Skip to content

Skip to table of contents

 ਮੁੱਖ ਪੰਨੇ ਤੋਂ

ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ

ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ

ਹਰ ਰੋਜ਼ ਲੋਕਾਂ ਨੂੰ ਦੂਜਿਆਂ ਦਾ ਭਲਾ ਕਰਨ ਦੇ ਕਈ ਮੌਕੇ ਮਿਲਦੇ ਹਨ। ਪਰ ਸ਼ਾਇਦ ਲੱਗੇ ਕਿ ਕਈ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਇਹ ਰਵੱਈਆ ਹਰ ਪਾਸੇ ਦੇਖਣ ਨੂੰ ਮਿਲਦਾ ਹੈ। ਉਹ ਬੇਸ਼ਰਮ ਹੋ ਕੇ ਲੋਕਾਂ ਨੂੰ ਠੱਗ ਲੈਂਦੇ ਹਨ, ਗ਼ਲਤ ਤਰੀਕੇ ਨਾਲ ਕਾਰ ਚਲਾਉਂਦੇ ਹਨ, ਗਾਲ਼ਾਂ ਕੱਢਦੇ ਅਤੇ ਆਪਣਾ ਗੁੱਸਾ ਝਾੜਦੇ ਹਨ।

ਇਹ ਖ਼ੁਦਗਰਜ਼ ਰਵੱਈਆ ਕਈ ਘਰਾਂ ਵਿਚ ਵੀ ਨਜ਼ਰ ਆਉਂਦਾ ਹੈ। ਮਿਸਾਲ ਲਈ, ਕਈ ਪਤੀ-ਪਤਨੀ ਇਸ ਕਰਕੇ ਤਲਾਕ ਲੈ ਲੈਂਦੇ ਹਨ ਕਿਉਂਕਿ ਇਕ ਜਣਾ ਸੋਚਦਾ ਹੈ ਕਿ ਉਸ ਨੂੰ ਕੋਈ ਹੋਰ ਬਿਹਤਰ ਇਨਸਾਨ ਮਿਲ ਸਕਦਾ ਹੈ। ਕੁਝ ਮਾਂ-ਬਾਪ ਵੀ ਆਪਣੇ ਬੱਚਿਆਂ ਅੰਦਰ ਖ਼ੁਦਗਰਜ਼ ਰਵੱਈਆ ਪੈਦਾ ਕਰ ਸਕਦੇ ਹਨ। ਕਿਵੇਂ? ਉਹ ਆਪਣੇ ਬੱਚਿਆਂ ਦੀ ਹਰ ਖ਼ਾਹਸ਼ ਪੂਰੀ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦਾ ਅਨੁਸ਼ਾਸਨ ਦੇਣ ਤੋਂ ਹਿਚਕਿਚਾਉਂਦੇ ਹਨ।

ਦੂਜੇ ਪਾਸੇ, ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਉਹ ਦੂਜਿਆਂ ਬਾਰੇ ਪਹਿਲਾਂ ਸੋਚਣ ਜਿਸ ਵਿਚ ਉਨ੍ਹਾਂ ਦਾ ਹੀ ਭਲਾ ਹੈ। ਜਿਹੜੇ ਬੱਚੇ ਹੋਰਨਾਂ ਦਾ ਲਿਹਾਜ਼ ਕਰਦੇ ਹਨ, ਉਨ੍ਹਾਂ ਦੇ ਜ਼ਿਆਦਾ ਦੋਸਤ-ਮਿੱਤਰ ਬਣਦੇ ਹਨ ਤੇ ਦੂਜਿਆਂ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਬਣਿਆ ਰਹਿੰਦਾ ਹੈ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕੰਮ 20:35.

ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹੋ ਕਿ ਚੰਗੇ ਬਣਨ ਦੇ ਫ਼ਾਇਦੇ ਹਨ ਤੇ ਉਹ ਆਪਣੇ ਆਲੇ-ਦੁਆਲੇ ਦੇ ਖ਼ੁਦਗਰਜ਼ ਰਵੱਈਏ ਤੋਂ ਬਚ ਕੇ ਰਹਿਣ? ਤਿੰਨ ਫੰਦਿਆਂ ’ਤੇ ਗੌਰ ਕਰੋ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਖ਼ੁਦਗਰਜ਼ ਬਣ ਸਕਦੇ ਹਨ ਤੇ ਦੇਖੋ ਕਿ ਤੁਸੀਂ ਉਨ੍ਹਾਂ ਫੰਦਿਆਂ ਤੋਂ ਕਿਵੇਂ ਬਚ ਸਕਦੇ ਹੋ।

 1 ਹੱਦੋਂ ਵੱਧ ਤਾਰੀਫ਼

ਸਮੱਸਿਆ। ਖੋਜਕਾਰਾਂ ਨੇ ਚਿੰਤਾ ਵਿਚ ਪਾਉਣ ਵਾਲਾ ਇਹ ਰੁਝਾਨ ਦੇਖਿਆ ਹੈ: ਕਈ ਨੌਜਵਾਨ ਇਸ ਰਵੱਈਏ ਨਾਲ ਕੰਮ ਤੇ ਜਾਣਾ ਸ਼ੁਰੂ ਕਰਦੇ ਹਨ ਕਿ ਉਨ੍ਹਾਂ ਨੂੰ ਕਾਮਯਾਬੀ ਮਿਲੇਗੀ, ਭਾਵੇਂ ਕਿ ਉਨ੍ਹਾਂ ਨੇ ਇਸ ਵਾਸਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਹੈ ਜਾਂ ਬਿਲਕੁਲ ਨਹੀਂ ਕੀਤੀ। ਕੁਝ ਸੋਚਦੇ ਹਨ ਕਿ ਆਪਣੇ ਕੰਮ ਵਿਚ ਮਾਹਰ ਹੋਣ ਤੋਂ ਬਿਨਾਂ ਹੀ ਉਨ੍ਹਾਂ ਦੀ ਫਟਾਫਟ ਤਰੱਕੀ ਹੋ ਜਾਵੇਗੀ। ਕਈ ਆਪਣੇ ਆਪ ਨੂੰ ਖ਼ਾਸ ਸਮਝਦੇ ਹਨ, ਇਸ ਲਈ ਉਹ ਸੋਚਦੇ ਹਨ ਕਿ ਉਨ੍ਹਾਂ ਨਾਲ ਦੂਜਿਆਂ ਨਾਲੋਂ ਜ਼ਿਆਦਾ ਚੰਗਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦੂਜਿਆਂ ਦੀ ਨਜ਼ਰ ਵਿਚ ਉਹ ਖ਼ਾਸ ਨਹੀਂ ਹਨ, ਤਾਂ ਉਹ ਨਿਰਾਸ਼ ਹੋ ਜਾਂਦੇ ਹਨ।

ਇਸ ਪਿੱਛੇ ਕਾਰਨ। ਕਈ ਵਾਰ ਲੋਕ ਇਸ ਲਈ ਖ਼ੁਦ ਨੂੰ ਕਿਸੇ ਚੀਜ਼ ਦੇ ਹੱਕਦਾਰ ਸਮਝਦੇ ਹਨ ਕਿਉਂਕਿ ਉਨ੍ਹਾਂ ਦਾ ਪਾਲਣ-ਪੋਸ਼ਣ ਹੀ ਇਸ ਤਰੀਕੇ ਨਾਲ ਹੋਇਆ ਹੁੰਦਾ ਹੈ। ਮਿਸਾਲ ਲਈ, ਹਾਲ ਦੇ ਦਹਾਕਿਆਂ ਵਿਚ ਇਹ ਰੁਝਾਨ ਆਮ ਹੀ ਦੇਖਣ ਨੂੰ ਮਿਲਿਆ ਹੈ ਕਿ ਇਨਸਾਨ ਨੂੰ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਤੇ ਇਸ ਦਾ ਮਾਪਿਆਂ ’ਤੇ ਬਹੁਤ ਹੀ ਜ਼ਿਆਦਾ ਅਸਰ ਹੋਇਆ ਹੈ। ਇਸ ਸਿਧਾਂਤ ਦਾ ਮਕਸਦ ਸਹੀ ਜਾਪਦਾ ਸੀ: ਜੇ ਬੱਚਿਆਂ ਦੀ ਥੋੜ੍ਹੀ ਜਿਹੀ ਤਾਰੀਫ਼ ਕਰਨੀ ਚੰਗੀ ਗੱਲ ਹੈ, ਤਾਂ ਜ਼ਿਆਦਾ ਤਾਰੀਫ਼ ਕਰਨੀ ਤਾਂ ਹੋਰ ਵੀ ਵਧੀਆ ਗੱਲ ਹੈ। ਦੂਜੇ ਪਾਸੇ, ਇਹ ਵੀ ਸੋਚਿਆ ਜਾਂਦਾ ਸੀ ਕਿ ਬੱਚੇ ਦੀ ਕਿਸੇ ਵੀ ਗੱਲ ’ਤੇ ਨਾਰਾਜ਼ ਹੋ ਜਾਣ ਨਾਲ ਉਸ ਦਾ ਹੌਸਲਾ ਢਹਿ ਜਾਵੇਗਾ। ਜਿਸ ਦੁਨੀਆਂ ਵਿਚ ਆਪਣੇ ਆਪ ਨੂੰ ਉੱਚਾ ਸਮਝਣ ਦਾ ਰੁਝਾਨ ਹੈ, ਉਸ ਵਿਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਵਡਿਆਉਂਦੇ ਨਹੀਂ ਹੋ, ਤਾਂ ਤੁਸੀਂ ਚੰਗੇ ਮਾਪੇ ਨਹੀਂ ਕਹਿਲਾਓਗੇ। ਮਾਪਿਆਂ ਨੂੰ ਕਿਹਾ ਗਿਆ ਸੀ ਕਿ ਉਹ ਬੱਚਿਆਂ ਨੂੰ ਕਦੇ ਕੁਝ ਇਸ ਤਰ੍ਹਾਂ ਦਾ ਨਾ ਕਹਿਣ ਜਿਸ ਕਰਕੇ ਬੱਚੇ ਆਪਣੇ ਬਾਰੇ ਘਟੀਆ ਸੋਚਣ।

ਇਸ ਲਈ ਕਈ ਮਾਤਾ-ਪਿਤਾ ਆਪਣੇ ਬੱਚਿਆਂ ਦੀ ਤਾਰੀਫ਼ ਦੇ ਪੁਲ ਬੰਨ੍ਹਣ ਲੱਗੇ, ਭਾਵੇਂ ਕਿ ਬੱਚਿਆਂ ਨੇ ਇਸ ਲਾਇਕ ਕੁਝ ਖ਼ਾਸ ਨਹੀਂ ਕੀਤਾ। ਹਰ ਛੋਟੀ-ਮੋਟੀ ਕਾਮਯਾਬੀ ਦੇ ਜਸ਼ਨ ਮਨਾਏ ਜਾਣ ਲੱਗੇ ਤੇ ਹਰ ਗ਼ਲਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ ਭਾਵੇਂ ਉਹ ਕਿੰਨੀ ਵੱਡੀ ਕਿਉਂ ਨਹੀਂ ਸੀ। ਉਨ੍ਹਾਂ ਮਾਪਿਆਂ ਦਾ ਮੰਨਣਾ ਸੀ ਕਿ ਆਤਮ-ਵਿਸ਼ਵਾਸ ਵਧਾਉਣ ਲਈ ਬੁਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਕੇ ਬਾਕੀ ਸਾਰੀਆਂ ਗੱਲਾਂ ਲਈ ਤਾਰੀਫ਼ ਕਰਨੀ ਚਾਹੀਦੀ ਹੈ। ਉਨ੍ਹਾਂ ਲਈ ਬੱਚਿਆਂ ਨੂੰ ਖ਼ੁਸ਼ ਕਰਨਾ ਜ਼ਿਆਦਾ ਜ਼ਰੂਰੀ ਬਣ ਗਿਆ, ਨਾ ਕਿ ਉਹ ਕੰਮ ਕਰਨੇ ਸਿਖਾਉਣੇ ਜਿਨ੍ਹਾਂ ਕਰਕੇ ਉਹ ਸੱਚ-ਮੁੱਚ ਆਪਣੇ ਬਾਰੇ ਚੰਗਾ ਮਹਿਸੂਸ ਕਰ ਸਕਦੇ ਸਨ।

ਬਾਈਬਲ ਕੀ ਕਹਿੰਦੀ ਹੈ। ਬਾਈਬਲ ਕਹਿੰਦੀ ਹੈ ਕਿ ਤਾਰੀਫ਼ ਕਰਨੀ ਉਦੋਂ ਚੰਗੀ ਗੱਲ ਹੈ ਜਦੋਂ ਇਹ ਢੁਕਵੀਂ ਹੋਵੇ। (ਮੱਤੀ 25:19-21) ਪਰ ਬੱਚਿਆਂ ਦੀ ਖ਼ੁਸ਼ੀ ਲਈ ਉਨ੍ਹਾਂ ਦੀ ਤਾਰੀਫ਼ ਕਰਨ ਨਾਲ ਉਹ ਆਪਣੇ ਬਾਰੇ ਗ਼ਲਤ ਨਜ਼ਰੀਆ ਅਪਣਾ ਲੈਣਗੇ। ਇਸ ਲਈ ਬਾਈਬਲ ਕਹਿੰਦੀ ਹੈ: “ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ, ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।” (ਗਲਾਤੀਆਂ 6:3) ਚੰਗੇ ਕਾਰਨ ਕਰਕੇ ਬਾਈਬਲ ਮਾਪਿਆਂ ਨੂੰ ਕਹਿੰਦੀ ਹੈ: “ਬੱਚੇ ਨੂੰ ਅਨੁਸ਼ਾਸਤ ਕਰਨ ਤੋਂ ਨਾ ਡਰ, ਉਹ ਸੋਟੀ ਲਗਣ ਨਾਲ ਮਰ ਨਹੀਂ ਜਾਵੇਗਾ।” *ਕਹਾਉਤਾਂ 23:13, CL.

ਤੁਸੀਂ ਕੀ ਕਰ ਸਕਦੇ ਹੋ। ਲੋੜ ਪੈਣ ਤੇ ਤਾੜਨਾ ਦੇਣ ਅਤੇ ਤਾਰੀਫ਼ ਕਰਨ ਦਾ ਆਪਣਾ ਟੀਚਾ ਰੱਖੋ। ਆਪਣੇ ਬੱਚਿਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀ ਝੂਠੀ ਤਾਰੀਫ਼ ਨਾ ਕਰੋ। ਉਨ੍ਹਾਂ ਨੇ ਇਸ ਨਾਲ ਖ਼ੁਸ਼ ਨਹੀਂ ਹੋਣਾ। ਇਕ ਕਿਤਾਬ ਮੁਤਾਬਕ “ਆਤਮ-ਵਿਸ਼ਵਾਸ ਉਦੋਂ ਹੀ ਤੁਹਾਡੇ ਵਿਚ ਆਉਂਦਾ ਹੈ ਜਦੋਂ ਤੁਸੀਂ ਆਪਣੇ ਹੁਨਰਾਂ ਨੂੰ ਨਿਖਾਰਦੇ ਅਤੇ ਕੁਝ ਸਿੱਖਦੇ ਹੋ। ਇਹ ਕਹਿਣ ਨਾਲ ਆਤਮ-ਵਿਸ਼ਵਾਸ ਪੈਦਾ ਨਹੀਂ ਹੁੰਦਾ ਕਿ ਤੂੰ ਤਾਂ ਕਮਾਲ ਹੀ ਕਰ ਦਿੱਤੀ ਭਾਵੇਂ ਤੁਸੀਂ ਕੁਝ ਕੀਤਾ ਵੀ ਨਹੀਂ।”—ਜਨਰੇਸ਼ਨ ਮੀ।

“ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ।”—ਰੋਮੀਆਂ 12:3

 2 ਹੱਦੋਂ ਵੱਧ ਖ਼ਿਆਲ ਰੱਖਣਾ

ਸਮੱਸਿਆ। ਕਈ ਨੌਜਵਾਨ ਜਦੋਂ ਕੰਮ ਤੇ ਜਾਣਾ ਸ਼ੁਰੂ ਕਰਦੇ ਹਨ, ਤਾਂ ਲੱਗਦਾ ਹੈ ਕਿ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਨਹੀਂ ਹੁੰਦੇ। ਕੁਝ ਤਾਂ ਥੋੜ੍ਹੀ ਜਿਹੀ ਨੁਕਤਾਚੀਨੀ ਸੁਣ ਕੇ ਹੀ ਬੜੇ ਪਰੇਸ਼ਾਨ ਹੋ ਜਾਂਦੇ ਹਨ। ਕਈ ਨਖਰੇ ਕਰਦੇ ਹਨ ਤੇ ਕਹਿੰਦੇ ਹਨ ਕਿ ਉਹ ਉਹੀ ਕੰਮ ਕਰਨਗੇ ਜੋ ਉਨ੍ਹਾਂ ਦੀਆਂ ਉੱਚੀਆਂ ਉਮੀਦਾਂ ਮੁਤਾਬਕ ਹੈ। ਮਿਸਾਲ ਲਈ, ਡਾਕਟਰ ਜੋਸਫ਼ ਐਲਨ ਆਪਣੀ ਕਿਤਾਬ ਵਿਚ ਉਸ ਨੌਜਵਾਨ ਬਾਰੇ ਦੱਸਦਾ ਹੈ ਜਿਸ ਨੇ ਉਸ ਨੂੰ ਨੌਕਰੀ ਲਈ ਇੰਟਰਵਿਊ ਵੇਲੇ ਕਿਹਾ ਸੀ: “ਮੈਨੂੰ ਲੱਗਦਾ ਹੈ ਕਿ ਇਹ ਨੌਕਰੀ ਕਰਦਿਆਂ ਕੁਝ ਕੰਮ ਮਾੜੇ-ਮੋਟੇ ਬੋਰਿੰਗ ਹੋਣਗੇ ਤੇ ਮੈਂ ਬੋਰ ਨਹੀਂ ਹੋਣਾ ਚਾਹੁੰਦਾ।” ਡਾਕਟਰ ਐਲਨ ਲਿਖਦਾ ਹੈ: “ਲੱਗਦਾ ਹੈ ਕਿ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਹਰ ਤਰ੍ਹਾਂ ਦੀ ਨੌਕਰੀ ਕਰਦਿਆਂ ਕੁਝ ਬੋਰਿੰਗ ਕੰਮ ਕਰਨੇ ਪੈਂਦੇ ਹਨ। ਇਹ ਗੱਲ ਜਾਣੇ ਬਿਨਾਂ ਉਸ ਨੇ 23 ਸਾਲ ਦੀ ਉਮਰ ਕਿਵੇਂ ਗੁਜ਼ਾਰ ਲਈ?”—ਏਸਕੇਪਿੰਗ ਦ ਐਂਡਲਸ ਐਡੋਲੈਸੰਸ।

ਇਸ ਪਿੱਛੇ ਕਾਰਨ। ਹਾਲ ਹੀ ਦੇ ਦਹਾਕਿਆਂ ਵਿਚ ਕਈ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਣ ਲਈ ਮਜਬੂਰ ਹੋਏ ਹਨ। ਤੁਹਾਡੀ ਧੀ ਪੇਪਰਾਂ ਵਿੱਚੋਂ ਫੇਲ੍ਹ ਹੋ ਗਈ? ਅਧਿਆਪਕ ਕੋਲ ਜਾ ਕੇ ਉਸ ਨੂੰ ਨੰਬਰ ਵਧਾਉਣ ਲਈ ਕਹੋ। ਕੀ ਤੁਹਾਡੇ ਪੁੱਤਰ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਜੁਰਮਾਨਾ ਹੋ ਗਿਆ? ਤੁਸੀਂ ਉਸ ਦਾ ਜੁਰਮਾਨਾ ਭਰੋ। ਕੀ ਤੁਹਾਡੇ ਪੁੱਤਰ ਜਾਂ ਧੀ ਦੀ ਗੁਆਂਢੀਆਂ ਨਾਲ ਲੜਾਈ ਹੋ ਗਈ? ਇਸ ਦਾ ਦੋਸ਼ ਦੂਜੇ ਦੇ ਸਿਰ ਮੜ੍ਹੋ।

ਹਾਲਾਂਕਿ ਆਪਣੇ ਬੱਚਿਆਂ ਦੀ ਰਾਖੀ ਕਰਨੀ ਕੁਦਰਤੀ ਗੱਲ ਹੈ, ਪਰ ਹੱਦੋਂ ਜ਼ਿਆਦਾ ਖ਼ਿਆਲ ਰੱਖਣ ਨਾਲ ਉਨ੍ਹਾਂ ਨੂੰ ਗ਼ਲਤ ਸਿੱਖਿਆ ਮਿਲਦੀ ਹੈ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਜ਼ਿੰਮੇਵਾਰ ਹੋਣ ਦੀ ਲੋੜ ਨਹੀਂ ਹੈ। ਇਕ ਕਿਤਾਬ ਕਹਿੰਦੀ ਹੈ: “ਦੁੱਖਾਂ ਅਤੇ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਤੇ ਇਨ੍ਹਾਂ ਤੋਂ ਕੋਈ ਸਬਕ ਸਿੱਖਣ ਦੀ ਬਜਾਇ [ਅਜਿਹੇ] ਬੱਚੇ ਵੱਡੇ ਹੋ ਕੇ ਬਹੁਤ ਹੀ ਖ਼ੁਦਗਰਜ਼ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਫ਼ਰਜ਼ ਹੈ ਉਨ੍ਹਾਂ ਵਾਸਤੇ ਸਭ ਕੁਝ ਕਰਨਾ।”—ਪਾਜ਼ਿਟਿਵ ਡਿਸਿਪਲਿਨ ਫਾਰ ਟੀਨੇਜਰਸ।

ਬਾਈਬਲ ਕੀ ਕਹਿੰਦੀ ਹੈ। ਮੁਸ਼ਕਲਾਂ ਜ਼ਿੰਦਗੀ ਦਾ ਹਿੱਸਾ ਹਨ। ਅਸਲ ਵਿਚ ਬਾਈਬਲ ਕਹਿੰਦੀ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਚੰਗੇ ਲੋਕਾਂ ’ਤੇ ਵੀ ਇਹ ਸਮਾਂ ਆਉਂਦਾ ਹੈ। ਮਿਸਾਲ ਲਈ, ਮਸੀਹੀ ਪੌਲੁਸ ਰਸੂਲ ਨੇ ਪ੍ਰਚਾਰ ਕਰਦਿਆਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਫਿਰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਉਸ ਨੇ ਇਨ੍ਹਾਂ ਤੋਂ ਕੁਝ ਸਿੱਖਿਆ! ਉਸ ਨੇ ਲਿਖਿਆ: “ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖਿਆ ਹੈ। . . . ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ।”—ਫ਼ਿਲਿੱਪੀਆਂ 4:11, 12.

ਤੁਸੀਂ ਕੀ ਕਰ ਸਕਦੇ ਹੋ। ਤੁਹਾਡਾ ਬੱਚਾ ਕਿੰਨਾ ਕੁ ਸਮਝ ਸਕਦਾ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਬਾਈਬਲ ਅਸੂਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ: “ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।” (ਗਲਾਤੀਆਂ 6:5) ਜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਤੁਹਾਡੇ ਪੁੱਤਰ ਨੂੰ ਜੁਰਮਾਨਾ ਹੋਇਆ ਹੈ, ਤਾਂ ਚੰਗੀ ਗੱਲ ਹੋਵੇਗੀ ਜੇ ਉਹ ਆਪਣੇ ਖ਼ਰਚੇ ਜਾਂ ਤਨਖ਼ਾਹ ਵਿੱਚੋਂ ਇਸ ਨੂੰ ਭਰੇ। ਜੇ ਤੁਹਾਡੀ ਧੀ ਕਿਸੇ ਪੇਪਰ ਵਿੱਚੋਂ ਫੇਲ੍ਹ ਹੋ ਗਈ ਹੈ, ਤਾਂ ਸ਼ਾਇਦ ਹੁਣ ਉਸ ਨੂੰ ਹੋਸ਼ ਵਿਚ ਆ ਜਾਣਾ ਚਾਹੀਦਾ ਹੈ ਤਾਂਕਿ ਉਹ ਅਗਲੀ ਵਾਰ ਚੰਗੀ ਤਿਆਰੀ ਕਰੇ। ਜੇ ਤੁਹਾਡੇ ਪੁੱਤਰ ਦੀ ਗੁਆਂਢੀ ਨਾਲ ਲੜਾਈ ਹੋ ਜਾਂਦੀ ਹੈ, ਤਾਂ ਉਸ ਨੂੰ ਹੌਸਲਾ ਦਿਓ। ਪਰ ਸਮਾਂ ਆਉਣ ਤੇ ਉਸ ਦੀ ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰੋ: ‘ਜੋ ਕੁਝ ਹੋਇਆ, ਕੀ ਉਹ ਮੇਰਾ ਕਸੂਰ ਸੀ?’ ਜਿਹੜੇ ਬੱਚੇ ਆਪਣੀਆਂ ਸਮੱਸਿਆਵਾਂ ਸੁਲਝਾ ਲੈਂਦੇ ਹਨ, ਉਨ੍ਹਾਂ ਵਿਚ ਹਿੰਮਤ ਆ ਜਾਂਦੀ ਹੈ ਤੇ ਆਤਮ-ਵਿਸ਼ਵਾਸ ਵਧਦਾ ਹੈ। ਜੇ ਕੋਈ ਹੋਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਂਦਾ ਹੈ, ਤਾਂ ਉਨ੍ਹਾਂ ਵਿਚ ਇਹ ਗੁਣ ਪੈਦਾ ਨਹੀਂ ਹੋਣਗੇ।

“ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ।”—ਗਲਾਤੀਆਂ 6:4

 3 ਹੱਦੋਂ ਵੱਧ ਚੀਜ਼ਾਂ ਦੇਣੀਆਂ

ਸਮੱਸਿਆ। 20 ਜਾਂ ਇਸ ਤੋਂ ਜ਼ਿਆਦਾ ਉਮਰ ਦੇ ਨੌਜਵਾਨਾਂ ’ਤੇ ਕੀਤੇ ਸਰਵੇਖਣ ਵਿਚ 81% ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਦਾ ਮੁੱਖ ਮਕਸਦ ‘ਅਮੀਰ ਬਣਨਾ’ ਹੈ ਨਾ ਕਿ ਦੂਜਿਆਂ ਦੀ ਮਦਦ ਕਰਨੀ। ਪਰ ਧਨ-ਦੌਲਤ ਪਿੱਛੇ ਲੱਗਣ ਨਾਲ ਸੰਤੁਸ਼ਟੀ ਨਹੀਂ ਮਿਲਦੀ। ਦਰਅਸਲ, ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਧਨ-ਦੌਲਤ ਕਮਾਉਣਾ ਹੀ ਸਭ ਕੁਝ ਹੈ, ਉਹ ਇੰਨੇ ਖ਼ੁਸ਼ ਨਹੀਂ ਹੁੰਦੇ ਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਹੋ ਜਾਂਦੀਆਂ ਹਨ।

ਇਸ ਪਿੱਛੇ ਕਾਰਨ। ਕੁਝ ਮਾਮਲਿਆਂ ਵਿਚ ਬੱਚੇ ਅਜਿਹੇ ਘਰਾਂ ਵਿਚ ਜੰਮੇ-ਪਲ਼ੇ ਹੁੰਦੇ ਹਨ ਜਿਨ੍ਹਾਂ ਲਈ ਧਨ-ਦੌਲਤ ਕਮਾਉਣਾ ਹੀ ਸਭ ਕੁਝ ਹੈ। ਇਕ ਕਿਤਾਬ ਕਹਿੰਦੀ ਹੈ: “ਮਾਪੇ ਆਪਣੇ ਬੱਚਿਆਂ ਨੂੰ ਖ਼ੁਸ਼ ਰੱਖਣਾ ਚਾਹੁੰਦੇ ਹਨ ਤੇ ਬੱਚੇ ਚੀਜ਼ਾਂ ਮੰਗਦੇ ਹਨ। ਸੋ ਮਾਪੇ ਉਨ੍ਹਾਂ ਲਈ ਚੀਜ਼ਾਂ ਖ਼ਰੀਦ ਦਿੰਦੇ ਹਨ। ਬੱਚੇ ਖ਼ੁਸ਼ ਹੋ ਜਾਂਦੇ ਹਨ, ਪਰ ਥੋੜ੍ਹੇ ਸਮੇਂ ਲਈ। ਫਿਰ ਹੋਰ ਚੀਜ਼ਾਂ ਮੰਗਣ ਲੱਗ ਜਾਂਦੇ ਹਨ।”—ਨਾਰਸੀਸਿਜ਼ਮ ਐਪੀਡੈਮਿਕ।

ਇਸ਼ਤਿਹਾਰ ਦੇਣ ਵਾਲੇ ਆਪਣੇ ਗਾਹਕਾਂ ਦੀ ਇਸ ਚਾਹਤ ਦਾ ਫ਼ਾਇਦਾ ਉਠਾਉਂਦੇ ਹਨ। ਉਹ ਇਨ੍ਹਾਂ ਵਿਚਾਰਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਜਿਵੇਂ ਕਿ ‘ਦਿਲ ਜੋ ਚਾਹੇ ਪਾਸ ਲਾਏ’ ਤੇ ‘ਤੁਸੀਂ ਇਸ ਦੇ ਹੱਕਦਾਰ ਹੋ।’ ਬਹੁਤ ਸਾਰੇ ਨੌਜਵਾਨ ਇਨ੍ਹਾਂ ਗੱਲਾਂ ਵਿਚ ਆ ਗਏ ਤੇ ਹੁਣ ਉਹ ਕਰਜ਼ੇ ਹੇਠਾਂ ਦੱਬ ਗਏ ਅਤੇ ਉਨ੍ਹਾਂ ਚੀਜ਼ਾਂ ਦੀ ਕੀਮਤ ਨਹੀਂ ਚੁਕਾ ਪਾਏ ਜਿਨ੍ਹਾਂ ਦੇ ਉਹ ‘ਹੱਕਦਾਰ’ ਸਨ।

ਬਾਈਬਲ ਕੀ ਕਹਿੰਦੀ ਹੈ। ਬਾਈਬਲ ਵਿਚ ਦੱਸਿਆ ਹੈ ਕਿ ਸਾਨੂੰ ਪੈਸੇ ਦੀ ਲੋੜ ਹੈ। (ਉਪਦੇਸ਼ਕ ਦੀ ਪੋਥੀ 7:12) ਪਰ ਇਸ ਦੇ ਨਾਲ ਹੀ ਇਹ ਚੇਤਾਵਨੀ ਦਿੰਦੀ ਹੈ: “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ . . . ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:10) ਬਾਈਬਲ ਉਤਸ਼ਾਹ ਦਿੰਦੀ ਹੈ ਕਿ ਸਾਨੂੰ ਧਨ-ਦੌਲਤ ਪਿੱਛੇ ਜਾਣ ਦੀ ਬਜਾਇ ਉਨ੍ਹਾਂ ਬੁਨਿਆਦੀ ਚੀਜ਼ਾਂ ਨਾਲ ਸੰਤੁਸ਼ਟ ਰਹਿਣਾ ਚਾਹੀਦਾ ਹੈ ਜੋ ਜੀਣ ਲਈ ਜ਼ਰੂਰੀ ਹਨ।—1 ਤਿਮੋਥਿਉਸ 6:7, 8.

ਤੁਸੀਂ ਕੀ ਕਰ ਸਕਦੇ ਹੋ। ਮਾਪੇ ਹੋਣ ਦੇ ਨਾਤੇ ਦੇਖੋ ਕਿ ਪੈਸੇ ਬਾਰੇ ਅਤੇ ਇਸ ਨਾਲ ਖ਼ਰੀਦੀਆਂ ਜਾ ਸਕਣ ਵਾਲੀਆਂ ਚੀਜ਼ਾਂ ਬਾਰੇ ਤੁਹਾਡਾ ਕੀ ਰਵੱਈਆ ਹੈ। ਸੋਚੋ ਕਿ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਤਰਜੀਹ ਦਿਓਗੇ ਤੇ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹੋ। ਪਹਿਲਾਂ ਜ਼ਿਕਰ ਕੀਤੀ ਗਈ ਕਿਤਾਬ ਸੁਝਾਅ ਦਿੰਦੀ ਹੈ: “ਮਾਪੇ ਅਤੇ ਬੱਚੇ ਅਜਿਹੇ ਮਾਮਲਿਆਂ ਬਾਰੇ ਗੱਲਬਾਤ ਕਰ ਸਕਦੇ ਹਨ, ਜਿਵੇਂ ‘ਸੇਲ ਤੇ ਲੱਗੀ ਕੋਈ ਚੀਜ਼ ਕਦੋਂ ਖ਼ਰੀਦਣੀ ਹੈ? ਕਦੋਂ ਖ਼ਰੀਦਣੀ ਚੰਗੀ ਨਹੀਂ ਹੈ?’ ‘ਵਿਆਜ ਕੀ ਹੁੰਦਾ ਹੈ?’ ‘ਕਿਸੇ ਦੇ ਕਹਿਣ ਤੇ ਤੁਸੀਂ ਕਦੋਂ ਕੋਈ ਚੀਜ਼ ਖ਼ਰੀਦੀ?’”—ਨਾਰਸੀਸਿਜ਼ਮ ਐਪੀਡੈਮਿਕ।

“ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਅਤੇ ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ।”—1 ਤਿਮੋਥਿਉਸ 6:9

ਚੀਜ਼ਾਂ ਨੂੰ ਨਸ਼ੇ ਵਾਂਗ ਨਾ ਵਰਤੋ ਤਾਂਕਿ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਭੁਲਾਇਆ ਜਾ ਸਕੇ। ਇਕ ਕਿਤਾਬ ਕਹਿੰਦੀ ਹੈ: “ਸਮੱਸਿਆਵਾਂ ਆਉਣ ਤੇ ਚੀਜ਼ਾਂ ਖ਼ਰੀਦਣ ਨਾਲ ਉਨ੍ਹਾਂ ਦਾ ਹੱਲ ਨਹੀਂ ਹੋਣਾ। ਸਮੱਸਿਆਵਾਂ ਨੂੰ ਸੋਚ-ਸਮਝ ਕੇ ਹਮਦਰਦੀ ਨਾਲ ਨਿਪਟਾਇਆ ਜਾਂਦਾ ਹੈ ਨਾ ਕਿ ਨਵੀਂ ਜੁੱਤੀ ਤੇ ਪਰਸ ਖ਼ਰੀਦ ਕੇ।”—ਦ ਪ੍ਰਾਈਸ ਆਫ ਪ੍ਰੀਵਲਿਜ। (g13 01-E)

^ ਪੇਰਗ੍ਰੈਫ 11 ਬਾਈਬਲ ਬੱਚਿਆਂ ਨੂੰ ਮਾਰਨ-ਕੁੱਟਣ ਜਾਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਹੱਲਾਸ਼ੇਰੀ ਨਹੀਂ ਦਿੰਦੀ। (ਅਫ਼ਸੀਆਂ 4:29, 31; 6:4) ਮਾਪਿਆਂ ਲਈ ਅਨੁਸ਼ਾਸਨ ਦੇਣ ਦਾ ਮਕਸਦ ਸਿਖਾਉਣਾ ਹੈ ਨਾ ਕਿ ਆਪਣਾ ਗੁੱਸਾ ਕੱਢਣਾ।