ਰਿਹਾਈ ਦੀ ਕੀਮਤ—ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”

ਰਿਹਾਈ ਦੀ ਕੀਮਤ—ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”

‘ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਸਿਰਜਣਹਾਰ ਤੋਂ ਮਿਲਦੀ ਹੈ।’ਯਾਕੂ. 1:17.

ਗੀਤ: 2, 5

1. ਰਿਹਾਈ ਦੀ ਕੀਮਤ ਨਾਲ ਕਿਹੜੀਆਂ ਬਰਕਤਾਂ ਮਿਲਣਗੀਆਂ?

ਯਿਸੂ ਦੀ ਰਿਹਾਈ ਦੀ ਕੀਮਤ ਕਰਕੇ ਬਹੁਤ ਸਾਰੀਆਂ ਬਰਕਤਾਂ ਮਿਲਣੀਆਂ ਮੁਮਕਿਨ ਹੋਈਆਂ ਹਨ। ਨਾਲੇ ਇਸ ਕਰਕੇ ਹੋਰ ਭੇਡਾਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣਨਗੀਆਂ। ਨਾਲੇ ਅਸੀਂ ਆਸ ਰੱਖਦੇ ਹਾਂ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹਾਂਗੇ। ਇਸ ਤੋਂ ਇਲਾਵਾ, ਰਿਹਾਈ ਦੀ ਕੀਮਤ ਨਾਲ ਜੁੜੀਆਂ ਹੋਰ ਵੀ ਗੱਲਾਂ ਹਨ ਜੋ ਸਵਰਗ ਅਤੇ ਧਰਤੀ ’ਤੇ ਰਹਿਣ ਵਾਲਿਆਂ ਲਈ ਮਾਅਨੇ ਰੱਖਦੀਆਂ ਹਨ।ਇਬ. 1:8, 9.

2. (ੳ) ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਹੜੀਆਂ ਜ਼ਰੂਰੀ ਗੱਲਾਂ ਦਾ ਜ਼ਿਕਰ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

2 ਆਪਣੀ ਮੌਤ ਤੋਂ ਲਗਭਗ ਦੋ ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9, 10) ਆਓ ਆਪਾਂ ਦੇਖੀਏ ਕਿ ਯਿਸੂ ਦੀ ਕੁਰਬਾਨੀ ਯਹੋਵਾਹ ਦੇ ਨਾਂ ਦੀ ਪਵਿੱਤਰਤਾ, ਉਸ ਦੇ ਰਾਜ ਅਤੇ ਉਸ ਦੀ ਮਰਜ਼ੀ ਨਾਲ ਕਿਵੇਂ ਜੁੜੀ ਹੋਈ ਹੈ।

“ਤੇਰਾ ਨਾਂ ਪਵਿੱਤਰ ਕੀਤਾ ਜਾਵੇ”

3. ਯਹੋਵਾਹ ਦੇ ਨਾਂ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? ਸ਼ੈਤਾਨ ਨੇ ਯਹੋਵਾਹ ਦਾ ਨਾਂ ਕਿਵੇਂ ਬਦਨਾਮ ਕੀਤਾ?

3 ਯਿਸੂ ਨੇ ਪ੍ਰਾਰਥਨਾ ਵਿਚ ਸਭ ਤੋਂ ਪਹਿਲਾਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕੀਤੇ ਜਾਣ ਦਾ ਜ਼ਿਕਰ ਕੀਤਾ। ਯਹੋਵਾਹ ਦੇ ਨਾਂ ਤੋਂ ਉਸ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਉਹ ਪੂਰੇ ਬ੍ਰਹਿਮੰਡ ਵਿਚ ਸਭ ਤੋਂ ਜ਼ਿਆਦਾ ਤਾਕਤਵਰ ਅਤੇ ਧਰਮੀ ਹੈ। ਯਿਸੂ ਨੇ ਯਹੋਵਾਹ ਨੂੰ “ਪਵਿੱਤਰ ਪਿਤਾ” ਵੀ ਕਿਹਾ। (ਯੂਹੰ. 17:11) ਯਹੋਵਾਹ ਪਵਿੱਤਰ ਪਰਮੇਸ਼ੁਰ ਹੈ, ਇਸ ਕਰਕੇ ਉਸ ਦੇ ਸਾਰੇ ਅਸੂਲ ਤੇ ਕਾਨੂੰਨ ਵੀ ਪਵਿੱਤਰ ਹਨ। ਪਰ ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਚਲਾਕੀ ਨਾਲ ਯਹੋਵਾਹ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਕਿ ਉਹ ਇਨਸਾਨਾਂ ਲਈ ਕਾਨੂੰਨ ਬਣਾ ਸਕਦਾ ਹੈ ਕਿ ਨਹੀਂ। ਉਸ ਨੇ ਯਹੋਵਾਹ ਖ਼ਿਲਾਫ਼ ਝੂਠ ਬੋਲਿਆ ਅਤੇ ਉਸ ਦਾ ਨਾਂ ਬਦਨਾਮ ਕੀਤਾ।ਉਤ. 3:1-5.

4. ਯਿਸੂ ਨੇ ਪਰਮੇਸ਼ੁਰ ਦੇ ਨਾਂ ਨੂੰ ਕਿਵੇਂ ਪਵਿੱਤਰ ਕੀਤਾ?

4 ਦੂਸਰੇ ਪਾਸੇ, ਯਿਸੂ ਯਹੋਵਾਹ ਦੇ ਨਾਂ ਨਾਲ ਦਿਲੋਂ ਪਿਆਰ ਕਰਦਾ ਸੀ ਅਤੇ ਉਸ ਨੇ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਪੂਰੀ ਵਾਹ ਲਾਈ। (ਯੂਹੰ. 17:25, 26) ਕਿਵੇਂ? ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਇਆ ਕਿ ਯਹੋਵਾਹ ਦੇ ਮਿਆਰ ਹਮੇਸ਼ਾ ਸਹੀ ਅਤੇ ਸਾਡੇ ਫ਼ਾਇਦੇ ਲਈ ਹੁੰਦੇ ਹਨ। (ਜ਼ਬੂਰਾਂ ਦੀ ਪੋਥੀ 40:8-10 ਪੜ੍ਹੋ।) ਯਿਸੂ ਉਦੋਂ ਵੀ ਵਫ਼ਾਦਾਰ ਰਿਹਾ ਜਦੋਂ ਸ਼ੈਤਾਨ ਨੇ ਉਸ ’ਤੇ ਦੁੱਖ ਅਤੇ ਦਰਦਨਾਕ ਮੌਤ ਲਿਆਂਦੀ। ਯਿਸੂ ਨੇ ਸਾਬਤ ਕੀਤਾ ਕਿ ਮੁਕੰਮਲ ਇਨਸਾਨ ਯਹੋਵਾਹ ਦੇ ਆਗਿਆਕਾਰ ਰਹਿ ਸਕਦੇ ਹਨ।

5. ਅਸੀਂ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਿਵੇਂ ਕਰ ਸਕਦੇ ਹਾਂ?

5 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਪਿਆਰ ਕਰਦੇ ਹਾਂ? ਆਪਣੀ ਕਰਨੀ ਰਾਹੀਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪਵਿੱਤਰ ਰਹੀਏ। (1 ਪਤਰਸ 1:15, 16 ਪੜ੍ਹੋ।) ਇਸ ਦਾ ਮਤਲਬ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰੀਏ ਅਤੇ ਦਿਲੋਂ ਉਸ ਦਾ ਕਹਿਣਾ ਮੰਨੀਏ। ਸਤਾਏ ਜਾਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੇ ਦੱਸੇ ਰਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀ ਕੇ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ। (ਮੱਤੀ 5:14-16) ਸ਼ੁੱਧ ਜ਼ਿੰਦਗੀ ਜੀ ਕੇ ਅਸੀਂ ਸਾਬਤ ਕਰਦੇ ਹਾਂ ਕਿ ਯਹੋਵਾਹ ਦੇ ਕਾਨੂੰਨ ਸਾਡੇ ਭਲੇ ਲਈ ਹਨ ਅਤੇ ਸ਼ੈਤਾਨ ਝੂਠਾ ਹੈ। ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋਣਗੀਆਂ। ਪਰ ਇਸ ਤਰ੍ਹਾਂ ਹੋਣ ਤੇ ਅਸੀਂ ਸੱਚੇ ਦਿਲੋਂ ਪਛਤਾਵਾ ਕਰਦੇ ਹਾਂ ਅਤੇ ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਕੰਮਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।ਜ਼ਬੂ. 79:9.

6. ਨਾਮੁਕੰਮਲ ਹੋਣ ਦੇ ਬਾਵਜੂਦ ਵੀ ਯਹੋਵਾਹ ਸਾਨੂੰ ਧਰਮੀ ਕਿਉਂ ਠਹਿਰਾਉਂਦਾ ਹੈ?

6 ਯਹੋਵਾਹ ਉਨ੍ਹਾਂ ਦੇ ਪਾਪ ਮਾਫ਼ ਕਰਦਾ ਹੈ ਜੋ ਮਸੀਹ ਦੀ ਕੁਰਬਾਨੀ ’ਤੇ ਨਿਹਚਾ ਰੱਖਦੇ ਹਨ। ਉਹ ਉਨ੍ਹਾਂ ਨੂੰ ਆਪਣੇ ਸੇਵਕਾਂ ਵਜੋਂ ਕਬੂਲ ਕਰਦਾ ਹੈ ਜਿਨ੍ਹਾਂ ਨੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ। ਉਹ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਪੁੱਤਰਾਂ ਅਤੇ “ਹੋਰ ਭੇਡਾਂ” ਨੂੰ ਆਪਣੇ ਦੋਸਤਾਂ ਵਜੋਂ ਧਰਮੀ ਠਹਿਰਾਉਂਦਾ ਹੈ। (ਯੂਹੰ. 10:16; ਰੋਮੀ. 5:1, 2; ਯਾਕੂ. 2:21-25) ਇਸ ਕਰਕੇ ਅਸੀਂ ਹੁਣ ਵੀ ਰਿਹਾਈ ਦੀ ਕੀਮਤ ਦੇ ਆਧਾਰ ’ਤੇ ਆਪਣੇ ਪਿਤਾ ਨਾਲ ਇਕ ਨਜ਼ਦੀਕੀ ਰਿਸ਼ਤਾ ਜੋੜ ਸਕਦੇ ਹਾਂ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰ ਸਕਦੇ ਹਾਂ।

“ਤੇਰਾ ਰਾਜ ਆਵੇ”

7. ਰਿਹਾਈ ਦੀ ਕੀਮਤ ਕਰਕੇ ਕਿਹੜੀਆਂ ਬਰਕਤਾਂ ਮਿਲਣਗੀਆਂ?

7 ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ: “ਤੇਰਾ ਰਾਜ ਆਵੇ।” ਰਿਹਾਈ ਦੀ ਕੀਮਤ ਦਾ ਪਰਮੇਸ਼ੁਰ ਦੇ ਰਾਜ ਨਾਲ ਕੀ ਸੰਬੰਧ ਹੈ? ਪਰਮੇਸ਼ੁਰ ਦਾ ਰਾਜ ਯਾਨੀ ਉਸ ਦੀ ਸਰਕਾਰ ਯਿਸੂ ਅਤੇ ਧਰਤੀ ਤੋਂ ਲਏ ਗਏ 1,44,000 ਲੋਕਾਂ ਨਾਲ ਬਣੀ ਹੋਈ ਹੈ। ਰਿਹਾਈ ਦੀ ਕੀਮਤ ਕਰਕੇ ਉਨ੍ਹਾਂ ਲਈ ਸਵਰਗੀ ਜੀਵਨ ਪਾਉਣਾ ਸੰਭਵ ਹੋਇਆ ਹੈ। (ਪ੍ਰਕਾ. 5:9, 10; 14:1) ਉਹ ਯਿਸੂ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਹਜ਼ਾਰ ਸਾਲ ਲਈ ਧਰਤੀ ’ਤੇ ਰਾਜ ਕਰਨਗੇ। ਉਸ ਸਮੇਂ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਵੇਗਾ ਅਤੇ ਇਨਸਾਨਾਂ ਨੂੰ ਮੁਕੰਮਲ ਕਰੇਗਾ। ਅਖ਼ੀਰ ਸਵਰਗ ਅਤੇ ਧਰਤੀ ’ਤੇ ਯਹੋਵਾਹ ਦੇ ਸੇਵਕ ਇਕ ਪਰਿਵਾਰ ਵਜੋਂ ਰਹਿਣਗੇ। (ਪ੍ਰਕਾ. 5:13; 20:6) ਸ਼ੈਤਾਨ ਅਤੇ ਉਸ ਕਰਕੇ ਆਈਆਂ ਸਾਰੀਆਂ ਮੁਸੀਬਤਾਂ ਨੂੰ ਯਿਸੂ ਖ਼ਤਮ ਕਰੇਗਾ।ਉਤ. 3:15.

8. (ੳ) ਰਾਜ ਦੀ ਅਹਿਮੀਅਤ ਸਮਝਣ ਵਿਚ ਯਿਸੂ ਨੇ ਆਪਣੇ ਚੇਲਿਆਂ ਦੀ ਕਿਵੇਂ ਮਦਦ ਕੀਤੀ? (ਅ) ਅੱਜ ਅਸੀਂ ਰਾਜ ਦਾ ਸਮਰਥਨ ਕਿਵੇਂ ਕਰਦੇ ਹਾਂ?

8 ਪਰਮੇਸ਼ੁਰ ਦੇ ਰਾਜ ਦੀ ਅਹਿਮੀਅਤ ਸਮਝਣ ਵਿਚ ਯਿਸੂ ਨੇ ਆਪਣੇ ਚੇਲਿਆਂ ਦੀ ਮਦਦ ਕੀਤੀ। ਕਿਵੇਂ? ਆਪਣੇ ਬਪਤਿਸਮੇ ਤੋਂ ਜਲਦੀ ਬਾਅਦ ਯਿਸੂ ਹਰ ਜਗ੍ਹਾ ਰਾਜ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨ ਲੱਗਾ। (ਲੂਕਾ 4:43) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ” ਦਿਓ। (ਰਸੂ. 1:6-8) ਅੱਜ ਪ੍ਰਚਾਰ ਦੇ ਕੰਮ ਦੇ ਜ਼ਰੀਏ ਲੋਕਾਂ ਨੂੰ ਰਿਹਾਈ ਦੀ ਕੀਮਤ ਬਾਰੇ ਜਾਣਨ ਅਤੇ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋਣ ਦਾ ਮੌਕਾ ਮਿਲਦਾ ਹੈ। ਅਸੀਂ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਪੂਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਨਾਗਰਿਕ ਹਾਂ।ਮੱਤੀ 24:14; 25:40.

‘ਤੇਰੀ ਇੱਛਾ ਪੂਰੀ ਹੋਵੇ’

9. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ?

9 ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਤੇਰੀ ਇੱਛਾ ਪੂਰੀ ਹੋਵੇ’? ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੋ ਕੇ ਰਹਿੰਦੀ ਹੈ। (ਯਸਾ. 55:11) ਸ਼ੈਤਾਨ ਦੀ ਬਗਾਵਤ ਵੀ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। ਧਰਤੀ ਲਈ ਯਹੋਵਾਹ ਦੀ ਕੀ ਇੱਛਾ ਹੈ? ਉਹ ਸ਼ੁਰੂ ਤੋਂ ਚਾਹੁੰਦਾ ਸੀ ਕਿ ਧਰਤੀ ਆਦਮ ਤੇ ਹੱਵਾਹ ਦੇ ਮੁਕੰਮਲ ਬੱਚਿਆਂ ਨਾਲ ਭਰ ਜਾਵੇ। (ਉਤ. 1:28) ਜੇਕਰ ਆਦਮ ਤੇ ਹੱਵਾਹ ਬੇਔਲਾਦ ਮਰ ਜਾਂਦੇ, ਤਾਂ ਧਰਤੀ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਭਰਨ ਦਾ ਪਰਮੇਸ਼ੁਰ ਦਾ ਮਕਸਦ ਅਧੂਰਾ ਰਹਿ ਜਾਣਾ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ। ਰਿਹਾਈ ਦੀ ਕੀਮਤ ’ਤੇ ਨਿਹਚਾ ਰੱਖਣ ਵਾਲਿਆਂ ਨੂੰ ਮੁਕੰਮਲ ਬਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲਦਾ ਹੈ। ਯਹੋਵਾਹ ਇਨਸਾਨਾਂ ਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਉਹ ਸ਼ਾਨਦਾਰ ਜ਼ਿੰਦਗੀ ਮਿਲੇ ਜੋ ਪਰਮੇਸ਼ੁਰ ਨੇ ਸ਼ੁਰੂ ਤੋਂ ਚਾਹੀ ਸੀ।

10. ਮਰੇ ਹੋਏ ਲੋਕਾਂ ਨੂੰ ਰਿਹਾਈ ਦੀ ਕੀਮਤ ਤੋਂ ਕਿਵੇਂ ਫ਼ਾਇਦਾ ਹੋਵੇਗਾ?

10 ਉਨ੍ਹਾਂ ਕਰੋੜਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਜੀਉਂਦੇ ਜੀ ਯਹੋਵਾਹ ਬਾਰੇ ਜਾਣਨ ਦਾ ਮੌਕਾ ਨਹੀਂ ਮਿਲਿਆ? ਯਹੋਵਾਹ ਚਾਹੁੰਦਾ ਹੈ ਕਿ ਲੋਕ ਜੀਉਂਦੇ ਰਹਿਣ। ਇਸ ਕਰਕੇ ਉਹ ਮਰ ਚੁੱਕੇ ਲੋਕਾਂ ਨੂੰ ਫਿਰ ਤੋਂ ਜ਼ਿੰਦਗੀ ਦੇਵੇਗਾ। ਫਿਰ ਉਹ ਯਹੋਵਾਹ ਬਾਰੇ ਜਾਣ ਸਕਣਗੇ ਅਤੇ ਹਮੇਸ਼ਾ ਲਈ ਜੀ ਸਕਣਗੇ। ਇਹ ਰਿਹਾਈ ਦੀ ਕੀਮਤ ਨਾਲ ਹੀ ਸੰਭਵ ਹੋਇਆ। (ਰਸੂ. 24:15) ਯਹੋਵਾਹ ਜ਼ਿੰਦਗੀ ਦਾ ਸੋਮਾ ਹੈ। ਜਦੋਂ ਮਰ ਚੁੱਕੇ ਲੋਕਾਂ ਨੂੰ ਯਹੋਵਾਹ ਦੁਬਾਰਾ ਜੀਉਂਦਾ ਕਰੇਗਾ, ਤਾਂ ਉਹ ਉਨ੍ਹਾਂ ਦਾ ਪਿਤਾ ਬਣ ਜਾਵੇਗਾ। (ਜ਼ਬੂ. 36:9) ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਯਹੋਵਾਹ ਨੂੰ ‘ਸਾਡਾ ਪਿਤਾ’ ਕਿਹਾ। (ਮੱਤੀ 6:9) ਮੁਰਦਿਆਂ ਨੂੰ ਜੀਉਂਦੇ ਕਰਨ ਦੇ ਸੰਬੰਧ ਵਿਚ ਯਹੋਵਾਹ ਨੇ ਯਿਸੂ ਨੂੰ ਇਕ ਅਹਿਮ ਭੂਮਿਕਾ ਦਿੱਤੀ ਹੈ। ਯਿਸੂ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।”ਯੂਹੰ. 6:40, 44; 11:25.

11. “ਵੱਡੀ ਭੀੜ” ਲਈ ਪਰਮੇਸ਼ੁਰ ਦੀ ਕੀ ਇੱਛਾ ਹੈ?

11 ਯਹੋਵਾਹ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਬਣਨ ਦਾ ਸੱਦਾ ਦਿੰਦਾ ਹੈ। ਯਿਸੂ ਨੇ ਕਿਹਾ ਸੀ: “ਜਿਹੜਾ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।” (ਮਰ. 3:35) ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਸਾਰੀਆਂ ਕੌਮਾਂ, ਕਬੀਲਿਆਂ ਅਤੇ ਬੋਲੀਆਂ ਦੇ ਲੋਕ ਉਸ ਦੇ ਸੇਵਕ ਬਣਨਗੇ। ਉਨ੍ਹਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ “ਜਿਸ ਨੂੰ ਕੋਈ ਵੀ ਗਿਣ ਨਾ ਸਕਿਆ।” ਉਹ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦੇ ਹਨ ਅਤੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੁੰਦੇ ਹਨ। ਉਹ ਉਸ ਦੀ ਮਹਿਮਾ ਕਰਦਿਆਂ ਕਹਿੰਦੇ ਹਨ: “ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।”ਪ੍ਰਕਾ. 7:9, 10.

12. ਯਿਸੂ ਨੇ ਇਨਸਾਨਾਂ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਬਾਰੇ ਕੀ ਕਿਹਾ ਸੀ?

12 ਅਸੀਂ ਯਿਸੂ ਦੀ ਪ੍ਰਾਰਥਨਾ ਤੋਂ ਯਹੋਵਾਹ ਬਾਰੇ ਅਤੇ ਆਗਿਆਕਾਰ ਇਨਸਾਨਾਂ ਲਈ ਉਸ ਦੇ ਮਕਸਦ ਬਾਰੇ ਬਹੁਤ ਕੁਝ ਸਿੱਖਿਆ ਹੈ। ਪਹਿਲੀ ਗੱਲ, ਸਾਨੂੰ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਅਤੇ ਆਦਰ ਦੇਣ ਵਿਚ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। (ਯਸਾ. 8:13) ਯਿਸੂ ਦੇ ਨਾਂ ਦਾ ਮਤਲਬ ਹੈ, “ਯਹੋਵਾਹ ਮੁਕਤੀਦਾਤਾ ਹੈ।” ਸਾਨੂੰ ਉਸ ਦੀ ਰਿਹਾਈ ਦੀ ਕੀਮਤ ਦੁਆਰਾ ਮੁਕਤੀ ਮਿਲਣੀ ਹੈ ਜਿਸ ਕਰਕੇ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। ਦੂਜੀ ਗੱਲ, ਯਹੋਵਾਹ ਆਪਣੇ ਰਾਜ ਦੇ ਜ਼ਰੀਏ ਸਾਰੇ ਇਨਸਾਨਾਂ ’ਤੇ ਰਿਹਾਈ ਦੀ ਕੀਮਤ ਦੇ ਫ਼ਾਇਦੇ ਲਾਗੂ ਕਰੇਗਾ। ਤੀਜੀ ਗੱਲ, ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਨੂੰ ਆਪਣੀ ਇੱਛਾ ਪੂਰੀ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ।ਜ਼ਬੂ. 135:6; ਯਸਾ. 46:9, 10.

ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਓ

13. ਬਪਤਿਸਮਾ ਲੈ ਕੇ ਅਸੀਂ ਕੀ ਜ਼ਾਹਰ ਕਰਦੇ ਹਾਂ?

13 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਅਤੇ ਬਪਤਿਸਮਾ ਲੈ ਕੇ ਅਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। ਸਾਡਾ ਬਪਤਿਸਮਾ ਇਹ ਜ਼ਾਹਰ ਕਰਦਾ ਹੈ ਕਿ “ਅਸੀਂ ਯਹੋਵਾਹ ਦੇ ਹੀ ਹਾਂ।” (ਰੋਮੀ. 14:8) ਬਪਤਿਸਮਾ ਲੈ ਕੇ ਅਸੀਂ ਯਹੋਵਾਹ ਤੋਂ “ਸਾਫ਼ ਜ਼ਮੀਰ” ਦੀ ਮੰਗ ਕਰਦੇ ਹਾਂ। (1 ਪਤ. 3:21) ਯਹੋਵਾਹ ਸਾਨੂੰ ਦੱਸਦਾ ਹੈ ਕਿ ਅਸੀਂ ਉਸ ਦੇ ਦੋਸਤ ਹਾਂ। ਸਾਨੂੰ ਪੱਕਾ ਯਕੀਨ ਹੈ ਕਿ ਉਹ ਸਾਨੂੰ ਵਾਅਦਾ ਕੀਤੀ ਹਰ ਚੀਜ਼ ਦੇਵੇਗਾ।ਰੋਮੀ. 8:32.

ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ? (ਪੈਰੇ 13, 14 ਦੇਖੋ)

14. ਯਹੋਵਾਹ ਸਾਨੂੰ ਆਪਣੇ ਗੁਆਂਢੀਆਂ ਨੂੰ ਪਿਆਰ ਕਰਨ ਦਾ ਹੁਕਮ ਕਿਉਂ ਦਿੰਦਾ ਹੈ?

14 ਪਿਆਰ ਕਰਕੇ ਯਹੋਵਾਹ ਸਾਡੇ ਲਈ ਸਭ ਕੁਝ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਉਸ ਦੀ ਰੀਸ ਕਰਨ। (1 ਯੂਹੰ. 4:8-11) ਅਸੀਂ ਆਪਣੇ ਗੁਆਂਢੀਆਂ ਨਾਲ ਪਿਆਰ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ “ਆਪਣੇ ਸਵਰਗੀ ਪਿਤਾ ਦੇ ਪੁੱਤਰ” ਬਣਨਾ ਚਾਹੁੰਦੇ ਹਾਂ। (ਮੱਤੀ 5:43-48) ਸਭ ਤੋਂ ਵੱਡਾ ਹੁਕਮ ਇਹ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰੀਏ ਅਤੇ ਦੂਜਾ, ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰੀਏ। (ਮੱਤੀ 22:37-40) ਲੋਕਾਂ ਨੂੰ ਪਿਆਰ ਦਿਖਾਉਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਦੱਸੀਏ। ਜੇ ਅਸੀਂ ਯਹੋਵਾਹ ਦਾ ਹੁਕਮ ਮੰਨ ਕੇ ਦੂਜਿਆਂ ਨੂੰ ਪਿਆਰ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਨਾਲ “ਪੂਰੇ ਦਿਲ ਨਾਲ ਪਿਆਰ” ਕਰ ਰਹੇ ਹੋਵਾਂਗੇ।1 ਯੂਹੰ. 4:12, 20.

ਰਿਹਾਈ ਦੀ ਕੀਮਤ ਰਾਹੀਂ ਯਹੋਵਾਹ ਵੱਲੋਂ ਬਰਕਤਾਂ

15. (ੳ) ਸਾਨੂੰ ਹੁਣ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (ਅ) ਆਉਣ ਵਾਲੇ ਸਮੇਂ ਵਿਚ ਅਸੀਂ ਕਿਹੜੀਆਂ ਬਰਕਤਾਂ ਪਾਵਾਂਗੇ?

15 ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਰਿਹਾਈ ਦੀ ਕੀਮਤ ’ਤੇ ਨਿਹਚਾ ਰੱਖਣ ਕਰਕੇ ਸਾਡੇ “ਪਾਪ ਮਿਟਾਏ” ਜਾਣਗੇ। ਉਹ ਸਾਡੇ ਪਾਪ ਪੂਰੀ ਤਰ੍ਹਾਂ ਮਿਟਾ ਸਕਦਾ ਹੈ। (ਰਸੂਲਾਂ ਦੇ ਕੰਮ 3:19-21 ਪੜ੍ਹੋ।) ਜਿਵੇਂ ਅਸੀਂ ਪਹਿਲਾਂ ਚਰਚਾ ਕੀਤੀ ਸੀ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਕਰਕੇ ਕੁਝ ਇਨਸਾਨਾਂ ਨੂੰ ਆਪਣੇ ਪੁੱਤਰਾਂ ਵਜੋਂ ਅਪਣਾਇਆ। ਇਹ ਚੁਣੇ ਹੋਏ ਮਸੀਹੀ ਹਨ। (ਰੋਮੀ. 8:15-17) ਉਸ ਨੇ ਧਰਤੀ ਉੱਤੇ “ਹੋਰ ਭੇਡਾਂ” ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਆਖ਼ਰੀ ਪਰੀਖਿਆ ਹੋਵੇਗੀ। ਜੇ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ, ਤਾਂ ਉਹ ਉਨ੍ਹਾਂ ਨੂੰ ਵੀ ਆਪਣੇ ਬੱਚਿਆਂ ਵਜੋਂ ਕਬੂਲ ਕਰੇਗਾ। (ਰੋਮੀ. 8:20, 21; ਪ੍ਰਕਾ. 20:7-9) ਯਹੋਵਾਹ ਆਪਣੇ ਸਾਰੇ ਬੱਚਿਆਂ ਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ। ਰਿਹਾਈ ਦੀ ਕੀਮਤ ਰਾਹੀਂ ਸਾਨੂੰ ਹਮੇਸ਼ਾ ਬਰਕਤਾਂ ਮਿਲਣਗੀਆਂ। (ਇਬ. 9:12) ਯਹੋਵਾਹ ਨੇ ਸਾਨੂੰ ਇਹ ਅਨਮੋਲ ਤੋਹਫ਼ਾ ਦਿੱਤਾ ਹੈ ਜਿਸ ਨੂੰ ਸਾਡੇ ਤੋਂ ਕੋਈ ਨਹੀਂ ਖੋਹ ਸਕਦਾ।

16. ਰਿਹਾਈ ਦੀ ਕੀਮਤ ਸਾਨੂੰ ਕਿਵੇਂ ਛੁਟਕਾਰਾ ਦਿੰਦੀ ਹੈ?

16 ਜੇ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਤਾਂ ਸ਼ੈਤਾਨ ਦਾ ਕੋਈ ਵੀ ਹੱਥ-ਕੰਡਾ ਸਾਨੂੰ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਤੋਂ ਨਹੀਂ ਰੋਕ ਸਕੇਗਾ। ਯਿਸੂ “ਇੱਕੋ ਵਾਰ” ਸਾਡੇ ਲਈ ਮਰਿਆ। ਸੋ ਰਿਹਾਈ ਦੀ ਕੀਮਤ ਹਮੇਸ਼ਾ ਲਈ ਅਦਾ ਕੀਤੀ ਜਾ ਚੁੱਕੀ ਹੈ। (ਇਬ. 9:24-26) ਆਦਮ ਰਾਹੀਂ ਸਾਨੂੰ ਮੌਤ ਮਿਲੀ, ਪਰ ਯਿਸੂ ਦੀ ਕੁਰਬਾਨੀ ਰਾਹੀਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਰਿਹਾਈ ਦੀ ਕੀਮਤ ਰਾਹੀਂ ਸਾਨੂੰ ਸ਼ੈਤਾਨ ਦੀ ਦੁਨੀਆਂ ਦੇ ਪ੍ਰਭਾਵ ਅਤੇ ਮੌਤ ਦੇ ਡਰ ਤੋਂ ਛੁਟਕਾਰਾ ਮਿਲਦਾ ਹੈ।ਇਬ. 2:14, 15.

17. ਯਹੋਵਾਹ ਦਾ ਪਿਆਰ ਤੁਹਾਨੂੰ ਕੀ ਕਰਨ ਲਈ ਪ੍ਰੇਰਿਤ ਕਰਦਾ ਹੈ?

17 ਪਰਮੇਸ਼ੁਰ ਦੇ ਵਾਅਦੇ ਹਮੇਸ਼ਾ ਪੂਰੇ ਹੋਣਗੇ। ਜਿਵੇਂ ਕੁਦਰਤੀ ਨਿਯਮ ਕਦੀ ਨਹੀਂ ਬਦਲਦੇ, ਉਸੇ ਤਰ੍ਹਾਂ ਯਹੋਵਾਹ ਕਦੇ ਨਹੀਂ ਬਦਲਦਾ। ਉਹ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕਰੇਗਾ। (ਮਲਾ. 3:6) ਯਹੋਵਾਹ ਨੇ ਸਾਨੂੰ ਜ਼ਿੰਦਗੀ ਦੇ ਤੋਹਫ਼ੇ ਨਾਲੋਂ ਵਧ ਆਪਣਾ ਪਿਆਰ ਦਿੱਤਾ ਹੈ। “ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਨੂੰ ਉਸ ਦੇ ਪਿਆਰ ਉੱਤੇ ਭਰੋਸਾ ਹੈ। ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:16) ਉਸ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ। ਬਹੁਤ ਜਲਦ ਸਾਰੀ ਧਰਤੀ ਇਕ ਸੋਹਣੇ ਬਾਗ਼ ਵਾਂਗ ਬਣ ਜਾਵੇਗੀ। ਹਰ ਕੋਈ ਯਹੋਵਾਹ ਦੀ ਰੀਸ ਕਰੇਗਾ ਅਤੇ ਇਕ-ਦੂਜੇ ਨਾਲ ਪਿਆਰ ਕਰੇਗਾ। ਫਿਰ ਧਰਤੀ ਅਤੇ ਸਵਰਗ ਵਿਚ ਉਸ ਦੇ ਸਾਰੇ ਸੇਵਕ ਕਹਿਣਗੇ: “ਸਾਡੇ ਪਰਮੇਸ਼ੁਰ ਦੀ ਵਡਿਆਈ, ਮਹਿਮਾ, ਆਦਰ ਅਤੇ ਧੰਨਵਾਦ ਯੁਗੋ-ਯੁਗ ਹੁੰਦਾ ਰਹੇ ਅਤੇ ਬੁੱਧ, ਤਾਕਤ ਅਤੇ ਬਲ ਹਮੇਸ਼ਾ ਉਸੇ ਦਾ ਰਹੇ। ਆਮੀਨ।”ਪ੍ਰਕਾ. 7:12.