Skip to content

Skip to table of contents

ਮੁਲਾਕਾਤ | ਬ੍ਰੈੱਟ ਸ਼ੈਂਕ

ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ

ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ

ਬ੍ਰੈੱਟ ਸ਼ੈਂਕ ਅਮਰੀਕਾ ਦਾ ਰਹਿਣ ਵਾਲਾ ਹੈ ਤੇ ਉਹ ਪਰਿਆਵਰਣ ਦਾ ਮਾਹਰ ਹੈ। ਉਹ ਹੁਣ ਆਪਣੀ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਉਸ ਨੇ ਪੇੜ-ਪੌਦਿਆਂ, ਜਾਨਵਰਾਂ ਅਤੇ ਵਾਤਾਵਰਣ ਦੇ ਆਪਸੀ ਸੰਬੰਧ ਦਾ ਅਧਿਐਨ ਕੀਤਾ ਹੈ। ਉਹ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਿਉਂ ਕਰਦਾ ਹੈ? ਬ੍ਰੈੱਟ ਨੂੰ ਜਾਗਰੂਕ ਬਣੋ! ਰਸਾਲੇ ਦੇ ਲੇਖਕ ਨੇ ਉਸ ਦੇ ਵਿਸ਼ਵਾਸ ਬਾਰੇ ਪੁੱਛਿਆ ਤੇ ਇਹ ਵੀ ਕਿ ਉਸ ਨੇ ਵਿਗਿਆਨ ਵਿਚ ਕੀ ਸਿੱਖਿਆ ਸੀ।

ਤੁਹਾਡਾ ਪਿਛੋਕੜ ਕੀ ਹੈ?

ਮੇਰੇ ਪਿਤਾ ਜੀ ਇੰਜੀਨੀਅਰ ਸਨ। ਉਹ ਅਕਸਰ ਮੇਰੇ ਨਾਲ ਗਣਿਤ ਅਤੇ ਵਿਗਿਆਨ ਬਾਰੇ ਗੱਲਾਂ ਕਰਦੇ ਸਨ। ਅਸੀਂ ਓਹੀਓ, ਅਮਰੀਕਾ ਵਿਚ ਨਿਊ ਪੈਰਿਸ ਨਾਂ ਦੇ ਪਿੰਡ ਵਿਚ ਰਹਿੰਦੇ ਸੀ। ਛੋਟੇ ਹੁੰਦਿਆਂ ਮੈਨੂੰ ਆਪਣੇ ਘਰ ਦੇ ਲਾਗੇ ਛੱਪੜਾਂ ਵਿਚ ਲੱਗੇ ਪੌਦਿਆਂ ਤੇ ਉਸ ਵਿਚ ਰਹਿੰਦੇ ਜਾਨਵਰਾਂ ਵਿਚ ਬਹੁਤ ਦਿਲਚਸਪੀ ਸੀ। ਇਸ ਲਈ ਜਦੋਂ ਮੈਂ ਪਰਦੂ ਯੂਨੀਵਰਸਿਟੀ ਗਿਆ, ਤਾਂ ਮੈਂ ਪਰਿਆਵਰਣ ਦੀ ਪੜ੍ਹਾਈ ਕਰਨ ਦੀ ਚੋਣ ਕੀਤੀ।

ਕੀ ਤੁਹਾਨੂੰ ਧਰਮ ਵਿਚ ਦਿਲਚਸਪੀ ਸੀ?

ਹਾਂ, ਬਿਲਕੁਲ। ਪਿਤਾ ਜੀ ਨੇ ਮੈਨੂੰ ਸਾਡੇ ਲੂਥਰਨ ਧਰਮ ਦਾ ਅਧਿਐਨ ਕਰਨ ਲਈ ਕਿਹਾ। ਮੈਂ ਕੋਇਨੀ ਯਾਨੀ ਆਮ ਯੂਨਾਨੀ ਭਾਸ਼ਾ ਸਿੱਖੀ। ਇਹ ਉਨ੍ਹਾਂ ਭਾਸ਼ਾਵਾਂ ਵਿੱਚੋਂ ਇਕ ਸੀ ਜਿਨ੍ਹਾਂ ਵਿਚ ਬਾਈਬਲ ਸ਼ੁਰੂ ਵਿਚ ਲਿਖੀ ਗਈ ਸੀ। ਮੇਰੇ ਦਿਲ ਵਿਚ ਬਾਈਬਲ ਲਈ ਕਾਫ਼ੀ ਕਦਰ ਪੈਦਾ ਹੋਈ।

ਕੀ ਤੁਸੀਂ ਵਿਕਾਸਵਾਦ ਵਿਚ ਵਿਸ਼ਵਾਸ ਕਰਦੇ ਸੀ?

ਮੇਰੇ ਚਰਚ ਵਾਲੇ ਇਸ ਥਿਊਰੀ ਵਿਚ ਵਿਸ਼ਵਾਸ ਕਰਦੇ ਸਨ। ਨਾਲੇ ਮੇਰੇ ਸਾਥੀ ਵੀ ਇਸ ਨੂੰ ਮੰਨਦੇ ਸਨ ਜਿਸ ਕਰਕੇ ਮੈਂ ਵੀ ਇਸ ਵਿਚ ਵਿਸ਼ਵਾਸ ਕਰਨ ਲੱਗਾ। ਪਰ ਮੈਂ ਰੱਬ ਨੂੰ ਵੀ ਮੰਨਦਾ ਸੀ। ਮੇਰੇ ਭਾਣੇ ਮੈਂ ਵਿਕਾਸਵਾਦ ਅਤੇ ਬਾਈਬਲ ਦੋਵਾਂ ਵਿਚ ਵਿਸ਼ਵਾਸ ਕਰ ਸਕਦਾ ਸੀ। ਹਾਲਾਂਕਿ ਮੈਂ ਬਾਈਬਲ ਦੀ ਕਦਰ ਕਰਦਾ ਸੀ, ਪਰ ਮੈਂ ਇਹ ਨਹੀਂ ਸੀ ਜਾਣਦਾ ਕਿ ਇਹ ਪਰਮੇਸ਼ੁਰ ਵੱਲੋਂ ਹੈ।

ਬਾਈਬਲ ਬਾਰੇ ਤੁਹਾਡਾ ਨਜ਼ਰੀਆ ਕਿਉਂ ਬਦਲਿਆ?

ਸਟੀਵ ਅਤੇ ਸੈਂਡੀ ਨਾਂ ਦੇ ਯਹੋਵਾਹ ਦੇ ਗਵਾਹ ਮੈਨੂੰ ਤੇ ਮੇਰੀ ਪਤਨੀ ਡੇਬੀ ਨੂੰ ਮਿਲਣ ਆਏ ਸਨ। ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਭਾਵੇਂ ਬਾਈਬਲ ਵਿਗਿਆਨਕ ਪੁਸਤਕ ਨਹੀਂ ਹੈ, ਫਿਰ ਵੀ ਇਹ ਵਿਗਿਆਨਕ ਤੌਰ ਤੇ ਬਿਲਕੁਲ ਸਹੀ ਹੈ। ਮਿਸਾਲ ਲਈ, ਇਸ ਵਿਚ ਲਿਖਿਆ ਹੈ ਕਿ ਪਰਮੇਸ਼ੁਰ “ਧਰਤੀ ਦੇ ਕੁੰਡਲ [ਯਾਨੀ ਗੋਲ ਧਰਤੀ] ਉੱਪਰ ਬਹਿੰਦਾ ਹੈ।” (ਯਸਾਯਾਹ 40:22) ਨਾਲੇ ਇਹ ਵੀ ਕਿ ‘ਉਹ ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।’ (ਅੱਯੂਬ 26:7) ਉਸ ਸਮੇਂ ਮੈਂ ਸੈਟੇਲਾਈਟ ਰਾਹੀਂ ਖਿੱਚੀਆਂ ਫੋਟੋਆਂ ਦੀ ਮਦਦ ਨਾਲ ਪਰਿਆਵਰਣ ਦਾ ਅਧਿਐਨ ਕਰ ਰਿਹਾ ਸੀ, ਇਸ ਲਈ ਇਨ੍ਹਾਂ ਹਵਾਲਿਆਂ ਨੇ ਮੇਰੇ ਉੱਤੇ ਗਹਿਰਾ ਪ੍ਰਭਾਵ ਪਾਇਆ। ਇਹ ਹਵਾਲੇ ਕਿਸੇ ਦੁਆਰਾ ਧਰਤੀ ਦੀਆਂ ਤਸਵੀਰਾਂ ਖਿੱਚਣ ਤੋਂ ਬਹੁਤ ਚਿਰ ਪਹਿਲਾਂ ਲਿਖੇ ਗਏ ਸਨ। ਮੈਂ ਤੇ ਮੇਰੀ ਪਤਨੀ ਨੇ ਸਟੀਵ ਅਤੇ ਸੈਂਡੀ ਨਾਲ ਬਾਈਬਲ ਦੀ ਸਟੱਡੀ ਕਰਦਿਆਂ ਉਨ੍ਹਾਂ ਭਵਿੱਖਬਾਣੀਆਂ ਬਾਰੇ ਸਿੱਖਿਆ ਜੋ ਪੂਰੀਆਂ ਹੋ ਚੁੱਕੀਆਂ ਸਨ। ਨਾਲੇ ਅਸੀਂ ਉਸ ਸਲਾਹ ਬਾਰੇ ਸਿੱਖਿਆ ਜਿਸ ਨੂੰ ਲਾਗੂ ਕਰ ਕੇ ਖ਼ੁਸ਼ੀ ਮਿਲਦੀ ਹੈ ਤੇ ਆਪਣੇ ਸਵਾਲਾਂ ਦੇ ਵਧੀਆ ਜਵਾਬ ਵੀ ਪਾਏ। ਹੌਲੀ-ਹੌਲੀ ਮੈਨੂੰ ਯਕੀਨ ਹੋਣ ਲੱਗਾ ਕਿ ਬਾਈਬਲ ਵਾਕਈ ਪਰਮੇਸ਼ੁਰ ਦਾ ਬਚਨ ਹੈ।

ਜ਼ਿੰਦਗੀ ਦੀ ਸ਼ੁਰੂਆਤ ਬਾਰੇ ਤੁਹਾਡਾ ਵਿਚਾਰ ਕਦੋਂ ਬਦਲਿਆ?

ਸਟੀਵ ਨੇ ਮੈਨੂੰ ਬਾਈਬਲ ਵਿੱਚੋਂ ਇਹ ਹਵਾਲਾ ਦਿਖਾਇਆ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ।” (ਉਤਪਤ 2:7) ਪਹਿਲੇ ਆਦਮੀ ਦੀ ਜ਼ਿੰਦਗੀ ਬਾਰੇ ਬਾਈਬਲ ਵਿਚ ਸਭ ਕੁਝ ਸਾਫ਼-ਸਾਫ਼ ਲਿਖਿਆ ਗਿਆ ਹੈ। ਪਰ ਮੇਰੇ ਮਨ ਵਿਚ ਇਹ ਸਵਾਲ ਪੈਦਾ ਹੋਇਆ: ਕੀ ਬਾਈਬਲ ਵਿਗਿਆਨਕ ਗੱਲਾਂ ਨਾਲ ਮੇਲ ਖਾਂਦੀ ਹੈ? ਸਟੀਵ ਨੇ ਮੈਨੂੰ ਇਸ ਗੱਲ ਬਾਰੇ ਖ਼ੁਦ ਰੀਸਰਚ ਕਰਨ ਦੀ ਤਾਕੀਦ ਕੀਤੀ ਅਤੇ ਮੈਂ ਇਸੇ ਤਰ੍ਹਾਂ ਕੀਤਾ।

ਤੁਸੀਂ ਵਿਕਾਸਵਾਦ ਬਾਰੇ ਕੀ ਸਿੱਖਿਆ?

ਮੈਂ ਇਸ ਬਾਰੇ ਬਹੁਤ ਕੁਝ ਸਿੱਖਿਆ। ਮਿਸਾਲ ਲਈ, ਵਿਕਾਸਵਾਦ ਦੀ ਥਿਊਰੀ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਾਨਵਰਾਂ ਦੀਆਂ ਵੱਖੋ-ਵੱਖਰੀਆਂ ਕਿਸਮਾਂ ਕਿੱਥੋਂ ਆਈਆਂ ਸਨ। ਹਰ ਜੀਵ-ਜੰਤੂ ਦੇ ਕਮਾਲ ਦੇ ਅੰਗ ਹੁੰਦੇ ਹਨ, ਜਿਵੇਂ ਕਿ ਦਿਲ, ਫੇਫੜੇ ਅਤੇ ਅੱਖਾਂ। ਇਸ ਤੋਂ ਇਲਾਵਾ, ਸੈੱਲਾਂ ਵਿਚ ਛੋਟੇ-ਛੋਟੇ ਅਣੂ ਹੁੰਦੇ ਹਨ ਜੋ ਮਸ਼ੀਨਾਂ ਵਾਂਗ ਕੰਮ ਕਰਦੇ ਹਨ। ਇਹ ਅਣੂ ਬਹੁਤ ਹੀ ਵਧੀਆ ਢੰਗ ਨਾਲ ਡੀਜ਼ਾਈਨ ਕੀਤੇ ਗਏ ਹਨ। ਇਨ੍ਹਾਂ ਨੂੰ ਕਿਸ ਨੇ ਡੀਜ਼ਾਈਨ ਕੀਤਾ? ਵਿਕਾਸਵਾਦੀ ਇਹ ਦਾਅਵਾ ਕਰਦੇ ਹਨ ਕਿ ‘ਤਕੜੇ ਹੀ ਬਚਦੇ ਹਨ,’ ਮਤਲਬ ਕਿ ਤਕੜੀ ਨਸਲ ਦੇ ਜਾਨਵਰ ਜੀਉਂਦੇ ਰਹਿੰਦੇ ਹਨ, ਪਰ ਕਮਜ਼ੋਰ ਮਰ ਜਾਂਦੇ ਹਨ। ਪਰ ਉਨ੍ਹਾਂ ਦੀ ਇਸ ਥਿਊਰੀ ਤੋਂ ਇਸ ਗੱਲ ਦਾ ਜਵਾਬ ਨਹੀਂ ਮਿਲਦਾ: ਇਹ ਜੀਵ-ਜੰਤੂ ਆਏ ਕਿੱਥੋਂ ਹਨ? ਮੈਂ ਇਹ ਵੀ ਸਿੱਖਿਆ ਕਿ ਕਈ ਵਿਗਿਆਨੀ ਇਹ ਨਹੀਂ ਮੰਨਦੇ ਕਿ ਵਿਕਾਸਵਾਦ ਦੀ ਥਿਊਰੀ ਤੋਂ ਇਸ ਸਵਾਲ ਦਾ ਜਵਾਬ ਮਿਲਦਾ ਹੈ। ਜੰਤੂ-ਵਿਗਿਆਨ ਦੇ ਇਕ ਪ੍ਰੋਫ਼ੈਸਰ ਨੇ ਮੈਨੂੰ ਦੱਸਿਆ ਕਿ ਉਹ ਵਿਕਾਸਵਾਦ ਦੀ ਕਿਸੇ ਵੀ ਥਿਊਰੀ ਨੂੰ ਨਹੀਂ ਸੀ ਮੰਨਦਾ। ਪਰ ਉਸ ਨੇ ਆਪਣੀ ਨੌਕਰੀ ਛੁੱਟਣ ਦੇ ਡਰ ਕਰਕੇ ਆਪਣੇ ਵਿਚਾਰ ਦੂਸਰਿਆਂ ਨਾਲ ਸਾਂਝੇ ਨਹੀਂ ਕੀਤੇ।

ਕੀ ਪਰਿਆਵਰਣ ਦਾ ਗਿਆਨ ਤੁਹਾਡੇ ਵਿਸ਼ਵਾਸ ਨੂੰ ਪੱਕਾ ਕਰਦਾ ਹੈ?

ਹਾਂ, ਬਿਲਕੁਲ। ਮੈਂ ਪੇੜ-ਪੌਦਿਆਂ, ਜਾਨਵਰਾਂ ਅਤੇ ਵਾਤਾਵਰਣ ਦੇ ਆਪਸੀ ਸੰਬੰਧ ਦਾ ਅਧਿਐਨ ਕਰ ਰਿਹਾ ਸੀ। ਧਰਤੀ ਉੱਤੇ ਹਰ ਜੀਵ ਜੀਉਂਦਾ ਰਹਿਣ ਲਈ ਕਿਸੇ ਹੋਰ ਚੀਜ਼ ਉੱਤੇ ਨਿਰਭਰ ਕਰਦਾ ਹੈ। ਫੁੱਲਾਂ ਅਤੇ ਮਧੂ-ਮੱਖੀਆਂ ਦੀ ਮਿਸਾਲ ਲਓ। ਫੁੱਲਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਨ੍ਹਾਂ ਦਾ ਰੰਗ ਅਤੇ ਸੁਗੰਧ ਮਧੂ-ਮੱਖੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਮਧੂ-ਮੱਖੀਆਂ ਫੁੱਲਾਂ ਦਾ ਰਸ ਪੀਂਦੀਆਂ ਹਨ ਅਤੇ ਉਨ੍ਹਾਂ ’ਤੇ ਫੁੱਲਾਂ ਦਾ ਪੋਲਨ ਲੱਗ ਜਾਂਦਾ ਹੈ। ਫਿਰ ਇਹ ਮਧੂ-ਮੱਖੀਆਂ ਦੂਸਰੇ ਫੁੱਲਾਂ ਤਕ ਪੋਲਨ ਲੈ ਜਾਂਦੀਆਂ ਹਨ ਤਾਂਕਿ ਹੋਰ ਫੁੱਲ ਬਣ ਸਕਣ। ਇਸ ਤੋਂ ਇਹ ਗੱਲ ਸਾਫ਼ ਦੇਖੀ ਜਾ ਸਕਦੀ ਹੈ ਕਿ ਫੁੱਲ ਅਤੇ ਮਧੂ-ਮੱਖੀਆਂ ਜੀਉਂਦੇ ਰਹਿਣ ਲਈ ਇਕ-ਦੂਜੇ ’ਤੇ ਨਿਰਭਰ ਕਰਦੇ ਹਨ।

‘ਜਦੋਂ ਮੈਂ ਸੋਚਦਾ ਹਾਂ ਕਿ ਸਾਡੀ ਧਰਤੀ ’ਤੇ ਹਰ ਜੀਉਂਦੀ ਚੀਜ਼ ਵਿਚ ਕਿੰਨੀ ਤਾਕਤ ਹੈ, ਤਾਂ ਮੈਨੂੰ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਨੇ ਹੀ ਸਭ ਕੁਝ ਬਣਾਇਆ ਹੈ’

ਧਰਤੀ ਉੱਤੇ ਹਰ ਜੀਵ ਯਾਨੀ ਹਜ਼ਾਰਾਂ ਹੀ ਕਿਸਮ ਦੇ ਜਾਨਵਰ, ਪੌਦੇ, ਬੈਕਟੀਰੀਆ ਅਤੇ ਉੱਲੀ ਵੀ ਇਕ-ਦੂਜੇ ਉੱਤੇ ਨਿਰਭਰ ਕਰਦੇ ਹਨ। ਮਿਸਾਲ ਲਈ, ਸਾਰੇ ਜਾਨਵਰ ਖ਼ੁਰਾਕ ਅਤੇ ਆਕਸੀਜਨ ਲਈ ਪੇੜ-ਪੌਦਿਆਂ ਉੱਤੇ ਨਿਰਭਰ ਕਰਦੇ ਹਨ ਅਤੇ ਫੁੱਲ ਜੀਵ-ਜੰਤੂਆਂ ਉੱਤੇ ਨਿਰਭਰ ਕਰਦੇ ਹਨ। ਭਾਵੇਂ ਕਿ ਪਰਿਆਵਰਣ ਦੀ ਕ੍ਰਿਆ ਬਹੁਤ ਗੁੰਝਲਦਾਰ ਹੈ ਅਤੇ ਕਈ ਜੀਵ ਬਹੁਤ ਨਾਜ਼ੁਕ ਹਨ, ਫਿਰ ਵੀ ਇਹ ਹਜ਼ਾਰਾਂ ਸਾਲ ਤਕ ਜੀਉਂਦੇ ਰਹਿ ਸਕਦੇ ਹਨ। ਭਾਵੇਂ ਪ੍ਰਦੂਸ਼ਣ ਕਰਕੇ ਵਾਤਾਵਰਣ ਦਾ ਨੁਕਸਾਨ ਵੀ ਹੁੰਦਾ ਹੈ, ਫਿਰ ਵੀ ਜੇ ਇਸ ਪ੍ਰਦੂਸ਼ਣ ਨੂੰ ਹਟਾਇਆ ਜਾਵੇ, ਤਾਂ ਵਾਤਾਵਰਣ ਆਪਣੇ ਆਪ ਵਿਚ ਸੁਧਾਰ ਲਿਆ ਸਕਦਾ ਹੈ। ਜਦੋਂ ਮੈਂ ਸੋਚਦਾ ਹਾਂ ਕਿ ਸਾਡੀ ਧਰਤੀ ’ਤੇ ਹਰ ਜੀਉਂਦੀ ਚੀਜ਼ ਵਿਚ ਕਿੰਨੀ ਤਾਕਤ ਹੈ, ਤਾਂ ਮੈਨੂੰ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਨੇ ਹੀ ਸਭ ਕੁਝ ਬਣਾਇਆ ਹੈ।

ਤੁਸੀਂ ਯਹੋਵਾਹ ਦੇ ਗਵਾਹ ਕਿਉਂ ਬਣੇ?

ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਇਨਸਾਨ ਸਾਡੇ ਵਾਤਾਵਰਣ ਦਾ ਕਿੰਨਾ ਨੁਕਸਾਨ ਕਰ ਰਿਹਾ ਹੈ। ਮੈਨੂੰ ਪਤਾ ਸੀ ਕਿ ਭਾਵੇਂ ਸਾਡਾ ਵਾਤਾਵਰਣ ਆਪਣੇ ਆਪ ਵਿਚ ਸੁਧਾਰ ਲਿਆ ਸਕਦਾ ਹੈ, ਪਰ ਇਸ ਨੂੰ ਤਬਾਹ ਵੀ ਕੀਤਾ ਜਾ ਸਕਦਾ ਹੈ। ਯਹੋਵਾਹ ਦੇ ਗਵਾਹਾਂ ਨੇ ਮੈਨੂੰ ਬਾਈਬਲ ਵਿੱਚੋਂ ਇਹ ਗੱਲ ਦੱਸੀ ਕਿ ਪਰਮੇਸ਼ੁਰ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰੇਗਾ।’ (ਪ੍ਰਕਾਸ਼ ਦੀ ਕਿਤਾਬ 11:18) ਇਨ੍ਹਾਂ ਸ਼ਬਦਾਂ ਦਾ ਮੇਰੇ ’ਤੇ ਬਹੁਤ ਪ੍ਰਭਾਵ ਪਿਆ। ਜਿੱਦਾਂ-ਜਿੱਦਾਂ ਮੈਂ ਬਾਈਬਲ ਦੀ ਸਟੱਡੀ ਕਰਦਾ ਗਿਆ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੋਣ ਲੱਗਾ ਕਿ ਉਸ ਵਿਚ ਪਾਈ ਗਈ ਉਮੀਦ ਪੱਕੀ ਹੈ।

ਮੈਨੂੰ ਦੂਜਿਆਂ ਨਾਲ ਆਪਣੇ ਵਿਸ਼ਵਾਸ ਸਾਂਝੇ ਕਰਨ ਵਿਚ ਖ਼ੁਸ਼ੀ ਮਿਲਦੀ ਹੈ ਅਤੇ ਮੈਂ ਕੁਝ ਵਿਗਿਆਨੀਆਂ ਨਾਲ ਵੀ ਬਾਈਬਲ ਸਟੱਡੀ ਕੀਤੀ ਹੈ। ਜਦ ਮੈਂ 55 ਸਾਲਾਂ ਦਾ ਹੋਇਆ, ਤਾਂ ਮੈਂ ਨੌਕਰੀ ਤੋਂ ਰੀਟਾਇਰ ਹੋ ਗਿਆ ਤਾਂਕਿ ਮੈਂ ਸ੍ਰਿਸ਼ਟੀਕਰਤਾ ਅਤੇ ਇਸ ਸ਼ਾਨਦਾਰ ਧਰਤੀ ਲਈ ਉਸ ਦੇ ਮਕਸਦ ਬਾਰੇ ਜਾਣਨ ਵਿਚ ਹੋਰਨਾਂ ਦੀ ਮਦਦ ਕਰ ਸਕਾਂ। (g13 04-E)