Skip to content

Skip to table of contents

ਯਹੋਵਾਹ ਦੇ ਰਾਜ ਦਾ ਪੱਖ ਲਓ

ਯਹੋਵਾਹ ਦੇ ਰਾਜ ਦਾ ਪੱਖ ਲਓ

“ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।”ਪ੍ਰਕਾ. 4:11.

ਗੀਤ: 2, 11

1, 2. ਸਾਨੂੰ ਕਿਹੜੀ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਸ਼ੈਤਾਨ ਨੇ ਯਹੋਵਾਹ ਨੂੰ ਬੁਰਾ ਰਾਜਾ ਕਿਹਾ ਹੈ ਅਤੇ ਇਹ ਵੀ ਦੋਸ਼ ਲਾਇਆ ਕਿ ਉਸ ਕੋਲ ਰਾਜ ਕਰਨ ਦਾ ਹੱਕ ਨਹੀਂ। ਸ਼ੈਤਾਨ ਕਹਿੰਦਾ ਹੈ ਕਿ ਲੋਕ ਜ਼ਿਆਦਾ ਖ਼ੁਸ਼ ਰਹਿਣਗੇ ਜੇ ਉਹ ਆਪਣੀ ਮਰਜ਼ੀ ਦੇ ਮਾਲਕ ਹੋਣਗੇ। ਕੀ ਸ਼ੈਤਾਨ ਸਹੀ ਕਹਿੰਦਾ? ਜ਼ਰਾ ਸੋਚੋ, ਦੁਨੀਆਂ ਕਿਹੋ ਜਿਹੀ ਹੋਵੇਗੀ ਜੇ ਇਨਸਾਨ ਹਮੇਸ਼ਾ ਲਈ ਜੀਉਂਦੇ ਰਹਿਣ ਅਤੇ ਖ਼ੁਦ ਰਾਜ ਕਰਨ? ਕੀ ਪਰਮੇਸ਼ੁਰ ਤੋਂ ਬੇਮੁਖ ਹੋ ਕੇ ਇਨਸਾਨ ਖ਼ੁਸ਼ ਰਹਿ ਪਾਉਣਗੇ? ਕੀ ਤੁਸੀਂ ਪਰਮੇਸ਼ੁਰ ਤੋਂ ਬਗੈਰ ਹਮੇਸ਼ਾ ਲਈ ਜੀ ਕੇ ਖ਼ੁਸ਼ ਰਹਿ ਸਕੋਗੇ?

2 ਸਾਨੂੰ ਸਾਰਿਆਂ ਨੂੰ ਇਨ੍ਹਾਂ ਸਵਾਲਾਂ ’ਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਲਈ ਕੋਈ ਹੋਰ ਇਨ੍ਹਾਂ ਦੇ ਜਵਾਬ ਨਹੀਂ ਦੇ ਸਕਦਾ। ਇਸ ਤਰ੍ਹਾਂ ਕਰ ਕੇ ਸਾਨੂੰ ਇਹ ਗੱਲ ਸਾਫ਼-ਸਾਫ਼ ਸਮਝ ਆਵੇਗੀ ਕਿ ਯਹੋਵਾਹ ਹੀ ਸਭ ਤੋਂ ਚੰਗਾ ਰਾਜਾ ਹੈ। ਨਾਲੇ ਉਸ ਦੇ ਰਾਜ ਦਾ ਪੱਖ ਲੈਣਾ ਸਹੀ ਹੈ। ਆਓ ਆਪਾਂ ਬਾਈਬਲ ਵਿੱਚੋਂ ਕੁਝ ਠੋਸ ਕਾਰਨ ਦੇਖੀਏ ਕਿ ਰਾਜ ਕਰਨ ਦਾ ਹੱਕ ਯਹੋਵਾਹ ਦਾ ਹੀ ਕਿਉਂ ਹੈ।

ਸਿਰਫ਼ ਯਹੋਵਾਹ ਕੋਲ ਰਾਜ ਕਰਨ ਦਾ ਹੱਕ ਹੈ

3. ਯਹੋਵਾਹ ਕੋਲ ਪੂਰੀ ਕਾਇਨਾਤ ਉੱਤੇ ਰਾਜ ਕਰਨ ਦਾ ਹੱਕ ਕਿਉਂ ਹੈ?

3 ਯਹੋਵਾਹ ਹੀ ਪੂਰੀ ਕਾਇਨਾਤ ਦਾ ਮਾਲਕ ਹੈ ਕਿਉਂਕਿ ਉਹ ਹੀ ਸਰਬਸ਼ਕਤੀਮਾਨ ਅਤੇ ਸ੍ਰਿਸ਼ਟੀਕਰਤਾ ਹੈ। (1 ਇਤ. 29:11; ਰਸੂ. 4:24) ਇਕ ਸਵਰਗੀ  ਦਰਸ਼ਣ ਵਿਚ ਮਸੀਹ ਨਾਲ ਰਾਜ ਕਰਨ ਵਾਲੇ 1,44,000 ਰਾਜੇ ਕਹਿੰਦੇ ਹਨ: “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।” (ਪ੍ਰਕਾ. 4:11) ਧਰਤੀ ਅਤੇ ਸਵਰਗ ਵਿਚ ਸਭ ਕੁਝ ਯਹੋਵਾਹ ਨੇ ਬਣਾਇਆ ਹੈ। ਇਸ ਲਈ ਉਸ ਕੋਲ ਹੀ ਪੂਰੀ ਕਾਇਨਾਤ ਉੱਤੇ ਰਾਜ ਕਰਨ ਦਾ ਹੱਕ ਹੈ।

4. ਆਜ਼ਾਦ ਮਰਜ਼ੀ ਹੋਣ ਕਰਕੇ ਇਨਸਾਨ ਕੋਲ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦਾ ਹੱਕ ਕਿਉਂ ਨਹੀਂ?

4 ਸ਼ੈਤਾਨ ਨੇ ਕੁਝ ਵੀ ਨਹੀਂ ਬਣਾਇਆ। ਇਸ ਲਈ ਉਸ ਨੂੰ ਪੂਰੀ ਕਾਇਨਾਤ ’ਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਯਹੋਵਾਹ ਦੇ ਰਾਜ ਦੇ ਖ਼ਿਲਾਫ਼ ਜਾ ਕੇ ਸ਼ੈਤਾਨ ਅਤੇ ਪਹਿਲੇ ਜੋੜੇ ਨੇ ਯਹੋਵਾਹ ਲਈ ਕੋਈ ਆਦਰ ਨਹੀਂ ਦਿਖਾਇਆ। (ਯਿਰ. 10:23) ਕੀ ਆਜ਼ਾਦ ਮਰਜ਼ੀ ਹੋਣ ਕਰਕੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦਾ ਹੱਕ ਸੀ? ਨਹੀਂ। ਆਜ਼ਾਦ ਮਰਜ਼ੀ ਹੋਣ ਕਰਕੇ ਇਕ ਵਿਅਕਤੀ ਆਪਣੀ ਪਸੰਦ ਦੇ ਕੰਮ ਕਰ ਸਕਦਾ ਹੈ ਅਤੇ ਆਪਣੇ ਫ਼ੈਸਲੇ ਆਪ ਲੈ ਸਕਦਾ ਹੈ। ਪਰ ਉਸ ਦਾ ਇਹ ਹੱਕ ਨਹੀਂ ਕਿ ਉਹ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਦੇ ਹੀ ਖ਼ਿਲਾਫ਼ ਖੜ੍ਹਾ ਹੋ ਜਾਵੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨਾ ਆਪਣੀ ਆਜ਼ਾਦ ਮਰਜ਼ੀ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਹੈ। ਇਨਸਾਨ ਯਹੋਵਾਹ ਦੇ ਰਾਜ ਅਤੇ ਉਸ ਦੀ ਅਗਵਾਈ ਤੋਂ ਬਗੈਰ ਨਹੀਂ ਚੱਲ ਸਕਦੇ।

5. ਪਰਮੇਸ਼ੁਰ ਦੇ ਫ਼ੈਸਲੇ ਹਮੇਸ਼ਾ ਸਹੀ ਕਿਉਂ ਹੁੰਦੇ ਹਨ?

5 ਇਕ ਹੋਰ ਕਾਰਨ ’ਤੇ ਗੌਰ ਕਰੋ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਕਿਉਂ ਹੈ। ਉਹ ਆਪਣੇ ਅਧਿਕਾਰ ਨੂੰ ਕਦੀ ਵੀ ਗ਼ਲਤ ਤਰੀਕੇ ਨਾਲ ਨਹੀਂ ਵਰਤਦਾ। ਉਹ ਸਾਨੂੰ ਦੱਸਦਾ ਹੈ: “ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ।” (ਯਿਰ. 9:24) ਸਹੀ-ਗ਼ਲਤ ਦਾ ਫ਼ੈਸਲਾ ਕਰਨ ਲਈ ਯਹੋਵਾਹ ਨੂੰ ਸਾਡੇ ਕਾਨੂੰਨਾਂ ਦੀ ਕੋਈ ਲੋੜ ਨਹੀਂ, ਸਗੋਂ ਨਿਆਂ ਦਾ ਪਰਮੇਸ਼ੁਰ ਹੋਣ ਕਰਕੇ ਉਸ ਨੇ ਹੀ ਸਾਨੂੰ ਕਾਨੂੰਨ ਦਿੱਤੇ ਹਨ ਅਤੇ ਸਹੀ-ਗ਼ਲਤ ਲਈ ਮਿਆਰ ਠਹਿਰਾਏ ਹਨ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧਰਮ ਤੇ ਨਿਆਉਂ ਤੇਰੀ ਰਾਜ ਗੱਦੀ ਦੀ ਨੀਂਹ ਹਨ।” ਇਸ ਲਈ ਯਹੋਵਾਹ ਦੇ ਕਾਨੂੰਨ, ਅਸੂਲ ਅਤੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ। (ਜ਼ਬੂ. 89:14; 119:128) ਭਾਵੇਂ ਕਿ ਸ਼ੈਤਾਨ ਯਹੋਵਾਹ ਨੂੰ ਮਾੜਾ ਰਾਜਾ ਕਹਿੰਦਾ ਹੈ, ਪਰ ਕੀ ਸ਼ੈਤਾਨ ਨੇ ਇਸ ਦੁਨੀਆਂ ਨਾਲ ਨਿਆਂ ਕੀਤਾ ਹੈ?

6. ਯਹੋਵਾਹ ਕੋਲ ਇਸ ਦੁਨੀਆਂ ਉੱਤੇ ਰਾਜ ਕਰਨ ਦੇ ਹੱਕ ਦਾ ਤੀਜਾ ਕਾਰਨ ਦੱਸੋ?

6 ਤੀਜੇ ਕਾਰਨ ’ਤੇ ਗੌਰ ਕਰੋ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਕਿਉਂ ਹੈ। ਦੁਨੀਆਂ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਿਰਫ਼ ਉਸ ਕੋਲ ਹੀ ਗਿਆਨ ਅਤੇ ਬੁੱਧ ਹੈ। ਇਹ ਗੱਲ ਉਸ ਦੇ ਪੁੱਤਰ ਦੇ ਕੰਮਾਂ ਤੋਂ ਪਤਾ ਲੱਗਦੀ ਹੈ। ਯਿਸੂ ਨੂੰ ਉਹ ਬੀਮਾਰੀਆਂ ਵੀ ਠੀਕ ਕਰਨ ਦੀ ਤਾਕਤ ਮਿਲੀ ਜੋ ਕੋਈ ਵੈਦ ਜਾਂ ਹਕੀਮ ਠੀਕ ਨਹੀਂ ਕਰ ਸਕਦੇ ਸਨ। (ਮੱਤੀ 4:23, 24; ਮਰ. 5:25-29) ਯਿਸੂ ਦੇ ਕੰਮ ਸਾਡੇ ਲਈ ਚਮਤਕਾਰ ਹਨ, ਪਰ ਯਹੋਵਾਹ ਲਈ ਨਹੀਂ। ਉਹ ਸਾਡੀ ਸਰੀਰ ਦੀ ਬਣਤਰ ਨੂੰ ਜਾਣਦਾ ਹੈ ਇਸ ਲਈ ਉਹ ਕੋਈ ਵੀ ਸੱਟ ਅਤੇ ਬੀਮਾਰੀ ਠੀਕ ਕਰ ਸਕਦਾ ਹੈ। ਉਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰ ਸਕਦਾ ਹੈ ਅਤੇ ਕੁਦਰਤੀ ਆਫ਼ਤਾਂ ਨੂੰ ਵੀ ਰੋਕ ਸਕਦਾ ਹੈ।

7. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਯਹੋਵਾਹ ਹੀ ਸਭ ਤੋਂ ਬੁੱਧੀਮਾਨ ਹੈ?

7 ਇਸ ਦੁਨੀਆਂ ਦਾ ਰਾਜਾ ਸ਼ੈਤਾਨ ਹੈ ਇਸ ਲਈ ਨਾ ਤਾਂ ਦੇਸ਼ ਅੰਦਰ ਸ਼ਾਂਤੀ ਹੈ ਤੇ ਨਾ ਹੀ ਦੇਸ਼ਾਂ ਦੀ ਆਪਸ ਵਿਚ ਸ਼ਾਂਤੀ ਹੈ। ਪੂਰੀ ਦੁਨੀਆਂ ਵਿਚ ਸ਼ਾਂਤੀ ਕਾਇਮ ਕਰਨ ਦੀ ਬੁੱਧ ਸਿਰਫ਼ ਯਹੋਵਾਹ ਕੋਲ ਹੀ ਹੈ। (ਯਸਾ. 2:3, 4; 54:13) ਅਸੀਂ ਵੀ ਪੌਲੁਸ ਰਸੂਲ ਵਾਂਗ ਮਹਿਸੂਸ ਕਰਦੇ ਹਾਂ, ਜਿਸ ਨੇ ਕਿਹਾ: “ਵਾਹ! ਪਰਮੇਸ਼ੁਰ ਦੀਆਂ ਬਰਕਤਾਂ, ਬੁੱਧ ਅਤੇ ਗਿਆਨ ਕਿੰਨਾ ਵਿਸ਼ਾਲ ਹੈ! ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ? ਉਸ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ?”ਰੋਮੀ. 11:33.

ਯਹੋਵਾਹ ਹੀ ਸਭ ਤੋਂ ਚੰਗਾ ਰਾਜਾ ਹੈ

8. ਤੁਹਾਨੂੰ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਵਧੀਆ ਕਿਉਂ ਲੱਗਦਾ ਹੈ?

8 ਬਾਈਬਲ ਤੋਂ ਅਸੀਂ ਦੇਖ ਚੁੱਕੇ ਹਾਂ ਕਿ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੀ ਹੈ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਸਭ ਤੋਂ ਵਧੀਆ ਰਾਜਾ ਕਿਉਂ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਉਹ  ਪਿਆਰ ਕਰਨ ਵਾਲਾ ਰਾਜਾ ਹੈ। ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” ਇਹ ਗੱਲ ਜਾਣ ਕੇ ਅਸੀਂ ਉਸ ਦੇ ਕਿੰਨੇ ਹੀ ਨੇੜੇ ਮਹਿਸੂਸ ਕਰਦੇ ਹਾਂ! (ਕੂਚ 34:6) ਯਹੋਵਾਹ ਸਾਡੇ ਨਾਲ ਪਿਆਰ ਅਤੇ ਅਦਬ ਨਾਲ ਪੇਸ਼ ਆਉਂਦਾ ਹੈ। ਉਹ ਸਾਡੇ ਨਾਲੋਂ ਵੀ ਜ਼ਿਆਦਾ ਸਾਡੀ ਪਰਵਾਹ ਕਰਦਾ ਹੈ। ਸ਼ੈਤਾਨ ਕਹਿੰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਤੋਂ ਚੰਗੀਆਂ ਚੀਜ਼ਾਂ ਲੁਕੋ ਕੇ ਰੱਖਦਾ ਹੈ। ਪਰ ਇਹ ਸਰਾਸਰ ਝੂਠ ਹੈ। ਪਰਮੇਸ਼ੁਰ ਨੇ ਆਪਣਾ ਪਿਆਰਾ ਪੁੱਤਰ ਵੀ ਦੇ ਦਿੱਤਾ ਤਾਂਕਿ ਅਸੀਂ ਹਮੇਸ਼ਾ ਲਈ ਜੀ ਸਕੀਏ।ਜ਼ਬੂਰਾਂ ਦੀ ਪੋਥੀ 84:11; ਰੋਮੀਆਂ 8:32 ਪੜ੍ਹੋ।

9. ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਇਕੱਲੇ-ਇਕੱਲੇ ਦਾ ਖ਼ਿਆਲ ਰੱਖਦਾ ਹੈ?

9 ਯਹੋਵਾਹ ਸਾਨੂੰ ਨਾ ਸਿਰਫ਼ ਸਮੂਹ ਵਜੋਂ ਪਿਆਰ ਕਰਦਾ ਹੈ, ਸਗੋਂ ਉਸ ਨੂੰ ਇਕੱਲੇ-ਇਕੱਲੇ ਸੇਵਕ ਦਾ ਫ਼ਿਕਰ ਹੈ। ਪੁਰਾਣੇ ਸਮੇਂ ਬਾਰੇ ਸੋਚੋ। ਯਹੋਵਾਹ ਨੇ ਲਗਭਗ 300 ਸਾਲਾਂ ਤਕ ਨਿਆਈਆਂ ਦੁਆਰਾ ਆਪਣੀ ਕੌਮ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਦਵਾਈ। ਫਿਰ ਵੀ ਉਨ੍ਹਾਂ ਔਖੇ ਸਾਲਾਂ ਦੌਰਾਨ ਯਹੋਵਾਹ ਨੇ ਇਕੱਲੇ-ਇਕੱਲੇ ਸੇਵਕ ਵੱਲ ਵੀ ਧਿਆਨ ਦਿੱਤਾ। ਮਿਸਾਲ ਲਈ, ਉਸ ਨੇ ਰੂਥ ਦਾ ਖ਼ਿਆਲ ਰੱਖਿਆ ਜੋ ਇਜ਼ਰਾਈਲੀ ਨਹੀਂ ਸੀ। ਉਸ ਨੇ ਯਹੋਵਾਹ ਦੀ ਸੇਵਕ ਬਣਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਇਨਾਮ ਵਜੋਂ ਪਰਮੇਸ਼ੁਰ ਨੇ ਉਸ ਨੂੰ ਪਤੀ ਦਿੱਤਾ ਅਤੇ ਬਾਅਦ ਵਿਚ ਇਕ ਪੁੱਤਰ ਦਿੱਤਾ। ਇਸ ਤੋਂ ਵੀ ਵੱਡੀ ਬਰਕਤ ਇਹ ਸੀ ਕਿ ਉਹ ਮਸੀਹ ਦੀ ਦਾਦੀ-ਪੜਦਾਦੀ ਬਣੀ। ਯਹੋਵਾਹ ਨੇ ਬਾਈਬਲ ਵਿਚ ਰੂਥ ਦੀ ਜੀਵਨੀ ਲਿਖਵਾਈ ਜੋ ਉਸ ਦੇ ਨਾਂ ਤੋਂ ਦਰਜ ਹੈ। ਸੋਚੋ ਜਦੋਂ ਰੂਥ ਨਵੀਂ ਦੁਨੀਆਂ ਵਿਚ ਜੀਉਂਦੀ ਹੋਵੇਗੀ, ਤਾਂ ਉਸ ਨੂੰ ਇਹ ਜਾਣ ਕੇ ਕਿੱਦਾਂ ਦਾ ਲੱਗੇਗਾ ਕਿ ਉਸ ਦੀ ਜੀਵਨੀ ਬਾਈਬਲ ਵਿਚ ਲਿਖਵਾਈ ਗਈ ਸੀ ਅਤੇ ਉਹ ਵੀ ਉਸ ਦੇ ਹੀ ਨਾਂ ਦੀ ਕਿਤਾਬ ਵਿਚ।ਰੂਥ 4:13; ਮੱਤੀ 1:5, 16.

10. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਪੱਥਰ-ਦਿਲ ਰਾਜਾ ਨਹੀਂ ਹੈ?

10 ਯਹੋਵਾਹ ਇਕ ਕਠੋਰ ਜਾਂ ਪੱਥਰ-ਦਿਲ ਰਾਜਾ ਨਹੀਂ ਹੈ। ਉਸ ਦੇ ਸਾਰੇ ਸੇਵਕ ਉਸ ਦਾ ਕਹਿਣਾ ਮੰਨ ਕੇ ਖ਼ੁਸ਼ ਅਤੇ ਆਜ਼ਾਦ ਮਹਿਸੂਸ ਕਰਦੇ ਹਨ। (2 ਕੁਰਿੰ. 3:17) ਦਾਊਦ ਨੇ ਯਹੋਵਾਹ ਬਾਰੇ ਕਿਹਾ: “ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, ਬਲ ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ।” (1 ਇਤ. 16:7, 27) ਜ਼ਬੂਰਾਂ ਦੇ ਇਕ ਲਿਖਾਰੀ ਏਥਾਨ ਨੇ ਲਿਖਿਆ: “ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ! ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।”ਜ਼ਬੂ. 89:15, 16.

11. ਅਸੀਂ ਆਪਣਾ ਯਕੀਨ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ ਕਿ ਯਹੋਵਾਹ ਹੀ ਸਭ ਤੋਂ ਵਧੀਆ ਰਾਜਾ ਹੈ?

11 ਜਿਨ੍ਹਾਂ ਜ਼ਿਆਦਾ ਅਸੀਂ ਯਹੋਵਾਹ ਦੇ ਚੰਗੇ ਗੁਣਾਂ ਬਾਰੇ ਸੋਚਦੇ ਹਾਂ, ਉਨ੍ਹਾਂ ਹੀ ਜ਼ਿਆਦਾ ਸਾਨੂੰ ਯਕੀਨ ਹੁੰਦਾ ਹੈ ਕਿ ਉਹ ਹੀ ਸਭ ਤੋਂ ਵਧੀਆ ਰਾਜਾ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ ਪਰਮੇਸ਼ੁਰ ਬਾਰੇ ਕਹਾਂਗੇ: “ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ।” (ਜ਼ਬੂ. 84:10) ਯਹੋਵਾਹ ਨੇ ਹੀ ਸਾਨੂੰ ਬਣਾਇਆ ਹੈ ਇਸ ਲਈ ਉਹ ਹੀ ਜਾਣਦਾ ਹੈ ਕਿ ਕਿਹੜੀ ਚੀਜ਼ ਤੋਂ ਸਾਨੂੰ ਖ਼ੁਸ਼ ਮਿਲੇਗੀ। ਦਰਿਆ-ਦਿਲ ਹੋਣ ਕਰਕੇ ਉਹ ਸਾਡੀਆਂ ਲੋੜਾਂ ਤੋਂ ਵੀ ਵਧ ਸਾਨੂੰ ਦਿੰਦਾ ਹੈ। ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਕਹਿੰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ। ਉਸ ਦਾ ਕਹਿਣਾ ਮੰਨ ਕੇ ਹਮੇਸ਼ਾ ਖ਼ੁਸ਼ੀ ਮਿਲਦੀ ਹੈ, ਚਾਹੇ ਸਾਨੂੰ ਇਸ ਲਈ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ।ਯਸਾਯਾਹ 48:17 ਪੜ੍ਹੋ।

12. ਅਸੀਂ ਯਹੋਵਾਹ ਦੇ ਰਾਜ ਦਾ ਪੱਖ ਕਿਉਂ ਲੈਂਦੇ ਹਾਂ?

12 ਬਾਈਬਲ ਦੱਸਦੀ ਹੈ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਕੁਝ ਲੋਕ ਯਹੋਵਾਹ ਦੇ ਰਾਜ ਦੇ ਖ਼ਿਲਾਫ਼ ਹੋ ਜਾਣਗੇ। (ਪ੍ਰਕਾ. 20:7, 8) ਪਰ ਉਹ ਇਸ ਤਰ੍ਹਾਂ ਕਿਉਂ ਕਰਨਗੇ? ਉਸ ਸਮੇਂ ਵੀ ਸ਼ੈਤਾਨ ਇਹ ਗੱਲ ਕਹਿ ਕੇ ਲੋਕਾਂ ਨੂੰ ਗੁਮਰਾਹ ਕਰੇਗਾ ਕਿ ਉਹ ਪਰਮੇਸ਼ੁਰ ਤੋਂ ਬਿਨਾਂ ਹਮੇਸ਼ਾ ਲਈ ਖ਼ੁਸ਼ ਰਹਿ ਸਕਦੇ ਹਨ। ਸ਼ੈਤਾਨ ਦੀ ਇਹ ਗੱਲ ਉਦੋਂ ਵੀ ਸੱਚ ਸਾਬਤ ਨਹੀਂ ਹੋਵੇਗੀ। ਪਰ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਇਸ ਝੂਠ ’ਤੇ ਵਿਸ਼ਵਾਸ ਕਰਾਂਗਾ?’ ਅਸੀਂ ਇਸ ਝੂਠ ਵਿਚ ਕਦੀ ਨਹੀਂ ਫਸਾਂਗੇ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਉਸ ਨੂੰ ਆਪਣਾ ਰਾਜਾ ਮੰਨਦੇ ਹਾਂ ਅਤੇ ਉਸ ਦੇ ਰਾਜ ਦਾ ਪੱਖ ਲੈਂਦੇ ਹਾਂ। ਯਹੋਵਾਹ ਪਿਆਰ ਕਰਨ ਵਾਲਾ ਰਾਜਾ ਹੈ,  ਇਸ ਲਈ ਅਸੀਂ ਹਮੇਸ਼ਾ ਉਸ ਦੀ ਹਕੂਮਤ ਅਧੀਨ ਰਹਿਣਾ ਚਾਹੁੰਦੇ ਹਾਂ।

ਵਫ਼ਾਦਾਰ ਰਹਿ ਕੇ ਯਹੋਵਾਹ ਦੇ ਰਾਜ ਦਾ ਪੱਖ ਲਓ

13. ਅਸੀਂ ਯਹੋਵਾਹ ਦੇ ਰਾਜ ਦਾ ਪੱਖ ਕਿਵੇਂ ਲੈਂਦੇ ਹਾਂ?

13 ਅਸੀਂ ਪਿੱਛੇ ਦੇਖ ਚੁੱਕੇ ਹਾਂ ਕਿ ਰਾਜ ਕਰਨ ਦਾ ਹੱਕ ਯਹੋਵਾਹ ਦਾ ਹੀ ਹੈ ਅਤੇ ਉਹ ਸਭ ਤੋਂ ਵਧੀਆ ਰਾਜਾ ਹੈ। ਸਾਨੂੰ ਪੂਰੇ ਦਿਲ ਨਾਲ ਉਸ ਦੇ ਰਾਜ ਦਾ ਪੱਖ ਲੈਣਾ ਚਾਹੀਦਾ ਹੈ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਅਤੇ ਉਸ ਦੀ ਰੀਸ ਕਰ ਕੇ ਅਸੀਂ ਉਸ ਦੇ ਰਾਜ ਦਾ ਪੱਖ ਲੈਂਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਦੀ ਸੋਚ ਮੁਤਾਬਕ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਰਾਜ ਦੇ ਪੱਖ ਵਿਚ ਖੜ੍ਹੇ ਹਾਂ।ਅਫ਼ਸੀਆਂ 5:1, 2 ਪੜ੍ਹੋ।

14. ਮੰਡਲੀ ਦੇ ਬਜ਼ੁਰਗ ਅਤੇ ਘਰ ਦੇ ਮੁਖੀ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਨ?

14 ਬਾਈਬਲ ਸਾਨੂੰ ਦੱਸਦੀ ਹੈ ਕਿ ਪਿਆਰ ਕਰਨ ਕਰਕੇ ਯਹੋਵਾਹ ਆਪਣੀ ਤਾਕਤ ਕਦੀ ਵੀ ਨਾਜਾਇਜ਼ ਤਰੀਕੇ ਨਾਲ ਨਹੀਂ ਵਰਤਦਾ। ਘਰ ਦੇ ਮੁਖੀ ਅਤੇ ਮੰਡਲੀ ਦੇ ਬਜ਼ੁਰਗ ਯਹੋਵਾਹ ਦੀ ਰੀਸ ਕਰ ਕੇ ਉਸ ਦੇ ਰਾਜ ਦਾ ਪੱਖ ਲੈਂਦੇ ਹਨ। ਉਹ ਕਦੀ ਵੀ ਦੂਸਰਿਆਂ ਨਾਲ ਰੁੱਖੇ ਢੰਗ ਨਾਲ ਪੇਸ਼ ਨਹੀਂ ਆਉਂਦੇ ਅਤੇ ਨਾ ਹੀ ਉਨ੍ਹਾਂ ਉੱਤੇ ਰੋਹਬ ਜਮਾਉਂਦੇ ਹਨ। ਪੌਲੁਸ ਵੀ ਇਸੇ ਤਰ੍ਹਾਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਰੀਸ ਕਰਦਾ ਸੀ। (1 ਕੁਰਿੰ. 11:1) ਉਹ ਨਾ ਤਾਂ ਦੂਸਰਿਆਂ ਨੂੰ ਸ਼ਰਮਿੰਦਾ ਕਰਦਾ ਸੀ ਤੇ ਨਾ ਹੀ ਕਿਸੇ ’ਤੇ ਦਬਾਅ ਪਾ ਕੇ ਸਹੀ ਕੰਮ ਕਰਾਉਂਦਾ ਸੀ। ਇਸ ਦੀ ਬਜਾਇ, ਉਹ ਪਿਆਰ ਨਾਲ ਉਨ੍ਹਾਂ ਦੇ ਦਿਲਾਂ ਨੂੰ ਪ੍ਰੇਰਦਾ ਸੀ। (ਰੋਮੀ. 12:1; ਅਫ਼. 4:1; ਫਿਲੇ. 8-10) ਇਸ ਤਰ੍ਹਾਂ ਕਰ ਕੇ ਪੌਲੁਸ ਨੇ ਯਹੋਵਾਹ ਦੀ ਰੀਸ ਕੀਤੀ। ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆ ਕੇ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲੈਂਦੇ ਹਾਂ।

15. ਅਧਿਕਾਰ ਰੱਖਣ ਵਾਲਿਆਂ ਦਾ ਕਹਿਣਾ ਮੰਨ ਕੇ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਕਿਵੇਂ ਲੈਂਦੇ ਹਾਂ?

15 ਅਧਿਕਾਰ ਰੱਖਣ ਵਾਲਿਆਂ ਦਾ ਕਹਿਣਾ ਮੰਨ ਕੇ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲੈਂਦੇ ਹਾਂ। ਜੇ ਸਾਨੂੰ ਕੋਈ ਫ਼ੈਸਲਾ ਸਮਝ ਨਹੀਂ ਆਉਂਦਾ ਜਾਂ ਅਸੀਂ ਉਸ ਨਾਲ ਸਹਿਮਤ ਨਹੀਂ ਹੁੰਦੇ, ਫਿਰ ਵੀ ਅਸੀਂ ਅਧਿਕਾਰ ਰੱਖਣ ਵਾਲਿਆਂ ਦਾ ਕਹਿਣਾ ਮੰਨਦੇ ਹਾਂ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਬਗਾਵਤ ਨਹੀਂ  ਕਰਦੇ, ਸਗੋਂ ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਅਧੀਨ ਰਹਿੰਦੇ ਹਾਂ। (ਅਫ਼. 5:22, 23; 6:1-3; ਇਬ. 13:17) ਯਹੋਵਾਹ ਸਾਡਾ ਭਲਾ ਚਾਹੁੰਦਾ ਹੈ ਇਸ ਕਰਕੇ ਉਸ ਦਾ ਕਹਿਣਾ ਮੰਨਣ ਨਾਲ ਹਮੇਸ਼ਾ ਸਾਡਾ ਫ਼ਾਇਦਾ ਹੁੰਦਾ ਹੈ।

16. ਸਾਡੇ ਫ਼ੈਸਲਿਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਰਾਜ ਦੇ ਪੱਖ ਵਿਚ ਹਾਂ?

16 ਅਸੀਂ ਫ਼ੈਸਲੇ ਕਰਦਿਆਂ ਵੀ ਯਹੋਵਾਹ ਦੇ ਰਾਜ ਦਾ ਪੱਖ ਲੈ ਸਕਦੇ ਹਾਂ। ਹਰ ਛੋਟੀ-ਛੋਟੀ ਗੱਲ ਲਈ ਯਹੋਵਾਹ ਨੇ ਸਾਨੂੰ ਕਾਨੂੰਨ ਨਹੀਂ ਦਿੱਤੇ। ਇਸ ਦੀ ਬਜਾਇ, ਉਸ ਨੇ ਸਾਨੂੰ ਆਪਣੀ ਸੋਚ ਦੱਸੀ ਹੈ। ਇਸ ਨਾਲ ਅਸੀਂ ਸਮਝ ਜਾਂਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਮਿਸਾਲ ਲਈ, ਯਹੋਵਾਹ ਨੇ ਸਾਨੂੰ ਕੋਈ ਸੂਚੀ ਨਹੀਂ ਦਿੱਤੀ ਕਿ ਸਾਨੂੰ ਕਿਹੜੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਕਿਹੜੇ ਨਹੀਂ। ਇਸ ਦੀ ਬਜਾਇ, ਉਸ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਸਲੀਕੇਦਾਰ ਅਤੇ ਸ਼ਰਮ-ਹਯਾ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। (1 ਤਿਮੋ. 2:9, 10) ਉਹ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਸਾਡੇ ਫ਼ੈਸਲਿਆਂ ਦਾ ਦੂਸਰਿਆਂ ’ਤੇ ਕੀ ਅਸਰ ਪੈਂਦਾ ਹੈ। (1 ਕੁਰਿੰ. 10:31-33) ਜਦੋਂ ਅਸੀਂ ਯਹੋਵਾਹ ਦੀ ਸੋਚ ਮੁਤਾਬਕ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਰਾਜ ਦੇ ਪੱਖ ਵਿਚ ਹਾਂ।

ਫ਼ੈਸਲੇ ਕਰਦਿਆਂ ਅਤੇ ਪਰਿਵਾਰਕ ਮਾਮਲਿਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪੱਖ ਲਓ (ਪੈਰੇ 16-18 ਦੇਖੋ)

17, 18. ਵਿਆਹੇ ਮਸੀਹੀ ਜੋੜੇ ਕਿਵੇਂ ਦਿਖਾ ਸਕਦੇ ਹਨ ਕਿ ਉਹ ਯਹੋਵਾਹ ਦੇ ਰਾਜ ਦੇ ਪੱਖ ਵਿਚ ਹਨ?

17 ਇਕ ਹੋਰ ਹਾਲਾਤ ਬਾਰੇ ਸੋਚੋ ਜਿਸ ਵਿਚ ਵਿਆਹੇ ਮਸੀਹੀ ਯਹੋਵਾਹ ਦੇ ਰਾਜ ਦਾ ਪੱਖ ਲੈ ਸਕਦੇ ਹਨ। ਸ਼ਾਇਦ ਉਨ੍ਹਾਂ ਦਾ ਵਿਆਹ ਫੁੱਲਾਂ ਦੀ ਸੇਜ ਨਾ ਹੋਵੇ। ਜੇ ਇਹ ਗੱਲ ਸੱਚ ਹੈ, ਤਾਂ ਉਹ ਇਸ ਗੱਲ ’ਤੇ ਸੋਚ-ਵਿਚਾਰ ਕਰ ਸਕਦੇ ਹਨ ਕਿ ਯਹੋਵਾਹ ਇਜ਼ਰਾਈਲੀਆਂ ਨਾਲ ਕਿਵੇਂ ਪੇਸ਼ ਆਇਆ ਸੀ। ਯਹੋਵਾਹ ਨੇ ਕਿਹਾ ਕਿ ਇਜ਼ਰਾਈਲ ਨਾਲ ਉਸ ਦਾ ਰਿਸ਼ਤਾ ਪਤੀ-ਪਤਨੀ ਦੇ ਰਿਸ਼ਤੇ ਵਰਗਾ ਸੀ। (ਯਸਾ. 54:5; 62:4) ਇਸ ਕੌਮ ਨੇ ਬਹੁਤ ਵਾਰ ਯਹੋਵਾਹ ਦਾ ਦਿਲ ਦੁਖਾਇਆ। ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਰਿਸ਼ਤਾ ਇਕ ਵਿਗੜੇ ਹੋਏ ਵਿਆਹੁਤਾ ਰਿਸ਼ਤੇ ਵਾਂਗ ਸੀ। ਸਗੋਂ ਯਹੋਵਾਹ ਨੇ ਜਲਦਬਾਜ਼ੀ ਵਿਚ ਇਹ ਰਿਸ਼ਤਾ ਨਹੀਂ ਤੋੜਿਆ। ਪਰ ਉਨ੍ਹਾਂ ਨੂੰ ਵਾਰ-ਵਾਰ ਮਾਫ਼ ਕਰਦਾ ਰਿਹਾ ਅਤੇ ਵਫ਼ਾਦਾਰ ਹੋਣ ਕਰਕੇ ਆਪਣੇ ਵਾਅਦੇ ਨਿਭਾਉਂਦਾ ਰਿਹਾ।ਜ਼ਬੂਰਾਂ ਦੀ ਪੋਥੀ 106:43-45 ਪੜ੍ਹੋ।

18 ਵਿਆਹੇ ਮਸੀਹੀ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਚਾਹੇ ਉਨ੍ਹਾਂ ਦੇ ਰਿਸ਼ਤੇ ਦੀਆਂ ਤੰਦਾਂ ਕਮਜ਼ੋਰ ਪੈ ਗਈਆਂ ਹੋਣ, ਪਰ ਫਿਰ ਵੀ ਉਹ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਜਾ ਕੇ ਤਲਾਕ ਲੈਣ ਦੇ ਬਹਾਨੇ ਨਹੀਂ ਲੱਭਦੇ। ਉਹ ਜਾਣਦੇ ਹਨ ਕਿ ਵਿਆਹ ਦਾ ਵਾਅਦਾ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਪਤੀ-ਪਤਨੀ ਇਕੱਠੇ ਰਹਿਣ। ਬਾਈਬਲ ਦੱਸਦੀ ਹੈ ਕਿ ਸਿਰਫ਼ ਹਰਾਮਕਾਰੀ ਹੀ ਇੱਕੋ-ਇਕ ਆਧਾਰ ਹੈ ਜਿਸ ਕਰਕੇ ਬੇਕਸੂਰ ਸਾਥੀ ਤਲਾਕ ਲੈ ਸਕਦਾ ਹੈ ਅਤੇ ਦੁਬਾਰਾ ਵਿਆਹ ਕਰਾ ਸਕਦਾ ਹੈ। (ਮੱਤੀ 19:5, 6, 9) ਜਦੋਂ ਮਸੀਹੀ ਜੋੜਾ ਆਪਣੇ ਵਿਆਹ ਨੂੰ ਸਫ਼ਲ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦਾ ਹੈ, ਤਾਂ ਉਹ ਯਹੋਵਾਹ ਦੇ ਰਾਜ ਦਾ ਪੱਖ ਲੈਂਦਾ ਹੈ।

19. ਗ਼ਲਤੀ ਹੋਣ ਤੇ ਅਸੀਂ ਕੀ ਕਰਾਂਗੇ?

19 ਯਹੋਵਾਹ ਜਾਣਦਾ ਹੈ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਕਦੀ-ਕਦੀ ਯਹੋਵਾਹ ਨੂੰ ਦੁਖੀ ਕਰਦੇ ਹਾਂ। ਇਸ ਕਰਕੇ ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਇਸ ਲਈ ਜਦੋਂ ਅਸੀਂ ਗ਼ਲਤੀ ਕਰਦੇ ਹਾਂ, ਤਾਂ ਸਾਨੂੰ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। (1 ਯੂਹੰ. 2:1, 2) ਗ਼ਲਤੀ ਹੋਣ ਤੇ ਆਪਣੇ ਆਪ ਨੂੰ ਕੋਸਣ ਦੀ ਬਜਾਇ ਆਪਣੀ ਗ਼ਲਤੀ ਤੋਂ ਸਿੱਖੋ। ਅਸੀਂ ਯਹੋਵਾਹ ਦੇ ਨੇੜੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਉਹ ਸਾਨੂੰ ਮਾਫ਼ ਕਰਦਾ ਹੈ, ਟੁੱਟੇ ਦਿਲ ਨੂੰ ਜੋੜਦਾ ਹੈ ਅਤੇ ਉਸ ਦੀ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰਦਾ ਹੈ।ਜ਼ਬੂ. 103:3.

20. ਅੱਜ ਸਾਨੂੰ ਯਹੋਵਾਹ ਦੇ ਰਾਜ ਦਾ ਪੱਖ ਕਿਉਂ ਲੈਣਾ ਚਾਹੀਦਾ ਹੈ?

20 ਨਵੀਂ ਦੁਨੀਆਂ ਵਿਚ ਹਰ ਕੋਈ ਯਹੋਵਾਹ ਦੇ ਰਾਜ ਦੇ ਅਧੀਨ ਰਹੇਗਾ ਅਤੇ ਉਸ ਦੇ ਧਰਮੀ ਮਿਆਰਾਂ ਬਾਰੇ ਸਿੱਖੇਗਾ। (ਯਸਾ. 11:9) ਪਰ ਹੁਣ ਵੀ ਅਸੀਂ ਪਰਮੇਸ਼ੁਰ ਦੀ ਸੋਚ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਉਸ ਦੇ ਸੋਚ ਮੁਤਾਬਕ ਫ਼ੈਸਲਾ ਕਰ ਸਕਦੇ ਹਾਂ। ਜਲਦੀ ਉਹ ਦਿਨ ਆਉਣ ਵਾਲਾ ਹੈ ਜਦੋਂ ਯਹੋਵਾਹ ਦੇ ਰਾਜ ਕਰਨ ਦੇ ਹੱਕ ’ਤੇ ਕੋਈ ਉਂਗਲੀ ਨਹੀਂ ਉਠਾਵੇਗਾ। ਸੋ ਆਓ ਆਪਾਂ ਯਹੋਵਾਹ ਦਾ ਕਹਿਣਾ ਮੰਨ ਕੇ, ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਕੇ ਅਤੇ ਉਸ ਦੀ ਰੀਸ ਕਰ ਕੇ ਉਸ ਦੇ ਰਾਜ ਦਾ ਪੱਖ ਲਈਏ।