Skip to content

Skip to table of contents

ਜੀਵਨੀ

ਮੈਂ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਿਆ

ਮੈਂ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਿਆ

16 ਸਾਲ ਦੀ ਉਮਰ ਵਿਚ ਮੈਂ ਸੋਚ ਲਿਆ ਸੀ ਕਿ ਮੈਂ ਦੁਨੀਆਂ ਵਿਚ ਆਪਣਾ ਕੈਰੀਅਰ ਬਣਾਵਾਂਗਾ ਅਤੇ ਮੈਨੂੰ ਆਪਣਾ ਕੰਮ ਪਸੰਦ ਵੀ ਬਹੁਤ ਸੀ। ਪਰ ਯਹੋਵਾਹ ਨੇ ਮੈਨੂੰ ਇਕ ਅਲੱਗ ਰਾਹ ਦਿਖਾਇਆ, ਮੈਨੂੰ ਇੱਦਾਂ ਲੱਗਾ ਜਿੱਦਾਂ ਉਹ ਮੈਨੂੰ ਕਹਿ ਰਿਹਾ ਹੈ: “ਮੈਂ ਤੈਨੂੰ ਡੂੰਘੀ ਸਮਝ ਦਿਆਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੈਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ।” (ਜ਼ਬੂ. 32:8) ਯਹੋਵਾਹ ਵੱਲੋਂ ਦਿਖਾਏ ਰਾਹ ʼਤੇ ਚੱਲ ਕੇ ਮੈਂ ਵੱਖੋ-ਵੱਖਰੇ ਤਰੀਕਿਆਂ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕਿਆ। ਮੈਂ 52 ਸਾਲ ਅਫ਼ਰੀਕਾ ਵਿਚ ਸੇਵਾ ਕੀਤੀ। ਯਹੋਵਾਹ ਦੀ ਸੇਵਾ ਵਿਚ ਆਪਣਾ ਕੈਰੀਅਰ ਬਣਾ ਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।

ਇੰਗਲੈਂਡ ਤੋਂ ਅਫ਼ਰੀਕਾ ਤਕ ਦਾ ਸਫ਼ਰ

ਮੇਰਾ ਜਨਮ 1935 ਵਿਚ ਇੰਗਲੈਂਡ ਦੇ ਡਾਲਸਟਨ ਸ਼ਹਿਰ ਵਿਚ ਹੋਇਆ। ਇਹ ਸ਼ਹਿਰ ਜਿਸ ਇਲਾਕੇ ਵਿਚ ਪੈਂਦਾ ਹੈ, ਉਸ ਨੂੰ ਬਲੈਕ ਕੰਟ੍ਰੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਢਲ਼ਾਈਖ਼ਾਨੇ ਅਤੇ ਫੈਕਟਰੀਆਂ ਸਨ ਜਿਨ੍ਹਾਂ ਕਰਕੇ ਹਵਾ ਵਿਚ ਚਾਰੇ ਪਾਸੇ ਕਾਲਾ ਧੂੰਆਂ ਦਿਖਾਈ ਦਿੰਦਾ ਸੀ। ਜਦੋਂ ਮੈਂ ਚਾਰ ਸਾਲ ਦਾ ਸੀ, ਤਾਂ ਮੇਰੇ ਮੰਮੀ-ਡੈਡੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਲਗਭਗ 14 ਸਾਲ ਦੀ ਉਮਰ ਵਿਚ ਮੈਨੂੰ ਯਕੀਨ ਹੋ ਗਿਆ ਕਿ ਇਹੀ ਸੱਚਾਈ ਹੈ। ਇਸ ਕਰਕੇ 1952 ਵਿਚ ਮੈਂ 16 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ।

ਉਸ ਸਮੇਂ ਦੌਰਾਨ ਹੀ ਮੈਂ ਇਕ ਬਹੁਤ ਵੱਡੀ ਫੈਕਟਰੀ ਵਿਚ ਜਾਣ ਲੱਗ ਪਿਆ। ਇੱਥੇ ਔਜ਼ਾਰ ਅਤੇ ਗੱਡੀਆਂ ਦੇ ਪੁਰਜੇ ਬਣਾਏ ਜਾਂਦੇ ਸਨ। ਮੈਂ ਇਸ ਫੈਕਟਰੀ ਵਿਚ ਸੈਕਟਰੀ ਦੀ ਟ੍ਰੇਨਿੰਗ ਲੈਣ ਲੱਗ ਪਿਆ ਅਤੇ ਮੈਨੂੰ ਇਸ ਕੰਮ ਤੋਂ ਬਹੁਤ ਖ਼ੁਸ਼ੀ ਮਿਲ ਰਹੀ ਸੀ।

ਇਕ ਵਾਰ ਸਫ਼ਰੀ ਨਿਗਾਹਬਾਨ ਨੇ ਮੈਨੂੰ ਕਿਹਾ ਕਿ ਮੈਂ ਹਫ਼ਤੇ ਦੌਰਾਨ ਵਿਲਨਹਾਲ ਵਿਚ ਆਪਣੀ ਮੰਡਲੀ ਦਾ ਪੁਸਤਕ ਅਧਿਐਨ ਚਲਾਇਆ ਕਰਾਂ। ਮੇਰੇ ਲਈ ਇਹ ਫ਼ੈਸਲਾ ਕਰਨਾ ਬਹੁਤ ਔਖਾ ਸੀ। ਕਿਉਂਕਿ ਮੈਂ ਹਫ਼ਤੇ ਦੌਰਾਨ ਵਿਲਨਹਾਲ ਵਿਚ ਮੀਟਿੰਗਾਂ ਲਈ ਨਹੀਂ ਜਾਂਦਾ ਸੀ। ਮੈਂ ਆਪਣੇ ਘਰ ਤੋਂ ਲਗਭਗ 32 ਕਿਲੋਮੀਟਰ (20 ਮੀਲ) ਦੂਰ ਬ੍ਰੋਮਸਗਰੋਵ ਵਿਚ ਕੰਮ ਕਰਦਾ ਸੀ ਅਤੇ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਲਈ ਉੱਥੇ ਹੀ ਜਾਂਦਾ ਹੁੰਦਾ ਸੀ। ਪਰ ਸ਼ਨੀ-ਐਤਵਾਰ ਮੈਂ ਵਿਲਨਹਾਲ ਵਿਚ ਆਪਣੇ ਘਰ ਵਾਪਸ ਜਾਂਦਾ ਸੀ ਅਤੇ ਫਿਰ ਉੱਥੇ ਹੀ ਮੀਟਿੰਗ ਤੇ ਜਾਂਦਾ ਸੀ।

ਮੈਂ ਯਹੋਵਾਹ ਦੇ ਸੰਗਠਨ ਵਿਚ ਜ਼ਿਆਦਾ ਸੇਵਾ ਕਰਨੀ ਚਾਹੁੰਦਾ ਸੀ, ਇਸ ਲਈ ਮੈਂ ਸਫ਼ਰੀ ਨਿਗਾਹਬਾਨ ਦੀ ਗੱਲ ਮੰਨ ਲਈ। ਚਾਹੇ ਇਸ ਕਰਕੇ ਮੈਨੂੰ ਆਪਣਾ ਮਨਪਸੰਦ ਕੰਮ ਹੀ ਕਿਉਂ ਨਹੀਂ ਛੱਡਣਾ ਪਿਆ। ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਕਿ ਮੈਂ ਉਸ ਮੌਕੇ ʼਤੇ ਯਹੋਵਾਹ ਵੱਲੋਂ ਦਿਖਾਏ ਰਾਹ ʼਤੇ ਚੱਲਿਆ। ਇਸ ਕਰਕੇ ਮੇਰੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਦੇ ਹੋਰ ਵੀ ਕਈ ਦਰਵਾਜ਼ੇ ਖੁੱਲ੍ਹ ਗਏ।

ਜਦੋਂ ਮੈ ਬ੍ਰੋਮਸਗਰੋਵ ਦੀ ਮੰਡਲੀ ਵਿਚ ਮੀਟਿੰਗਾਂ ʼਤੇ ਜਾਂਦਾ ਹੁੰਦਾ ਸੀ, ਤਾਂ ਉੱਥੇ ਮੈਂ ਐਨ ਨਾਂ ਦੀ ਭੈਣ ਨੂੰ ਮਿਲਿਆ ਜੋ ਬਹੁਤ ਸੋਹਣੀ ਸੀ ਅਤੇ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੀ ਸੀ। 1957 ਵਿਚ ਅਸੀਂ ਵਿਆਹ ਕਰਵਾ ਲਿਆ। ਅਸੀਂ ਇਕੱਠਿਆਂ ਨੇ ਰੈਗੂਲਰ ਪਾਇਨੀਅਰਿੰਗ, ਸਪੈਸ਼ਲ ਪਾਇਨੀਅਰਿੰਗ, ਸਫ਼ਰੀ ਨਿਗਾਹਬਾਨ ਦਾ ਕੰਮ ਅਤੇ ਬੈਥਲ ਵਿਚ ਸੇਵਾ ਕੀਤੀ। ਐਨ ਕਰਕੇ ਮੇਰੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਗਈ।

ਸਾਲ 1966 ਵਿਚ ਜਦੋਂ ਸਾਨੂੰ ਗਿਲੀਅਡ ਦੀ 42ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ, ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਕੂਲ ਖ਼ਤਮ ਹੋਣ ਤੋਂ ਬਾਅਦ ਸਾਨੂੰ ਅਫ਼ਰੀਕਾ ਦੇ ਮਲਾਵੀ ਦੇਸ਼ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਅਸੀਂ ਸੁਣਿਆ ਸੀ ਕਿ ਉੱਥੇ ਦੇ ਲੋਕ ਬਹੁਤ ਚੰਗੇ ਹਨ ਅਤੇ ਦੂਜਿਆਂ ਦੀ ਪਰਾਹੁਣਚਾਰੀ ਵੀ ਚੰਗੀ ਤਰ੍ਹਾਂ ਕਰਦੇ ਹਨ। ਪਰ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਸੀਂ ਇੱਥੇ ਜ਼ਿਆਦਾ ਦੇਰ ਤਕ ਨਹੀਂ ਰਹਿ ਸਕਾਂਗੇ।

ਮਲਾਵੀ ਵਿਚ ਅਚਾਨਕ ਹਾਲਾਤ ਬਦਲੇ

ਮਲਾਵੀ ਵਿਚ ਸਫ਼ਰੀ ਕੰਮ ਕਰਦਿਆਂ ਅਸੀਂ ਇਸ ਜੀਪ ਵਿਚ ਆਉਂਦੇ-ਜਾਂਦੇ ਸੀ

1 ਫਰਵਰੀ 1967 ਵਿਚ ਅਸੀਂ ਮਲਾਵੀ ਪਹੁੰਚੇ। ਇਕ ਮਹੀਨਾ ਤਾਂ ਸਾਡਾ ਇੱਥੋਂ ਦੀ ਭਾਸ਼ਾ ਸਿੱਖਣ ਵਿਚ ਹੀ ਲੰਘ ਗਿਆ। ਉਸ ਤੋਂ ਬਾਅਦ ਮੈਂ ਜ਼ਿਲ੍ਹਾ ਨਿਗਰਾਨ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਸਾਡੇ ਕੋਲ ਆਉਣ-ਜਾਣ ਲਈ ਇਕ ਵੱਡੀ ਜੀਪ ਸੀ। ਲੋਕ ਕਹਿੰਦੇ ਸਨ ਕਿ ਸਾਡੀ ਜੀਪ ਕਿਤੇ ਵੀ ਆ-ਜਾ ਸਕਦੀ ਹੈ, ਇੱਥੋਂ ਤਕ ਕਿ ਨਦੀਆਂ ਵੀ ਪਾਰ ਕਰ ਸਕਦੀ ਹੈ। ਇੱਦਾਂ ਬਿਲਕੁਲ ਨਹੀਂ ਸੀ, ਪਰ ਅਸੀਂ ਇਸ ਨੂੰ ਥੋੜ੍ਹੇ-ਬਹੁਤੇ ਪਾਣੀ ਵਿਚ ਚਲਾ ਲੈਂਦੇ ਸੀ। ਕਈ ਵਾਰ ਸਾਨੂੰ ਮਿੱਟੀ ਦੀਆਂ ਝੌਂਪੜੀਆਂ ਵਿਚ ਰਹਿਣਾ ਪੈਂਦਾ ਸੀ ਅਤੇ ਮੀਂਹ ਪੈਣ ʼਤੇ ਸਾਨੂੰ ਇਨ੍ਹਾਂ ਦੀਆਂ ਛੱਤਾਂ ʼਤੇ ਤਰਪਾਲ ਪਾਉਣੀ ਪੈਂਦੀ ਸੀ ਤਾਂਕਿ ਪਾਣੀ ਅੰਦਰ ਨਾ ਆਵੇ। ਇਸ ਤਰ੍ਹਾਂ ਮਿਸ਼ਨਰੀ ਸੇਵਾ ਕਰਨੀ ਸਾਡੇ ਲਈ ਥੋੜ੍ਹੀ ਔਖੀ ਸੀ, ਪਰ ਸਾਨੂੰ ਮਜ਼ਾ ਵੀ ਆਉਂਦਾ ਸੀ।

ਅਪ੍ਰੈਲ ਵਿਚ ਇੱਥੇ ਦੇ ਹਾਲਾਤ ਬਦਲਣ ਲੱਗ ਪਏ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਰਕਾਰ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਹੋ ਰਹੀ ਹੈ। ਮੈਂ ਰੇਡੀਓ ʼਤੇ ਉੱਥੋਂ ਦੇ ਰਾਸ਼ਟਰਪਤੀ ਡਾਕਟਰ ਹੇਸਟਿੰਗਸ ਬਾਂਡਾ ਦਾ ਭਾਸ਼ਣ ਸੁਣਿਆ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਯਹੋਵਾਹ ਦੇ ਗਵਾਹ ਟੈਕਸ ਨਹੀਂ ਭਰਦੇ ਅਤੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਦੇ ਹਨ। ਬਿਨਾਂ ਸ਼ੱਕ, ਇਹ ਸਾਰੇ ਇਲਜ਼ਾਮ ਝੂਠੇ ਸਨ। ਅਸੀਂ ਜਾਣਦੇ ਸੀ ਕਿ ਅਸਲ ਮੁੱਦਾ ਤਾਂ ਸਾਡੀ ਨਿਰਪੱਖਤਾ ਦਾ ਸੀ ਕਿਉਂਕਿ ਅਸੀਂ ਉੱਥੋਂ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਮੈਂਬਰਸ਼ਿਪ ਕਾਰਡ ਖ਼ਰੀਦਣ ਤੋਂ ਮਨ੍ਹਾਂ ਕਰਦੇ ਸੀ।

ਸਤੰਬਰ ਵਿਚ ਅਸੀਂ ਅਖ਼ਬਾਰ ਵਿਚ ਪੜ੍ਹਿਆ ਕਿ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਯਹੋਵਾਹ ਦੇ ਗਵਾਹ ਪੂਰੇ ਦੇਸ਼ ਵਿਚ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਸਨ। ਉਸ ਨੇ ਆਪਣੇ ਇਕ ਰਾਜਨੀਤਿਕ ਸੰਮੇਲਨ ਵਿਚ ਘੋਸ਼ਣਾ ਕੀਤੀ ਕਿ ਬਹੁਤ ਜਲਦੀ ਉਹ ਯਹੋਵਾਹ ਦੇ ਗਵਾਹਾਂ ਦੇ ਕੰਮਾਂ ʼਤੇ ਪਾਬੰਦੀ ਲਾ ਦੇਣਗੇ। ਫਿਰ 20 ਅਕਤੂਬਰ 1967 ਵਿਚ ਸਾਡੇ ਕੰਮ ʼਤੇ ਪਾਬੰਦੀ ਲਾ ਦਿੱਤੀ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਅਫ਼ਸਰ ਤੇ ਇਮੀਗ੍ਰੇਸ਼ਨ ਅਫ਼ਸਰ ਸਾਡੇ ਬ੍ਰਾਂਚ ਆਫ਼ਿਸ ਪਹੁੰਚ ਗਏ ਤਾਂਕਿ ਉਹ ਇਸ ਨੂੰ ਬੰਦ ਕਰ ਦੇਣ ਅਤੇ ਮਿਸ਼ਨਰੀ ਭੈਣਾਂ-ਭਰਾਵਾਂ ਨੂੰ ਵੀ ਦੇਸ਼ ਵਿੱਚੋਂ ਕੱਢ ਦੇਣ।

ਸਾਲ 1967 ਵਿਚ ਸਾਨੂੰ ਅਤੇ ਸਾਡੇ ਨਾਲ ਮਿਸ਼ਨਰੀ ਸੇਵਾ ਕਰਨ ਵਾਲੇ ਭਰਾ ਜੈਕ ਯੋਹਾਨਸਨ ਤੇ ਉਸ ਦੀ ਪਤਨੀ ਲਿੰਡਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਮਲਾਵੀ ਤੋਂ ਕੱਢ ਦਿੱਤਾ ਗਿਆ

ਸਾਨੂੰ ਤਿੰਨ ਦਿਨਾਂ ਤਕ ਜੇਲ੍ਹ ਵਿਚ ਰੱਖਿਆ ਗਿਆ। ਫਿਰ ਸਾਨੂੰ ਮੌਰੀਸ਼ਸ ਭੇਜ ਦਿੱਤਾ ਗਿਆ ਜਿੱਥੇ ਉਸ ਵੇਲੇ ਬ੍ਰਿਟੇਨ ਦਾ ਰਾਜ ਸੀ। ਪਰ ਉੱਥੇ ਦੇ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਅਸੀਂ ਇੱਥੇ ਮਿਸ਼ਨਰੀਆਂ ਵਜੋਂ ਨਹੀਂ ਰਹਿ ਸਕਦੇ। ਫਿਰ ਸੰਗਠਨ ਨੇ ਸਾਨੂੰ ਜ਼ਿਮਬਾਬਵੇ ਜਾਣ ਲਈ ਕਿਹਾ ਜਿਸ ਨੂੰ ਉਸ ਵੇਲੇ ਰੋਡੇਸ਼ੀਆ ਕਿਹਾ ਜਾਂਦਾ ਸੀ। ਜਦੋਂ ਅਸੀਂ ਜ਼ਿਮਬਾਬਵੇ ਪਹੁੰਚੇ, ਤਾਂ ਇਕ ਲੜਾਕੇ ਜਿਹੇ ਇਮੀਗ੍ਰੇਸ਼ਨ ਅਫ਼ਸਰ ਨੇ ਸਾਨੂੰ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਉਸ ਨੇ ਸਾਨੂੰ ਕਿਹਾ: “ਤੁਹਾਨੂੰ ਮਲਾਵੀ ਵਿੱਚੋਂ ਵੀ ਕੱਢ ਦਿੱਤਾ ਗਿਆ ਤੇ ਮੌਰੀਸ਼ਸ ਵਿਚ ਵੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਕਰਕੇ ਤੁਸੀਂ ਹੁਣ ਇੱਥੇ ਆ ਗਏ ਹੋ?” ਇਹ ਸੁਣ ਕੇ ਐਨ ਰੋਣ ਲੱਗ ਪਈ। ਇੱਦਾਂ ਲੱਗਦਾ ਸੀ ਕਿ ਕੋਈ ਵੀ ਦੇਸ਼ ਸਾਨੂੰ ਰੱਖਣਾ ਨਹੀਂ ਚਾਹੁੰਦਾ! ਉਸ ਮੌਕੇ ʼਤੇ ਮੈਂ ਸੋਚਿਆ ਕਿ ਅਸੀਂ ਸਾਰਾ ਕੁਝ ਛੱਡ-ਛੁੱਡ ਕੇ ਇੰਗਲੈਂਡ ਵਾਪਸ ਆਪਣੇ ਘਰ ਚਲੇ ਜਾਈਏ। ਫਿਰ ਅਖ਼ੀਰ ਇਮੀਗ੍ਰੇਸ਼ਨ ਅਧਿਕਾਰੀ ਮੰਨ ਗਏ ਤੇ ਉਨ੍ਹਾਂ ਨੇ ਸਾਨੂੰ ਇਕ ਰਾਤ ਬ੍ਰਾਂਚ ਆਫ਼ਿਸ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਦਿਨ ਹੀ ਸਾਨੂੰ ਉਨ੍ਹਾਂ ਦੇ ਦਫ਼ਤਰ ਆਉਣਾ ਪੈਣਾ। ਅਸੀਂ ਬਹੁਤ ਥੱਕ ਚੁੱਕੇ ਸੀ, ਪਰ ਸਾਨੂੰ ਭਰੋਸਾ ਸੀ ਕਿ ਯਹੋਵਾਹ ਸਾਨੂੰ ਸੰਭਾਲੇਗਾ। ਇਸ ਲਈ ਅਸੀਂ ਸਾਰੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਅਗਲੇ ਦਿਨ ਦੁਪਹਿਰ ਨੂੰ ਕਮਾਲ ਹੀ ਹੋ ਗਿਆ! ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਅਸੀਂ ਜ਼ਿਮਬਾਬਵੇ ਵਿਚ ਰਹਿ ਸਕਦੇ ਹਾਂ। ਮੈਂ ਉਸ ਦਿਨ ਅਤੇ ਸਮੇਂ ਨੂੰ ਕਦੀ ਵੀ ਨਹੀਂ ਭੁੱਲ ਸਕਦਾ! ਮੈਨੂੰ ਪੂਰਾ ਯਕੀਨ ਹੋ ਗਿਆ ਕਿ ਯਹੋਵਾਹ ਹੀ ਮੈਨੂੰ ਰਾਹ ਦਿਖਾ ਰਿਹਾ ਸੀ।

ਜ਼ਿਮਬਾਬਵੇ ਵਿਚ ਰਹਿ ਕੇ ਮਲਾਵੀ ਦੇ ਭੈਣਾਂ-ਭਰਾਵਾਂ ਲਈ ਕੰਮ ਕਰਨਾ

ਸਾਲ 1968 ਵਿਚ ਐਨ ਨਾਲ ਜ਼ਿਮਬਾਬਵੇ ਬੈਥਲ ਵਿਚ

ਜ਼ਿਮਬਾਬਵੇ ਦੇ ਬ੍ਰਾਂਚ ਆਫ਼ਿਸ ਵਿਚ ਮੈਨੂੰ ਸੇਵਾ ਵਿਭਾਗ ਵਿਚ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਮੈਂ ਮਲਾਵੀ ਅਤੇ ਮੋਜ਼ਾਮਬੀਕ ਦੇਸ਼ਾਂ ਦੇ ਕੰਮ ਦੀ ਨਿਗਰਾਨੀ ਕਰਦਾ ਸੀ। ਮਲਾਵੀ ਵਿਚ ਭੈਣਾਂ-ਭਰਾਵਾਂ ਨੂੰ ਬਹੁਤ ਜ਼ਿਆਦਾ ਸਤਾਇਆ ਜਾ ਰਿਹਾ ਸੀ। ਮੈਂ ਮਲਾਵੀ ਦੇ ਸਰਕਟ ਓਵਰਸੀਅਰਾਂ ਦੁਆਰਾ ਭੇਜੀਆਂ ਰਿਪੋਰਟਾਂ ਦਾ ਵੀ ਅਨੁਵਾਦ ਕਰਦਾ ਸੀ। ਇਕ ਵਾਰ ਜਦੋਂ ਮੈਂ ਦੇਰ ਰਾਤ ਤਕ ਇਕ ਰਿਪੋਰਟ ਦਾ ਅਨੁਵਾਦ ਕਰ ਰਿਹਾ ਸੀ, ਤਾਂ ਮੈਂ ਰਿਪੋਰਟ ਪੜ੍ਹ ਕੇ ਰੋਣ ਲੱਗ ਪਿਆ ਕਿ ਸਾਡੇ ਭੈਣਾਂ-ਭਰਾਵਾਂ ʼਤੇ ਕਿੰਨੇ ਸਾਰੇ ਜ਼ੁਲਮ ਢਾਏ ਜਾ ਰਹੇ ਸਨ। a ਪਰ ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਭੈਣਾਂ-ਭਰਾਵਾਂ ਨੇ ਵਫ਼ਾਦਾਰੀ, ਨਿਹਚਾ ਅਤੇ ਧੀਰਜ ਰੱਖਿਆ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ।​—2 ਕੁਰਿੰ. 6:4, 5.

ਇਨ੍ਹਾਂ ਜ਼ੁਲਮਾਂ ਕਰਕੇ ਬਹੁਤ ਸਾਰੇ ਭੈਣ-ਭਰਾ ਮਲਾਵੀ ਤੋਂ ਭੱਜ ਕੇ ਮੋਜ਼ਾਮਬੀਕ ਆ ਗਏ ਸਨ ਅਤੇ ਕਈ ਭੈਣ-ਭਰਾ ਮਲਾਵੀ ਵਿਚ ਹੀ ਰਹਿੰਦੇ ਸਨ। ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਬਾਈਬਲ ਆਧਾਰਿਤ ਪ੍ਰਕਾਸ਼ਨ ਮਿਲਦੇ ਰਹਿਣ। ਮਲਾਵੀ ਵਿਚ ਸਭ ਤੋਂ ਜ਼ਿਆਦਾ ਚੀਚੇਵਾ ਭਾਸ਼ਾ ਬੋਲੀ ਜਾਂਦੀ ਹੈ। ਇਸ ਭਾਸ਼ਾ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਹੁੰਦਾ ਰਹੇ, ਇਸ ਲਈ ਚੀਚੇਵਾ ਭਾਸ਼ਾ ਦੇ ਅਨੁਵਾਦਕਾਂ ਦੀ ਟੀਮ ਨੂੰ ਜ਼ਿਮਬਾਬਵੇ ਬੁਲਾ ਲਿਆ ਗਿਆ। ਜ਼ਿਮਬਾਬਵੇ ਵਿਚ ਇਕ ਭਰਾ ਨੇ ਇਨ੍ਹਾਂ ਭੈਣਾਂ-ਭਰਾਵਾਂ ਲਈ ਆਪਣੇ ਖੇਤ ਵਿਚ ਆਫ਼ਿਸ ਅਤੇ ਘਰ ਬਣਾ ਕੇ ਦਿੱਤੇ। ਇਸ ਤਰ੍ਹਾਂ ਉਹ ਉੱਥੇ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਦੇ ਅਨੁਵਾਦ ਦਾ ਅਹਿਮ ਕੰਮ ਕਰਦੇ ਰਹਿ ਸਕੇ।

ਹਰ ਸਾਲ ਅਸੀਂ ਪ੍ਰਬੰਧ ਕਰਦੇ ਸੀ ਕਿ ਮਲਾਵੀ ਦੇ ਸਰਕਟ ਓਵਰਸੀਅਰ ਜ਼ਿਮਬਾਬਵੇ ਆ ਕੇ ਚੀਚੇਵਾ ਭਾਸ਼ਾ ਵਿਚ ਹੁੰਦੇ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋ ਸਕਣ। ਉੱਥੇ ਹੀ ਉਨ੍ਹਾਂ ਨੂੰ ਸੰਮੇਲਨ ਦੇ ਭਾਸ਼ਣਾਂ ਦੀ ਆਊਟਲਾਈਨ ਦਿੱਤੀ ਜਾਂਦੀ ਸੀ ਤਾਂਕਿ ਜਦੋਂ ਉਹ ਮਲਾਵੀ ਦੀਆਂ ਅਲੱਗ-ਅਲੱਗ ਮੰਡਲੀਆਂ ਵਿਚ ਜਾਣ, ਤਾਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਆਪਣੇ ਭਾਸ਼ਣਾਂ ਵਿਚ ਇਨ੍ਹਾਂ ਆਊਟਲਾਈਨਾਂ ਨੂੰ ਵਰਤ ਸਕਣ। ਇਕ ਵਾਰ ਜਦੋਂ ਸਰਕਟ ਓਵਰਸੀਅਰ ਸੰਮੇਲਨ ਲਈ ਜ਼ਿਮਬਾਬਵੇ ਆਏ ਹੋਏ ਸਨ, ਤਾਂ ਅਸੀਂ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਕਿੰਗਡਮ ਮਿਨਿਸਟ੍ਰੀ ਸਕੂਲ ਦਾ ਪ੍ਰਬੰਧ ਵੀ ਕੀਤਾ।

ਜ਼ਿਮਬਾਬਵੇ ਵਿਚ ਚੀਚੇਵਾ/ਸ਼ੋਨਾ ਭਾਸ਼ਾ ਦੇ ਸੰਮੇਲਨ ਵਿਚ ਚੀਚੇਵਾ ਭਾਸ਼ਾ ਵਿਚ ਭਾਸ਼ਣ ਦਿੰਦੇ ਹੋਏ

ਫਰਵਰੀ 1975 ਵਿਚ ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲਣ ਗਿਆ ਜੋ ਮਲਾਵੀ ਤੋਂ ਭੱਜ ਕੇ ਮੋਜ਼ਾਮਬੀਕ ਦੇ ਕੈਂਪਾਂ ਵਿਚ ਰਹਿਣ ਲੱਗ ਪਏ ਸਨ। ਉੱਥੋਂ ਦੇ ਭਰਾ ਯਹੋਵਾਹ ਵੱਲੋਂ ਮਿਲਦੀਆਂ ਸਾਰੀਆਂ ਹਿਦਾਇਤਾਂ ਮੰਨਦੇ ਸਨ। ਉਨ੍ਹਾਂ ਨੇ ਨਵੀਂ ਹਿਦਾਇਤ ਨੂੰ ਮੰਨ ਕੇ ਬਜ਼ੁਰਗਾਂ ਦਾ ਸਮੂਹ ਬਣਾਇਆ। ਕੁਝ ਭਰਾਵਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਬਜ਼ੁਰਗਾਂ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਬਹੁਤ ਸਾਰੇ ਪ੍ਰਬੰਧ ਕੀਤੇ ਜਿਵੇਂ ਕਿ ਪਬਲਿਕ ਭਾਸ਼ਣ ਦੇਣੇ, ਹਰ ਰੋਜ਼ ਦੇ ਬਾਈਬਲ ਬਚਨਾਂ ਅਤੇ ਪਹਿਰਾਬੁਰਜ ʼਤੇ ਚਰਚਾ ਕਰਨੀ ਅਤੇ ਇੱਥੋਂ ਤਕ ਕਿ ਸੰਮੇਲਨਾਂ ਦਾ ਪ੍ਰਬੰਧ ਕਰਨਾ। ਇਨ੍ਹਾਂ ਭਰਾਵਾਂ ਨੇ ਕੈਂਪਾਂ ਵਿਚ ਵੀ ਸਾਫ਼-ਸਫ਼ਾਈ, ਖਾਣਾ ਵੰਡਣ ਅਤੇ ਸੁਰੱਖਿਆ ਦੇ ਉੱਦਾਂ ਦੇ ਪ੍ਰਬੰਧ ਕੀਤੇ ਜਿੱਦਾਂ ਦੇ ਸੰਮੇਲਨ ਵਿਚ ਕੀਤੇ ਜਾਂਦੇ ਹਨ। ਇਨ੍ਹਾਂ ਵਫ਼ਾਦਾਰ ਭਰਾਵਾਂ ਨੇ ਯਹੋਵਾਹ ਦੀਆਂ ਬਰਕਤਾਂ ਸਦਕਾ ਬਹੁਤ ਕੁਝ ਕੀਤਾ। ਮੈਂ ਦੱਸ ਵੀ ਨਹੀਂ ਸਕਦਾ ਕਿ ਉਨ੍ਹਾਂ ਨੂੰ ਮਿਲ ਕੇ ਮੇਰਾ ਕਿੰਨਾ ਹੌਸਲਾ ਵਧਿਆ!

ਸਾਲ 1970 ਦੇ ਅਖ਼ੀਰ ਵਿਚ ਜ਼ੈਂਬੀਆ ਬ੍ਰਾਂਚ ਨੇ ਮਲਾਵੀ ਦੇ ਕੰਮ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਵੀ ਮੈਂ ਮਲਾਵੀ ਦੇ ਭੈਣਾਂ-ਭਰਾਵਾਂ ਬਾਰੇ ਸੋਚਦਾ ਹੁੰਦਾ ਸੀ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਸੀ ਤੇ ਹੋਰ ਭੈਣ-ਭਰਾ ਵੀ ਇਸੇ ਤਰ੍ਹਾਂ ਕਰਦੇ ਸਨ। ਉਸ ਵੇਲੇ ਤਕ ਮੈਂ ਜ਼ੈਂਬੀਆ ਦੀ ਬ੍ਰਾਂਚ ਕਮੇਟੀ ਦਾ ਮੈਂਬਰ ਬਣ ਚੁੱਕਾ ਸੀ। ਇਸ ਲਈ ਮੈਂ ਕਈ ਵਾਰ ਮੁੱਖ ਦਫ਼ਤਰ, ਮਲਾਵੀ, ਦੱਖਣੀ ਅਫ਼ਰੀਕਾ ਅਤੇ ਜ਼ੈਂਬੀਆ ਦੇ ਭਰਾਵਾਂ ਨੂੰ ਮਿਲਦਾ ਸੀ। ਹਰ ਵਾਰ ਜਦੋਂ ਅਸੀਂ ਮਿਲਦੇ ਸੀ, ਤਾਂ ਇਸ ਸਵਾਲ ʼਤੇ ਜ਼ਰੂਰ ਗੱਲਬਾਤ ਕਰਦੇ ਸੀ: “ਮਲਾਵੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ?”

ਸਮੇਂ ਦੇ ਬੀਤਣ ਨਾਲ ਮਲਾਵੀ ਵਿਚ ਰਹਿੰਦੇ ਭੈਣਾਂ-ਭਰਾਵਾਂ ʼਤੇ ਜ਼ੁਲਮ ਹੋਣੇ ਘੱਟ ਗਏ ਅਤੇ ਜਿਹੜੇ ਭੈਣ-ਭਰਾ ਮਲਾਵੀ ਤੋਂ ਭੱਜ ਕੇ ਦੂਸਰੇ ਦੇਸ਼ ਗਏ ਸਨ, ਉਹ ਹੌਲੀ-ਹੌਲੀ ਵਾਪਸ ਆਉਣ ਲੱਗ ਪਏ। ਆਲੇ-ਦੁਆਲੇ ਦੇ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਅਤੇ ਉਨ੍ਹਾਂ ʼਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ। 1991 ਵਿਚ ਮੋਜ਼ਾਮਬੀਕ ਵਿਚ ਵੀ ਇਸੇ ਤਰ੍ਹਾਂ ਹੋਇਆ। ਪਰ ਅਸੀਂ ਸੋਚਦੇ ਸੀ ਕਿ ‘ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ʼਤੇ ਲੱਗੀਆਂ ਪਾਬੰਦੀਆਂ ਕਦੋਂ ਹਟਣਗੀਆਂ।’

ਮਲਾਵੀ ਵਾਪਸ ਜਾਣਾ

ਅਖ਼ੀਰ ਮਲਾਵੀ ਵਿਚ ਵੀ ਰਾਜਨੀਤਿਕ ਹਾਲਾਤ ਸੁਧਰ ਗਏ ਅਤੇ 1993 ਵਿਚ ਉੱਥੋਂ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ʼਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ। ਇਕ ਦਿਨ ਜਦੋਂ ਮੈਂ ਇਕ ਮਿਸ਼ਨਰੀ ਭਰਾ ਨਾਲ ਗੱਲ ਕਰ ਰਿਹਾ ਸੀ, ਤਾਂ ਉਸ ਨੇ ਮੈਨੂੰ ਪੁੱਛਿਆ: “ਕੀ ਤੂੰ ਹੁਣ ਮਲਾਵੀ ਵਾਪਸ ਚਲਾ ਜਾਵੇਂਗਾ?” ਉਸ ਵੇਲੇ ਮੈਂ 59 ਸਾਲਾਂ ਦਾ ਹੋ ਚੁੱਕਾ ਸੀ। ਇਸ ਲਈ ਮੈਂ ਉਸ ਨੂੰ ਕਿਹਾ: “ਨਹੀਂ, ਮੈਂ ਹੁਣ ਬਹੁਤ ਬੁੱਢਾ ਹੋ ਗਿਆ ਹਾਂ।” ਪਰ ਉਸੇ ਦਿਨ ਸਾਨੂੰ ਪ੍ਰਬੰਧਕ ਸਭਾ ਤੋਂ ਇਕ ਫ਼ੈਕਸ ਆਇਆ ਜਿਸ ਵਿਚ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਮਲਾਵੀ ਵਾਪਸ ਜਾ ਸਕਦੇ ਹਾਂ।

ਅਸੀਂ ਜ਼ਿਮਬਾਬਵੇ ਵਿਚ ਸੇਵਾ ਕਰ ਕੇ ਬਹੁਤ ਖ਼ੁਸ਼ ਸੀ ਕਿਉਂਕਿ ਅਸੀਂ ਕਈ ਸਾਲਾਂ ਤੋਂ ਉੱਥੇ ਸੇਵਾ ਕਰ ਰਹੇ ਸੀ ਅਤੇ ਉੱਥੇ ਸਾਡੇ ਬਹੁਤ ਸਾਰੇ ਕਰੀਬੀ ਦੋਸਤ ਵੀ ਸਨ। ਇਸ ਕਰਕੇ ਜ਼ਿਮਬਾਬਵੇ ਛੱਡ ਕੇ ਜਾਣ ਦਾ ਫ਼ੈਸਲਾ ਕਰਨਾ ਸਾਡੇ ਲਈ ਬਹੁਤ ਔਖਾ ਸੀ। ਪਰ ਪ੍ਰਬੰਧਕ ਸਭਾ ਨੇ ਬੜੇ ਪਿਆਰ ਨਾਲ ਸਾਨੂੰ ਇਹ ਵੀ ਕਿਹਾ ਸੀ ਕਿ ਜੇ ਅਸੀਂ ਇੱਥੇ ਰਹਿ ਕੇ ਸੇਵਾ ਕਰਨੀ ਚਾਹੁੰਦੇ ਹਾਂ, ਤਾਂ ਅਸੀਂ ਕਰ ਸਕਦੇ ਹਾਂ। ਇਸ ਲਈ ਜੇ ਅਸੀਂ ਚਾਹੁੰਦੇ, ਤਾਂ ਸੌਖਿਆਂ ਹੀ ਆਪਣਾ ਰਾਹ ਆਪ ਚੁਣ ਸਕਦੇ ਸੀ ਅਤੇ ਜ਼ਿਮਬਾਬਵੇ ਵਿਚ ਰਹਿ ਸਕਦੇ ਸੀ। ਪਰ ਮੈਂ ਸੋਚਿਆ ਕਿ ਅਬਰਾਹਾਮ ਅਤੇ ਸਾਰਾਹ ਨੇ ਵੀ ਤਾਂ ਬੁਢਾਪੇ ਵਿਚ ਯਹੋਵਾਹ ਦਾ ਕਹਿਣਾ ਮੰਨ ਕੇ ਆਪਣਾ ਘਰ ਛੱਡ ਦਿੱਤਾ ਸੀ।​—ਉਤ. 12:1-5.

ਇਸ ਲਈ ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਹਿਦਾਇਤ ਨੂੰ ਮੰਨਣ ਦਾ ਫ਼ੈਸਲਾ ਕੀਤਾ ਅਤੇ 1 ਫਰਵਰੀ 1995 ਨੂੰ ਮਲਾਵੀ ਵਾਪਸ ਚਲੇ ਗਏ। 28 ਸਾਲ ਪਹਿਲਾਂ ਠੀਕ ਇਸੇ ਤਾਰੀਖ਼ ਨੂੰ ਅਸੀਂ ਮਲਾਵੀ ਵਿਚ ਪਹਿਲੀ ਵਾਰ ਆਏ ਸੀ। ਇੱਥੇ ਬ੍ਰਾਂਚ ਕਮੇਟੀ ਬਣਾਈ ਗਈ ਜਿਸ ਵਿਚ ਮੈਂ ਅਤੇ ਦੋ ਹੋਰ ਭਰਾ ਸਨ। ਛੇਤੀ ਹੀ ਅਸੀਂ ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮਾਂ ਨੂੰ ਦੁਬਾਰਾ ਕਰਨਾ ਸ਼ੁਰੂ ਕਰ ਦਿੱਤਾ।

ਵਧਾਉਣ ਵਾਲਾ ਯਹੋਵਾਹ ਹੀ ਹੈ

ਆਪਣੀ ਅੱਖੀਂ ਯਹੋਵਾਹ ਦੇ ਕੰਮ ਨੂੰ ਛੇਤੀ-ਛੇਤੀ ਵਧਦੇ ਦੇਖਣਾ ਕਿੰਨੀ ਵੱਡੀ ਬਰਕਤ ਹੈ! 1993 ਵਿਚ ਮਲਾਵੀ ਵਿਚ ਪ੍ਰਚਾਰਕਾਂ ਦੀ ਗਿਣਤੀ ਲਗਭਗ 30 ਹਜ਼ਾਰ ਸੀ, ਪਰ 1998 ਵਿਚ ਇਹ ਗਿਣਤੀ ਵਧ ਕੇ 42 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ। b ਇੱਥੇ ਹੋ ਰਹੇ ਵਾਧੇ ਨੂੰ ਦੇਖ ਕੇ ਪ੍ਰਬੰਧਕ ਸਭਾ ਨੇ ਇੱਥੇ ਨਵਾਂ ਬ੍ਰਾਂਚ ਆਫ਼ਿਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਅਸੀਂ ਲਿਲੋਂਗਵੇ ਵਿਚ 30 ਏਕੜ (12 ਹੈਕਟੇਅਰ) ਜ਼ਮੀਨ ਖ਼ਰੀਦ ਲਈ ਅਤੇ ਮੈਨੂੰ ਉਸਾਰੀ ਕਮੇਟੀ ਨਾਲ ਕੰਮ ਕਰਨ ਲਈ ਕਿਹਾ ਗਿਆ।

ਮਈ 2001 ਵਿਚ ਪ੍ਰਬੰਧਕ ਸਭਾ ਦੇ ਭਰਾ ਗਾਈ ਪੀਅਰਸ ਨੇ ਇਸ ਬ੍ਰਾਂਚ ਆਫ਼ਿਸ ਦਾ ਸਮਰਪਣ ਭਾਸ਼ਣ ਦਿੱਤਾ। ਉਸ ਮੌਕੇ ʼਤੇ ਦੋ ਹਜ਼ਾਰ ਤੋਂ ਵੀ ਜ਼ਿਆਦਾ ਭੈਣਾਂ-ਭਰਾ ਆਏ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੂੰ ਬਪਤਿਸਮਾ ਲਏ ਹੋਏ 40 ਤੋਂ ਵੀ ਜ਼ਿਆਦਾ ਸਾਲ ਹੋ ਗਏ ਸਨ। ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨੇ ਪਾਬੰਦੀਆਂ ਦੌਰਾਨ ਬਹੁਤ ਸਾਰੇ ਜ਼ੁਲਮ ਸਹੇ। ਚਾਹੇ ਕਿ ਇਨ੍ਹਾਂ ਭੈਣਾਂ-ਭਰਾਵਾਂ ਕੋਲ ਪੈਸਿਆਂ ਦੀ ਕਮੀ ਸੀ, ਪਰ ਉਹ ਬਰਕਤਾਂ ਦੇ ਧਨੀ ਸਨ। ਉਨ੍ਹਾਂ ਦੀ ਨਿਹਚਾ ਪੱਕੀ ਸੀ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਬਹੁਤ ਹੀ ਮਜ਼ਬੂਤ ਰਿਸ਼ਤਾ ਸੀ। ਹੁਣ ਉਹ ਨਵੇਂ ਬੈਥਲ ਨੂੰ ਦੇਖ ਕੇ ਬਹੁਤ ਖ਼ੁਸ਼ ਹੋ ਰਹੇ ਸਨ ਅਤੇ ਉਹ ਅਫ਼ਰੀਕੀ ਅੰਦਾਜ਼ ਵਿਚ ਰਾਜ ਦੇ ਗੀਤ ਗਾ ਰਹੇ ਸਨ। ਸਾਰੇ ਪਾਸੇ ਉਨ੍ਹਾਂ ਦੇ ਗੀਤਾਂ ਦੀ ਆਵਾਜ਼ ਗੂੰਜ ਰਹੀ ਸੀ ਜਿਸ ਕਰਕੇ ਇਸ ਮੌਕੇ ʼਤੇ ਚਾਰ ਚੰਨ ਲੱਗ ਗਏ! ਮੈਂ ਆਪਣੀ ਪੂਰੀ ਜ਼ਿੰਦਗੀ ਵਿਚ ਇੰਨਾ ਸ਼ਾਨਦਾਰ ਨਜ਼ਾਰਾ ਕਦੇ ਵੀ ਨਹੀਂ ਦੇਖਿਆ ਸੀ। ਸੱਚ-ਮੁੱਚ, ਯਹੋਵਾਹ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ ਜੋ ਜ਼ੁਲਮ ਸਹਿੰਦੇ ਹੋਏ ਵੀ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ।

ਮਲਾਵੀ ਵਿਚ ਬ੍ਰਾਂਚ ਆਫ਼ਿਸ ਦੀ ਉਸਾਰੀ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਕਈ ਸਾਰੇ ਕਿੰਗਡਮ ਹਾਲਾਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਨਾਲੇ ਮੈਨੂੰ ਕਈ ਕਿੰਗਡਮ ਹਾਲਾਂ ਦੇ ਸਮਰਪਣ ਭਾਸ਼ਣ ਦੇਣ ਦੇ ਮੌਕੇ ਵੀ ਮਿਲੇ। ਸਾਡੇ ਸੰਗਠਨ ਨੇ ਪ੍ਰਬੰਧ ਕੀਤਾ ਕਿ ਜਿਨ੍ਹਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਕੋਲ ਪੈਸੇ ਨਹੀਂ ਹਨ, ਉਨ੍ਹਾਂ ਲਈ ਜਲਦੀ ਤੋਂ ਜਲਦੀ ਕਿੰਗਡਮ ਹਾਲ ਬਣਾਏ ਜਾਣ। ਇਸ ਕਰਕੇ ਮਲਾਵੀ ਵਿਚ ਬਹੁਤ ਸਾਰੇ ਨਵੇਂ ਕਿੰਗਡਮ ਹਾਲ ਬਣਾਏ ਗਏ। ਪਹਿਲਾਂ ਕਈ ਮੰਡਲੀਆਂ ਮੀਟਿੰਗਾਂ ਲਈ ਸਫ਼ੈਦੇ ਦੇ ਦਰਖ਼ਤ ਦੀ ਲੱਕੜੀ ਨਾਲ ਬਣੀਆਂ ਛੱਪਰੀਆਂ ਵਿਚ ਇਕੱਠੀਆਂ ਹੁੰਦੀਆਂ ਸਨ ਅਤੇ ਉਨ੍ਹਾਂ ਦੀਆਂ ਛੱਤਾਂ ਘਾਹ-ਫੂਸ ਦੀਆਂ ਹੁੰਦੀਆਂ ਸਨ। ਨਾਲੇ ਉਹ ਮਿੱਟੀ ਦੇ ਬੈਂਚਾਂ ʼਤੇ ਬੈਠਦੇ ਸਨ। ਹੁਣ ਭਰਾਵਾਂ ਨੇ ਸਖ਼ਤ ਮਿਹਨਤ ਕਰ ਕੇ ਭੱਠੀ ਵਿਚ ਇੱਟਾਂ ਬਣਾਈਆਂ ਅਤੇ ਉਨ੍ਹਾਂ ਨੇ ਇਨ੍ਹਾਂ ਇੱਟਾਂ ਨਾਲ ਬਹੁਤ ਸੋਹਣੇ-ਸੋਹਣੇ ਕਿੰਗਡਮ ਹਾਲ ਬਣਾਏ। ਪਰ ਉਨ੍ਹਾਂ ਨੂੰ ਬੈਂਚਾਂ ʼਤੇ ਬੈਠਣਾ ਹੀ ਪਸੰਦ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਬੈਂਚ ʼਤੇ ਹਮੇਸ਼ਾ ਕਿਸੇ-ਨਾ-ਕਿਸੇ ਨੂੰ ਬਿਠਾਉਣ ਲਈ ਜਗ੍ਹਾ ਬਣ ਹੀ ਜਾਂਦੀ ਹੈ!

ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਦੀ ਉਸ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕੀਤੀ। ਮੈਨੂੰ ਖ਼ਾਸ ਕਰਕੇ ਉੱਥੋਂ ਦੇ ਜਵਾਨ ਭਰਾਵਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਾ ਕਿਉਂਕਿ ਉਹ ਆਪ ਅੱਗੇ ਵਧ ਕੇ ਸੇਵਾ ਕਰ ਰਹੇ ਸਨ। ਯਹੋਵਾਹ ਦੇ ਸੰਗਠਨ ਤੋਂ ਉਨ੍ਹਾਂ ਨੂੰ ਜੋ ਵੀ ਟ੍ਰੇਨਿੰਗ ਮਿਲੀ, ਉਸ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਅਤੇ ਉਸ ਮੁਤਾਬਕ ਕੰਮ ਵੀ ਕੀਤਾ। ਇਸ ਕਰਕੇ ਉਹ ਬੈਥਲ ਅਤੇ ਮੰਡਲੀ ਦੀਆਂ ਹੋਰ ਵੀ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣ ਸਕੇ। ਉੱਥੋਂ ਦੇ ਕਈ ਭਰਾਵਾਂ ਨੂੰ ਸਰਕਟ ਓਵਰਸੀਅਰ ਨਿਯੁਕਤ ਕੀਤਾ ਗਿਆ ਜਿਸ ਨਾਲ ਮੰਡਲੀਆਂ ਨੂੰ ਬਹੁਤ ਫ਼ਾਇਦਾ ਹੋਇਆ। ਉਨ੍ਹਾਂ ਵਿੱਚੋਂ ਕਈ ਭਰਾ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਘਰਦੇ ਤੇ ਸਮਾਜ ਦੇ ਲੋਕ ਉਨ੍ਹਾਂ ʼਤੇ ਆਪਣੇ ਪਰਿਵਾਰ ਨੂੰ ਵਧਾਉਣ ਦਾ ਦਬਾਅ ਪਾ ਰਹੇ ਸਨ। ਪਰ ਉਹ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ।

ਸਹੀ ਰਾਹ ਚੁਣਨ ਕਰਕੇ ਮੈਨੂੰ ਖ਼ੁਸ਼ੀਆਂ ਮਿਲੀਆਂ

ਐਨ ਨਾਲ ਬ੍ਰਿਟੇਨ ਬੈਥਲ ਵਿਚ

ਸਾਨੂੰ ਅਫ਼ਰੀਕਾ ਵਿਚ ਸੇਵਾ ਕਰਦੇ ਹੋਏ 52 ਸਾਲ ਹੋ ਗਏ ਸਨ, ਫਿਰ ਮੇਰੀ ਸਿਹਤ ਥੋੜ੍ਹੀ ਖ਼ਰਾਬ ਹੋਣ ਲੱਗ ਪਈ। ਇਸ ਲਈ ਬ੍ਰਾਂਚ ਕਮੇਟੀ ਨੇ ਪ੍ਰਬੰਧਕ ਸਭਾ ਨੂੰ ਪੁੱਛਿਆ ਕਿ ਕੀ ਅਸੀਂ ਬ੍ਰਿਟੇਨ ਵਾਪਸ ਜਾ ਸਕਦੇ ਹਾਂ। ਪ੍ਰਬੰਧਕ ਸਭਾ ਨੇ ਸਾਨੂੰ ਵਾਪਸ ਜਾਣ ਦੀ ਮਨਜ਼ੂਰੀ ਦੇ ਦਿੱਤੀ, ਇਸ ਲਈ ਅਸੀਂ ਬ੍ਰਿਟੇਨ ਵਾਪਸ ਆ ਗਏ। ਅਫ਼ਰੀਕਾ ਤੋਂ ਵਾਪਸ ਆਉਂਦੇ ਵੇਲੇ ਸਾਨੂੰ ਬਹੁਤ ਦੁੱਖ ਲੱਗ ਰਿਹਾ ਸੀ ਕਿਉਂਕਿ ਉੱਥੇ ਸੇਵਾ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ। ਪਰ ਬ੍ਰਿਟੇਨ ਦੇ ਭੈਣ-ਭਰਾ ਸਾਡੀ ਸਿਆਣੀ ਉਮਰ ਵਿਚ ਸਾਡੀ ਬਹੁਤ ਵਧੀਆ ਤਰੀਕੇ ਨਾਲ ਦੇਖ-ਭਾਲ ਕਰ ਰਹੇ ਹਨ।

ਯਹੋਵਾਹ ਵੱਲੋਂ ਦਿਖਾਏ ਰਾਹ ʼਤੇ ਚੱਲਣ ਦਾ ਫ਼ੈਸਲਾ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ। ਜੇ ਮੈਂ ਆਪਣੀ ਸਮਝ ʼਤੇ ਭਰੋਸਾ ਕਰ ਕੇ ਦੁਨੀਆਂ ਵਿਚ ਨਾਂ ਕਮਾਉਂਦਾ, ਤਾਂ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਕੀ ਬਣਨਾ ਸੀ। ਪਰ ਯਹੋਵਾਹ ਨੂੰ ਪਤਾ ਸੀ ਕਿ ‘ਮੇਰੇ ਰਾਹਾਂ ਨੂੰ ਸਿੱਧਾ ਕਰਨ ਲਈ ਕਿਹੜੀ ਚੀਜ਼ ਦੀ ਲੋੜ ਹੈ।’ (ਕਹਾ. 3:5, 6) ਨੌਜਵਾਨ ਹੁੰਦਿਆਂ ਜਦੋਂ ਮੈਂ ਇਕ ਵੱਡੀ ਕੰਪਨੀ ਵਿਚ ਟ੍ਰੇਨਿੰਗ ਲੈ ਰਿਹਾ ਸੀ, ਤਾਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ। ਪਰ ਦੁਨੀਆਂ ਭਰ ਵਿਚ ਫੈਲੇ ਯਹੋਵਾਹ ਦੇ ਇੰਨੇ ਵੱਡੇ ਸੰਗਠਨ ਵਿਚ ਆਪਣਾ ਕੈਰੀਅਰ ਬਣਾ ਕੇ ਮੈਨੂੰ ਕਿਤੇ ਜ਼ਿਆਦਾ ਖ਼ੁਸ਼ ਮਿਲ ਰਹੀ ਹੈ। ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਣ ਕਰਕੇ ਮੈਨੂੰ ਹਰ ਕਦਮ ʼਤੇ ਖ਼ੁਸ਼ੀਆਂ ਮਿਲੀਆਂ ਅਤੇ ਮੈਨੂੰ ਉਮੀਦ ਹੈ ਕਿ ਅੱਗੇ ਵੀ ਮੈਨੂੰ ਖ਼ੁਸ਼ੀਆਂ ਮਿਲਦੀਆਂ ਰਹਿਣਗੀਆਂ!

a ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਜਾਣਨ ਲਈ 1999 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 148-223 ਦੇਖੋ।

b ਹੁਣ ਮਲਾਵੀ ਵਿਚ ਇਕ ਲੱਖ ਤੋਂ ਵੀ ਜ਼ਿਆਦਾ ਪ੍ਰਚਾਰਕ ਹਨ।