾਇਦ ਦੋ-ਤਿੰਨ ਮਹੀਨਿਆਂ ਬਾਅਦ ਮਾਹਵਾਰੀ ਆਵੇ, ਕਿਸੇ ਵੀ ਸਮੇਂ ਖ਼ੂਨ ਪਵੇ ਜਾਂ ਮਾਹਵਾਰੀ ਦੌਰਾਨ ਬਹੁਤ ਖ਼ੂਨ ਪਵੇ। ਕੁਝ ਤੀਵੀਆਂ ਦੀ ਮਾਹਵਾਰੀ ਰਾਤੋ-ਰਾਤ ਖ਼ਤਮ ਹੋ ਜਾਂਦੀ ਹੈ।

ਮਾਹਵਾਰੀ ਰੁਕਣ ਬਾਰੇ ਇਕ ਕਿਤਾਬ ਕਹਿੰਦੀ ਹੈ, “ਹਰ ਔਰਤ ’ਤੇ ਮਾਹਵਾਰੀ ਬੰਦ ਹੋਣ ਦਾ ਅਸਰ ਵੱਖੋ-ਵੱਖਰਾ ਹੁੰਦਾ ਹੈ।” ਇਸ ਵਿਚ ਅੱਗੇ ਦੱਸਿਆ ਗਿਆ ਹੈ: “ਮਾਹਵਾਰੀ ਰੁਕਣ ਨਾਲ ਸਭ ਤੋਂ ਆਮ ਸਮੱਸਿਆ ਇਹ ਹੁੰਦੀ ਹੈ ਕਿ ਸਰੀਰ ਅਚਾਨਕ ਗਰਮ ਹੋ ਜਾਂਦਾ ਹੈ ਤੇ ਪਸੀਨਾ ਆਉਂਦਾ ਹੈ” ਜਿਸ ਤੋਂ ਬਾਅਦ ਸ਼ਾਇਦ ਠੰਢ ਨਾਲ ਕਾਂਬਾ ਛਿੜ ਜਾਵੇ। ਰਾਤ ਨੂੰ ਸੁੱਤਿਆਂ ਇਸ ਤਰ੍ਹਾਂ ਹੋਣ ਤੇ ਤੀਵੀਂ ਦੀ ਨੀਂਦ ਖੁੱਲ੍ਹ ਸਕਦੀ ਹੈ। ਇਸ ਸਮੱਸਿਆ ਕਰਕੇ ਉਸ ਵਿਚ ਜਾਨ ਨਹੀਂ ਰਹਿੰਦੀ। ਇਹ ਸਮੱਸਿਆ ਕਦੋਂ ਤਕ ਰਹਿੰਦੀ ਹੈ? ਦ ਮੇਨੋਪਾਜ਼ ਬੁੱਕ ਮੁਤਾਬਕ “ਕੁਝ ਔਰਤਾਂ ਵਿਚ ਮਾਹਵਾਰੀ ਰੁਕਣ ਸਮੇਂ ਇਕ-ਦੋ ਸਾਲਾਂ ਤਕ ਇਹ ਸਮੱਸਿਆ ਰਹਿੰਦੀ ਹੈ। ਦੂਜੀਆਂ ਔਰਤਾਂ ਕਈ ਸਾਲਾਂ ਤਕ ਇਸ ਮੁਸ਼ਕਲ ਦੀਆਂ ਸ਼ਿਕਾਰ ਹੁੰਦੀਆਂ ਹਨ  ਅਤੇ ਕੁਝ ਕੁ ਔਰਤਾਂ ਕਹਿੰਦੀਆਂ ਹਨ ਕਿ ਬਾਕੀ ਦੀ ਜ਼ਿੰਦਗੀ ਕਦੀ-ਕਦਾਈਂ ਉਨ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ।” *

ਸਰੀਰ ਵਿਚ ਹਾਰਮੋਨਜ਼ ਘੱਟ-ਵੱਧ ਹੋਣ ਕਰਕੇ ਤੀਵੀਂ ਨੂੰ ਸ਼ਾਇਦ ਡਿਪਰੈਸ਼ਨ ਹੋਵੇ, ਉਸ ਦਾ ਮੂਡ ਅਚਾਨਕ ਬਦਲਦਾ ਰਹੇ, ਉਹ ਰੋਂਦੀ ਰਹੇ, ਕਿਸੇ ਕੰਮ ਵਿਚ ਉਸ ਦਾ ਧਿਆਨ ਨਾ ਲੱਗੇ ਤੇ ਯਾਦਾਸ਼ਤ ਕਮਜ਼ੋਰ ਹੋ ਜਾਵੇ। ਪਰ ਦ ਮੇਨੋਪਾਜ਼ ਬੁੱਕ ਮੁਤਾਬਕ “ਜ਼ਰੂਰੀ ਨਹੀਂ ਕਿ ਇੱਕੋ ਤੀਵੀਂ ਨਾਲ ਇਹ ਸਭ ਕੁਝ ਹੋਵੇ।” ਹੋ ਸਕਦਾ ਹੈ ਕਿ ਕੁਝ ਤੀਵੀਆਂ ਨੂੰ ਇਨ੍ਹਾਂ ਵਿੱਚੋਂ ਇਕ-ਦੋ ਸਮੱਸਿਆਵਾਂ ਹੀ ਹੋਣ ਜਾਂ ਕੋਈ ਵੀ ਨਾ ਹੋਵੇ।

ਸਮੱਸਿਆਵਾਂ ਨਾਲ ਸਿੱਝਣ ਦੇ ਸੁਝਾਅ

ਜ਼ਿੰਦਗੀ ਵਿਚ ਥੋੜ੍ਹੀਆਂ-ਬਹੁਤੀਆਂ ਤਬਦੀਲੀਆਂ ਕਰਨ ਨਾਲ ਕੁਝ ਸਮੱਸਿਆਵਾਂ ਘੱਟ ਸਕਦੀਆਂ ਹਨ। ਮਿਸਾਲ ਲਈ, ਜੇ ਸਿਗਰਟ ਪੀਣੀ ਬੰਦ ਕੀਤੀ ਜਾਵੇ, ਤਾਂ ਸਰੀਰ ਦੇ ਇਕਦਮ ਗਰਮ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਕਈ ਔਰਤਾਂ ਨੂੰ ਖਾਣ-ਪੀਣ ਵਿਚ ਤਬਦੀਲੀਆਂ ਕਰਨ ਤੋਂ ਵੀ ਫ਼ਾਇਦਾ ਹੋਇਆ ਹੈ ਜਿਵੇਂ ਕਿ ਸ਼ਰਾਬ, ਕੈਫੀਨ, ਮਿਰਚ-ਮਸਾਲਾ ਜਾਂ ਮਿੱਠਾ ਘੱਟ ਕਰਨਾ ਜਾਂ ਬਿਲਕੁਲ ਛੱਡਣਾ। ਇਨ੍ਹਾਂ ਚੀਜ਼ਾਂ ਕਰਕੇ ਸਰੀਰ ਦੇ ਇਕਦਮ ਗਰਮ-ਠੰਢਾ ਹੋਣ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਚੰਗੀ ਖ਼ੁਰਾਕ ਲੈਣੀ ਬਹੁਤ ਜ਼ਰੂਰੀ ਹੈ।

ਕਸਰਤ ਕਰਨ ਨਾਲ ਵੀ ਇਨ੍ਹਾਂ ਵਿੱਚੋਂ ਕੁਝ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ। ਮਿਸਾਲ ਲਈ, ਕਸਰਤ ਕਰਨ ਨਾਲ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ, ਚੰਗੀ ਨੀਂਦ ਆਉਂਦੀ ਹੈ, ਮੂਡ ਚੰਗਾ ਰਹਿੰਦਾ ਹੈ ਅਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। *

ਇਸ ਬਾਰੇ ਗੱਲਬਾਤ ਕਰੋ

ਰੋਨਡਰੋ ਕਹਿੰਦੀ ਹੈ: “ਚੁੱਪ ਰਹਿ ਕੇ ਸਭ ਕੁਝ ਸਹਿਣ ਦੀ ਲੋੜ ਨਹੀਂ ਹੈ। ਜੇ ਤੁਸੀਂ ਦੂਸਰਿਆਂ ਨਾਲ ਗੱਲਬਾਤ ਕਰੋ, ਤਾਂ ਉਹ ਤੁਹਾਡੀ ਹਾਲਤ ਬਾਰੇ ਜ਼ਿਆਦਾ ਫ਼ਿਕਰ ਨਹੀਂ ਕਰਨਗੇ।” ਦਰਅਸਲ ਉਹ ਤੁਹਾਡੇ ਨਾਲ ਧੀਰਜ ਰੱਖਣਗੇ ਤੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਣਗੇ। ਬਾਈਬਲ ਕਹਿੰਦੀ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।”​—1 ਕੁਰਿੰਥੀਆਂ 13:4.

ਕਈ ਔਰਤਾਂ ਨੂੰ ਪ੍ਰਾਰਥਨਾ ਕਰ ਕੇ ਮਦਦ ਮਿਲਦੀ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਇਸ ਗੱਲ ਤੋਂ ਦੁਖੀ ਹੁੰਦੀਆਂ ਹਨ ਕਿ ਉਹ ਹੁਣ ਬੱਚੇ ਨਹੀਂ ਪੈਦਾ ਕਰ ਸਕਦੀਆਂ। ਬਾਈਬਲ ਹੌਸਲਾ ਦਿੰਦੀ ਹੈ ਕਿ “ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:4) ਇਸ ਗੱਲ ਤੋਂ ਵੀ ਹੌਸਲਾ ਮਿਲਦਾ ਹੈ ਕਿ ਮਾਹਵਾਰੀ ਰੁਕਣ ਦਾ ਅਸਰ ਥੋੜ੍ਹੇ ਚਿਰ ਲਈ ਰਹਿੰਦਾ ਹੈ। ਇਹ ਤਬਦੀਲੀ ਆਉਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੀ ਸਿਹਤ ਦਾ ਖ਼ਿਆਲ ਰੱਖਦੀਆਂ ਹਨ, ਉਨ੍ਹਾਂ ਨੂੰ ਨਵੇਂ ਸਿਰਿਓਂ ਤਾਕਤ ਮਿਲਦੀ ਹੈ ਤੇ ਉਹ ਜ਼ਿੰਦਗੀ ਦਾ ਮਜ਼ਾ ਲੈਂਦੀਆਂ ਹਨ। ▪ (w13-E 11/01)

^ ਪੈਰਾ 2 ਨਾਂ ਬਦਲੇ ਗਏ ਹਨ।

^ ਪੈਰਾ 6 ਡਾਕਟਰ ਕਹਿੰਦੇ ਹਨ ਕਿ ਮਾਹਵਾਰੀ ਉਦੋਂ ਪੱਕੇ ਤੌਰ ਤੇ ਰੁਕ ਜਾਂਦੀ ਹੈ ਜਦੋਂ ਲਗਾਤਾਰ 12 ਮਹੀਨੇ ਮਾਹਵਾਰੀ ਨਾ ਆਈ ਹੋਵੇ।

^ ਪੈਰਾ 7 ਕਈ ਵਾਰ ਥਾਇਰਾਇਡ ਦੇ ਰੋਗ, ਇਨਫ਼ੈਕਸ਼ਨ ਤੇ ਕੁਝ ਦਵਾਈਆਂ ਦੇ ਅਸਰ ਕਰਕੇ ਵੀ ਸਰੀਰ ਗਰਮ ਹੋ ਜਾਂਦਾ ਹੈ। ਇਸ ਲਈ ਪਹਿਲਾਂ ਪਤਾ ਕਰਨਾ ਚੰਗੀ ਗੱਲ ਹੋਵੇਗੀ ਕਿ ਇਨ੍ਹਾਂ ਕਾਰਨਾਂ ਕਰਕੇ ਇਸ ਤਰ੍ਹਾਂ ਹੁੰਦਾ ਹੈ ਜਾਂ ਮਾਹਵਾਰੀ ਰੁਕਣ ਕਰਕੇ।

^ ਪੈਰਾ 11 ਮਾਹਵਾਰੀ ਬੰਦ ਹੋਣ ਦੀ ਤਬਦੀਲੀ ਨਾਲ ਸਿਝਣ ਲਈ ਡਾਕਟਰ ਸ਼ਾਇਦ ਹਾਰਮੋਨ ਥੈਰਪੀ, ਵਿਟਾਮਿਨ ਅਤੇ ਡਿਪਰੈਸ਼ਨ ਘਟਾਉਣ ਵਾਲੀਆਂ ਦਵਾਈਆਂ ਦੇਣ। ਜਾਗਰੂਕ ਬਣੋ! ਰਸਾਲਾ ਸਲਾਹ ਨਹੀਂ ਦਿੰਦਾ ਕਿ ਕਿਸੇ ਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ ਜਾਂ ਕਿਹੜੀ ਦਵਾਈ ਲੈਣੀ ਚਾਹੀਦੀ ਹੈ।