ਅੱਜ ਕੌਣ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ?

ਅੱਜ ਕੌਣ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ?

“ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ।”ਇਬ. 13:7.

ਗੀਤ: 43, 46

1, 2. ਯਿਸੂ ਦੇ ਸਵਰਗ ਜਾਣ ਤੋਂ ਬਾਅਦ ਰਸੂਲਾਂ ਨੇ ਸ਼ਾਇਦ ਕੀ ਸੋਚਿਆ ਹੋਣਾ?

ਯਿਸੂ ਦੇ ਰਸੂਲ ਜ਼ੈਤੂਨ ਪਹਾੜ ਉੱਤੇ ਖੜ੍ਹੇ ਆਪਣੇ ਗੁਰੂ ਅਤੇ ਦੋਸਤ ਯਿਸੂ ਨੂੰ ਸਵਰਗ ਜਾਂਦਿਆਂ ਦੇਖ ਰਹੇ ਸਨ ਅਤੇ ਫਿਰ ਬੱਦਲ ਨੇ ਉਸ ਨੂੰ ਢਕ ਲਿਆ। (ਰਸੂ. 1:9, 10) ਲਗਭਗ ਦੋ ਸਾਲਾਂ ਤਾਈਂ ਯਿਸੂ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ, ਹੌਸਲਾ ਦਿੱਤਾ ਅਤੇ ਉਨ੍ਹਾਂ ਦੀ ਅਗਵਾਈ ਕੀਤੀ। ਪਰ ਹੁਣ ਉਹ ਚਲਾ ਗਿਆ ਸੀ। ਹੁਣ ਰਸੂਲ ਕੀ ਕਰਦੇ?

2 ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਯਰੂਸ਼ਲਮ, ਪੂਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਉਹ ਇਹ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦੇ ਸਨ? ਯਿਸੂ ਨੇ ਵਾਅਦਾ ਕੀਤਾ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਨ੍ਹਾਂ ਦੀ ਮਦਦ ਕਰੇਗੀ। (ਰਸੂ. 1:5) ਪਰ ਉਨ੍ਹਾਂ ਦੀ ਅਗਵਾਈ ਅਤੇ ਧਰਤੀ ’ਤੇ ਪ੍ਰਚਾਰ ਦੇ ਕੰਮ ਦਾ ਪ੍ਰਬੰਧ ਕਿਸ ਨੇ ਕਰਨਾ ਸੀ? ਰਸੂਲ ਜਾਣਦੇ ਸਨ ਕਿ ਯਹੋਵਾਹ ਨੇ ਇਜ਼ਰਾਈਲੀਆਂ ਦੀ ਅਗਵਾਈ ਲਈ ਮਨੁੱਖਾਂ ਨੂੰ ਵਰਤਿਆ ਸੀ। ਇਸ ਲਈ ਉਹ ਸ਼ਾਇਦ ਸੋਚਦੇ ਹੋਣੇ, ‘ਕੀ ਯਹੋਵਾਹ ਹੁਣ ਇਕ ਨਵਾਂ ਆਗੂ ਚੁਣੇਗਾ?’

3. (ੳ) ਯਿਸੂ ਦੇ ਸਵਰਗ ਜਾਣ ਤੋਂ ਬਾਅਦ ਵਫ਼ਾਦਾਰ ਰਸੂਲਾਂ ਨੇ ਕਿਹੜਾ ਅਹਿਮ ਫ਼ੈਸਲਾ ਕੀਤਾ? (ਅ) ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਯਿਸੂ ਦੇ ਸਵਰਗ ਜਾਣ ਤੋਂ ਜਲਦੀ ਬਾਅਦ ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੇ ਬਚਨ ਦੀ ਜਾਂਚ ਕੀਤੀ, ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਯਹੂਦਾ ਇਸਕ੍ਰਿਓਤੀ ਦੀ ਜਗ੍ਹਾ ਮੱਥਿਆਸ ਨੂੰ 12ਵੇਂ ਰਸੂਲ ਦੇ ਤੌਰ ’ਤੇ ਚੁਣਿਆ। (ਰਸੂ. 1:15-26) ਇਹ ਚੋਣ ਕਰਨੀ ਉਨ੍ਹਾਂ ਲਈ ਅਤੇ ਯਹੋਵਾਹ ਲਈ ਇੰਨੀ ਮਾਅਨੇ ਕਿਉਂ ਰੱਖਦੀ ਸੀ? ਚੇਲਿਆਂ ਨੂੰ ਅਹਿਸਾਸ ਹੋਇਆ ਕਿ ਰਸੂਲਾਂ ਦੀ ਗਿਣਤੀ 12 ਹੀ ਹੋਣੀ ਚਾਹੀਦੀ ਸੀ। * ਯਿਸੂ ਨੇ ਰਸੂਲਾਂ ਨੂੰ ਆਪਣੇ ਨਾਲ ਸਿਰਫ਼ ਪ੍ਰਚਾਰ ਕਰਨ ਲਈ ਹੀ ਨਹੀਂ, ਸਗੋਂ ਪਰਮੇਸ਼ੁਰ ਦੇ ਲੋਕਾਂ ਵਿਚ ਬਹੁਤ ਹੀ ਖ਼ਾਸ ਕੰਮ ਕਰਨ ਲਈ ਚੁਣਿਆ ਸੀ। ਇਹ ਕੰਮ ਕੀ ਸੀ ਅਤੇ ਯਹੋਵਾਹ ਤੇ ਯਿਸੂ ਨੇ ਉਨ੍ਹਾਂ ਨੂੰ ਇਸ ਕੰਮ ਦੀ ਸਿਖਲਾਈ ਕਿਵੇਂ ਦਿੱਤੀ? ਅੱਜ ਵੀ ਇਸ ਤਰ੍ਹਾਂ ਦੇ ਕਿਹੜੇ ਪ੍ਰਬੰਧ ਹਨ? ਅਸੀਂ ‘ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਕਿਵੇਂ ਯਾਦ’ ਰੱਖ ਸਕਦੇ ਹਾਂ, ਖ਼ਾਸ ਕਰਕੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ?ਇਬ. 13:7; ਮੱਤੀ 24:45.

ਯਿਸੂ ਪ੍ਰਬੰਧਕ ਸਭਾ ਦੀ ਅਗਵਾਈ ਕਰਦਾ ਹੈ

4. ਯਰੂਸ਼ਲਮ ਵਿਚ ਰਸੂਲ ਅਤੇ ਹੋਰ ਬਜ਼ੁਰਗ ਕੀ ਕੰਮ ਕਰਦੇ ਸਨ?

4 ਪੰਤੇਕੁਸਤ 33 ਈਸਵੀ ਵਿਚ ਰਸੂਲਾਂ ਨੇ ਮਸੀਹੀ ਮੰਡਲੀ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਬਾਈਬਲ ਕਹਿੰਦੀ ਹੈ ਕਿ ‘ਪਤਰਸ ਦੂਸਰੇ ਗਿਆਰਾਂ ਰਸੂਲਾਂ ਨਾਲ ਖੜ੍ਹਾ ਹੋਇਆ’ ਅਤੇ ਉਸ ਨੇ ਵੱਡੀ ਭੀੜ ਨੂੰ ਜ਼ਿੰਦਗੀ ਦੇਣ ਵਾਲੀਆਂ ਸੱਚਾਈਆਂ ਸਿਖਾਈਆਂ। (ਰਸੂ. 2:14, 15) ਉਸ ਭੀੜ ਵਿੱਚੋਂ ਬਹੁਤ ਸਾਰੇ ਲੋਕ ਮਸੀਹੀ ਬਣ ਗਏ। ਇਸ ਤੋਂ ਬਾਅਦ, ਇਹ ਨਵੇਂ ਬਣੇ ਮਸੀਹੀ “ਰਸੂਲਾਂ ਤੋਂ ਸਿੱਖਿਆ ਲੈਣ ਵਿਚ” ਲੱਗੇ ਰਹੇ। (ਰਸੂ. 2:42) ਮੰਡਲੀ ਦੇ ਪੈਸੇ ਦਾ ਹਿਸਾਬ-ਕਿਤਾਬ ਰੱਖਣ ਦੀ ਜ਼ਿੰਮੇਵਾਰੀ ਰਸੂਲਾਂ ਦੀ ਸੀ। (ਰਸੂ. 4:34, 35) ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਿਖਾਇਆ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ। ਰਸੂਲਾਂ ਨੇ ਕਿਹਾ: “ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।” (ਰਸੂ. 6:4) ਨਾਲੇ ਉਨ੍ਹਾਂ ਨੇ ਨਵੇਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਤਜਰਬੇਕਾਰ ਮਸੀਹੀਆਂ ਨੂੰ ਭੇਜਿਆ। (ਰਸੂ. 8:14, 15) ਬਾਅਦ ਵਿਚ ਹੋਰ ਚੁਣੇ ਹੋਏ ਬਜ਼ੁਰਗ, ਰਸੂਲਾਂ ਵਾਂਗ ਮੰਡਲੀ ਦੀ ਅਗਵਾਈ ਕਰਨ ਲੱਗੇ। ਪ੍ਰਬੰਧਕ ਸਭਾ ਵਜੋਂ ਇਨ੍ਹਾਂ ਨੇ ਸਾਰੀਆਂ ਮੰਡਲੀਆਂ ਨੂੰ ਸੇਧ ਦਿੱਤੀ।ਰਸੂ. 15:2.

5, 6. (ੳ) ਪ੍ਰਬੰਧਕ ਸਭਾ ਨੂੰ ਪਵਿੱਤਰ ਸ਼ਕਤੀ ਤੋਂ ਤਾਕਤ ਕਿਵੇਂ ਮਿਲੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਦੂਤਾਂ ਨੇ ਪ੍ਰਬੰਧਕ ਸਭਾ ਦੀ ਮਦਦ ਕਿਵੇਂ ਕੀਤੀ? (ੲ) ਪਰਮੇਸ਼ੁਰ ਦੇ ਬਚਨ ਤੋਂ ਪ੍ਰਬੰਧਕ ਸਭਾ ਨੂੰ ਸੇਧ ਕਿਵੇਂ ਮਿਲੀ?

5 ਪਹਿਲੀ ਸਦੀ ਦੇ ਮਸੀਹੀਆਂ ਨੂੰ ਪਤਾ ਸੀ ਕਿ ਯਹੋਵਾਹ ਯਿਸੂ ਦੇ ਜ਼ਰੀਏ ਪ੍ਰਬੰਧਕ ਸਭਾ ਦੀ ਅਗਵਾਈ ਕਰ ਰਿਹਾ ਸੀ। ਉਹ ਇਸ ਗੱਲ ਦਾ ਭਰੋਸਾ ਕਿਉਂ ਰੱਖ ਸਕਦੇ ਸਨ? ਪਹਿਲੀ ਗੱਲ, ਪ੍ਰਬੰਧਕ ਸਭਾ ਨੂੰ ਪਵਿੱਤਰ ਸ਼ਕਤੀ ਤੋਂ ਤਾਕਤ ਮਿਲੀ। (ਯੂਹੰ. 16:13) ਸਾਰੇ ਚੁਣੇ ਹੋਏ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਮਿਲੀ ਸੀ, ਪਰ ਪਵਿੱਤਰ ਸ਼ਕਤੀ ਨੇ ਖ਼ਾਸ ਕਰਕੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੂੰ ਤਾਕਤ ਦਿੱਤੀ ਤਾਂਕਿ ਉਹ ਨਿਗਾਹਬਾਨਾਂ ਵਜੋਂ ਆਪਣਾ ਕੰਮ ਪੂਰਾ ਕਰ ਸਕਣ। ਮਿਸਾਲ ਲਈ, 49 ਈਸਵੀ ਵਿਚ ਪਵਿੱਤਰ ਸ਼ਕਤੀ ਨੇ ਪ੍ਰਬੰਧਕ ਸਭਾ ਨੂੰ ਸੁੰਨਤ ਦੇ ਮਸਲੇ ਬਾਰੇ ਫ਼ੈਸਲਾ ਲੈਣ ਵਿਚ ਸੇਧ ਦਿੱਤੀ। ਮੰਡਲੀਆਂ ਨੇ ਇਸ ਫ਼ੈਸਲੇ ਅਨੁਸਾਰ ਕੰਮ ਕੀਤਾ। ਨਤੀਜੇ ਵਜੋਂ, “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।” (ਰਸੂ. 16:4, 5) ਸੁੰਨਤ ਬਾਰੇ ਮੰਡਲੀਆਂ ਨੂੰ ਭੇਜੀ ਚਿੱਠੀ ਤੋਂ ਜ਼ਾਹਰ ਹੋਇਆ ਕਿ ਪ੍ਰਬੰਧਕ ਸਭਾ ਨੇ ਪਵਿੱਤਰ ਸ਼ਕਤੀ ਦੇ ਗੁਣ ਦਿਖਾਏ, ਜਿਵੇਂ ਪਿਆਰ ਅਤੇ ਨਿਹਚਾ।ਰਸੂ. 15:11, 25-29; ਗਲਾ. 5:22, 23.

6 ਦੂਜੀ ਗੱਲ, ਦੂਤਾਂ ਨੇ ਪ੍ਰਬੰਧਕ ਸਭਾ ਦੀ ਮਦਦ ਕੀਤੀ। ਮਿਸਾਲ ਲਈ, ਇਕ ਦੂਤ ਨੇ ਕੁਰਨੇਲੀਅਸ ਨੂੰ ਕਿਹਾ ਕਿ ਉਹ ਪਤਰਸ ਨੂੰ ਆਪਣੇ ਕੋਲ ਸੱਦੇ। ਪਤਰਸ ਨੇ ਕੁਰਨੇਲੀਅਸ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਪ੍ਰਚਾਰ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਆਈ ਭਾਵੇਂ ਕਿ ਉਨ੍ਹਾਂ ਆਦਮੀਆਂ ਦੀ ਸੁੰਨਤ ਨਹੀਂ ਸੀ ਹੋਈ। ਇਸ ਤਰ੍ਹਾਂ ਕੁਰਨੇਲੀਅਸ ਬੇਸੁੰਨਤ ਗ਼ੈਰ-ਯਹੂਦੀਆਂ ਵਿੱਚੋਂ ਪਹਿਲਾ ਵਿਅਕਤੀ ਸੀ ਜੋ ਮਸੀਹੀ ਬਣਿਆ। ਜਦੋਂ ਰਸੂਲਾਂ ਅਤੇ ਹੋਰ ਭਰਾਵਾਂ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਮਰਜ਼ੀ ਨੂੰ ਕਬੂਲ ਕਰ ਕੇ ਬੇਸੁੰਨਤੇ ਗ਼ੈਰ-ਯਹੂਦੀਆਂ ਦਾ ਮੰਡਲੀ ਵਿਚ ਸੁਆਗਤ ਕੀਤਾ। (ਰਸੂ. 11:13-18) ਦੂਤਾਂ ਨੇ ਜੋਸ਼ ਨਾਲ ਪ੍ਰਚਾਰ ਦੇ ਕੰਮ ਦਾ ਸਮਰਥਨ ਕੀਤਾ ਜਿਸ ਦੀ ਅਗਵਾਈ ਪ੍ਰਬੰਧਕ ਸਭਾ ਕਰ ਰਹੀ ਸੀ। (ਰਸੂ. 5:19, 20) ਤੀਜੀ ਗੱਲ, ਪਰਮੇਸ਼ੁਰ ਦੇ ਬਚਨ ਤੋਂ ਪ੍ਰਬੰਧਕ ਸਭਾ ਨੂੰ ਸੇਧ ਮਿਲੀ। ਇਨ੍ਹਾਂ ਭਰਾਵਾਂ ਨੇ ਮਸੀਹੀ ਵਿਸ਼ਵਾਸਾਂ ਸੰਬੰਧੀ ਅਹਿਮ ਫ਼ੈਸਲੇ ਲੈਣ ਅਤੇ ਮੰਡਲੀਆਂ ਦੀ ਅਗਵਾਈ ਕਰਨ ਲਈ ਪਰਮੇਸ਼ੁਰ ਦੇ ਬਚਨ ਤੋਂ ਸੇਧ ਲਈ।ਰਸੂ. 1:20-22; 15:15-20.

7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਅਗਵਾਈ ਕੀਤੀ?

7 ਭਾਵੇਂ ਕਿ ਪ੍ਰਬੰਧਕ ਸਭਾ ਕੋਲ ਮੰਡਲੀ ਵਿਚ ਅਧਿਕਾਰ ਸੀ, ਪਰ ਇਸ ਦੇ ਮੈਂਬਰ ਸਮਝਦੇ ਸਨ ਕਿ ਉਨ੍ਹਾਂ ਦਾ ਆਗੂ ਯਿਸੂ ਮਸੀਹ ਸੀ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਪੌਲੁਸ ਰਸੂਲ ਨੇ ਕਿਹਾ ਕਿ ਮਸੀਹ ਨੇ ਹੀ “ਕੁਝ ਆਦਮੀ ਰਸੂਲਾਂ ਵਜੋਂ” ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਮੰਡਲੀ ਦਾ “ਸਿਰ” ਜਾਂ ਆਗੂ ਮਸੀਹ ਹੈ। (ਅਫ਼. 4:11, 15) ਇਸ ਲਈ ਕਿਸੇ ਉੱਘੇ ਰਸੂਲ ਦੇ ਨਾਂ ’ਤੇ ਆਪਣੀ ਪਛਾਣ ਕਰਾਉਣ ਦੀ ਬਜਾਇ “ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।” (ਰਸੂ. 11:26) ਪੌਲੁਸ ਜਾਣਦਾ ਸੀ ਕਿ ਰਸੂਲਾਂ ਅਤੇ ਅਗਵਾਈ ਲੈਣ ਵਾਲੇ ਹੋਰ ਆਦਮੀਆਂ ਵੱਲੋਂ ਦਿੱਤੀਆਂ ਬਾਈਬਲ-ਆਧਾਰਿਤ ਸਿੱਖਿਆਵਾਂ ਮੁਤਾਬਕ ਚੱਲਣਾ ਜ਼ਰੂਰੀ ਸੀ। ਪਰ ਪੌਲੁਸ ਨੇ ਕਿਹਾ: “ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ ਮਸੀਹ ਹੈ; . . . ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰ. 11:2, 3) ਇਸ ਵਿਚ ਪ੍ਰਬੰਧਕ ਸਭਾ ਦਾ ਹਰ ਭਰਾ ਵੀ ਸ਼ਾਮਲ ਸੀ। ਇਹ ਗੱਲ ਸਾਫ਼ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਮੰਡਲੀ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ।

“ਇਹ ਮਨੁੱਖਾਂ ਦਾ ਕੰਮ ਨਹੀਂ”

8, 9. ਭਰਾ ਰਸਲ ਨੇ ਕਿਹੜੀ ਖ਼ਾਸ ਭੂਮਿਕਾ ਨਿਭਾਈ?

8 ਸਾਲ 1870 ਤੋਂ ਚਾਰਲਸ ਟੇਜ਼ ਰਸਲ ਅਤੇ ਉਸ ਦੇ ਕੁਝ ਦੋਸਤ ਚਾਹੁੰਦੇ ਸਨ ਕਿ ਉਹ ਅਤੇ ਹੋਰ ਲੋਕ ਬਾਈਬਲ ਦੇ ਅਨੁਸਾਰ ਪਰਮੇਸ਼ੁਰ ਦੀ ਭਗਤੀ ਕਰਨ। ਉਹ ਅਲੱਗ-ਅਲੱਗ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਵੀ ਮਦਦ ਕਰਨੀ ਚਾਹੁੰਦੇ ਸਨ। ਇਸ ਲਈ 1884 ਵਿਚ ਜ਼ਾਇਨਸ ਵਾਚ ਟਾਵਰ ਸੋਸਾਇਟੀ ਨੂੰ ਕਾਨੂੰਨੀ ਤੌਰ ’ਤੇ ਸਥਾਪਿਤ ਕੀਤਾ ਗਿਆ ਅਤੇ ਭਰਾ ਰਸਲ ਇਸ ਦਾ ਪ੍ਰਧਾਨ ਬਣਿਆ। * ਉਸ ਨੇ ਬੜੇ ਧਿਆਨ ਨਾਲ ਬਾਈਬਲ ਦਾ ਅਧਿਐਨ ਕੀਤਾ। ਉਸ ਨੇ ਨਿਡਰ ਹੋ ਕੇ ਦੂਜਿਆਂ ਨੂੰ ਦੱਸਿਆ ਕਿ ਚਰਚ ਵਿਚ ਸਿਖਾਈਆਂ ਜਾਂਦੀਆਂ ਤ੍ਰਿਏਕ ਅਤੇ ਅਮਰ ਆਤਮਾ ਵਰਗੀਆਂ ਸਿੱਖਿਆਵਾਂ ਗ਼ਲਤ ਹਨ। ਉਸ ਨੂੰ ਇਹ ਗੱਲ ਸਮਝ ਆਈ ਕਿ ਮਸੀਹ ਦੇ ਵਾਪਸ ਆਉਣ ਤੇ ਉਸ ਨੂੰ ਦੇਖਿਆ ਨਹੀਂ ਜਾ ਸਕੇਗਾ ਅਤੇ “ਕੌਮਾਂ ਦਾ ਮਿਥਿਆ ਸਮਾਂ” 1914 ਵਿਚ ਖ਼ਤਮ ਹੋ ਜਾਵੇਗਾ। (ਲੂਕਾ 21:24) ਭਰਾ ਰਸਲ ਨੇ ਆਪਣਾ ਸਮਾਂ, ਤਾਕਤ ਅਤੇ ਪੈਸਾ ਲੋਕਾਂ ਨੂੰ ਬਾਈਬਲ ਸੱਚਾਈ ਸਿਖਾਉਣ ਵਿਚ ਲਾਇਆ। ਵਾਕਈ, ਯਹੋਵਾਹ ਅਤੇ ਯਿਸੂ ਨੇ ਇਤਿਹਾਸ ਦੇ ਉਸ ਖ਼ਾਸ ਸਮੇਂ ’ਤੇ ਭਰਾ ਰਸਲ ਨੂੰ ਅਗਵਾਈ ਲਈ ਵਰਤਿਆ।

9 ਭਰਾ ਰਸਲ ਲੋਕਾਂ ਦੀ ਵਾਹ-ਵਾਹ ਨਹੀਂ ਖੱਟਣੀ ਚਾਹੁੰਦਾ ਸੀ। 1896 ਵਿਚ ਉਸ ਨੇ ਲਿਖਿਆ ਕਿ ਉਹ ਅਤੇ ਉਸ ਦੇ ਨਾਲ ਦੇ ਜ਼ਿੰਮੇਵਾਰ ਭਰਾ ਨਹੀਂ ਚਾਹੁੰਦੇ ਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ। ਉਹ ਨਹੀਂ ਚਾਹੁੰਦੇ ਕਿ ਦੂਜੇ ਉਨ੍ਹਾਂ ਨੂੰ ਕੋਈ ਖ਼ਾਸ ਖ਼ਿਤਾਬ ਦੇਣ ਜਾਂ ਕਿਸੇ ਗਰੁੱਪ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਜਾਵੇ। ਬਾਅਦ ਵਿਚ ਉਸ ਨੇ ਕਿਹਾ: “ਇਹ ਮਨੁੱਖਾਂ ਦਾ ਕੰਮ ਨਹੀਂ।”

10. (ੳ) ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਕਦੋਂ ਚੁਣਿਆ? (ਅ) ਸਮਝਾਓ ਕਿ ਇਹ ਕਿਵੇਂ ਸਪੱਸ਼ਟ ਕੀਤਾ ਗਿਆ ਕਿ ਪ੍ਰਬੰਧਕ ਸਭਾ ਵਾਚ ਟਾਵਰ ਸੋਸਾਇਟੀ ਤੋਂ ਵੱਖਰੀ ਸੀ।

10 ਭਰਾ ਰਸਲ ਦੀ ਮੌਤ 1916 ਵਿਚ ਹੋਈ। ਤਿੰਨ ਸਾਲਾਂ ਬਾਅਦ ਯਾਨੀ 1919 ਵਿਚ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਚੁਣਿਆ। ਕਿਉਂ? ਆਪਣੇ ਚੇਲਿਆਂ ਨੂੰ “ਸਹੀ ਸਮੇਂ ਤੇ ਭੋਜਨ” ਦੇਣ ਲਈ। (ਮੱਤੀ 24:45) ਉਨ੍ਹਾਂ ਸਾਲਾਂ ਦੌਰਾਨ ਬਰੁਕਲਿਨ, ਨਿਊਯਾਰਕ ਵਿਚ ਚੁਣੇ ਹੋਏ ਮਸੀਹੀਆਂ ਦੇ ਇਕ ਛੋਟੇ ਜਿਹੇ ਗਰੁੱਪ ਨੇ ਯਿਸੂ ਦੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦਿੱਤਾ। “ਪ੍ਰਬੰਧਕ ਸਭਾ” ਸ਼ਬਦ ਸਾਡੇ ਪ੍ਰਕਾਸ਼ਨਾਂ ਵਿਚ 1940 ਤੋਂ ਬਾਅਦ ਆਉਣ ਲੱਗੇ। ਉਸ ਸਮੇਂ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਕਿ ਪ੍ਰਬੰਧਕ ਸਭਾ ਹੀ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਹੈ। ਪਰ 1971 ਵਿਚ ਇਹ ਸਪੱਸ਼ਟ ਕੀਤਾ ਗਿਆ ਕਿ ਪ੍ਰਬੰਧਕ ਸਭਾ ਵਾਚ ਟਾਵਰ ਸੋਸਾਇਟੀ ਤੋਂ ਵੱਖਰੀ ਸੀ। ਵਾਚ ਟਾਵਰ ਸੋਸਾਇਟੀ ਸਿਰਫ਼ ਕਾਨੂੰਨੀ ਮਾਮਲਿਆਂ ਦੀ ਦੇਖ-ਰੇਖ ਕਰਦੀ ਸੀ। ਉਸ ਸਮੇਂ ਤੋਂ ਚੁਣੇ ਹੋਏ ਭਰਾ ਸੋਸਾਇਟੀ ਦੇ ਡਾਇਰੈਕਟਰ ਹੋਣ ਤੋਂ ਬਿਨਾਂ ਵੀ ਪ੍ਰਬੰਧਕ ਸਭਾ ਦੇ ਮੈਂਬਰ ਬਣ ਸਕਦੇ ਸਨ। ਹਾਲ ਹੀ ਦੇ ਸਾਲਾਂ ਵਿਚ “ਹੋਰ ਭੇਡਾਂ” ਵਿੱਚੋਂ ਕਈ ਜ਼ਿੰਮੇਵਾਰ ਭਰਾਵਾਂ ਨੇ ਸੋਸਾਇਟੀ ਦੇ ਡਾਇਰੈਕਟਰਾਂ ਅਤੇ ਪਰਮੇਸ਼ੁਰ ਦੇ ਸੰਗਠਨ ਦੀਆਂ ਹੋਰਨਾਂ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਵਜੋਂ ਕੰਮ ਕੀਤਾ ਹੈ। ਇਸ ਲਈ ਹੁਣ ਪ੍ਰਬੰਧਕ ਸਭਾ ਆਪਣਾ ਧਿਆਨ ਬਾਈਬਲ ਤੋਂ ਸਿੱਖਿਆ ਅਤੇ ਸੇਧ ਦੇਣ ’ਤੇ ਲਾ ਸਕਦੀ ਹੈ। (ਯੂਹੰ. 10:16; ਰਸੂ. 6:4) 15 ਜੁਲਾਈ 2013 ਦੇ ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਚੁਣੇ ਹੋਏ ਭਰਾਵਾਂ ਦਾ ਇਕ ਛੋਟਾ ਜਿਹਾ ਸਮੂਹ ਹੈ ਜਿਸ ਨੂੰ ਪ੍ਰਬੰਧਕ ਸਭਾ ਕਿਹਾ ਜਾਂਦਾ ਹੈ।

ਲਗਭਗ 1950 ਦੀ ਪ੍ਰਬੰਧਕ ਸਭਾ

11. ਪ੍ਰਬੰਧਕ ਸਭਾ ਫ਼ੈਸਲੇ ਕਿਵੇਂ ਕਰਦੀ ਹੈ?

11 ਪ੍ਰਬੰਧਕ ਸਭਾ ਦੇ ਮੈਂਬਰ ਹਰ ਹਫ਼ਤੇ ਇਕੱਠੇ ਹੋ ਕੇ ਇਕ ਸਮੂਹ ਵਜੋਂ ਅਹਿਮ ਫ਼ੈਸਲੇ ਲੈਂਦੇ ਹਨ। ਇਸ ਤਰ੍ਹਾਂ ਉਹ ਇਕ-ਦੂਜੇ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਏਕਤਾ ਬਣਾਈ ਰੱਖ ਸਕਦੇ ਹਨ। (ਕਹਾ. 20:18) ਪ੍ਰਬੰਧਕ ਸਭਾ ਦੇ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਉੱਚਾ ਨਹੀਂ ਸਮਝਦੇ। ਇਸ ਲਈ ਹਰ ਸਾਲ ਅਲੱਗ-ਅਲੱਗ ਭਰਾ ਹਫ਼ਤੇ ਵਿਚ ਹੁੰਦੀ ਪ੍ਰਬੰਧਕ ਸਭਾ ਦੀ ਮੀਟਿੰਗ ਦੀ ਅਗਵਾਈ ਲੈਂਦੇ ਹਨ। (1 ਪਤ. 5:1) ਪ੍ਰਬੰਧਕ ਸਭਾ ਦੀਆਂ ਛੇ ਕਮੇਟੀਆਂ ਬਾਰੇ ਵੀ ਇਹੀ ਸੱਚ ਹੈ। ਪ੍ਰਬੰਧਕ ਸਭਾ ਦਾ ਕੋਈ ਵੀ ਮੈਂਬਰ ਇਹ ਨਹੀਂ ਸੋਚਦਾ ਕਿ ਉਹ ਬਾਕੀ ਭਰਾਵਾਂ ਦਾ ਆਗੂ ਹੈ। ਪ੍ਰਬੰਧਕ ਸਭਾ ਦੇ ਸਾਰੇ ਮੈਂਬਰ “ਨੌਕਰਾਂ-ਚਾਕਰਾਂ” ਵਿਚ ਆਉਂਦੇ ਹਨ ਅਤੇ ਉਹ ਵੀ ਪਰਮੇਸ਼ੁਰ ਦਾ ਗਿਆਨ ਲੈਂਦੇ ਅਤੇ ਵਫ਼ਾਦਾਰ ਨੌਕਰ ਵੱਲੋਂ ਦਿੱਤੀ ਸੇਧ ਅਨੁਸਾਰ ਚੱਲਦੇ ਹਨ।

1919 ਤੋਂ ਵਫ਼ਾਦਾਰ ਨੌਕਰ ਪਰਮੇਸ਼ੁਰ ਦੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ (ਪੈਰੇ 10, 11 ਦੇਖੋ)

“ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?”

12. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

12 ਪ੍ਰਬੰਧਕ ਸਭਾ ਦੇ ਭਰਾ ਇਹ ਨਹੀਂ ਕਹਿੰਦੇ ਕਿ ਉਹ ਮੁਕੰਮਲ ਹਨ ਜਾਂ ਪਵਿੱਤਰ ਸ਼ਕਤੀ ਉਨ੍ਹਾਂ ਨਾਲ ਗੱਲ ਕਰਦੀ ਹੈ (ਮਤਲਬ ਉਨ੍ਹਾਂ ਨੂੰ ਦਰਸ਼ਣ ਦਿਖਾਉਂਦੀ ਹੈ)। ਇਸ ਕਰਕੇ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣ ਅਤੇ ਸੰਗਠਨ ਨੂੰ ਸੇਧ ਦੇਣ ਵਿਚ ਉਨ੍ਹਾਂ ਤੋਂ ਗ਼ਲਤੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਸਾਡੀ ਸਮਝ ਵਿਚ ਸੁਧਾਰ” ਹੇਠ ਵਿਸ਼ੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਦੀ ਸਾਡੀ ਸਮਝ ਵਿਚ ਕਿਹੜੀਆਂ ਤਬਦੀਲੀਆਂ ਆਈਆਂ ਹਨ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਾ ਵਫ਼ਾਦਾਰ ਨੌਕਰ ਜੋ ਗਿਆਨ ਦੇਵੇਗਾ, ਉਸ ਵਿਚ ਕੋਈ ਗ਼ਲਤੀ ਨਹੀਂ ਹੋਵੇਗੀ। ਸੋ ਅਸੀਂ ਯਿਸੂ ਦੇ ਇਸ ਸਵਾਲ ਦਾ ਕੀ ਜਵਾਬ ਦੇ ਸਕਦੇ ਹਾਂ ਕਿ “ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?” (ਮੱਤੀ 24:45) ਕੀ ਸਬੂਤ ਹੈ ਕਿ ਪ੍ਰਬੰਧਕ ਸਭਾ ਹੀ ਵਫ਼ਾਦਾਰ ਨੌਕਰ ਹੈ? ਆਓ ਆਪਾਂ ਉਨ੍ਹਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੀ ਮਦਦ ਕੀਤੀ।

13. ਪਵਿੱਤਰ ਸ਼ਕਤੀ ਨੇ ਪ੍ਰਬੰਧਕ ਸਭਾ ਦੀ ਮਦਦ ਕਿਵੇਂ ਕੀਤੀ ਹੈ?

13 ਪਵਿੱਤਰ ਸ਼ਕਤੀ ਪ੍ਰਬੰਧਕ ਸਭਾ ਦੀ ਮਦਦ ਕਰਦੀ ਹੈ। ਪਵਿੱਤਰ ਸ਼ਕਤੀ ਨੇ ਪ੍ਰਬੰਧਕ ਸਭਾ ਦੀ ਉਹ ਸੱਚਾਈਆਂ ਸਮਝਣ ਵਿਚ ਮਦਦ ਕੀਤੀ ਜਿਨ੍ਹਾਂ ਦੀ ਸਮਝ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ। ਮਿਸਾਲ ਲਈ, ਉਨ੍ਹਾਂ ਸਿੱਖਿਆਵਾਂ ਨੂੰ ਯਾਦ ਕਰੋ ਜਿਨ੍ਹਾਂ ਬਾਰੇ ਪਹਿਲਾਂ ਗੱਲ ਕੀਤੀ ਗਈ ਸੀ। ਕੋਈ ਵੀ ਮਨੁੱਖ ‘ਪਰਮੇਸ਼ੁਰ ਦੇ ਇਨ੍ਹਾਂ ਡੂੰਘੇ ਭੇਤਾਂ’ ਨੂੰ ਨਾ ਤਾਂ ਖ਼ੁਦ ਸਮਝ ਸਕਦਾ ਸੀ ਤੇ ਨਾ ਹੀ ਸਮਝਾ ਸਕਦਾ ਸੀ। (1 ਕੁਰਿੰਥੀਆਂ 2:10 ਪੜ੍ਹੋ।) ਪ੍ਰਬੰਧਕ ਸਭਾ ਪੌਲੁਸ ਰਸੂਲ ਵਾਂਗ ਮਹਿਸੂਸ ਕਰਦੀ ਹੈ ਜਿਸ ਨੇ ਲਿਖਿਆ ਸੀ: “ਅਸੀਂ ਇਨ੍ਹਾਂ ਗੱਲਾਂ ਬਾਰੇ ਦੱਸਦੇ ਵੀ ਹਾਂ, ਪਰ ਇਨਸਾਨੀ ਬੁੱਧ ਦੁਆਰਾ ਸਿਖਾਏ ਸ਼ਬਦ ਵਰਤ ਕੇ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਸ਼ਬਦ ਵਰਤ ਕੇ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਸਮਝਾਉਂਦੇ ਹਾਂ।” (1 ਕੁਰਿੰ. 2:13) ਸੈਂਕੜੇ ਸਾਲਾਂ ਤਕ ਝੂਠੀਆਂ ਸਿੱਖਿਆਵਾਂ ਦਾ ਬੋਲਬਾਲਾ ਰਿਹਾ ਅਤੇ ਸਹੀ ਸੇਧ ਦੇਣ ਵਾਲਾ ਕੋਈ ਨਹੀਂ ਸੀ। ਪਰ 1919 ਤੋਂ ਬਾਈਬਲ ਦੀ ਸਹੀ ਸਮਝ ਵਿਚ ਇੰਨਾ ਵਾਧਾ ਕਿਉਂ ਹੋ ਰਿਹਾ ਹੈ? ਇਸ ਦਾ ਇੱਕੋ ਕਾਰਨ ਹੋ ਸਕਦਾ ਹੈ ਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਨਾਲ ਪ੍ਰਬੰਧਕ ਸਭਾ ਦੀ ਮਦਦ ਕਰ ਰਿਹਾ ਹੈ!

14. ਪ੍ਰਕਾਸ਼ ਦੀ ਕਿਤਾਬ 14:6, 7 ਅਨੁਸਾਰ ਦੂਤ ਅੱਜ ਪ੍ਰਬੰਧਕ ਸਭਾ ਅਤੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਿਵੇਂ ਕਰਦੇ ਹਨ?

14 ਦੂਤ ਪ੍ਰਬੰਧਕ ਸਭਾ ਦੀ ਮਦਦ ਕਰਦੇ ਹਨ। ਅੱਜ ਪ੍ਰਬੰਧਕ ਸਭਾ ਕੋਲ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਉਹ 80 ਲੱਖ ਤੋਂ ਜ਼ਿਆਦਾ ਪ੍ਰਚਾਰਕਾਂ ਨੂੰ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਕੰਮ ਸੰਬੰਧੀ ਸੇਧ ਦੇਣ। ਇਸ ਕੰਮ ਵਿਚ ਇੰਨੀ ਸਫ਼ਲਤਾ ਕਿਉਂ ਮਿਲ ਰਹੀ ਹੈ? ਇਸ ਦਾ ਇਕ ਕਾਰਨ ਹੈ, ਦੂਤਾਂ ਦੀ ਮਦਦ। (ਪ੍ਰਕਾਸ਼ ਦੀ ਕਿਤਾਬ 14:6, 7 ਪੜ੍ਹੋ।) ਬਹੁਤ ਵਾਰੀ ਦੇਖਿਆ ਗਿਆ ਹੈ ਕਿ ਦੂਤਾਂ ਨੇ ਪ੍ਰਚਾਰਕਾਂ ਨੂੰ ਸੇਧ ਦਿੱਤੀ ਕਿ ਉਹ ਉਸ ਵਿਅਕਤੀ ਕੋਲ ਜਾਣ ਜਿਸ ਨੇ ਹੁਣੇ-ਹੁਣੇ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕੀਤੀ ਸੀ। * ਉਨ੍ਹਾਂ ਦੇਸ਼ਾਂ ਵਿਚ ਵੀ ਪ੍ਰਚਾਰ ਦੇ ਕੰਮ ਵਿਚ ਤਰੱਕੀ ਹੋ ਰਹੀ ਹੈ ਜਿੱਥੇ ਸਖ਼ਤ ਵਿਰੋਧ ਹੋ ਰਿਹਾ ਹੈ। ਇਹ ਸਿਰਫ਼ ਦੂਤਾਂ ਦੀ ਮਦਦ ਨਾਲ ਹੀ ਹੋ ਰਿਹਾ ਹੈ।

15. ਪ੍ਰਬੰਧਕ ਸਭਾ ਅਤੇ ਈਸਾਈ-ਜਗਤ ਦੇ ਆਗੂਆਂ ਵਿਚ ਕੀ ਫ਼ਰਕ ਹੈ? ਇਕ ਮਿਸਾਲ ਦਿਓ।

15 ਪਰਮੇਸ਼ੁਰ ਦਾ ਬਚਨ ਪ੍ਰਬੰਧਕ ਸਭਾ ਨੂੰ ਸੇਧ ਦਿੰਦਾ ਹੈ। (ਯੂਹੰਨਾ 17:17 ਪੜ੍ਹੋ।) ਧਿਆਨ ਦਿਓ ਕਿ 1973 ਵਿਚ ਕੀ ਹੋਇਆ? 1 ਜੂਨ ਦੇ ਪਹਿਰਾਬੁਰਜ ਵਿਚ ਇਹ ਸਵਾਲ ਆਇਆ: ‘ਕੀ ਉਹ ਵਿਅਕਤੀ ਬਪਤਿਸਮਾ ਲੈ ਸਕਦਾ ਹੈ ਜੋ ਤਮਾਖੂ ਨਹੀਂ ਛੱਡਦਾ?’ ਨਹੀਂ! ਇਹ ਜਵਾਬ ਬਾਈਬਲ ਦੇ ਅਸੂਲਾਂ ’ਤੇ ਆਧਾਰਿਤ ਸੀ। ਇਸ ਪਹਿਰਾਬੁਰਜ ਵਿਚ ਬਾਈਬਲ ਦੇ ਕਈ ਹਵਾਲੇ ਦੇ ਕੇ ਸਮਝਾਇਆ ਗਿਆ ਸੀ ਕਿ ਉਸ ਵਿਅਕਤੀ ਨੂੰ ਕਿਉਂ ਛੇਕਿਆ ਜਾਣਾ ਚਾਹੀਦਾ ਹੈ ਜੋ ਤਮਾਖੂ ਨਹੀਂ ਛੱਡਦਾ। (1 ਕੁਰਿੰ. 5:7; 2 ਕੁਰਿੰ. 7:1) ਉਸ ਲੇਖ ਵਿਚ ਲਿਖਿਆ ਗਿਆ ਸੀ ਕਿ ਇਹ ਸਖ਼ਤ ਨਿਯਮ ਮਨੁੱਖਾਂ ਵੱਲੋਂ ਨਹੀਂ, ਸਗੋਂ “ਪਰਮੇਸ਼ੁਰ ਵੱਲੋਂ ਹੈ ਜਿਸ ਨੇ ਆਪਣੇ ਬਾਰੇ ਆਪਣੇ ਬਚਨ ਵਿਚ ਦੱਸਿਆ ਹੈ।” ਸਾਡਾ ਸੰਗਠਨ ਹੋਰ ਕਿਸੇ ਵੀ ਧਾਰਮਿਕ ਸੰਗਠਨ ਨਾਲੋਂ ਪਰਮੇਸ਼ੁਰ ਦੇ ਬਚਨ ਉੱਤੇ ਪੂਰਾ ਭਰੋਸਾ ਰੱਖਦਾ ਹੈ ਭਾਵੇਂ ਕਿ ਸਾਡੇ ਕੁਝ ਮੈਂਬਰਾਂ ਲਈ ਇਸ ਤਰ੍ਹਾਂ ਕਰਨਾ ਬਹੁਤ ਔਖਾ ਹੋਵੇ। ਅਮਰੀਕਾ ਵਿਚ ਹਾਲ ਹੀ ਦੇ ਸਮੇਂ ਵਿਚ ਧਰਮਾਂ ਬਾਰੇ ਛਪੀ ਇਕ ਕਿਤਾਬ ਵਿਚ ਇਸ ਤਰ੍ਹਾਂ ਕਿਹਾ ਗਿਆ: “ਈਸਾਈ-ਜਗਤ ਦੇ ਆਗੂਆਂ ਨੇ ਆਪਣੇ ਮੈਂਬਰਾਂ ਅਤੇ ਸਮਾਜ ਦੇ ਜ਼ਿਆਦਾਤਰ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਉਨ੍ਹਾਂ ਦੀ ਪਸੰਦ ਮੁਤਾਬਕ ਆਪਣੇ ਵਿਸ਼ਵਾਸਾਂ ਵਿਚ ਅਕਸਰ ਫੇਰ-ਬਦਲ ਕੀਤੇ ਹਨ।” ਪਰ ਪ੍ਰਬੰਧਕ ਸਭਾ ਲੋਕਾਂ ਦੀ ਸੋਚ ਮੁਤਾਬਕ ਨਹੀਂ ਢਲ਼ਦੀ। ਇਸ ਦੀ ਬਜਾਇ, ਇਹ ਪਰਮੇਸ਼ੁਰ ਦੇ ਬਚਨ ਦੀ ਅਗਵਾਈ ਵਿਚ ਚੱਲਦੀ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਹੀ ਅੱਜ ਆਪਣੇ ਲੋਕਾਂ ਨੂੰ ਸੇਧ ਦੇ ਰਿਹਾ ਹੈ।

“ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ”

16. ਪ੍ਰਬੰਧਕ ਸਭਾ ਨੂੰ ਯਾਦ ਰੱਖਣ ਦਾ ਇਕ ਤਰੀਕਾ ਕਿਹੜਾ ਹੈ?

16 ਇਬਰਾਨੀਆਂ 13:7 ਪੜ੍ਹੋ। ਬਾਈਬਲ ਕਹਿੰਦੀ ਹੈ: “ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ।” ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ, ਪ੍ਰਬੰਧਕ ਸਭਾ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਯਾਦ ਰੱਖਣਾ। (ਅਫ਼. 6:18) ਉਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਜਿਵੇਂ ਪਰਮੇਸ਼ੁਰੀ ਗਿਆਨ ਦੇਣਾ, ਦੁਨੀਆਂ ਭਰ ਦੇ ਪ੍ਰਚਾਰ ਕੰਮ ਦੀ ਅਗਵਾਈ ਕਰਨੀ ਅਤੇ ਦਾਨ ਦੀ ਦੇਖ-ਰੇਖ ਕਰਨੀ। ਬਿਨਾਂ ਸ਼ੱਕ ਉਨ੍ਹਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਦੀ ਬਹੁਤ ਲੋੜ ਹੈ!

17, 18. (ੳ) ਅਸੀਂ ਪ੍ਰਬੰਧਕ ਸਭਾ ਦੀ ਸੇਧ ਮੁਤਾਬਕ ਕਿਵੇਂ ਚੱਲਦੇ ਹਾਂ? (ਅ) ਪ੍ਰਚਾਰ ਕਰ ਕੇ ਅਸੀਂ ਪ੍ਰਬੰਧਕ ਸਭਾ ਅਤੇ ਯਿਸੂ ਦਾ ਸਮਰਥਨ ਕਿਵੇਂ ਕਰਦੇ ਹਾਂ?

17 ਅਸੀਂ ਪ੍ਰਬੰਧਕ ਸਭਾ ਦੀ ਸੇਧ ਮੁਤਾਬਕ ਚੱਲ ਕੇ ਵੀ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਯਾਦ ਰੱਖਦੇ ਹਾਂ। ਇਹ ਸਾਨੂੰ ਪ੍ਰਕਾਸ਼ਨਾਂ, ਸਭਾਵਾਂ ਅਤੇ ਸੰਮੇਲਨਾਂ ਰਾਹੀਂ ਹਿਦਾਇਤਾਂ ਦਿੰਦੀ ਹੈ। ਇਹ ਸਫ਼ਰੀ ਨਿਗਾਹਬਾਨਾਂ ਦਾ ਇੰਤਜ਼ਾਮ ਕਰਦੀ ਹੈ ਜੋ ਮੰਡਲੀਆਂ ਵਿਚ ਬਜ਼ੁਰਗ ਨਿਯੁਕਤ ਕਰਦੇ ਹਨ। ਵੱਲੋਂ ਮਿਲਦੀ ਸੇਧ ਅਤੇ ਹਿਦਾਇਤਾਂ ਅਨੁਸਾਰ ਚੱਲ ਕੇ ਸਫ਼ਰੀ ਨਿਗਾਹਬਾਨ ਅਤੇ ਬਜ਼ੁਰਗ ਦਿਖਾਉਂਦੇ ਹਨ ਕਿ ਉਹ ਪ੍ਰਬੰਧਕ ਸਭਾ ਨੂੰ ਯਾਦ ਰੱਖਦੇ ਹਨ। ਅਸੀਂ ਸਾਰੇ ਆਪਣੇ ਆਗੂ ਯਿਸੂ ਪ੍ਰਤੀ ਆਦਰ ਦਿਖਾ ਰਹੇ ਹੋਵਾਂਗੇ ਜੇ ਅਸੀਂ ਯਿਸੂ ਵੱਲੋਂ ਚੁਣੇ ਜ਼ਿੰਮੇਵਾਰ ਭਰਾਵਾਂ ਦਾ ਕਹਿਣਾ ਮੰਨਦੇ ਹਾਂ।—ਇਬ. 13:17.

18 ਪ੍ਰਬੰਧਕ ਸਭਾ ਨੂੰ ਯਾਦ ਰੱਖਣ ਦਾ ਇਕ ਹੋਰ ਤਰੀਕਾ ਹੈ, ਪ੍ਰਚਾਰ ਕੰਮ ਵਿਚ ਪੂਰੀ ਵਾਹ ਲਾਉਣੀ। ਇਬਰਾਨੀਆਂ 13:7 ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਅਗਵਾਈ ਕਰਨ ਵਾਲਿਆਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੀਏ। ਪ੍ਰਬੰਧਕ ਸਭਾ ਨੇ ਜੋਸ਼ ਨਾਲ ਪ੍ਰਚਾਰ ਕਰ ਕੇ ਅਤੇ ਇਸ ਨੂੰ ਅੱਗੇ ਵਧਾ ਕੇ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ ਹੈ। ਕੀ ਅਸੀਂ ਇਸ ਜ਼ਰੂਰੀ ਕੰਮ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਹਾਂ? ਜੇ ਹਾਂ, ਤਾਂ ਯਿਸੂ ਦੀ ਇਹ ਗੱਲ ਸੁਣ ਕੇ ਸਾਨੂੰ ਖ਼ੁਸ਼ੀ ਹੋਵੇਗੀ: “ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਕੀਤਾ ਹੈ, ਤਾਂ ਸਮਝੋ ਤੁਸੀਂ ਮੇਰੇ ਲਈ ਕੀਤਾ ਹੈ।”ਮੱਤੀ 25:34-40.

19. ਤੁਸੀਂ ਆਪਣੇ ਆਗੂ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

19 ਸਵਰਗ ਜਾਣ ਤੋਂ ਬਾਅਦ ਵੀ ਯਿਸੂ ਨੇ ਆਪਣੇ ਚੇਲਿਆਂ ਦਾ ਸਾਥ ਨਹੀਂ ਛੱਡਿਆ। (ਮੱਤੀ 28:20) ਯਿਸੂ ਨੂੰ ਪਤਾ ਸੀ ਕਿ ਧਰਤੀ ’ਤੇ ਹੁੰਦਿਆਂ ਪਵਿੱਤਰ ਸ਼ਕਤੀ, ਦੂਤਾਂ ਅਤੇ ਪਰਮੇਸ਼ੁਰ ਦੇ ਬਚਨ ਨੇ ਉਸ ਦੀ ਅਗਵਾਈ ਲੈਣ ਵਿਚ ਕਿੰਨੀ ਮਦਦ ਕੀਤੀ ਸੀ! ਉਹ ਵਫ਼ਾਦਾਰ ਨੌਕਰ ਨੂੰ ਵੀ ਇਹੀ ਮਦਦ ਦਿੰਦਾ ਹੈ। ਪ੍ਰਬੰਧਕ ਸਭਾ ਦੇ ਮੈਂਬਰ “ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ” ਭਾਵੇਂ ਉਹ “ਜਿੱਥੇ ਵੀ ਜਾਵੇ।” (ਪ੍ਰਕਾ. 14:4) ਇਸ ਲਈ ਪ੍ਰਬੰਧਕ ਸਭਾ ਦੀ ਸੇਧ ਮੁਤਾਬਕ ਚੱਲ ਕੇ ਅਸੀਂ ਆਪਣੇ ਆਗੂ ਯਿਸੂ ਦੇ ਪਿੱਛੇ-ਪਿੱਛੇ ਜਾਂਦੇ ਹਾਂ। ਬਹੁਤ ਜਲਦ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਵੇਗਾ। (ਪ੍ਰਕਾ. 7:14-17) ਕੋਈ ਹੋਰ ਆਗੂ ਸਾਨੂੰ ਇਹ ਨਹੀਂ ਦੇ ਸਕਦਾ।

^ ਪੈਰਾ 3 ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਸੀ ਕਿ 12 ਰਸੂਲ ਭਵਿੱਖ ਵਿਚ ਬਣਨ ਵਾਲੇ ਨਵੇਂ ਯਰੂਸ਼ਲਮ ਦੀ “ਕੰਧ ਦੀ ਨੀਂਹ ਦੇ ਬਾਰਾਂ ਪੱਥਰ” ਬਣਨ।” (ਪ੍ਰਕਾ. 21:14) ਇਸ ਲਈ ਕਿਸੇ ਵੀ ਵਫ਼ਾਦਾਰ ਰਸੂਲ ਦੀ ਮੌਤ ਹੋ ਜਾਣ ਤੋਂ ਬਾਅਦ ਕਿਸੇ ਹੋਰ ਨੂੰ ਉਸ ਦੇ ਥਾਂ ਰਸੂਲ ਚੁਣਨ ਦੀ ਲੋੜ ਨਹੀਂ ਸੀ।

^ ਪੈਰਾ 8 1955 ਤੋਂ ਇਸ ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਕਿਹਾ ਜਾਣ ਲੱਗਾ।