ਅਧਿਐਨ ਲੇਖ 49
ਕੀ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ?
“ਤੁਸੀਂ ਮੈਨੂੰ ਪੁਕਾਰੋਗੇ ਅਤੇ ਆ ਕੇ ਮੈਨੂੰ ਪ੍ਰਾਰਥਨਾ ਕਰੋਗੇ ਅਤੇ ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ।”—ਯਿਰ. 29:12.
ਗੀਤ 41 ਮੇਰੀ ਪ੍ਰਾਰਥਨਾ ਸੁਣ
ਖ਼ਾਸ ਗੱਲਾਂ a
1-2. ਸਾਨੂੰ ਸ਼ਾਇਦ ਕਿਉਂ ਲੱਗੇ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇ ਰਿਹਾ?
“ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ ਅਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ।” (ਜ਼ਬੂ. 37:4) ਇਹ ਕਿੰਨਾ ਹੀ ਸ਼ਾਨਦਾਰ ਵਾਅਦਾ ਹੈ! ਪਰ ਕੀ ਸਾਨੂੰ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਉਸੇ ਵੇਲੇ ਦੇ ਦੇਵੇਗਾ? ਸਾਨੂੰ ਖ਼ੁਦ ਤੋਂ ਇਹ ਸਵਾਲ ਕਿਉਂ ਪੁੱਛਣਾ ਚਾਹੀਦਾ ਹੈ? ਜ਼ਰਾ ਇਨ੍ਹਾਂ ਕੁਝ ਹਾਲਾਤਾਂ ʼਤੇ ਗੌਰ ਕਰੋ। ਇਕ ਕੁਆਰੀ ਭੈਣ ਪ੍ਰਾਰਥਨਾ ਕਰਦੀ ਹੈ ਕਿ ਉਸ ਨੂੰ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਦਾ ਸੱਦਾ ਮਿਲੇ। ਪਰ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਸਕੂਲ ਦਾ ਸੱਦਾ ਨਹੀਂ ਮਿਲਦਾ। ਇਕ ਨੌਜਵਾਨ ਭਰਾ ਮੰਡਲੀ ਵਿਚ ਹੋਰ ਵੀ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦਾ ਹੈ। ਇਸ ਲਈ ਉਹ ਪ੍ਰਾਰਥਨਾ ਕਰਦਾ ਹੈ ਕਿ ਉਸ ਦੀ ਗੰਭੀਰ ਬੀਮਾਰੀ ਠੀਕ ਹੋ ਜਾਵੇ। ਪਰ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੁੰਦਾ। ਇਕ ਮਸੀਹੀ ਜੋੜਾ ਪ੍ਰਾਰਥਨਾ ਕਰਦਾ ਹੈ ਕਿ ਉਨ੍ਹਾਂ ਦਾ ਬੱਚਾ ਯਹੋਵਾਹ ਨੂੰ ਪਿਆਰ ਕਰੇ, ਪਰ ਉਹ ਬੱਚਾ ਯਹੋਵਾਹ ਤੋਂ ਦੂਰ ਹੋ ਜਾਂਦਾ ਹੈ।
2 ਸ਼ਾਇਦ ਤੁਸੀਂ ਵੀ ਯਹੋਵਾਹ ਨੂੰ ਕਿਸੇ ਚੀਜ਼ ਲਈ ਪ੍ਰਾਰਥਨਾ ਕੀਤੀ ਹੋਵੇ, ਪਰ ਤੁਹਾਨੂੰ ਉਸ ਦਾ ਜਵਾਬ ਨਹੀਂ ਮਿਲਿਆ। ਨਤੀਜੇ ਵਜੋਂ, ਸ਼ਾਇਦ ਤੁਸੀਂ ਸੋਚੋ ਕਿ ਯਹੋਵਾਹ ਦੂਜਿਆਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਤਾਂ ਦਿੰਦਾ ਹੈ, ਪਰ ਤੁਹਾਡੀਆਂ ਦਾ ਨਹੀਂ। ਜਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਜ਼ਰੂਰ ਕੋਈ ਗ਼ਲਤੀ ਕੀਤੀ ਹੋਣੀ ਜਿਸ ਕਰਕੇ ਉਹ ਤੁਹਾਡੀ ਪ੍ਰਾਰਥਨਾ ਨਹੀਂ ਸੁਣਦਾ। ਭੈਣ ਜੈਨਿਸ b ਨੂੰ ਵੀ ਇੱਦਾਂ ਹੀ ਲੱਗਾ। ਉਹ ਤੇ ਉਸ ਦਾ ਪਤੀ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਭੈਣ ਕਹਿੰਦੀ ਹੈ: “ਮੈਨੂੰ ਯਕੀਨ ਸੀ ਕਿ ਸਾਨੂੰ ਕੁਝ ਹੀ ਦਿਨਾਂ ਬੈਥਲ ਬੁਲਾ ਲਿਆ ਜਾਵੇਗਾ। ਪਰ ਦਿਨ ਮਹੀਨਿਆਂ ਵਿਚ ਤੇ ਮਹੀਨੇ ਸਾਲਾਂ ਵਿਚ ਬਦਲ ਗਏ। ਪਰ ਸਾਨੂੰ ਸੱਦਾ ਨਹੀਂ ਮਿਲਿਆ।” ਉਹ ਦੱਸਦੀ ਹੈ: “ਮੈਂ ਬਹੁਤ ਨਿਰਾਸ਼ ਹੋ ਗਈ। ਮੈਂ ਯਹੋਵਾਹ ਨੂੰ ਬੈਥਲ ਜਾਣ ਲਈ ਬਹੁਤ ਪ੍ਰਾਰਥਨਾਵਾਂ ਕੀਤੀਆਂ ਸੀ। ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦੇ ਰਿਹਾ। ਮੇਰੇ ਤੋਂ ਅਜਿਹਾ ਕੀ ਹੋ ਗਿਆ ਕਿ ਯਹੋਵਾਹ ਮੇਰੇ ਨਾਲ ਨਾਰਾਜ਼ ਹੀ ਹੋ ਗਿਆ?”
3. ਅਸੀਂ ਇਸ ਲੇਖ ਵਿਚ ਕਿਸ ਗੱਲ ʼਤੇ ਧਿਆਨ ਦੇਵਾਂਗੇ?
3 ਕਈ ਵਾਰ ਸ਼ਾਇਦ ਅਸੀਂ ਸੋਚੀਏ ਕਿ ਪਤਾ ਨਹੀਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣ ਵੀ ਰਿਹਾ ਹੈ ਜਾਂ ਨਹੀਂ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਵੀ ਇੱਦਾਂ ਹੀ ਲੱਗਾ ਸੀ। (ਅੱਯੂ. 30:20; ਜ਼ਬੂ. 22:2; ਹੱਬ. 1:2) ਤਾਂ ਫਿਰ ਕਿਹੜੀ ਗੱਲ ਸਾਨੂੰ ਯਕੀਨ ਦਿਵਾ ਸਕਦੀ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਹ ਉਨ੍ਹਾਂ ਦਾ ਜਵਾਬ ਜ਼ਰੂਰ ਦੇਵੇਗਾ? (ਜ਼ਬੂ. 65:2) ਇਸ ਦਾ ਜਵਾਬ ਜਾਣਨ ਲਈ ਪਹਿਲਾਂ ਸਾਨੂੰ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: (1) ਅਸੀਂ ਯਹੋਵਾਹ ਤੋਂ ਕੀ ਉਮੀਦ ਰੱਖ ਸਕਦੇ ਹਾਂ? (2) ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ? (3) ਕਦੇ-ਕਦੇ ਸ਼ਾਇਦ ਸਾਨੂੰ ਕਿਉਂ ਕਿਸੇ ਹੋਰ ਗੱਲ ਲਈ ਪ੍ਰਾਰਥਨਾ ਕਰਨੀ ਪਵੇ?
ਅਸੀਂ ਯਹੋਵਾਹ ਤੋਂ ਕੀ ਉਮੀਦ ਰੱਖ ਸਕਦੇ ਹਾਂ?
4. ਯਿਰਮਿਯਾਹ 29:12 ਮੁਤਾਬਕ ਯਹੋਵਾਹ ਨੇ ਕੀ ਵਾਅਦਾ ਕੀਤਾ ਹੈ?
4 ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। (ਯਿਰਮਿਯਾਹ 29:12 ਪੜ੍ਹੋ।) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਉਹ ਕਦੇ ਵੀ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਜ਼ਰਅੰਦਾਜ਼ ਨਹੀਂ ਕਰੇਗਾ। (ਜ਼ਬੂ. 10:17; 37:28) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਨੂੰ ਉਹ ਹਰ ਚੀਜ਼ ਦੇਵੇਗਾ ਜੋ ਅਸੀਂ ਉਸ ਤੋਂ ਮੰਗਦੇ ਹਾਂ। ਅਸੀਂ ਜਿਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਦੇ ਹਾਂ, ਉਨ੍ਹਾਂ ਵਿੱਚੋਂ ਕੁਝ ਸ਼ਾਇਦ ਸਾਨੂੰ ਨਵੀਂ ਦੁਨੀਆਂ ਵਿਚ ਹੀ ਮਿਲਣ।
5. ਯਹੋਵਾਹ ਕਿਹੜੀ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? ਸਮਝਾਓ।
5 ਜਦੋਂ ਅਸੀਂ ਕਿਸੇ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਧਿਆਨ ਰੱਖਦਾ ਹੈ ਕਿ ਉਹ ਗੱਲ ਉਸ ਦੇ ਮਕਸਦ ਨਾਲ ਕਿਵੇਂ ਜੁੜੀ ਹੈ। (ਯਸਾ. 55:8, 9) ਯਹੋਵਾਹ ਦੀ ਇੱਛਾ ਹੈ ਕਿ ਧਰਤੀ ʼਤੇ ਸਾਰੇ ਇਨਸਾਨ ਉਸ ਨੂੰ ਆਪਣਾ ਰਾਜਾ ਮੰਨਣ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ। ਪਰ ਸ਼ੈਤਾਨ ਨੇ ਦਾਅਵਾ ਕੀਤਾ ਹੈ ਕਿ ਇਨਸਾਨ ਖ਼ੁਦ ʼਤੇ ਰਾਜ ਕਰਕੇ ਜ਼ਿਆਦਾ ਖ਼ੁਸ਼ ਰਹਿਣਗੇ। (ਉਤ. 3:1-5) ਸ਼ੈਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ʼਤੇ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਪਰ ਇਨਸਾਨੀ ਰਾਜ ਕਰਕੇ ਅਸੀਂ ਅੱਜ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ। (ਉਪ. 8:9) ਅਸੀਂ ਜਾਣਦੇ ਹਾਂ ਕਿ ਯਹੋਵਾਹ ਹੁਣੇ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗਾ। ਜੇ ਉਹ ਇੱਦਾਂ ਕਰਦਾ ਹੈ, ਤਾਂ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਇਨਸਾਨ ਵਧੀਆ ਰਾਜ ਕਰ ਰਹੇ ਹਨ, ਤਾਂ ਹੀ ਅੱਜ ਮੁਸ਼ਕਲਾਂ ਨਹੀਂ ਹਨ।
6. ਸਾਨੂੰ ਕਿਉਂ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਜੋ ਵੀ ਕਰਦਾ ਹੈ, ਹਮੇਸ਼ਾ ਪਿਆਰ ਹੋਣ ਕਰਕੇ ਕਰਦਾ ਹੈ ਅਤੇ ਕਦੇ ਵੀ ਅਨਿਆਂ ਨਹੀਂ ਕਰਦਾ?
6 ਯਹੋਵਾਹ ਸ਼ਾਇਦ ਇੱਕੋ ਜਿਹੀਆਂ ਪ੍ਰਾਰਥਨਾਵਾਂ ਦਾ ਅਲੱਗ ਤਰੀਕਿਆਂ ਨਾਲ ਜਵਾਬ ਦੇਵੇ। ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਇਕ ਵਾਰ ਰਾਜਾ ਹਿਜ਼ਕੀਯਾਹ ਬਹੁਤ ਬੀਮਾਰ ਹੋ ਗਿਆ। ਉਸ ਨੇ ਯਹੋਵਾਹ ਨੂੰ ਤਰਲੇ ਕੀਤੇ ਕਿ ਉਹ ਉਸ ਨੂੰ ਠੀਕ ਕਰ ਦੇਵੇ ਤੇ ਯਹੋਵਾਹ ਨੇ ਉਸ ਨੂੰ ਠੀਕ ਕਰ ਦਿੱਤਾ। (2 ਰਾਜ. 20:1-6) ਇਸ ਤੋਂ ਕੁਝ ਸਾਲਾਂ ਬਾਅਦ ਪੌਲੁਸ ਰਸੂਲ ਨੇ ਵੀ ਯਹੋਵਾਹ ਨੂੰ ਇੱਦਾਂ ਦੀ ਹੀ ਪ੍ਰਾਰਥਨਾ ਕੀਤੀ। ਉਸ ਨੂੰ ਸ਼ਾਇਦ ਕੋਈ ਬੀਮਾਰੀ ਸੀ ਜਿਸ ਨੂੰ ਉਸ ਨੇ “ਸਰੀਰ ਵਿਚ ਇਕ ਕੰਡਾ” ਕਿਹਾ। ਉਸ ਨੇ ਯਹੋਵਾਹ ਨੂੰ ਤਰਲੇ ਕੀਤੇ ਕਿ ਉਹ ਉਸ ਕੰਡੇ ਨੂੰ ਕੱਢ ਦੇਵੇ। ਪਰ ਯਹੋਵਾਹ ਨੇ ਇੱਦਾਂ ਨਹੀਂ ਕੀਤਾ। (2 ਕੁਰਿੰ. 12:7-9) ਹੁਣ ਜ਼ਰਾ ਧਿਆਨ ਦਿਓ ਕਿ ਯਾਕੂਬ ਤੇ ਪਤਰਸ ਰਸੂਲ ਨਾਲ ਕੀ ਹੋਇਆ ਸੀ। ਰਾਜਾ ਹੇਰੋਦੇਸ ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਉਸ ਵੇਲੇ ਮੰਡਲੀ ਦੇ ਭੈਣਾਂ-ਭਰਾਵਾਂ ਨੇ ਪਤਰਸ ਲਈ ਪ੍ਰਾਰਥਨਾ ਕੀਤੀ ਅਤੇ ਬਿਨਾਂ ਸ਼ੱਕ ਉਨ੍ਹਾਂ ਨੇ ਯਾਕੂਬ ਲਈ ਵੀ ਪ੍ਰਾਰਥਨਾ ਕੀਤੀ ਹੋਣੀ। ਪਰ ਯਾਕੂਬ ਨੂੰ ਮਾਰ ਦਿੱਤਾ ਗਿਆ ਤੇ ਪਤਰਸ ਨੂੰ ਚਮਤਕਾਰੀ ਤਰੀਕੇ ਨਾਲ ਬਚਾ ਲਿਆ ਗਿਆ। (ਰਸੂ. 12:1-11) ਅਸੀਂ ਸ਼ਾਇਦ ਸੋਚੀਏ, ‘ਯਹੋਵਾਹ ਨੇ ਇੱਦਾਂ ਕਿਉਂ ਕੀਤਾ, ਪਤਰਸ ਨੂੰ ਬਚਾ ਲਿਆ, ਪਰ ਯਾਕੂਬ ਨੂੰ ਮਰਨ ਦਿੱਤਾ?’ ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। c ਪਰ ਅਸੀਂ ਇਹ ਜਾਣਦੇ ਹਾਂ ਕਿ ਯਹੋਵਾਹ ਪਤਰਸ ਤੇ ਯਾਕੂਬ ਦੋਵਾਂ ਤੋਂ ਖ਼ੁਸ਼ ਸੀ। (ਪ੍ਰਕਾ. 21:14) ਨਾਲੇ ਅਸੀਂ ਇਹ ਵੀ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਉਹ “ਕਦੇ ਅਨਿਆਂ ਨਹੀਂ ਕਰਦਾ।” (ਬਿਵ. 32:4) ਸੋ ਜੇ ਕਦੇ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉਸ ਤਰ੍ਹਾਂ ਨਹੀਂ ਦਿੰਦਾ ਜਿੱਦਾਂ ਅਸੀਂ ਸੋਚਿਆ ਸੀ, ਤਾਂ ਵੀ ਅਸੀਂ ਉਸ ʼਤੇ ਪੂਰਾ ਭਰੋਸਾ ਰੱਖਾਂਗੇ ਅਤੇ ਸ਼ਿਕਾਇਤ ਨਹੀਂ ਕਰਾਂਗੇ।—ਅੱਯੂ. 33:13.
7. ਸਾਨੂੰ ਕੀ ਨਹੀਂ ਕਰਨਾ ਚਾਹੀਦਾ ਅਤੇ ਕਿਉਂ?
7 ਸਾਨੂੰ ਆਪਣੇ ਹਾਲਾਤਾਂ ਦੀ ਤੁਲਨਾ ਦੂਸਰਿਆਂ ਨਾਲ ਨਹੀਂ ਕਰਨੀ ਚਾਹੀਦੀ। ਪਰ ਸ਼ਾਇਦ ਅਸੀਂ ਇੱਦਾਂ ਕਦੋਂ ਕਰਨ ਲੱਗ ਪਈਏ? ਹੋ ਸਕਦਾ ਹੈ ਕਿ ਅਸੀਂ ਯਹੋਵਾਹ ਨੂੰ ਕਿਸੇ ਗੱਲ ਲਈ ਪ੍ਰਾਰਥਨਾ ਕੀਤੀ ਹੋਵੇ, ਪਰ ਸਾਨੂੰ ਸਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਮਿਲਦਾ। ਬਾਅਦ ਵਿਚ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਹੋਰ ਨੇ ਵੀ ਇਹੀ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ। ਭੈਣ ਐਨਾ ਨਾਲ ਵੀ ਕੁਝ ਇੱਦਾਂ ਹੀ ਹੋਇਆ। ਉਸ ਦੇ ਪਤੀ ਮੈਥਿਊ ਨੂੰ ਕੈਂਸਰ ਹੋ ਗਿਆ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਠੀਕ ਹੋ ਜਾਵੇ। ਉਸੇ ਸਮੇਂ ਦੌਰਾਨ ਦੋ ਸਿਆਣੀ ਉਮਰ ਦੀਆਂ ਭੈਣਾਂ ਨੂੰ ਵੀ ਕੈਂਸਰ ਹੋ ਗਿਆ ਸੀ। ਭੈਣ ਐਨਾ ਨੇ ਆਪਣੇ ਪਤੀ ਅਤੇ ਉਨ੍ਹਾਂ ਦੋਨਾਂ ਭੈਣਾਂ ਲਈ ਯਹੋਵਾਹ ਅੱਗੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ। ਉਹ ਦੋਵੋਂ ਭੈਣਾਂ ਤਾਂ ਠੀਕ ਹੋ ਗਈਆਂ, ਪਰ ਉਸ ਦੇ ਪਤੀ ਦੀ ਮੌਤ ਹੋ ਗਈ। ਸ਼ੁਰੂ-ਸ਼ੁਰੂ ਵਿਚ ਭੈਣ ਐਨਾ ਨੂੰ ਲੱਗਾ ਕਿ ਯਹੋਵਾਹ ਨੇ ਹੀ ਉਨ੍ਹਾਂ ਭੈਣਾਂ ਨੂੰ ਬਚਾਇਆ ਹੈ। ਇਸ ਲਈ ਉਹ ਸੋਚਣ ਲੱਗੀ ਕਿ ‘ਜੇ ਯਹੋਵਾਹ ਉਨ੍ਹਾਂ ਭੈਣਾਂ ਨੂੰ ਬਚਾ ਸਕਦਾ ਸੀ, ਤਾਂ ਉਸ ਨੇ ਮੇਰੇ ਪਤੀ ਨੂੰ ਕਿਉਂ ਨਹੀਂ ਬਚਾਇਆ।’ ਸਾਨੂੰ ਇਹ ਤਾਂ ਨਹੀਂ ਪਤਾ ਕਿ ਇੱਦਾਂ ਕਿਉਂ ਹੋਇਆ। ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਯਹੋਵਾਹ ਸਾਡੀਆਂ ਸਾਰੀਆਂ ਦੁੱਖ-ਤਕਲੀਫ਼ਾਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਨਾਲੇ ਉਹ ਆਪਣੇ ਮਰ ਚੁੱਕੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਜੀਉਂਦਾ ਕਰਨ ਲਈ ਤਰਸ ਰਿਹਾ ਹੈ।—ਅੱਯੂ. 14:15.
8. (ੳ) ਯਸਾਯਾਹ 43:2 ਅਨੁਸਾਰ ਯਹੋਵਾਹ ਸਾਡਾ ਕਿੱਦਾਂ ਸਾਥ ਦਿੰਦਾ ਹੈ? (ਅ) ਮੁਸ਼ਕਲਾਂ ਨਾਲ ਲੜਨ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (ਪ੍ਰਾਰਥਨਾ ਕਰਨ ਨਾਲ ਹਿੰਮਤ ਮਿਲਦੀ ਹੈ ਨਾਂ ਦੀ ਵੀਡੀਓ ਦੇਖੋ।)
8 ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। ਯਹੋਵਾਹ ਸਾਡਾ ਪਿਤਾ ਹੈ ਅਤੇ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਨੂੰ ਦੁੱਖਾਂ ਵਿਚ ਨਹੀਂ ਦੇਖਣਾ ਚਾਹੁੰਦਾ। (ਯਸਾ. 63:9) ਪਰ ਉਹ ਸਾਡੇ ʼਤੇ ਮੁਸ਼ਕਲਾਂ ਆਉਣ ਤੋਂ ਨਹੀਂ ਰੋਕਦਾ। ਇਹ ਮੁਸ਼ਕਲਾਂ ਸ਼ਾਇਦ ਸਾਨੂੰ ਨਦੀਆਂ ਜਾਂ ਅੱਗ ਦੀਆਂ ਲਪਟਾਂ ਵਾਂਗ ਲੱਗਣ। (ਯਸਾਯਾਹ 43:2 ਪੜ੍ਹੋ।) ਪਰ ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਮੁਸ਼ਕਲਾਂ ‘ਵਿੱਚੋਂ ਦੀ ਲੰਘਣ’ ਵਿਚ ਸਾਡੀ ਮਦਦ ਕਰੇਗਾ। ਨਾਲੇ ਇਨ੍ਹਾਂ ਮੁਸ਼ਕਲਾਂ ਕਰਕੇ ਯਹੋਵਾਹ ਕਦੇ ਵੀ ਸਾਡਾ ਇੱਦਾਂ ਦਾ ਨੁਕਸਾਨ ਨਹੀਂ ਹੋਣ ਦੇਵੇਗਾ ਜਿਸ ਦੀ ਉਹ ਭਰਪਾਈ ਨਾ ਕਰ ਸਕੇ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਵੀ ਦੇਵੇਗਾ ਤਾਂਕਿ ਅਸੀਂ ਇਨ੍ਹਾਂ ਮੁਸ਼ਕਲਾਂ ਨੂੰ ਸਹਿ ਸਕੀਏ। (ਲੂਕਾ 11:13; ਫ਼ਿਲਿ. 4:13) ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਰ ਉਹ ਚੀਜ਼ ਦੇਵੇਗਾ ਜਿਸ ਨਾਲ ਅਸੀਂ ਮੁਸ਼ਕਲਾਂ ਨਾਲ ਲੜ ਸਕੀਏ ਅਤੇ ਯਹੋਵਾਹ ਦੇ ਵਫ਼ਾਦਾਰ ਰਹਿ ਸਕੀਏ? d
ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ?
9. ਯਾਕੂਬ 1:6, 7 ਮੁਤਾਬਕ ਸਾਨੂੰ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ?
9 ਯਹੋਵਾਹ ਉਮੀਦ ਰੱਖਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ। (ਇਬ. 11:6) ਕਦੇ-ਕਦੇ ਸਾਨੂੰ ਸ਼ਾਇਦ ਆਪਣੀਆਂ ਮੁਸ਼ਕਲਾਂ ਪਹਾੜ ਵਰਗੀਆਂ ਲੱਗਣ। ਸ਼ਾਇਦ ਅਸੀਂ ਇਹ ਸੋਚਣ ਲੱਗ ਪਈਏ ਕਿ ਪਤਾ ਨਹੀਂ ਯਹੋਵਾਹ ਸਾਡੀ ਮਦਦ ਕਰੇਗਾ ਜਾਂ ਨਹੀਂ। ਪਰ ਬਾਈਬਲ ਵਿਚ ਸਾਨੂੰ ਇਹ ਯਕੀਨ ਦਿਵਾਇਆ ਗਿਆ ਹੈ ਕਿ ਪਰਮੇਸ਼ੁਰ ਦੀ ਤਾਕਤ ਨਾਲ ਅਸੀਂ ‘ਕੰਧ ਵੀ ਟੱਪ’ ਸਕਦੇ ਹਾਂ। (ਜ਼ਬੂ. 18:29) ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਯਹੋਵਾਹ ʼਤੇ ਸ਼ੱਕ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਦਾ ਜਵਾਬ ਵੀ ਦੇਵੇਗਾ।—ਯਾਕੂਬ 1:6, 7 ਪੜ੍ਹੋ।
10. ਉਦਾਹਰਣ ਦੇ ਕੇ ਸਮਝਾਓ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਿਵੇਂ ਕੰਮ ਕਰ ਸਕਦੇ ਹਾਂ।
10 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰੀਏ। ਸ਼ਾਇਦ ਇਕ ਭਰਾ ਯਹੋਵਾਹ ਨੂੰ ਪ੍ਰਾਰਥਨਾ ਕਰੇ ਕਿ ਸੰਮੇਲਨ ʼਤੇ ਜਾਣ ਲਈ ਉਸ ਨੂੰ ਕੰਮ ਤੋਂ ਛੁੱਟੀ ਮਿਲ ਜਾਵੇ। ਯਹੋਵਾਹ ਸ਼ਾਇਦ ਕਿੱਦਾਂ ਉਸ ਦੀਆਂ ਪ੍ਰਾਰਥਨਾ ਦਾ ਜਵਾਬ ਦੇਵੇ? ਹੋ ਸਕਦਾ ਹੈ ਕਿ ਉਹ ਭਰਾ ਨੂੰ ਆਪਣੇ ਮਾਲਕ ਨਾਲ ਗੱਲ ਕਰਨ ਦੀ ਹਿੰਮਤ ਦੇਵੇ। ਪਰ ਫਿਰ ਵੀ ਮਾਲਕ ਨਾਲ ਗੱਲ ਤਾਂ ਉਸ ਭਰਾ ਨੂੰ ਹੀ ਕਰਨੀ ਪੈਣੀ। ਸ਼ਾਇਦ ਉਸ ਨੂੰ ਵਾਰ-ਵਾਰ ਆਪਣੇ ਮਾਲਕ ਨਾਲ ਇਸ ਬਾਰੇ ਗੱਲ ਕਰਨੀ ਪਵੇ। ਉਹ ਮਾਲਕ ਨੂੰ ਇਹ ਵੀ ਕਹਿ ਸਕਦਾ ਹੈ ਕਿ ਉਹ ਛੁੱਟੀ ਵਾਲੇ ਦਿਨ ਦਾ ਕੰਮ ਕਿਸੇ ਹੋਰ ਦਿਨ ਕਰ ਦੇਵੇਗਾ। ਜੇ ਲੋੜ ਪਵੇ, ਤਾਂ ਉਹ ਇਹ ਵੀ ਕਹਿ ਸਕਦਾ ਹੈ ਕਿ ਉਸ ਦੀ ਛੁੱਟੀ ਦੇ ਪੈਸੇ ਕੱਟ ਲਏ ਜਾਣ।
11. ਸਾਨੂੰ ਆਪਣੀਆਂ ਚਿੰਤਾਵਾਂ ਬਾਰੇ ਵਾਰ-ਵਾਰ ਪ੍ਰਾਰਥਨਾ ਕਰਨ ਦੀ ਲੋੜ ਕਿਉਂ ਹੈ?
11 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਲਈ ਉਸ ਨੂੰ ਵਾਰ-ਵਾਰ ਪ੍ਰਾਰਥਨਾ ਕਰੀਏ। (1 ਥੱਸ. 5:17) ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਕਈ ਵਾਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸਾਨੂੰ ਉਸੇ ਵੇਲੇ ਨਾ ਮਿਲੇ। (ਲੂਕਾ 11:9) ਇਸ ਲਈ ਹਾਰ ਨਾ ਮੰਨੋ। ਵਾਰ-ਵਾਰ ਅਤੇ ਦਿਲੋਂ ਪ੍ਰਾਰਥਨਾ ਕਰੋ। (ਲੂਕਾ 18:1-7) ਜਦੋਂ ਅਸੀਂ ਕਿਸੇ ਗੱਲ ਬਾਰੇ ਵਾਰ-ਵਾਰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਲਈ ਉਹ ਗੱਲ ਬਹੁਤ ਜ਼ਰੂਰੀ ਹੈ। ਇੱਦਾਂ ਕਰਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ।
ਕਦੇ-ਕਦੇ ਸ਼ਾਇਦ ਸਾਨੂੰ ਕਿਉਂ ਕਿਸੇ ਹੋਰ ਗੱਲ ਲਈ ਪ੍ਰਾਰਥਨਾ ਕਰਨੀ ਪਵੇ?
12. (ੳ) ਪ੍ਰਾਰਥਨਾ ਬਾਰੇ ਸਾਨੂੰ ਖ਼ੁਦ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ? (ਅ) ਕਿਹੋ ਜਿਹੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗੇਗਾ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ? (“ ਕੀ ਮੇਰੀਆਂ ਪ੍ਰਾਰਥਨਾਵਾਂ ਤੋਂ ਯਹੋਵਾਹ ਲਈ ਆਦਰ ਝਲਕਦਾ ਹੈ?” ਨਾਂ ਦੀ ਡੱਬੀ ਦੇਖੋ।)
12 ਹੋ ਸਕਦਾ ਹੈ ਕਿ ਅਸੀਂ ਕਿਸੇ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੋਵੇ, ਪਰ ਅਜੇ ਤਕ ਸਾਨੂੰ ਉਸ ਦਾ ਜਵਾਬ ਨਹੀਂ ਮਿਲਿਆ। ਇਨ੍ਹਾਂ ਹਾਲਾਤਾਂ ਵਿਚ ਅਸੀਂ ਖ਼ੁਦ ਤੋਂ ਤਿੰਨ ਸਵਾਲ ਪੁੱਛ ਸਕਦੇ ਹਾਂ। ਪਹਿਲਾ, ‘ਕੀ ਮੈਂ ਸਹੀ ਚੀਜ਼ ਲਈ ਪ੍ਰਾਰਥਨਾ ਕਰ ਰਿਹਾ ਹਾਂ?’ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਪਰ ਹੋ ਸਕਦਾ ਹੈ ਕਿ ਸਾਨੂੰ ਲੰਬੇ ਸਮੇਂ ਲਈ ਉਸ ਦਾ ਫ਼ਾਇਦਾ ਨਾ ਹੋਵੇ। ਹੋ ਸਕਦਾ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹੀਏ ਕਿ ਉਹ ਸਾਡੀ ਸਮੱਸਿਆ ਦਾ ਹੱਲ ਸਾਡੇ ਦੱਸੇ ਤਰੀਕੇ ਨਾਲ ਕਰੇ। ਪਰ ਸ਼ਾਇਦ ਯਹੋਵਾਹ ਕੋਲ ਉਸ ਤੋਂ ਵੀ ਵਧੀਆ ਹੱਲ ਹੋਵੇ। ਨਾਲੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਜਿਸ ਚੀਜ਼ ਲਈ ਪ੍ਰਾਰਥਨਾ ਕਰ ਰਹੇ ਹਾਂ, ਉਹ ਉਸ ਦੀ ਮਰਜ਼ੀ ਮੁਤਾਬਕ ਨਾ ਹੋਵੇ। (1 ਯੂਹੰ. 5:14) ਆਓ ਇਕ ਵਾਰ ਫਿਰ ਉਸ ਜੋੜੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਕਿ ਉਨ੍ਹਾਂ ਦਾ ਬੱਚਾ ਯਹੋਵਾਹ ਦੀ ਸੇਵਾ ਕਰਦਾ ਰਹੇ। ਵੈਸੇ ਤਾਂ ਇੱਦਾਂ ਦੀ ਪ੍ਰਾਰਥਨਾ ਕਰਨੀ ਗ਼ਲਤ ਨਹੀਂ ਹੈ, ਪਰ ਦੇਖਿਆ ਜਾਵੇ ਤਾਂ ਯਹੋਵਾਹ ਕਿਸੇ ਤੋਂ ਵੀ ਜ਼ਬਰਦਸਤੀ ਆਪਣੀ ਸੇਵਾ ਨਹੀਂ ਕਰਵਾਉਂਦਾ। ਉਹ ਚਾਹੁੰਦਾ ਹੈ ਕਿ ਅਸੀਂ ਅਤੇ ਸਾਡੇ ਬੱਚੇ ਆਪਣੀ ਮਰਜ਼ੀ ਨਾਲ ਉਸ ਦੀ ਸੇਵਾ ਕਰਨ। (ਬਿਵ. 10:12, 13; 30:19, 20) ਤਾਂ ਫਿਰ ਉਹ ਜੋੜਾ ਪ੍ਰਾਰਥਨਾ ਵਿਚ ਇਹ ਕਹਿ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇ ਕਿ ਉਹ ਆਪਣੇ ਬੱਚੇ ਦੇ ਦਿਲ ਤਕ ਪਹੁੰਚ ਸਕਣ ਤਾਂਕਿ ਉਨ੍ਹਾਂ ਦਾ ਬੱਚਾ ਖ਼ੁਦ ਯਹੋਵਾਹ ਨੂੰ ਪਿਆਰ ਕਰੇ ਅਤੇ ਉਸ ਦਾ ਦੋਸਤ ਬਣੇ।—ਕਹਾ. 22:6; ਅਫ਼. 6:4.
13. ਇਬਰਾਨੀਆਂ 4:16 ਮੁਤਾਬਕ ਯਹੋਵਾਹ ਕਦੋਂ ਸਾਡੀ ਮਦਦ ਕਰੇਗਾ? ਸਮਝਾਓ।
13 ਦੂਸਰਾ ਸਵਾਲ ਜੋ ਅਸੀਂ ਖ਼ੁਦ ਤੋਂ ਪੁੱਛ ਸਕਦੇ ਹਾਂ, ਜੇ ਯਹੋਵਾਹ ਦੀ ਨਜ਼ਰ ਨਾਲ ਦੇਖੀਏ, ਤਾਂ ਕੀ ਮੇਰੀ ਪ੍ਰਾਰਥਨਾ ਦਾ ਜਵਾਬ ਮਿਲਣ ਦਾ ਇਹ ਸਹੀ ਸਮਾਂ ਹੈ? ਸ਼ਾਇਦ ਅਸੀਂ ਸੋਚੀਏ ਕਿ ਸਾਨੂੰ ਹੁਣੇ ਹੀ ਸਾਡੀ ਪ੍ਰਾਰਥਨਾ ਦਾ ਜਵਾਬ ਮਿਲ ਜਾਣਾ ਚਾਹੀਦਾ ਹੈ। ਪਰ ਯਹੋਵਾਹ ਜਾਣਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਦੇਣ ਦਾ ਸਹੀ ਸਮਾਂ ਕਿਹੜਾ ਹੈ। (ਇਬਰਾਨੀਆਂ 4:16 ਪੜ੍ਹੋ।) ਜਦੋਂ ਸਾਡੀ ਕਿਸੇ ਪ੍ਰਾਰਥਨਾ ਦਾ ਜਵਾਬ ਸਾਨੂੰ ਨਹੀਂ ਮਿਲਦਾ, ਤਾਂ ਅਸੀਂ ਸ਼ਾਇਦ ਸੋਚੀਏ ਕਿ ਯਹੋਵਾਹ ਦਾ ਜਵਾਬ ਹੈ, ‘ਨਹੀਂ।’ ਪਰ ਸ਼ਾਇਦ ਉਸ ਦਾ ਜਵਾਬ ਹੋਵੇ, ‘ਅਜੇ ਨਹੀਂ।’ ਜ਼ਰਾ ਇਕ ਵਾਰ ਫਿਰ ਉਸ ਨੌਜਵਾਨ ਭਰਾ ਬਾਰੇ ਸੋਚੋ ਜਿਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਸ ਦੀ ਬੀਮਾਰੀ ਠੀਕ ਹੋ ਜਾਵੇ। ਜੇ ਯਹੋਵਾਹ ਕੋਈ ਚਮਤਕਾਰ ਕਰ ਕੇ ਉਸ ਨੂੰ ਠੀਕ ਕਰ ਦਿੰਦਾ, ਤਾਂ ਸ਼ਾਇਦ ਸ਼ੈਤਾਨ ਯਹੋਵਾਹ ਨੂੰ ਇਹ ਮਿਹਣਾ ਮਾਰਦਾ ਕਿ ਉਹ ਭਰਾ ਸਿਰਫ਼ ਇਸ ਲਈ ਉਸ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਉਸ ਨੂੰ ਠੀਕ ਕਰ ਦਿੱਤਾ ਗਿਆ। (ਅੱਯੂ. 1:9-11; 2:4) ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਪਹਿਲਾਂ ਤੋਂ ਹੀ ਉਹ ਸਮਾਂ ਤੈਅ ਕੀਤਾ ਹੈ ਜਦੋਂ ਉਹ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰ ਦੇਵੇਗਾ। (ਯਸਾ. 33:24; ਪ੍ਰਕਾ. 21:3, 4) ਉਦੋਂ ਤਕ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਯਹੋਵਾਹ ਚਮਤਕਾਰ ਕਰ ਕੇ ਸਾਡੀ ਕਿਸੇ ਬੀਮਾਰੀ ਨੂੰ ਠੀਕ ਕਰੇਗਾ। ਇਸ ਲਈ ਉਹ ਭਰਾ ਇਹ ਪ੍ਰਾਰਥਨਾ ਕਰ ਸਕਦਾ ਹੈ ਕਿ ਯਹੋਵਾਹ ਉਸ ਨੂੰ ਇਸ ਬੀਮਾਰੀ ਨਾਲ ਲੜਨ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦੀ ਤਾਕਤ ਅਤੇ ਮਨ ਦੀ ਸ਼ਾਂਤੀ ਦੇਵੇ।—ਜ਼ਬੂ. 29:11.
14. ਭੈਣ ਜੈਨਿਸ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ?
14 ਜੈਨਿਸ ਦੇ ਤਜਰਬੇ ʼਤੇ ਦੁਬਾਰਾ ਗੌਰ ਕਰੋ ਜੋ ਬੈਥਲ ਵਿਚ ਜਾਣ ਲਈ ਪ੍ਰਾਰਥਨਾ ਕਰਦੀ ਸੀ। ਪੰਜ ਸਾਲਾਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ, ਪਰ ਉੱਦਾਂ ਨਹੀਂ ਜਿੱਦਾਂ ਉਸ ਨੇ ਸੋਚਿਆ ਸੀ। ਭੈਣ ਕਹਿੰਦੀ ਹੈ: “ਉਸ ਸਮੇਂ ਦੌਰਾਨ ਯਹੋਵਾਹ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਮਸੀਹੀ ਗੁਣ ਵਧਾਉਣ ਵਿਚ ਮੇਰੀ ਮਦਦ ਕੀਤੀ। ਮੈਨੂੰ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਵਧਾਉਣ ਦੀ ਲੋੜ ਸੀ। ਮੈਨੂੰ ਇਹ ਵੀ ਸਿੱਖਣ ਦੀ ਲੋੜ ਸੀ ਕਿ ਮੈਂ ਬਾਈਬਲ ਦਾ ਹੋਰ ਵੀ ਡੂੰਘਾਈ ਨਾਲ ਅਧਿਐਨ ਕਿੱਦਾਂ ਕਰ ਸਕਦੀ ਹਾਂ। ਨਾਲੇ ਮੈਂ ਸਿੱਖਿਆ ਕਿ ਮੇਰੀ ਖ਼ੁਸ਼ੀ ਮੇਰੇ ਹਾਲਾਤਾਂ ʼਤੇ ਨਿਰਭਰ ਨਹੀਂ ਕਰਦੀ।” ਬਾਅਦ ਵਿਚ ਭੈਣ ਅਤੇ ਉਸ ਦੇ ਪਤੀ ਨੂੰ ਸਰਕਟ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਬੀਤੇ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ: “ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ, ਪਰ ਉੱਦਾਂ ਨਹੀਂ ਜਿੱਦਾਂ ਮੈਂ ਸੋਚਿਆ ਸੀ। ਮੈਨੂੰ ਇਹ ਗੱਲ ਸਮਝਣ ਵਿਚ ਥੋੜ੍ਹਾ ਸਮਾਂ ਲੱਗਾ ਕਿ ਯਹੋਵਾਹ ਕਿੰਨੇ ਸ਼ਾਨਦਾਰ ਤਰੀਕੇ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਸ ਦੀ ਦਇਆ ਅਤੇ ਪਿਆਰ ਦੇਖਣ ਦਾ ਮੌਕਾ ਮਿਲਿਆ।”
ਜੇ ਤੁਹਾਨੂੰ ਲੱਗੇ ਕਿ ਤੁਹਾਡੀ ਕਿਸੇ ਪ੍ਰਾਰਥਨਾ ਦਾ ਜਵਾਬ ਨਹੀਂ ਮਿਲਿਆ, ਤਾਂ ਕਿਉਂ ਨਾ ਆਪਣੀ ਪ੍ਰਾਰਥਨਾ ਵਿਚ ਥੋੜ੍ਹਾ ਫੇਰ-ਬਦਲ ਕਰੋ? (ਪੈਰਾ 15 ਦੇਖੋ) f
15. ਕਈ ਵਾਰ ਇਹ ਵਧੀਆ ਕਿਉਂ ਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਸਾਫ਼-ਸਾਫ਼ ਨਾ ਦੱਸੀਏ ਕਿ ਅਸੀਂ ਕੀ ਚਾਹੁੰਦੇ ਹਾਂ? (ਤਸਵੀਰਾਂ ਵੀ ਦੇਖੋ।)
15 ਤੀਸਰਾ ਸਵਾਲ ਜੋ ਅਸੀਂ ਖ਼ੁਦ ਤੋਂ ਪੁੱਛ ਸਕਦੇ ਹਾਂ, ‘ਮੈਂ ਜਿਸ ਚੀਜ਼ ਲਈ ਪ੍ਰਾਰਥਨਾ ਕਰ ਰਿਹਾ ਹਾਂ, ਕੀ ਉਸ ਵਿਚ ਮੈਨੂੰ ਥੋੜ੍ਹਾ-ਬਹੁਤਾ ਫੇਰ-ਬਦਲ ਕਰਨ ਦੀ ਲੋੜ ਹੈ?’ ਪ੍ਰਾਰਥਨਾ ਵਿਚ ਯਹੋਵਾਹ ਨੂੰ ਸਾਫ਼-ਸਾਫ਼ ਦੱਸਣਾ ਵਧੀਆ ਗੱਲ ਹੈ ਕਿ ਸਾਨੂੰ ਕੀ ਚਾਹੀਦਾ ਹੈ। ਪਰ ਕਦੇ-ਕਦੇ ਵਧੀਆ ਹੋਵੇਗਾ ਕਿ ਅਸੀਂ ਸਾਫ਼-ਸਾਫ਼ ਨਾ ਦੱਸੀਏ। ਇੱਦਾਂ ਅਸੀਂ ਜਾਣ ਸਕਾਂਗੇ ਕਿ ਯਹੋਵਾਹ ਦੀ ਕੀ ਇੱਛਾ ਹੈ। ਹੁਣ ਜ਼ਰਾ ਉਸ ਭੈਣ ਬਾਰੇ ਸੋਚੋ ਜੋ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਲਈ ਪ੍ਰਾਰਥਨਾ ਕਰ ਰਹੀ ਸੀ। ਉਸ ਸਕੂਲ ਇਸ ਲਈ ਜਾਣਾ ਚਾਹੁੰਦੀ ਸੀ ਤਾਂਕਿ ਉਹ ਅਜਿਹੀ ਜਗ੍ਹਾ ਜਾ ਕੇ ਸੇਵਾ ਕਰ ਸਕੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਹ ਸਕੂਲ ਵਿਚ ਜਾਣ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਇਸ ਗੱਲ ਲਈ ਵੀ ਪ੍ਰਾਰਥਨਾ ਕਰ ਸਕਦੀ ਹੈ ਕਿ ਯਹੋਵਾਹ ਉਸ ਦੀ ਮਦਦ ਕਰੇ ਕਿ ਉਹ ਹੋਰ ਵੀ ਜ਼ਿਆਦਾ ਸੇਵਾ ਕਰਨ ਦੇ ਮੌਕੇ ਲੱਭ ਸਕੇ। (ਰਸੂ. 16:9, 10) ਫਿਰ ਉਹ ਆਪਣੀ ਪ੍ਰਾਰਥਨਾ ਅਨੁਸਾਰ ਕੰਮ ਵੀ ਕਰ ਸਕਦੀ ਹੈ। ਮਿਸਾਲ ਲਈ, ਉਹ ਆਪਣੇ ਸਰਕਟ ਓਵਰਸੀਅਰ ਨੂੰ ਪੁੱਛ ਸਕਦੀ ਹੈ ਕਿ ਕੀ ਕਿਸੇ ਨੇੜੇ ਦੀ ਮੰਡਲੀ ਵਿਚ ਹੋਰ ਜ਼ਿਆਦਾ ਪਾਇਨੀਅਰਾਂ ਦੀ ਲੋੜ ਹੈ? ਜਾਂ ਫਿਰ ਬ੍ਰਾਂਚ ਆਫ਼ਿਸ ਨੂੰ ਪੁੱਛ ਸਕਦੀ ਹੈ ਕਿ ਕਿਹੜੀ ਜਗ੍ਹਾ ʼਤੇ ਹੋਰ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ। e
16. ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
16 ਜਿੱਦਾਂ ਅਸੀਂ ਇਸ ਲੇਖ ਵਿਚ ਦੇਖਿਆ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਨਿਆਂ ਦਾ ਪਰਮੇਸ਼ੁਰ ਹੈ। (ਜ਼ਬੂ. 4:3; ਯਸਾ. 30:18) ਕਦੇ-ਕਦੇ ਸ਼ਾਇਦ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਨਾ ਮਿਲੇ ਜਿੱਦਾਂ ਅਸੀਂ ਸੋਚਿਆ ਹੋਵੇ। ਪਰ ਯਹੋਵਾਹ ਕਦੇ ਵੀ ਸਾਡੀਆਂ ਪ੍ਰਾਰਥਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਉਸ ਸਾਨੂੰ ਕਦੇ ਵੀ ਨਹੀਂ ਤਿਆਗੇਗਾ। (ਜ਼ਬੂ. 9:10) ਇਸ ਲਈ ਆਓ ਆਪਾਂ “ਹਰ ਵੇਲੇ ਉਸ ਉੱਤੇ ਭਰੋਸਾ” ਰੱਖੀਏ ਅਤੇ ਉਸ ਅੱਗੇ ਆਪਣਾ ਦਿਲ ਖੋਲ੍ਹੀਏ।—ਜ਼ਬੂ. 62:8.
ਗੀਤ 43 ਧੰਨਵਾਦ ਦਾ ਗੀਤ
a ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਨਾਲੇ ਉਹ ਜਿਸ ਤਰੀਕੇ ਨਾਲ ਜਵਾਬ ਦਿੰਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਕਦੇ ਵੀ ਅਨਿਆਂ ਨਹੀਂ ਕਰਦਾ।
b ਕੁਝ ਨਾਂ ਬਦਲੇ ਗਏ ਹਨ।
d ਯਹੋਵਾਹ ਮੁਸ਼ਕਲਾਂ ਝੱਲਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ, ਇਸ ਬਾਰੇ ਹੋਰ ਜਾਣਨ ਲਈ jw.org ʼਤੇ ਪ੍ਰਾਰਥਨਾ ਕਰਨ ਨਾਲ ਹਿੰਮਤ ਮਿਲਦੀ ਹੈ ਨਾਂ ਦੀ ਵੀਡੀਓ ਦੇਖੋ।
e ਜੇ ਤੁਸੀ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਹੋਰ ਦੇਸ਼ ਵਿਚ ਜਾ ਕੇ ਕਿਵੇਂ ਸੇਵਾ ਕਰ ਸਕਦੇ ਹੋ, ਤਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਿਤਾਬ (ਹਿੰਦੀ) ਦਾ ਅਧਿਆਇ 10, ਪੈਰੇ 6-9 ਦੇਖੋ।
f ਤਸਵੀਰਾਂ ਬਾਰੇ ਜਾਣਕਾਰੀ: ਦੋ ਭੈਣਾਂ ਰਾਜ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਲਈ ਫਾਰਮ ਭਰਨ ਤੋਂ ਪਹਿਲਾਂ ਪ੍ਰਾਰਥਨਾ ਕਰਦੀਆਂ ਹਨ। ਬਾਅਦ ਵਿਚ ਉਨ੍ਹਾਂ ਵਿੱਚੋਂ ਇਕ ਭੈਣ ਨੂੰ ਸਕੂਲ ਵਿਚ ਆਉਣ ਦਾ ਸੱਦਾ ਮਿਲ ਜਾਂਦਾ ਹੈ ਜਦ ਕਿ ਦੂਸਰੀ ਭੈਣ ਨੂੰ ਸੱਦਾ ਨਹੀਂ ਮਿਲਦਾ। ਜਿਸ ਭੈਣ ਨੂੰ ਸੱਦਾ ਨਹੀਂ ਮਿਲਦਾ, ਉਹ ਜ਼ਿਆਦਾ ਦੁਖੀ ਨਹੀਂ ਹੁੰਦੀ। ਇਸ ਦੀ ਬਜਾਇ, ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹੈ ਕਿ ਉਹ ਹੋਰ ਵੀ ਜ਼ਿਆਦਾ ਸੇਵਾ ਕਰਨ ਦੇ ਹੋਰ ਤਰੀਕੇ ਲੱਭਣ ਵਿਚ ਉਸ ਦੀ ਮਦਦ ਕਰੇ। ਉਸ ਤੋਂ ਬਾਅਦ ਉਹ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖ ਕੇ ਦੱਸਦੀ ਹੈ ਕਿ ਉਹ ਅਜਿਹੀ ਜਗ੍ਹਾ ਜਾ ਕੇ ਸੇਵਾ ਕਰਨ ਲਈ ਤਿਆਰ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।