Skip to content

Skip to table of contents

ਅਧਿਐਨ ਲੇਖ 30

ਬਾਈਬਲ ਦੀ ਪਹਿਲੀ ਭਵਿੱਖਬਾਣੀ ਦੀ ਸਾਡੇ ਲਈ ਕੀ ਅਹਿਮੀਅਤ ਹੈ?

ਬਾਈਬਲ ਦੀ ਪਹਿਲੀ ਭਵਿੱਖਬਾਣੀ ਦੀ ਸਾਡੇ ਲਈ ਕੀ ਅਹਿਮੀਅਤ ਹੈ?

‘ਮੈਂ ਤੇਰੇ ਅਤੇ ਔਰਤ ਵਿਚ ਦੁਸ਼ਮਣੀ ਪੈਦਾ ਕਰਾਂਗਾ।’​—ਉਤ. 3:15.

ਗੀਤ 15 ਯਹੋਵਾਹ ਦੇ ਜੇਠੇ ਦੀ ਤਾਰੀਫ਼ ਕਰੋ!

ਖ਼ਾਸ ਗੱਲਾਂ a

1. ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਜਲਦੀ ਬਾਅਦ ਯਹੋਵਾਹ ਨੇ ਕੀ ਕੀਤਾ? (ਉਤਪਤ 3:15)

 ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਜਲਦ ਬਾਅਦ ਹੀ ਯਹੋਵਾਹ ਨੇ ਇਕ ਅਹਿਮ ਭਵਿੱਖਬਾਣੀ ਕੀਤੀ। ਇਸ ਭਵਿੱਖਬਾਣੀ ਰਾਹੀਂ ਪਰਮੇਸ਼ੁਰ ਨੇ ਉਨ੍ਹਾਂ ਦੇ ਬੱਚਿਆਂ ਨੂੰ ਉਮੀਦ ਦਿੱਤੀ। ਇਹ ਭਵਿੱਖਬਾਣੀ ਉਤਪਤ 3:15 (ਪੜ੍ਹੋ) ਵਿਚ ਦਰਜ ਹੈ।

2. ਇਹ ਭਵਿੱਖਬਾਣੀ ਇੰਨੀ ਅਹਿਮ ਕਿਉਂ ਹੈ?

2 ਇਹ ਭਵਿੱਖਬਾਣੀ ਬਾਈਬਲ ਦੀ ਪਹਿਲੀ ਕਿਤਾਬ ਵਿਚ ਦਰਜ ਹੈ ਅਤੇ ਇਹ ਬਾਈਬਲ ਦੀਆਂ ਹੋਰ ਕਿਤਾਬਾਂ ਨਾਲ ਕਿਸੇ-ਨਾ-ਕਿਸੇ ਤਰੀਕੇ ਨਾਲ ਜੁੜੀ ਹੋਈ ਹੈ। ਜਿਵੇਂ ਇਕ ਮਾਲਾ ਵਿਚ ਧਾਗਾ ਬਹੁਤ ਸਾਰੇ ਮੋਤੀਆਂ ਨੂੰ ਜੋੜ ਕੇ ਰੱਖਦਾ ਹੈ, ਉਸੇ ਤਰ੍ਹਾਂ ਉਤਪਤ 3:15 ਵਿਚ ਦਰਜ ਭਵਿੱਖਬਾਣੀ ਬਾਈਬਲ ਦੀਆਂ ਬਾਕੀ ਕਿਤਾਬਾਂ ਦੀਆਂ ਗੱਲਾਂ ਨੂੰ ਜੋੜ ਕੇ ਰੱਖਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਬਾਈਬਲ ਵਿਚ ਇੱਕੋ ਸੰਦੇਸ਼ ਦਰਜ ਹੈ ਯਾਨੀ ਪਰਮੇਸ਼ੁਰ ਇਕ ਮੁਕਤੀਦਾਤੇ ਨੂੰ ਘੱਲੇਗਾ ਜੋ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਰੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। b ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਸਮਾਂ ਕਿੰਨਾ ਖ਼ੁਸ਼ੀਆਂ ਭਰਿਆ ਹੋਵੇਗਾ!

3 ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਇਸ ਲੇਖ ਵਿਚ ਅਸੀਂ ਉਤਪਤ 3:15 ਦੀ ਭਵਿੱਖਬਾਣੀ ਬਾਰੇ ਤਿੰਨ ਸਵਾਲਾਂ ʼਤੇ ਗੌਰ ਕਰਾਂਗੇ: (1) ਇਸ ਭਵਿੱਖਬਾਣੀ ਵਿਚ ਕਿਨ੍ਹਾਂ ਬਾਰੇ ਦੱਸਿਆ ਗਿਆ ਹੈ? (2) ਇਹ ਭਵਿੱਖਬਾਣੀ ਹੁਣ ਤਕ ਕਿਵੇਂ ਪੂਰੀ ਹੋਈ ਹੈ? (3) ਇਸ ਬਾਰੇ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ?

ਇਸ ਭਵਿੱਖਬਾਣੀ ਵਿਚ ਕਿਨ੍ਹਾਂ ਬਾਰੇ ਦੱਸਿਆ ਗਿਆ ਹੈ?

4. ਸੱਪ ਕੌਣ ਹੈ ਅਤੇ ਅਸੀਂ ਇਹ ਗੱਲ ਕਿਵੇਂ ਜਾਣ ਸਕਦੇ ਹਾਂ?

4 ਉਤਪਤ 3:14, 15 ਵਿਚ “ਸੱਪ,” ‘ਸੱਪ ਦੀ ਸੰਤਾਨ,’ “ਔਰਤ” ਅਤੇ “ਔਰਤ ਦੀ ਸੰਤਾਨ” ਬਾਰੇ ਗੱਲ ਕੀਤੀ ਗਈ ਹੈ। ਬਾਈਬਲ ਇਨ੍ਹਾਂ ਸਾਰਿਆਂ ਦੀ ਪਛਾਣ ਕਰਨ ਵਿਚ ਸਾਡੀ ਮਦਦ ਕਰਦੀ ਹੈ। c ਆਓ ਆਪਾਂ ਪਹਿਲਾਂ ਦੇਖਦੇ ਹਾਂ ਕਿ “ਸੱਪ” ਕੌਣ ਹੈ। ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਜੋ ਗੱਲ ਕਹੀ ਸੀ, ਉਹ ਸੱਚ-ਮੁੱਚ ਦੇ ਸੱਪ ਨੂੰ ਸਮਝ ਨਹੀਂ ਆਉਣੀ ਸੀ। ਇਸ ਦਾ ਮਤਲਬ ਹੈ ਕਿ ਯਹੋਵਾਹ ਕਿਸੇ ਜਾਨਵਰ ਨਾਲ ਨਹੀਂ, ਸਗੋਂ ਅਜਿਹੇ ਸ਼ਖ਼ਸ ਨਾਲ ਗੱਲ ਕਰ ਰਿਹਾ ਸੀ ਜੋ ਉਸ ਦੀ ਗੱਲ ਸਮਝ ਸਕਦਾ ਸੀ। ਉਹ ਕੌਣ ਸੀ? ਪ੍ਰਕਾਸ਼ ਦੀ ਕਿਤਾਬ 12:9 ਤੋਂ ਸਾਨੂੰ ਇਸ ਗੱਲ ਦਾ ਸਾਫ਼ ਜਵਾਬ ਮਿਲਦਾ ਹੈ। ਇੱਥੇ ਦੱਸਿਆ ਹੈ ਕਿ ਇਹ ‘ਪੁਰਾਣਾ ਸੱਪ’ ਸ਼ੈਤਾਨ ਹੈ। ਪਰ ਸੱਪ ਦੀ ਸੰਤਾਨ ਕੌਣ ਹੈ?

ਸੱਪ

ਸ਼ੈਤਾਨ ਜਿਸ ਦੀ ਪਛਾਣ ਪ੍ਰਕਾਸ਼ ਦੀ ਕਿਤਾਬ 12:9 ਵਿਚ “ਪੁਰਾਣੇ ਸੱਪ” ਵਜੋਂ ਕਰਾਈ ਗਈ ਹੈ (ਪੈਰਾ 4 ਦੇਖੋ)

5. ਸੱਪ ਦੀ ਸੰਤਾਨ ਕੌਣ ਹੈ?

5 ਬਾਈਬਲ ਵਿਚ ਕਈ ਵਾਰ ਸੰਤਾਨ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜੋ ਕਿਸੇ ਦੇ ਨਕਸ਼ੇ-ਕਦਮਾਂ ʼਤੇ ਹੂ-ਬਹੂ ਚੱਲਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੱਪ ਦੀ ਸੰਤਾਨ ਉਹ ਦੂਤ ਤੇ ਇਨਸਾਨ ਹਨ ਜੋ ਸ਼ੈਤਾਨ ਵਾਂਗ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਵਿਰੋਧ ਕਰਦੇ ਹਨ। ਇਸ ਵਿਚ ਉਹ ਦੂਤ ਸ਼ਾਮਲ ਹਨ ਜੋ ਨੂਹ ਦੇ ਜ਼ਮਾਨੇ ਵਿਚ ਸਵਰਗੋਂ ਆਪਣੀ ਜਗ੍ਹਾ ਛੱਡ ਕੇ ਧਰਤੀ ʼਤੇ ਆਏ ਸਨ। ਨਾਲੇ ਇਸ ਵਿਚ ਉਹ ਦੁਸ਼ਟ ਲੋਕ ਵੀ ਸ਼ਾਮਲ ਹਨ ਜੋ ਆਪਣੇ ਪਿਓ ਸ਼ੈਤਾਨ ਵਾਂਗ ਪੇਸ਼ ਆਉਂਦੇ ਹਨ।​—ਉਤ. 6:1, 2; ਯੂਹੰ. 8:44; 1 ਯੂਹੰ. 5:19; ਯਹੂ. 6.

ਸੱਪ ਦੀ ਸੰਤਾਨ

ਦੁਸ਼ਟ ਦੂਤ ਅਤੇ ਉਹ ਲੋਕ ਜੋ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਵਿਰੋਧ ਕਰਦੇ ਹਨ (ਪੈਰਾ 5 ਦੇਖੋ)

6. ਭਵਿੱਖਬਾਣੀ ਵਿਚ ਜ਼ਿਕਰ ਕੀਤੀ “ਔਰਤ” ਹੱਵਾਹ ਕਿਉਂ ਨਹੀਂ ਹੋ ਸਕਦੀ?

6 ਆਓ ਆਪਾਂ ਹੁਣ ਦੇਖੀਏ ਕਿ “ਔਰਤ” ਕੌਣ ਹੈ। ਇਹ ਔਰਤ ਹੱਵਾਹ ਨਹੀਂ ਹੋ ਸਕਦੀ। ਕਿਉਂ? ਜ਼ਰਾ ਇਸ ਕਾਰਨ ʼਤੇ ਗੌਰ ਕਰੋ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਔਰਤ ਦੀ ਸੰਤਾਨ ਸੱਪ ਦੇ ਸਿਰ ਨੂੰ ‘ਕੁਚਲੇਗੀ।’ ਜਿੱਦਾਂ ਆਪਾਂ ਪਹਿਲਾਂ ਦੇਖਿਆ ਕਿ ਇਹ ਸੱਪ ਇਕ ਦੁਸ਼ਟ ਦੂਤ ਹੈ ਅਤੇ ਹੱਵਾਹ ਦੀ ਸੰਤਾਨ ਨੇ ਇਕ ਇਨਸਾਨ ਹੋਣਾ ਸੀ ਤੇ ਇਕ ਇਨਸਾਨ ਦੂਤ ਦਾ ਸਿਰ ਨਹੀਂ ਕੁਚਲ ਸਕਦਾ। ਤਾਂ ਫਿਰ ਕੌਣ ਸ਼ੈਤਾਨ ਦਾ ਨਾਸ਼ ਕਰੇਗਾ?

7. ਪ੍ਰਕਾਸ਼ ਦੀ ਕਿਤਾਬ 12:1, 2, 5, 10 ਤੋਂ ਉਤਪਤ 3:15 ਵਿਚ ਦੱਸੀ ਔਰਤ ਦੀ ਪਛਾਣ ਕਿਵੇਂ ਪਤਾ ਲੱਗਦੀ ਹੈ?

7 ਉਤਪਤ 3:15 ਦੀ ਭਵਿੱਖਬਾਣੀ ਵਿਚ ਦੱਸੀ ਔਰਤ ਦੀ ਪਛਾਣ ਬਾਈਬਲ ਦੀ ਆਖ਼ਰੀ ਕਿਤਾਬ ਵਿਚ ਕਰਾਈ ਗਈ ਹੈ। (ਪ੍ਰਕਾਸ਼ ਦੀ ਕਿਤਾਬ 12:1, 2, 5, 10 ਪੜ੍ਹੋ।) ਇਹ ਔਰਤ ਕੋਈ ਆਮ ਔਰਤ ਨਹੀਂ ਹੈ! ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਚੰਦ ਉਸ ਦੇ ਪੈਰਾਂ ਹੇਠ ਹੈ ਅਤੇ ਉਸ ਦੇ ਸਿਰ ʼਤੇ 12 ਤਾਰਿਆਂ ਵਾਲਾ ਇਕ ਮੁਕਟ ਹੈ। ਇਹ ਔਰਤ ਇਕ ਬੱਚੇ ਨੂੰ ਜਨਮ ਦਿੰਦੀ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹੈ, ਇਸ ਲਈ ਇਹ ਔਰਤ ਵੀ ਜ਼ਰੂਰ ਸਵਰਗ ਵਿਚ ਹੀ ਹੋਣੀ। ਇਹ ਔਰਤ ਪਰਮੇਸ਼ੁਰ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦੀ ਹੈ ਜੋ ਕਿ ਵਫ਼ਾਦਾਰ ਦੂਤਾਂ ਨਾਲ ਮਿਲ ਕੇ ਬਣਿਆ ਹੋਇਆ ਹੈ।​—ਗਲਾ. 4:26.

ਔਰਤ

ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਜੋ ਉਸ ਦੇ ਵਫ਼ਾਦਾਰ ਦੂਤਾਂ ਨਾਲ ਬਣਿਆ ਹੈ (ਪੈਰਾ 7 ਦੇਖੋ)

8. ਔਰਤ ਦੀ ਮੁੱਖ ਸੰਤਾਨ ਕੌਣ ਹੈ ਅਤੇ ਉਹ ਉਸ ਦੀ ਸੰਤਾਨ ਕਦੋਂ ਬਣਿਆ? (ਉਤਪਤ 22:15-18)

8 ਪਰਮੇਸ਼ੁਰ ਦਾ ਬਚਨ ਔਰਤ ਦੀ ਮੁੱਖ ਸੰਤਾਨ ਦੀ ਪਛਾਣ ਕਰਨ ਵਿਚ ਵੀ ਸਾਡੀ ਮਦਦ ਕਰਦਾ ਹੈ। ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਸੰਤਾਨ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਆਵੇਗੀ। (ਉਤਪਤ 22:15-18 ਪੜ੍ਹੋ।) ਇਸ ਭਵਿੱਖਬਾਣੀ ਮੁਤਾਬਕ ਯਿਸੂ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਹੀ ਆਇਆ। (ਲੂਕਾ 3:23, 34) ਪਰ ਇਕ ਇਨਸਾਨ ਦੇ ਰੂਪ ਵਿਚ ਯਿਸੂ ਸ਼ੈਤਾਨ ਦਾ ਸਿਰ ਨਹੀਂ ਕੁਚਲ ਸਕਦਾ ਸੀ। ਇਸ ਲਈ ਜਦੋਂ ਯਿਸੂ ਲਗਭਗ 30 ਸਾਲ ਦਾ ਸੀ, ਤਾਂ ਪਰਮੇਸ਼ੁਰ ਨੇ ਆਪਣੇ ਪਿਆਰੇ ਪੁੱਤਰ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ। ਉਸ ਵੇਲੇ ਯਿਸੂ ਔਰਤ ਦੀ ਮੁੱਖ ਸੰਤਾਨ ਬਣ ਗਿਆ। (ਗਲਾ. 3:16) ਯਿਸੂ ਦੀ ਮੌਤ ਤੋਂ ਬਾਅਦ ਜਦੋਂ ਪਰਮੇਸ਼ੁਰ ਨੇ ਉਸ ਨੂੰ ਜੀ ਉਠਾਇਆ, ਤਾਂ ਪਰਮੇਸ਼ੁਰ ਨੇ “ਉਸ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ” ਤੇ ਉਸ ਨੂੰ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਦਿੱਤਾ। ਨਾਲੇ ਉਸ ਨੂੰ “ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰਨ ਦਾ ਅਧਿਕਾਰ ਵੀ ਦਿੱਤਾ।​—ਇਬ. 2:7; ਮੱਤੀ 28:18; 1 ਯੂਹੰ. 3:8.

ਔਰਤ ਦੀ ਸੰਤਾਨ

ਯਿਸੂ ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ (ਪੈਰੇ 8-9 ਦੇਖੋ)

9-10. (ੳ) ਔਰਤ ਦੀ ਸੰਤਾਨ ਵਿਚ ਹੋਰ ਕੌਣ ਸ਼ਾਮਲ ਹਨ ਅਤੇ ਉਹ ਕਦੋਂ ਸ਼ਾਮਲ ਹੋਏ? (ਅ) ਅਸੀਂ ਅੱਗੇ ਕੀ ਦੇਖਾਂਗੇ?

9 ਔਰਤ ਦੀ ਸੰਤਾਨ ਵਿਚ ਯਿਸੂ ਤੋਂ ਇਲਾਵਾ ਹੋਰ ਕਈ ਜਣੇ ਵੀ ਸ਼ਾਮਲ ਹਨ। ਪੌਲੁਸ ਰਸੂਲ ਨੇ ਇਨ੍ਹਾਂ ਦੀ ਪਛਾਣ ਕਰਾਈ ਸੀ। ਉਸ ਨੇ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਕਿਹਾ ਸੀ: “ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ ਅਤੇ ਵਾਅਦੇ ਮੁਤਾਬਕ ਵਾਰਸ ਹੋ।” (ਗਲਾ. 3:28, 29) ਜਦੋਂ ਯਹੋਵਾਹ ਕਿਸੇ ਮਸੀਹੀ ਨੂੰ ਪਵਿੱਤਰ ਸ਼ਕਤੀ ਨਾਲ ਚੁਣਦਾ ਹੈ, ਤਾਂ ਉਹ ਵੀ ਔਰਤ ਦੀ ਸੰਤਾਨ ਵਿਚ ਸ਼ਾਮਲ ਹੋ ਜਾਂਦਾ ਹੈ। ਇਸ ਲਈ ਇਸ ਸੰਤਾਨ ਵਿਚ ਯਿਸੂ ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਸ਼ਾਮਲ ਹਨ। (ਪ੍ਰਕਾ. 14:1) ਇਹ ਸਾਰੇ ਜਣੇ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਵਰਗੇ ਗੁਣ ਜ਼ਾਹਰ ਕਰਦੇ ਹਨ।

10 ਹੁਣ ਤਕ ਅਸੀਂ ਜਾਣ ਗਏ ਹਾਂ ਕਿ ਉਤਪਤ 3:15 ਵਿਚ ਕਿਨ੍ਹਾਂ ਬਾਰੇ ਗੱਲ ਕੀਤੀ ਗਈ ਹੈ। ਆਓ ਹੁਣ ਦੇਖੀਏ ਕਿ ਯਹੋਵਾਹ ਨੇ ਇਸ ਭਵਿੱਖਬਾਣੀ ਨੂੰ ਕਿਵੇਂ ਪੂਰਾ ਕੀਤਾ ਅਤੇ ਅੱਜ ਸਾਨੂੰ ਇਸ ਨਾਲ ਕੀ ਫ਼ਾਇਦਾ ਹੁੰਦਾ ਹੈ।

ਇਹ ਭਵਿੱਖਬਾਣੀ ਹੁਣ ਤਕ ਕਿਵੇਂ ਪੂਰੀ ਹੋਈ?

11. ਕਿਸ ਅਰਥ ਵਿਚ ਔਰਤ ਦੀ ਸੰਤਾਨ ਦੀ “ਅੱਡੀ ਨੂੰ ਜ਼ਖ਼ਮੀ” ਕੀਤਾ ਗਿਆ?

11 ਉਤਪਤ 3:15 ਦੀ ਭਵਿੱਖਬਾਣੀ ਮੁਤਾਬਕ ਸੱਪ ਨੇ ਔਰਤ ਦੀ ਸੰਤਾਨ ਦੀ “ਅੱਡੀ ਨੂੰ ਜ਼ਖ਼ਮੀ” ਕਰਨਾ ਸੀ। ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਸ਼ੈਤਾਨ ਨੇ ਯਹੂਦੀਆਂ ਅਤੇ ਰੋਮੀਆਂ ਨੂੰ ਵਰਤ ਕੇ ਪਰਮੇਸ਼ੁਰ ਦੇ ਪੁੱਤਰ ਨੂੰ ਮਰਵਾ ਦਿੱਤਾ। (ਲੂਕਾ 23:13, 20-24) ਜਦੋਂ ਕਿਸੇ ਦੀ ਅੱਡੀ ʼਤੇ ਸੱਟ ਲੱਗੀ ਹੁੰਦੀ ਹੈ, ਤਾਂ ਉਹ ਕੁਝ ਦਿਨਾਂ ਲਈ ਜ਼ਿਆਦਾ ਤੁਰ-ਫਿਰ ਨਹੀਂ ਸਕਦਾ ਅਤੇ ਜ਼ਿਆਦਾ ਕੁਝ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਯਿਸੂ ਦੀ ਮੌਤ ਹੋਈ, ਤਾਂ ਉਹ ਥੋੜ੍ਹੇ ਸਮੇਂ ਲਈ ਕੁਝ ਨਹੀਂ ਕਰ ਸਕਿਆ ਅਤੇ ਲਗਭਗ ਤਿੰਨ ਦਿਨਾਂ ਤਕ ਕਬਰ ਵਿਚ ਬੇਜਾਨ ਪਿਆ ਰਿਹਾ।​—ਮੱਤੀ 16:21.

12. ਸੱਪ ਦੇ ਸਿਰ ਨੂੰ ਕਿਵੇਂ ਅਤੇ ਕਦੋਂ ਕੁਚਲਿਆ ਜਾਵੇਗਾ?

12 ਉਤਪਤ 3:15 ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਕਬਰ ਵਿਚ ਨਹੀਂ ਰਹਿਣਾ ਸੀ। ਕਿਉਂ? ਕਿਉਂਕਿ ਭਵਿੱਖਬਾਣੀ ਮੁਤਾਬਕ ਸੰਤਾਨ ਨੇ ਸੱਪ ਦਾ ਸਿਰ ਕੁਚਲਣਾ ਹੈ। ਇਸ ਦਾ ਮਤਲਬ ਹੈ ਕਿ ਯਿਸੂ ਦੀ ਅੱਡੀ ਦਾ ਜ਼ਖ਼ਮ ਭਰ ਜਾਣਾ ਸੀ ਅਤੇ ਇਸ ਤਰ੍ਹਾਂ ਹੋਇਆ ਵੀ। ਪਰਮੇਸ਼ੁਰ ਨੇ ਯਿਸੂ ਨੂੰ ਤੀਜੇ ਦਿਨ ਦੁਬਾਰਾ ਜੀ ਉਠਾਇਆ ਤੇ ਸਵਰਗ ਵਿਚ ਅਮਰ ਜੀਵਨ ਦਿੱਤਾ। ਯਿਸੂ ਯਹੋਵਾਹ ਦੇ ਤੈਅ ਕੀਤੇ ਸਮੇਂ ʼਤੇ ਸ਼ੈਤਾਨ ਦਾ ਨਾਸ਼ ਕਰ ਦੇਵੇਗਾ। (ਇਬ. 2:14) ਜੀ ਹਾਂ, ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲੇ ਰਾਜੇ ਧਰਤੀ ਤੋਂ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਯਾਨੀ ਸੱਪ ਦੀ ਸੰਤਾਨ ਦਾ ਨਾਸ਼ ਕਰ ਦੇਣਗੇ।​—ਪ੍ਰਕਾ. 17:14; 20:4, 10. d

ਇਸ ਭਵਿੱਖਬਾਣੀ ਬਾਰੇ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ?

13. ਇਸ ਭਵਿੱਖਬਾਣੀ ਦੀ ਪੂਰਤੀ ਤੋਂ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ?

13 ਪਰਮੇਸ਼ੁਰ ਦੇ ਸੇਵਕ ਹੋਣ ਕਰਕੇ ਸਾਨੂੰ ਇਸ ਭਵਿੱਖਬਾਣੀ ਦੀ ਪੂਰਤੀ ਤੋਂ ਫ਼ਾਇਦਾ ਹੋ ਰਿਹਾ ਹੈ। ਧਰਤੀ ʼਤੇ ਰਹਿੰਦਿਆਂ ਯਿਸੂ ਨੇ ਹੂ-ਬਹੂ ਆਪਣੇ ਪਿਤਾ ਵਰਗੇ ਗੁਣ ਦਿਖਾਏ। (ਯੂਹੰ. 14:9) ਇਸ ਲਈ ਯਿਸੂ ਬਾਰੇ ਸਿੱਖ ਕੇ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ ਅਤੇ ਉਸ ਨੂੰ ਪਿਆਰ ਕਰਦੇ ਹਾਂ। ਨਾਲੇ ਯਿਸੂ ਨੇ ਸਾਨੂੰ ਜੋ ਗੱਲਾਂ ਸਿਖਾਈਆਂ ਹਨ ਅਤੇ ਅੱਜ ਉਹ ਜਿਸ ਤਰ੍ਹਾਂ ਸੰਗਠਨ ਦੀ ਅਗਵਾਈ ਕਰ ਰਿਹਾ ਹੈ, ਉਸ ਤੋਂ ਸਾਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਉਸ ਨੇ ਸਾਨੂੰ ਅਜਿਹੀ ਜ਼ਿੰਦਗੀ ਜੀਉਣੀ ਸਿਖਾਈ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਨਾਲੇ ਉਸ ਦੀ ਕੁਰਬਾਨੀ ਤੋਂ ਵੀ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਕਿਵੇਂ? ਯਹੋਵਾਹ ਉਸ ਦੇ ਮੁਕੰਮਲ ਬਲੀਦਾਨ ਦੇ ਆਧਾਰ ʼਤੇ “ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।”​—1 ਯੂਹੰ. 1:7.

14. ਅਦਨ ਦੇ ਬਾਗ਼ ਵਿਚ ਕੀਤੀ ਭਵਿੱਖਬਾਣੀ ਉਸੇ ਵੇਲੇ ਕਿਉਂ ਨਹੀਂ ਪੂਰੀ ਹੋਈ? ਸਮਝਾਓ।

14 ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਜੋ ਭਵਿੱਖਬਾਣੀ ਕੀਤੀ ਸੀ, ਉਹ ਉਸੇ ਵੇਲੇ ਪੂਰੀ ਨਹੀਂ ਹੋਈ। ਕਿਉਂ? ਕਿਉਂਕਿ ਔਰਤ ਦੀ ਸੰਤਾਨ ਨੂੰ ਆਉਣ ਅਤੇ ਸ਼ੈਤਾਨ ਦਾ ਸਾਥ ਦੇਣ ਵਾਲਿਆਂ ਨੂੰ ਇਕੱਠਾ ਹੋਣ ਵਿਚ ਸਮਾਂ ਲੱਗਣਾ ਸੀ। ਨਾਲੇ ਸ਼ੈਤਾਨ ਦੀ ਸੰਤਾਨ ਅਤੇ ਔਰਤ ਦੀ ਸੰਤਾਨ ਵਿਚ ਦੁਸ਼ਮਣੀ (ਜਾਂ, ਨਫ਼ਰਤ) ਪੈਦਾ ਹੋਣ ਵਿਚ ਸਮਾਂ ਲੱਗਣਾ ਸੀ। ਇਸ ਭਵਿੱਖਬਾਣੀ ਨੂੰ ਚੰਗੀ ਤਰ੍ਹਾਂ ਸਮਝ ਕੇ ਅਸੀਂ ਖ਼ਬਰਦਾਰ ਹੋ ਜਾਂਦੇ ਹਾਂ ਕਿ ਸ਼ੈਤਾਨ ਦੇ ਵੱਸ ਵਿਚ ਹੋਣ ਕਰਕੇ ਇਹ ਦੁਨੀਆਂ ਯਹੋਵਾਹ ਦੇ ਸੇਵਕਾਂ ਨਾਲ ਨਫ਼ਰਤ ਕਰੇਗੀ। ਯਿਸੂ ਨੇ ਵੀ ਬਾਅਦ ਵਿਚ ਆਪਣੇ ਚੇਲਿਆਂ ਨੂੰ ਇਸ ਬਾਰੇ ਖ਼ਬਰਦਾਰ ਕੀਤਾ ਸੀ। (ਮਰ. 13:13; ਯੂਹੰ. 17:14) ਅਸੀਂ ਵੀ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਖ਼ਾਸ ਕਰਕੇ ਪਿਛਲੇ ਸੌ ਸਾਲਾਂ ਤੋਂ ਯਹੋਵਾਹ ਦੇ ਸੇਵਕਾਂ ਨਾਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਆਓ ਆਪਾਂ ਇਸ ਬਾਰੇ ਜਾਣੀਏ।

15. (ੳ) ਸ਼ੈਤਾਨ ਦੀ ਦੁਨੀਆਂ ਹੁਣ ਸਾਡੇ ਨਾਲ ਹੋਰ ਵੀ ਜ਼ਿਆਦਾ ਨਫ਼ਰਤ ਕਿਉਂ ਕਰਦੀ ਹੈ? (ਅ) ਸਾਨੂੰ ਸ਼ੈਤਾਨ ਤੋਂ ਡਰਨ ਦੀ ਲੋੜ ਕਿਉਂ ਨਹੀਂ ਹੈ?

15 ਸਾਲ 1914 ਵਿਚ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸ ਤੋਂ ਜਲਦ ਬਾਅਦ ਹੀ ਉਸ ਨੇ ਸ਼ੈਤਾਨ ਨੂੰ ਸਵਰਗੋਂ ਧਰਤੀ ʼਤੇ ਸੁੱਟ ਦਿੱਤਾ। (ਪ੍ਰਕਾ. 12:9, 12) ਉਦੋਂ ਤੋਂ ਸ਼ੈਤਾਨ ਲਈ ਸਵਰਗ ਜਾਣ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਅਤੇ ਉਸ ਨੂੰ ਪਤਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। ਪਰ ਉਹ ਹੱਥ ʼਤੇ ਹੱਥ ਧਰ ਕੇ ਬੈਠਣ ਦੀ ਬਜਾਇ ਹੋਰ ਵੀ ਜ਼ਿਆਦਾ ਖ਼ਤਰਨਾਕ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਉਹ ਆਪਣਾ ਗੁੱਸਾ ਪਰਮੇਸ਼ੁਰ ਦੇ ਸੇਵਕਾਂ ʼਤੇ ਕੱਢ ਰਿਹਾ ਹੈ। (ਪ੍ਰਕਾ. 12:13, 17) ਇਸੇ ਕਰਕੇ ਸ਼ੈਤਾਨ ਦੀ ਦੁਨੀਆਂ ਪਰਮੇਸ਼ੁਰ ਦੇ ਸੇਵਕਾਂ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਫ਼ਰਤ ਕਰਦੀ ਹੈ। ਪਰ ਅਸੀਂ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਤੋਂ ਡਰਦੇ ਨਹੀਂ, ਸਗੋਂ ਅਸੀਂ ਪੌਲੁਸ ਰਸੂਲ ਵਾਂਗ ਇਸ ਗੱਲ ʼਤੇ ਭਰੋਸਾ ਰੱਖਦੇ ਹਾਂ: “ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?” (ਰੋਮੀ. 8:31) ਜੀ ਹਾਂ, ਸਾਨੂੰ ਯਹੋਵਾਹ ʼਤੇ ਪੱਕਾ ਭਰੋਸਾ ਹੈ ਕਿਉਂਕਿ ਹੁਣ ਤਕ ਅਸੀਂ ਦੇਖਿਆ ਕਿ ਪਰਮੇਸ਼ੁਰ ਦੁਆਰਾ ਲਿਖਾਈ ਉਤਪਤ 3:15 ਦੀ ਭਵਿੱਖਬਾਣੀ ਦੀਆਂ ਜ਼ਿਆਦਾਤਰ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ।

16-18. ਉਤਪਤ 3:15 ਵਿਚ ਦਰਜ ਭਵਿੱਖਬਾਣੀ ਨੂੰ ਸਮਝ ਕੇ ਕਰਟਸ, ਉਰਸੂਲਾ ਅਤੇ ਜੈਸਿਕਾ ਨੂੰ ਕੀ ਫ਼ਾਇਦਾ ਹੋਇਆ?

16 ਉਤਪਤ 3:15 ਦੀ ਭਵਿੱਖਬਾਣੀ ਵਿਚ ਦਰਜ ਯਹੋਵਾਹ ਦੇ ਵਾਅਦੇ ʼਤੇ ਧਿਆਨ ਦੇ ਕੇ ਅਸੀਂ ਜ਼ਿੰਦਗੀ ਵਿਚ ਆਉਣ ਵਾਲੀ ਕਿਸੇ ਵੀ ਮੁਸ਼ਕਲ ਨੂੰ ਝੱਲ ਸਕਦੇ ਹਾਂ। ਗਵਾਮ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਿਹਾ ਭਰਾ ਕਰਟਸ ਕਹਿੰਦਾ ਹੈ: “ਕਈ ਵਾਰ ਮੇਰੀ ਜ਼ਿੰਦਗੀ ਵਿਚ ਇੱਦਾਂ ਦੇ ਹਾਲਾਤ ਪੈਦਾ ਹੋਏ ਜਦੋਂ ਮੇਰੇ ਲਈ ਯਹੋਵਾਹ ਦੇ ਵਫ਼ਾਦਾਰ ਰਹਿਣਾ ਬਹੁਤ ਔਖਾ ਸੀ। ਪਰ ਉਤਪਤ 3:15 ਵਿਚ ਦਰਜ ਭਵਿੱਖਬਾਣੀ ʼਤੇ ਸੋਚ-ਵਿਚਾਰ ਕਰ ਕੇ ਮੇਰੀ ਮਦਦ ਹੋਈ ਕਿ ਮੈਂ ਆਪਣੇ ਸਵਰਗੀ ਪਿਤਾ ʼਤੇ ਭਰੋਸਾ ਕਰਦਾ ਰਹਾਂ।” ਕਰਟਸ ਨੂੰ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਹੈ ਜਦੋਂ ਯਹੋਵਾਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।

17 ਜਰਮਨੀ ਦੇ ਬਾਵੇਰੀਆ ਇਲਾਕੇ ਵਿਚ ਰਹਿਣ ਵਾਲੀ ਉਰਸੂਲਾ ਨਾਂ ਦੀ ਭੈਣ ਦੱਸਦੀ ਹੈ ਕਿ ਉਤਪਤ 3:15 ਦੀ ਭਵਿੱਖਬਾਣੀ ਨੂੰ ਸਮਝਣ ਨਾਲ ਉਸ ਨੂੰ ਭਰੋਸਾ ਹੋ ਗਿਆ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। ਉਸ ʼਤੇ ਇਸ ਗੱਲ ਦਾ ਵੀ ਗਹਿਰਾ ਅਸਰ ਪਿਆ ਕਿ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਕਿੱਦਾਂ ਇਸ ਭਵਿੱਖਬਾਣੀ ਨਾਲ ਜੁੜੀਆਂ ਹੋਈਆਂ ਹਨ। ਉਹ ਇਹ ਵੀ ਦੱਸਦੀ ਹੈ: “ਮੈਂ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਤੁਰੰਤ ਕਦਮ ਚੁੱਕਿਆ ਅਤੇ ਜੇ ਉਹ ਇੱਦਾਂ ਨਾ ਕਰਦਾ, ਤਾਂ ਸਾਡੇ ਲਈ ਕੋਈ ਉਮੀਦ ਨਹੀਂ ਬਚਣੀ ਸੀ। ਇਸ ਗੱਲ ʼਤੇ ਸੋਚ-ਵਿਚਾਰ ਕਰਨ ਨਾਲ ਮੈਂ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਈ।”

18 ਮਾਈਕ੍ਰੋਨੇਸ਼ੀਆ ਵਿਚ ਰਹਿਣ ਵਾਲੀ ਭੈਣ ਜੈਸਿਕਾ ਦੱਸਦੀ ਹੈ: “ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਮੈਨੂੰ ਯਕੀਨ ਹੋ ਗਿਆ ਸੀ ਕਿ ਇਹੀ ਸੱਚਾਈ ਹੈ! ਮੈਂ ਸਮਝ ਗਈ ਕਿ ਉਤਪਤ 3:15 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ। ਇਸ ਭਵਿੱਖਬਾਣੀ ਤੋਂ ਮੈਨੂੰ ਇਹ ਗੱਲ ਸਮਝ ਆਈ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਦੁੱਖਾਂ ਭਰੀ ਜ਼ਿੰਦਗੀ ਜੀਈਏ। ਇਸ ਭਵਿੱਖਬਾਣੀ ਕਰਕੇ ਮੇਰਾ ਭਰੋਸਾ ਹੋਰ ਵੀ ਪੱਕਾ ਹੋ ਗਿਆ ਕਿ ਯਹੋਵਾਹ ਦੀ ਸੇਵਾ ਕਰਨ ਨਾਲ ਮੈਂ ਅੱਜ ਤਾਂ ਵਧੀਆ ਜ਼ਿੰਦਗੀ ਜੀ ਸਕਾਂਗੀ ਅਤੇ ਭਵਿੱਖ ਵਿਚ ਮੇਰੀ ਜ਼ਿੰਦਗੀ ਇਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੋਵੇਗੀ।”

19. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਇਸ ਭਵਿੱਖਬਾਣੀ ਦਾ ਆਖ਼ਰੀ ਹਿੱਸਾ ਜ਼ਰੂਰ ਪੂਰਾ ਹੋਵੇਗਾ?

19 ਇਸ ਲੇਖ ਵਿਚ ਅਸੀਂ ਹੁਣ ਤਕ ਸਿੱਖਿਆ ਕਿ ਉਤਪਤ 3:15 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ। ਨਾਲੇ ਅਸੀਂ ਇਹ ਵੀ ਜਾਣਿਆ ਕਿ ਔਰਤ ਦੀ ਸੰਤਾਨ ਅਤੇ ਸੱਪ ਦੀ ਸੰਤਾਨ ਕੌਣ ਹਨ। ਯਿਸੂ ਔਰਤ ਦੀ ਮੁੱਖ ਸੰਤਾਨ ਹੈ ਜਿਸ ਦੀ ਅੱਡੀ ਨੂੰ ਜ਼ਖ਼ਮੀ ਕੀਤਾ ਗਿਆ ਸੀ ਅਤੇ ਉਸ ਦਾ ਜ਼ਖ਼ਮ ਭਰ ਚੁੱਕਾ ਹੈ। ਨਾਲੇ ਹੁਣ ਉਹ ਸਵਰਗ ਵਿਚ ਇਕ ਮਹਿਮਾਵਾਨ ਰਾਜਾ ਹੈ ਅਤੇ ਉਸ ਨੂੰ ਅਮਰ ਜੀਵਨ ਦਿੱਤਾ ਗਿਆ ਹੈ। ਔਰਤ ਦੀ ਸੰਤਾਨ ਦੀ ਗਿਣਤੀ ਲਗਭਗ ਪੂਰੀ ਹੋ ਚੁੱਕੀ ਹੈ। ਇਸ ਭਵਿੱਖਬਾਣੀ ਵਿਚ ਦਰਜ ਜ਼ਿਆਦਾਤਰ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਲਈ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਭਵਿੱਖਬਾਣੀ ਦਾ ਆਖ਼ਰੀ ਹਿੱਸਾ ਵੀ ਜ਼ਰੂਰ ਪੂਰਾ ਹੋਵੇਗਾ ਯਾਨੀ ਸੱਪ ਦਾ ਸਿਰ ਕੁਚਲਿਆ ਜਾਵੇਗਾ। ਉਸ ਵੇਲੇ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਸੁੱਖ ਦਾ ਸਾਹ ਆਵੇਗਾ! ਪਰ ਉਦੋਂ ਤਕ ਆਓ ਆਪਾਂ ਹਿੰਮਤ ਨਾ ਹਾਰੀਏ ਕਿਉਂਕਿ ਸਾਡਾ ਪਰਮੇਸ਼ੁਰ ਭਰੋਸੇ ਦੇ ਲਾਇਕ ਹੈ। ਉਹ ਔਰਤ ਦੀ ਸੰਤਾਨ ਰਾਹੀਂ “ਧਰਤੀ ਦੀਆਂ ਸਾਰੀਆਂ ਕੌਮਾਂ” ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।​—ਉਤ. 22:18.

ਗੀਤ 23 ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ

a ਅਸੀਂ ਉਦੋਂ ਤਕ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਜਦੋਂ ਤਕ ਅਸੀਂ ਉਤਪਤ 3:15 ਵਿਚ ਦਰਜ ਭਵਿੱਖਬਾਣੀ ਨੂੰ ਨਹੀਂ ਸਮਝਾਂਗੇ। ਇਸ ਭਵਿੱਖਬਾਣੀ ਦਾ ਅਧਿਐਨ ਕਰ ਕੇ ਯਹੋਵਾਹ ʼਤੇ ਸਾਡੀ ਨਿਹਚਾ ਪੱਕੀ ਹੋਵੇਗੀ ਅਤੇ ਸਾਡਾ ਭਰੋਸਾ ਵਧੇਗਾ ਕਿ ਉਹ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ।

b ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 2:1 “ਬਾਈਬਲ ਦਾ ਸੰਦੇਸ਼” ਦੇਖੋ।

cਉਤਪਤ 3:14, 15 ਵਿਚ ਕਿਨ੍ਹਾਂ ਬਾਰੇ ਗੱਲ ਕੀਤੀ ਗਈ ਹੈ?” ਨਾਂ ਦੀ ਡੱਬੀ ਦੇਖੋ।