Skip to content

Skip to table of contents

ਅਧਿਐਨ ਲੇਖ 31

ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ

ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ

“ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੀ ਗਈ ਧੂਪ ਵਾਂਗ ਹੋਵੇ।”​—ਜ਼ਬੂ. 141:2.

ਗੀਤ 47 ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

ਖ਼ਾਸ ਗੱਲਾਂ a

1. ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਸਨਮਾਨ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

 ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਅਨਮੋਲ ਸਨਮਾਨ ਦਿੱਤਾ ਹੈ। ਜ਼ਰਾ ਸੋਚੋ, ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਭਾਸ਼ਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ। ਨਾਲੇ ਉਸ ਨਾਲ ਗੱਲ ਕਰਨ ਲਈ ਸਾਨੂੰ ਉਡੀਕ ਨਹੀਂ ਕਰਨੀ ਪੈਂਦੀ, ਅਸੀਂ ਜਦੋਂ ਮਰਜ਼ੀ ਉਸ ਨਾਲ ਗੱਲ ਕਰ ਸਕਦੇ ਹਾਂ। ਚਾਹੇ ਅਸੀਂ ਹਸਪਤਾਲ ਵਿਚ ਦਾਖ਼ਲ ਹਾਂ ਜਾਂ ਜੇਲ੍ਹ ਵਿੱਚ ਹਾਂ, ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਯਕੀਨ ਰੱਖਦੇ ਹਾਂ ਕਿ ਉਹ ਜ਼ਰੂਰ ਸੁਣੇਗਾ। ਅਸੀਂ ਪ੍ਰਾਰਥਨਾ ਦੇ ਇਸ ਤੋਹਫ਼ੇ ਲਈ ਯਹੋਵਾਹ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਪਰ ਸਾਨੂੰ ਕਦੇ ਵੀ ਪ੍ਰਾਰਥਨਾ ਦੀ ਅਹਿਮੀਅਤ ਨੂੰ ਘੱਟ ਨਹੀਂ ਸਮਝਣਾ ਚਾਹੀਦਾ।

2. ਸਾਨੂੰ ਕਿਵੇਂ ਪਤਾ ਹੈ ਕਿ ਰਾਜਾ ਦਾਊਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਇਕ ਅਨਮੋਲ ਸਨਮਾਨ ਸੀ?

2 ਰਾਜਾ ਦਾਊਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਇਕ ਅਨਮੋਲ ਸਨਮਾਨ ਸੀ। ਇਸੇ ਕਰਕੇ ਉਸ ਨੇ ਪਰਮੇਸ਼ੁਰ ਲਈ ਗਾਇਆ: “ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੀ ਗਈ ਧੂਪ ਵਾਂਗ ਹੋਵੇ।” (ਜ਼ਬੂ. 141:1, 2) ਦਾਊਦ ਦੇ ਸਮੇਂ ਵਿਚ ਸ਼ੁੱਧ ਭਗਤੀ ਵਿਚ ਵਰਤੀ ਜਾਣ ਵਾਲੀ ਪਵਿੱਤਰ ਧੂਪ ਨੂੰ ਪੁਜਾਰੀ ਬਹੁਤ ਧਿਆਨ ਨਾਲ ਤਿਆਰ ਕਰਦੇ ਸਨ। (ਕੂਚ 30:34, 35) ਇਸ ਲਈ ਜਦੋਂ ਦਾਊਦ ਨੇ ਕਿਹਾ ਕਿ ਉਸ ਦੀਆਂ ਪ੍ਰਾਰਥਨਾਵਾਂ ਧੂਪ ਵਾਂਗ ਹੋਣ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਸੀ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਉਹ ਸੋਚ-ਵਿਚਾਰ ਕਰੇ ਕਿ ਉਸ ਨੇ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਕੀ ਕਹਿਣਾ ਸੀ। ਦਾਊਦ ਵਾਂਗ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੋਵੇ, ਇਸ ਲਈ ਸਾਨੂੰ ਵੀ ਪ੍ਰਾਰਥਨਾ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ।

3. ਸਾਨੂੰ ਯਹੋਵਾਹ ਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਅਤੇ ਕਿਉਂ?

3 ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਸਾਨੂੰ ਉਸ ਦੇ ਰੁਤਬੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਕਦੇ ਵੀ ਪ੍ਰਾਰਥਨਾ ਕਰਦਿਆਂ ਬਿਨਾਂ ਸੋਚੇ-ਸਮਝੇ ਕੁਝ ਵੀ ਨਹੀਂ ਕਹਿ ਦੇਣਾ ਚਾਹੀਦਾ, ਸਗੋਂ ਸਾਨੂੰ ਪੂਰੇ ਆਦਰ-ਮਾਣ ਨਾਲ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਸ਼ਾਨਦਾਰ ਦਰਸ਼ਨਾਂ ਬਾਰੇ ਸੋਚੋ ਜੋ ਯਸਾਯਾਹ, ਹਿਜ਼ਕੀਏਲ, ਦਾਨੀਏਲ ਅਤੇ ਯੂਹੰਨਾ ਨੇ ਦੇਖੇ ਸਨ। ਭਾਵੇਂ ਕਿ ਇਹ ਦਰਸ਼ਨ ਇਕ-ਦੂਜੇ ਤੋਂ ਵੱਖਰੇ ਸਨ, ਪਰ ਇਨ੍ਹਾਂ ਵਿਚ ਇਕ ਗੱਲ ਮਿਲਦੀ-ਜੁਲਦੀ ਸੀ ਕਿ ਸਾਰਿਆਂ ਨੇ ਯਹੋਵਾਹ ਨੂੰ ਇਕ ਮਹਿਮਾਵਾਨ ਰਾਜੇ ਵਜੋਂ ਦੇਖਿਆ। ਯਸਾਯਾਹ ਨੇ “ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ।” (ਯਸਾ. 6:1-3) ਹਿਜ਼ਕੀਏਲ ਨੇ ਦੇਖਿਆ ਕਿ ਯਹੋਵਾਹ ਆਪਣੇ ਸਵਰਗੀ ਰਥ ʼਤੇ ਬੈਠਾ ਹੋਇਆ ਸੀ ਜਿਸ ਦੇ ਆਲੇ-ਦੁਆਲੇ ‘ਤੇਜ਼ ਚਮਕ ਸੀ ਜਿਵੇਂ ਸਤਰੰਗੀ ਪੀਂਘ ਹੁੰਦੀ ਹੈ।’ (ਹਿਜ਼. 1:26-28) ਦਾਨੀਏਲ ਨੇ ਦੇਖਿਆ ਕਿ “ਅੱਤ ਪ੍ਰਾਚੀਨ” ਦੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਸਿੰਘਾਸਣ ਤੋਂ ਅੱਗ ਦੀਆਂ ਲਾਟਾਂ ਨਿੱਕਲ ਰਹੀਆਂ ਸਨ। (ਦਾਨੀ. 7:9, 10) ਨਾਲੇ ਯੂਹੰਨਾ ਨੇ ਦੇਖਿਆ ਕਿ ਯਹੋਵਾਹ ਇਕ ਸਿੰਘਾਸਣ ʼਤੇ ਬੈਠਾ ਹੋਇਆ ਸੀ ਜਿਸ ਦੇ ਆਲੇ-ਦੁਆਲੇ ਇਕ ਸਤਰੰਗੀ ਪੀਂਘ ਸੀ ਜੋ ਦੇਖਣ ਨੂੰ ਹਰੇ ਪੰਨੇ ਵਰਗੀ ਲੱਗਦੀ ਸੀ। (ਪ੍ਰਕਾ. 4:2-4) ਜਦੋਂ ਅਸੀਂ ਯਹੋਵਾਹ ਦੀ ਇਸ ਸ਼ਾਨਦਾਰ ਮਹਿਮਾ ਬਾਰੇ ਸੋਚਦੇ ਹਾਂ, ਤਾਂ ਅਸੀਂ ਸਮਝ ਸਕਦੇ ਹਾਂ ਕਿ ਉਸ ਨੂੰ ਪ੍ਰਾਰਥਨਾ ਕਰਨੀ ਅਨਮੋਲ ਸਨਮਾਨ ਹੈ। ਇਸ ਲਈ ਸਾਨੂੰ ਆਦਰ ਨਾਲ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਪਰ ਸਾਨੂੰ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ?

“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ”

4. ਮੱਤੀ 6:9, 10 ਵਿਚ ਦਰਜ ਯਿਸੂ ਦੀ ਪ੍ਰਾਰਥਨਾ ਤੋਂ ਅਸੀਂ ਕੀ ਸਿੱਖਦੇ ਹਾਂ?

4 ਮੱਤੀ 6:9, 10 ਪੜ੍ਹੋ। ਪਹਾੜੀ ਉਪਦੇਸ਼ ਦਿੰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਤਰੀਕੇ ਨਾਲ ਪ੍ਰਾਰਥਨਾ ਕਰਨੀ ਸਿਖਾਈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਉਸ ਨੇ ਕਿਹਾ “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ,” ਅਤੇ ਫਿਰ ਉਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਸਿੱਧਾ ਸੰਬੰਧ ਯਹੋਵਾਹ ਦੇ ਮਕਸਦ ਨਾਲ ਹੈ। ਉਸ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਵੇ, ਉਸ ਦਾ ਰਾਜ ਆਵੇ ਜੋ ਉਸ ਦੇ ਦੁਸ਼ਮਣਾਂ ਨੂੰ ਮਿਟਾ ਦੇਵੇਗਾ ਅਤੇ ਧਰਤੀ ਤੇ ਇਨਸਾਨਾਂ ਲਈ ਉਸ ਦੀ ਇੱਛਾ ਪੂਰੀ ਹੋਵੇ। ਇਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਲਈ ਪਰਮੇਸ਼ੁਰ ਦੀ ਇੱਛਾ ਬਹੁਤ ਅਹਿਮ ਹੈ।

5. ਕੀ ਅਸੀਂ ਆਪਣੀਆਂ ਲੋੜਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ?

5 ਯਿਸੂ ਨੇ ਪ੍ਰਾਰਥਨਾ ਬਾਰੇ ਅੱਗੇ ਸਿਖਾਇਆ ਕਿ ਅਸੀਂ ਆਪਣੀਆਂ ਲੋੜਾਂ ਬਾਰੇ ਵੀ ਯਹੋਵਾਹ ਨੂੰ ਦੱਸ ਸਕਦੇ ਹਾਂ। ਅਸੀਂ ਯਹੋਵਾਹ ਨੂੰ ਕਹਿ ਸਕਦੇ ਹਾਂ ਕਿ ਉਹ ਸਾਡੀ ਰੋਜ਼ ਦੀ ਰੋਟੀ ਸਾਨੂੰ ਦੇਵੇ, ਸਾਡੇ ਪਾਪ ਮਾਫ਼ ਕਰੇ, ਸਾਨੂੰ ਪਰੀਖਿਆ ਵਿਚ ਨਾ ਪੈਣ ਦੇਵੇ ਅਤੇ ਸਾਨੂੰ ਦੁਸ਼ਟ ਤੋਂ ਬਚਾਵੇ। (ਮੱਤੀ 6:11-13) ਜਦੋਂ ਅਸੀਂ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਉਸ ʼਤੇ ਭਰੋਸਾ ਦਿਖਾਉਂਦੇ ਹਾਂ ਕਿ ਉਹ ਜ਼ਰੂਰ ਸਾਡੀ ਮਦਦ ਕਰੇਗਾ ਅਤੇ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ।

ਇਕ ਪਤੀ ਆਪਣੀ ਪਤਨੀ ਨਾਲ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦਾ ਹੈ? (ਪੈਰਾ 6 ਦੇਖੋ) b

6. ਕੀ ਸਾਨੂੰ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਬਾਰੇ ਯਿਸੂ ਨੇ ਸਿਖਾਇਆ ਸੀ? ਸਮਝਾਓ।

6 ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਚੇਲੇ ਪ੍ਰਾਰਥਨਾ ਵਿਚ ਸਿਰਫ਼ ਉਹੀ ਗੱਲਾਂ ਕਹਿਣ ਜੋ ਉਸ ਨੇ ਸਿਖਾਈਆਂ ਸਨ। ਕਈ ਮੌਕਿਆਂ ʼਤੇ ਯਿਸੂ ਨੇ ਉਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਜਿਨ੍ਹਾਂ ਬਾਰੇ ਉਸ ਨੂੰ ਫ਼ਿਕਰ ਸੀ। (ਮੱਤੀ 26:39, 42; ਯੂਹੰ. 17:1-26) ਯਿਸੂ ਵਾਂਗ ਅਸੀਂ ਵੀ ਉਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ ਜਿਨ੍ਹਾਂ ਦਾ ਸਾਨੂੰ ਫ਼ਿਕਰ ਹੁੰਦਾ ਹੈ। ਉਦਾਹਰਣ ਲਈ, ਜਦੋਂ ਅਸੀਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਅਸੀਂ ਬੁੱਧ ਅਤੇ ਸਮਝ ਲਈ ਪ੍ਰਾਰਥਨਾ ਕਰ ਸਕਦੇ ਹਾਂ। (ਜ਼ਬੂ. 119:33, 34) ਜਾਂ ਜਦੋਂ ਸਾਨੂੰ ਕੋਈ ਔਖੀ ਜ਼ਿੰਮੇਵਾਰੀ ਮਿਲਦੀ ਹੈ, ਤਾਂ ਉਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਅਸੀਂ ਸਮਝ ਵਾਸਤੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। (ਕਹਾ. 2:6) ਮਾਪੇ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰ ਸਕਦੇ ਹਨ ਅਤੇ ਬੱਚੇ ਆਪਣੇ ਮਾਪਿਆਂ ਲਈ ਪ੍ਰਾਰਥਨਾ ਕਰ ਸਕਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਬਾਈਬਲ ਵਿਦਿਆਰਥੀਆਂ ਲਈ ਅਤੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਇਹ ਗੱਲ ਵੀ ਸੱਚ ਹੈ ਕਿ ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਤੋਂ ਸਿਰਫ਼ ਮੰਗਦੇ ਹੀ ਨਹੀਂ ਰਹਿਣਾ ਚਾਹੀਦਾ।

ਅਸੀਂ ਕਿਹੜੀਆਂ ਗੱਲਾਂ ਲਈ ਯਹੋਵਾਹ ਦੀ ਮਹਿਮਾ-ਵਡਿਆਈ ਅਤੇ ਸ਼ੁਕਰੀਆ ਅਦਾ ਕਰ ਸਕਦੇ ਹਾਂ? (ਪੈਰੇ 7-9 ਦੇਖੋ) c

7. ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਦੀ ਮਹਿਮਾ-ਵਡਿਆਈ ਕਿਉਂ ਕਰਨੀ ਚਾਹੀਦੀ ਹੈ?

7 ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਦੀ ਮਹਿਮਾ-ਵਡਿਆਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਸਿਰਫ਼ ਉਹੀ ਸਾਡੀ ਮਹਿਮਾ-ਵਡਿਆਈ ਪਾਉਣ ਦਾ ਹੱਕਦਾਰ ਹੈ। ਬਾਈਬਲ ਦੱਸਦੀ ਹੈ ਕਿ ਉਹ ‘ਭਲਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ’। ਨਾਲੇ ਉਹ ‘ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ, ਉਹ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਸ ਦਾ ਅਟੱਲ ਪਿਆਰ ਅਤੇ ਵਫ਼ਾਦਾਰੀ ਬੇਅੰਤ ਹੈ।’ (ਜ਼ਬੂ. 86:5, 15) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਸਾਡੇ ਕੋਲ ਉਸ ਦੀ ਵਡਿਆਈ ਕਰਨ ਦੇ ਬਹੁਤ ਸਾਰੇ ਚੰਗੇ ਕਾਰਨ ਹੁੰਦੇ ਹਨ।

8. ਸਾਨੂੰ ਕਿਹੜੀਆਂ ਗੱਲਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ? (ਜ਼ਬੂਰ 104:12-15, 24)

8 ਯਹੋਵਾਹ ਦੀ ਮਹਿਮਾ-ਵਡਿਆਈ ਕਰਨ ਤੋਂ ਇਲਾਵਾ ਸਾਨੂੰ ਉਨ੍ਹਾਂ ਸਾਰੀਆਂ ਸ਼ਾਨਦਾਰ ਚੀਜ਼ਾਂ ਲਈ ਵੀ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਉਸ ਨੇ ਸਾਨੂੰ ਦਿੱਤੀਆਂ ਹਨ। ਉਦਾਹਰਣ ਲਈ, ਅਸੀਂ ਸੋਹਣੇ-ਸੋਹਣੇ ਰੰਗ-ਬਰੰਗੇ ਫੁੱਲਾਂ ਲਈ ਅਤੇ ਅਲੱਗ-ਅਲੱਗ ਸੁਆਦਲੇ ਖਾਣੇ ਲਈ ਉਸ ਦਾ ਸ਼ੁਕਰੀਆ ਕਰ ਸਕਦੇ ਹਾਂ। ਅਸੀਂ ਉਨ੍ਹਾਂ ਦੋਸਤਾਂ ਲਈ ਵੀ ਉਸ ਦਾ ਸ਼ੁਕਰੀਆ ਕਰ ਸਕਦੇ ਹਾਂ ਜਿਨ੍ਹਾਂ ਦੇ ਸਾਥ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਸਾਡੇ ਪਿਆਰੇ ਪਿਤਾ ਨੇ ਇਨ੍ਹਾਂ ਦੇ ਨਾਲ-ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਤਾਂਕਿ ਅਸੀਂ ਖ਼ੁਸ਼ ਰਹਿ ਸਕੀਏ। (ਜ਼ਬੂਰ 104:12-15, 24 ਪੜ੍ਹੋ।) ਸਾਨੂੰ ਸਭ ਤੋਂ ਜ਼ਿਆਦਾ ਇਸ ਗੱਲ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਬਾਰੇ ਢੇਰ ਸਾਰਾ ਗਿਆਨ ਦਿੱਤਾ ਹੈ ਅਤੇ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਦਿੱਤੀ ਹੈ।

9. ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਕਿ ਅਸੀਂ ਯਹੋਵਾਹ ਦਾ ਸ਼ੁਕਰੀਆ ਅਦਾ ਕਰਨਾ ਨਾ ਭੁੱਲੀਏ? (1 ਥੱਸਲੁਨੀਕੀਆਂ 5:17, 18)

9 ਯਹੋਵਾਹ ਸਾਡੇ ਲਈ ਬਹੁਤ ਕੁਝ ਕਰਦਾ ਹੈ। ਪਰ ਕਈ ਵਾਰ ਸ਼ਾਇਦ ਅਸੀਂ ਉਸ ਦਾ ਸ਼ੁਕਰੀਆ ਅਦਾ ਕਰਨਾ ਭੁੱਲ ਜਾਈਏ। ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਲਿਖ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਫਿਰ ਸਮੇਂ-ਸਮੇਂ ʼਤੇ ਦੇਖ ਸਕਦੇ ਹੋ ਕਿ ਉਸ ਨੇ ਤੁਹਾਡੀਆਂ ਇਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ। ਫਿਰ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਦਾ ਸ਼ੁਕਰੀਆ ਅਦਾ ਕਰ ਸਕਦੇ ਹੋ। (1 ਥੱਸਲੁਨੀਕੀਆਂ 5:17, 18 ਪੜ੍ਹੋ।) ਜ਼ਰਾ ਸੋਚੋ ਕਿ ਜਦੋਂ ਦੂਜੇ ਸਾਡਾ ਸ਼ੁਕਰੀਆ ਅਦਾ ਕਰਦੇ ਹਨ, ਤਾਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਯਹੋਵਾਹ ਨੂੰ ਵੀ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦੇਣ ਲਈ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ। (ਕੁਲੁ. 3:15) ਆਓ ਦੇਖੀਏ ਕਿ ਅਸੀਂ ਹੋਰ ਕਿਹੜੀ ਅਹਿਮ ਗੱਲ ਲਈ ਉਸ ਦਾ ਸ਼ੁਕਰੀਆ ਅਦਾ ਕਰ ਸਕਦੇ ਹਾਂ।

ਯਹੋਵਾਹ ਦੇ ਸ਼ੁਕਰਗੁਜ਼ਾਰ ਹੋਵੋ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਘੱਲਿਆ

10. ਪਹਿਲਾ ਪਤਰਸ 2:21 ਮੁਤਾਬਕ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਕਿਉਂ ਹੋਣਾ ਚਾਹੀਦਾ ਹੈ?

10 ਪਹਿਲਾ ਪਤਰਸ 2:21 ਪੜ੍ਹੋ। ਸਾਨੂੰ ਯਹੋਵਾਹ ਦੇ ਇਸ ਗੱਲ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਸਿਖਾਉਣ ਲਈ ਆਪਣੇ ਪਿਆਰੇ ਪੁੱਤਰ ਨੂੰ ਧਰਤੀ ʼਤੇ ਘੱਲਿਆ। ਯਿਸੂ ਦੀ ਜ਼ਿੰਦਗੀ ਬਾਰੇ ਅਧਿਐਨ ਕਰ ਕੇ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ ਅਤੇ ਇਹ ਵੀ ਜਾਣ ਸਕਦੇ ਹਾਂ ਕਿ ਅਸੀਂ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ। ਜੇ ਅਸੀਂ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ ਅਤੇ ਸਾਡਾ ਉਸ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਦਾ ਹੈ।​—ਰੋਮੀ. 5:1.

11. ਸਾਨੂੰ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

11 ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਦੇ ਪੁੱਤਰ ਰਾਹੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਉਹ ਯਿਸੂ ਦੇ ਨਾਂ ʼਤੇ ਕੀਤੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ। ਯਹੋਵਾਹ ਸਾਨੂੰ ਯਿਸੂ ਰਾਹੀਂ ਉਹ ਸਾਰੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਬਾਰੇ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ। ਯਿਸੂ ਨੇ ਕਿਹਾ: “ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।”​—ਯੂਹੰ. 14:13, 14.

12. ਯਹੋਵਾਹ ਦਾ ਸ਼ੁਕਰੀਆ ਅਦਾ ਕਰਨ ਦਾ ਸਾਡੇ ਕੋਲ ਇਕ ਹੋਰ ਕਿਹੜਾ ਕਾਰਨ ਹੈ?

12 ਯਹੋਵਾਹ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਹੀ ਸਾਡੇ ਪਾਪ ਮਾਫ਼ ਕਰਦਾ ਹੈ। ਬਾਈਬਲ ਵਿਚ ਦੱਸਿਆ ਹੈ ਕਿ ‘ਸਾਡਾ ਮਹਾਂ ਪੁਜਾਰੀ ਯਿਸੂ ਸਵਰਗ ਵਿਚ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠਾ ਹੋਇਆ ਹੈ।’ (ਇਬ. 8:1) ਉਹ “ਪਿਤਾ ਕੋਲ ਸਾਡਾ ਇਕ ਮਦਦਗਾਰ ਹੈ।” (1 ਯੂਹੰ. 2:1) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਇੰਨਾ ਹਮਦਰਦ ਮਹਾਂ ਪੁਜਾਰੀ ਦਿੱਤਾ ਹੈ ਜੋ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਸਮਝਦਾ ਹੈ ਅਤੇ “ਸਾਡੇ ਵਾਸਤੇ ਬੇਨਤੀ ਕਰਦਾ ਹੈ।” (ਰੋਮੀ. 8:34; ਇਬ. 4:15) ਅਸੀਂ ਨਾਮੁਕੰਮਲ ਇਨਸਾਨ ਯਿਸੂ ਦੀ ਕੁਰਬਾਨੀ ਤੋਂ ਬਿਨਾਂ ਯਹੋਵਾਹ ਨੂੰ ਪ੍ਰਾਰਥਨਾ ਨਹੀਂ ਕਰ ਸਕਦੇ ਸੀ। ਬਿਨਾਂ ਸ਼ੱਕ, ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਸਾਨੂੰ ਤੋਹਫ਼ੇ ਵਜੋਂ ਦਿੱਤਾ ਹੈ। ਇਸ ਗੱਲ ਲਈ ਅਸੀਂ ਯਹੋਵਾਹ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰੀਏ ਉਨ੍ਹਾਂ ਹੀ ਘੱਟ ਹੋਵੇਗਾ।

ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰੋ

13. ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ?

13 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਲਈ ਕਾਫ਼ੀ ਲੰਬੀ ਪ੍ਰਾਰਥਨਾ ਕੀਤੀ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ “ਸ਼ੈਤਾਨ ਤੋਂ ਉਨ੍ਹਾਂ ਦੀ ਰੱਖਿਆ” ਕਰੇ। (ਯੂਹੰ. 17:15) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਕਿੰਨਾ ਪਿਆਰ ਕਰਦਾ ਸੀ! ਚਾਹੇ ਉਸ ਨੂੰ ਪਤਾ ਸੀ ਕਿ ਬਹੁਤ ਜਲਦ ਉਸ ਨੂੰ ਇਕ ਔਖੀ ਘੜੀ ਵਿੱਚੋਂ ਲੰਘਣਾ ਪੈਣਾ, ਫਿਰ ਵੀ ਉਸ ਨੂੰ ਆਪਣੀ ਬਜਾਇ ਆਪਣੇ ਰਸੂਲਾਂ ਦੀ ਫ਼ਿਕਰ ਸੀ।

ਆਪਣੇ ਭੈਣਾਂ-ਭਰਾਵਾਂ ਬਾਰੇ ਪ੍ਰਾਰਥਨਾ ਕਰਦਿਆਂ ਅਸੀਂ ਕਿਹੜੀਆਂ ਗੱਲਾਂ ਦਾ ਜ਼ਿਕਰ ਕਰ ਸਕਦੇ ਹਾਂ? (ਪੈਰੇ 14-16 ਦੇਖੋ) d

14. ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ?

14 ਸਾਨੂੰ ਸਿਰਫ਼ ਆਪਣੀਆਂ ਲੋੜਾਂ ਬਾਰੇ ਹੀ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਯਿਸੂ ਦੀ ਰੀਸ ਕਰਦਿਆਂ ਬਾਕਾਇਦਾ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦਾ ਇਹ ਹੁਕਮ ਮੰਨ ਰਹੇ ਹੋਵਾਂਗੇ ਕਿ ਇਕ-ਦੂਜੇ ਨੂੰ ਪਿਆਰ ਕਰੋ। ਨਾਲੇ ਅਸੀਂ ਯਹੋਵਾਹ ਨੂੰ ਵੀ ਦਿਖਾਵਾਂਗੇ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦੇ ਹਾਂ। (ਯੂਹੰ. 13:34) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਨਾਲ ਉਨ੍ਹਾਂ ਦੀ ਮਦਦ ਹੁੰਦੀ ਹੈ ਕਿਉਂਕਿ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।”​—ਯਾਕੂ. 5:16.

15. ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

15 ਸਾਡੇ ਭੈਣ-ਭਰਾ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਹੇ ਹਨ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੀਏ। ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਬੀਮਾਰੀਆਂ, ਕੁਦਰਤੀ ਆਫ਼ਤਾਂ, ਦੰਗੇ-ਫ਼ਸਾਦਾਂ, ਜ਼ੁਲਮਾਂ ਅਤੇ ਹੋਰ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਉਨ੍ਹਾਂ ਦੀ ਮਦਦ ਕਰੇ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਔਖੀਆਂ ਘੜੀਆਂ ਦੌਰਾਨ ਦੂਜਿਆਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਸ਼ਾਇਦ ਤੁਸੀਂ ਕੁਝ ਭੈਣਾਂ-ਭਰਾਵਾਂ ਨੂੰ ਜਾਣਦੇ ਹੋਵੋ ਜੋ ਅਜਿਹੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ। ਕਿਉਂ ਨਾ ਤੁਸੀਂ ਉਨ੍ਹਾਂ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ। ਜਦੋਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਇਨ੍ਹਾਂ ਭੈਣਾਂ-ਭਰਾਵਾਂ ਦੀ ਮੁਸ਼ਕਲਾਂ ਸਹਿਣ ਵਿਚ ਮਦਦ ਕਰੇ, ਤਾਂ ਅਸੀਂ ਉਨ੍ਹਾਂ ਲਈ ਆਪਣੇ ਸੱਚੇ ਪਿਆਰ ਦਾ ਸਬੂਤ ਦਿੰਦੇ ਹਾਂ।

16. ਸਾਨੂੰ ਅਗਵਾਈ ਕਰਨ ਵਾਲੇ ਭਰਾਵਾਂ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

16 ਸਾਨੂੰ ਅਗਵਾਈ ਕਰਨ ਵਾਲੇ ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਜ਼ਿੰਮੇਵਾਰੀਆਂ ਸੰਭਾਲਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਨਾਲੇ ਉਹ ਭਰਾ ਇਸ ਗੱਲ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ। ਪੌਲੁਸ ਰਸੂਲ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੂੰ ਵੀ ਦੂਜਿਆਂ ਦੀਆਂ ਪ੍ਰਾਰਥਨਾਵਾਂ ਦੀ ਲੋੜ ਸੀ। ਇਸ ਲਈ ਉਸ ਨੇ ਲਿਖਿਆ: “ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦ ਮੈਂ ਗੱਲ ਕਰਾਂ, ਤਾਂ ਮੇਰੀ ਜ਼ਬਾਨ ʼਤੇ ਸਹੀ ਸ਼ਬਦ ਆਉਣ ਅਤੇ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪਵਿੱਤਰ ਭੇਤ ਸੁਣਾ ਸਕਾਂ।” (ਅਫ਼. 6:19) ਅੱਜ ਸਾਡੀਆਂ ਮੰਡਲੀਆਂ ਵਿਚ ਵੀ ਪੌਲੁਸ ਵਾਂਗ ਅਗਵਾਈ ਕਰਨ ਵਾਲੇ ਬਹੁਤ ਸਾਰੇ ਭਰਾ ਹਨ ਜੋ ਸਾਡੇ ਲਈ ਸਖ਼ਤ ਮਿਹਨਤ ਕਰਦੇ ਹਨ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਉਨ੍ਹਾਂ ਦੇ ਕੰਮਾਂ ʼਤੇ ਬਰਕਤ ਪਾਵੇ, ਤਾਂ ਅਸੀਂ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।

ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਦੇ ਵੇਲੇ

17-18. (ੳ) ਸ਼ਾਇਦ ਸਾਨੂੰ ਕਿਹੜੇ ਮੌਕਿਆਂ ʼਤੇ ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਨ ਲਈ ਕਿਹਾ ਜਾਵੇ? (ਅ) ਇਨ੍ਹਾਂ ਮੌਕਿਆਂ ʼਤੇ ਪ੍ਰਾਰਥਨਾ ਕਰਦੇ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?

17 ਕਈ ਵਾਰ ਸਾਨੂੰ ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ। ਉਦਾਹਰਣ ਲਈ, ਇਕ ਭੈਣ ਕਿਸੇ ਹੋਰ ਭੈਣ ਨੂੰ ਆਪਣੇ ਨਾਲ ਬਾਈਬਲ ਸਟੱਡੀ ʼਤੇ ਲੈ ਕੇ ਜਾਂਦੀ ਹੈ ਅਤੇ ਉਹ ਉਸ ਨੂੰ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ। ਪਰ ਉਹ ਭੈਣ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ। ਇਸ ਲਈ ਉਹ ਕਹਿੰਦੀ ਹੈ ਕਿ ਉਹ ਸਟੱਡੀ ਤੋਂ ਬਾਅਦ ਪ੍ਰਾਰਥਨਾ ਕਰੇਗੀ। ਇਸ ਤਰ੍ਹਾਂ ਉਹ ਭੈਣ ਸਟੱਡੀ ਦੌਰਾਨ ਵਿਦਿਆਰਥੀ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਜਾਣ ਸਕੇਗੀ ਅਤੇ ਫਿਰ ਉਨ੍ਹਾਂ ਬਾਰੇ ਪ੍ਰਾਰਥਨਾ ਕਰ ਸਕੇਗੀ।

18 ਹੋ ਸਕਦਾ ਹੈ ਕਿ ਇਕ ਭਰਾ ਨੂੰ ਪ੍ਰਚਾਰ ਦੀ ਮੀਟਿੰਗ ਵਿਚ ਜਾਂ ਮੰਡਲੀ ਦੀ ਮੀਟਿੰਗ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਵੇ। ਇਹ ਸਨਮਾਨ ਮਿਲਣ ʼਤੇ ਉਸ ਭਰਾ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਮੀਟਿੰਗ ਕਿਸ ਮਕਸਦ ਲਈ ਰੱਖੀ ਗਈ ਹੈ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪ੍ਰਾਰਥਨਾ ਕਰਦਿਆਂ ਮੰਡਲੀ ਨੂੰ ਕੋਈ ਸਲਾਹ ਨਾ ਦੇਵੇ ਜਾਂ ਕੋਈ ਘੋਸ਼ਣਾ ਨਾ ਕਰੇ। ਸਾਡੀਆਂ ਜ਼ਿਆਦਾਤਰ ਮੀਟਿੰਗਾਂ ਵਿਚ ਗੀਤ ਤੇ ਪ੍ਰਾਰਥਨਾ ਲਈ 5 ਮਿੰਟ ਹੁੰਦੇ ਹਨ। ਇਸ ਲਈ ਭਰਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪ੍ਰਾਰਥਨਾ ਕਰਦੇ ਵੇਲੇ ‘ਜ਼ਿਆਦਾ ਨਾ ਬੋਲਣ’, ਖ਼ਾਸ ਕਰਕੇ ਜਦੋਂ ਕਿਸੇ ਭਰਾ ਨੂੰ ਮੀਟਿੰਗ ਦੀ ਸ਼ੁਰੂਆਤ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ।​—ਮੱਤੀ 6:7.

ਪ੍ਰਾਰਥਨਾ ਕਰਨ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ

19. ਯਹੋਵਾਹ ਦੇ ਨਿਆਂ ਦੇ ਦਿਨ ਲਈ ਤਿਆਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

19 ਜਿੱਦਾਂ-ਜਿੱਦਾਂ ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਆ ਰਿਹਾ ਹੈ, ਸਾਨੂੰ ਆਪਣੀ ਜ਼ਿੰਦਗੀ ਵਿਚ ਪ੍ਰਾਰਥਨਾ ਕਰਨ ਨੂੰ ਹੋਰ ਵੀ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। ਇਸ ਬਾਰੇ ਯਿਸੂ ਨੇ ਕਿਹਾ ਸੀ: “ਜਾਗਦੇ ਰਹੋ ਅਤੇ ਹਰ ਸਮੇਂ ਮਦਦ ਲਈ ਫ਼ਰਿਆਦ ਕਰਦੇ ਰਹੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ ਸਕੋ ਜੋ ਜ਼ਰੂਰ ਵਾਪਰਨਗੀਆਂ ਅਤੇ ਮਨੁੱਖ ਦੇ ਪੁੱਤਰ ਸਾਮ੍ਹਣੇ ਖੜ੍ਹੇ ਹੋ ਸਕੋ।” (ਲੂਕਾ 21:36) ਜੀ ਹਾਂ, ਜੇ ਅਸੀਂ ਬਾਕਾਇਦਾ ਪ੍ਰਾਰਥਨਾ ਕਰਦੇ ਰਹਾਂਗੇ, ਤਾਂ ਸਾਡੀ ਨਿਹਚਾ ਪੱਕੀ ਹੋਵੇਗੀ ਅਤੇ ਅਸੀਂ ਪਰਮੇਸ਼ੁਰ ਦੇ ਨਿਆਂ ਦੇ ਦਿਨ ਲਈ ਤਿਆਰ ਰਹਾਂਗੇ।

20. ਸਾਡੀਆਂ ਪ੍ਰਾਰਥਨਾਵਾਂ ਖ਼ੁਸ਼ਬੂਦਾਰ ਧੂਪ ਵਾਂਗ ਕਿਵੇਂ ਹੋ ਸਕਦੀਆਂ ਹਨ?

20 ਹੁਣ ਤਕ ਅਸੀਂ ਕੀ ਸਿੱਖਿਆ? ਸਾਨੂੰ ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਬਹੁਤ ਹੀ ਅਨਮੋਲ ਸਮਝਣਾ ਚਾਹੀਦਾ ਹੈ। ਸਾਨੂੰ ਖ਼ਾਸ ਕਰਕੇ ਉਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਸਿੱਧਾ ਸੰਬੰਧ ਯਹੋਵਾਹ ਦੇ ਮਕਸਦ ਨਾਲ ਹੈ। ਸਾਨੂੰ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਡੇ ਲਈ ਆਪਣੇ ਪਿਆਰੇ ਪੁੱਤਰ ਨੂੰ ਧਰਤੀ ʼਤੇ ਭੇਜਿਆ। ਉਸ ਦੇ ਰਾਜ ਰਾਹੀਂ ਮਿਲਣ ਵਾਲੀਆਂ ਬਰਕਤਾਂ ਲਈ ਵੀ ਸਾਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਨਾਲੇ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ, ਸਾਨੂੰ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਆਪਣੀ ਨਿਹਚਾ ਪੱਕੀ ਕਰਨ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪ੍ਰਾਰਥਨਾ ਕਰਨ ਨੂੰ ਕਿੰਨਾ ਵੱਡਾ ਸਨਮਾਨ ਸਮਝਦੇ ਹਾਂ! ਇਸ ਤਰ੍ਹਾਂ ਕਰਨ ਨਾਲ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਖ਼ੁਸ਼ਬੂਦਾਰ ਧੂਪ ਵਾਂਗ ਹੁੰਦੀਆਂ ਹਨ ਜਿਨ੍ਹਾਂ ਤੋਂ “ਉਹ ਖ਼ੁਸ਼ ਹੁੰਦਾ ਹੈ।”​—ਕਹਾ. 15:8.

ਗੀਤ 45 ਮੇਰੇ ਮਨ ਦੇ ਖ਼ਿਆਲ

a ਅਸੀਂ ਇਸ ਗੱਲ ਦੀ ਦਿਲੋਂ ਕਦਰ ਕਰਦੇ ਹਾਂ ਕਿ ਯਹੋਵਾਹ ਨੇ ਸਾਨੂੰ ਉਸ ਨੂੰ ਪ੍ਰਾਰਥਨਾ ਕਰਨ ਦਾ ਸਨਮਾਨ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਖ਼ੁਸ਼ਬੂਦਾਰ ਧੂਪ ਵਾਂਗ ਹੋਣ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇ। ਇਸ ਲੇਖ ਵਿੱਚ ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਇਹ ਵੀ ਜਾਣਾਂਗੇ ਕਿ ਜਦੋਂ ਸਾਨੂੰ ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਸਾਨੂੰ ਕਿਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

b ਤਸਵੀਰਾਂ ਬਾਰੇ ਜਾਣਕਾਰੀ: ਇਕ ਪਤੀ ਆਪਣੀ ਪਤਨੀ ਨਾਲ ਪ੍ਰਾਰਥਨਾ ਕਰਦਾ ਹੈ ਕਿ ਉਨ੍ਹਾਂ ਦੀ ਬੱਚੀ ਸਕੂਲ ਵਿਚ ਸੁਰੱਖਿਅਤ ਰਹੇ, ਉਸ ਦਾ ਸਹੁਰਾ ਬੀਮਾਰੀ ਨਾਲ ਲੜ ਸਕੇ ਅਤੇ ਉਨ੍ਹਾਂ ਦੀ ਬਾਈਬਲ ਸਟੱਡੀ ਤਰੱਕੀ ਕਰਦੀ ਰਹੇ।

c ਤਸਵੀਰਾਂ ਬਾਰੇ ਜਾਣਕਾਰੀ: ਇਕ ਜਵਾਨ ਭਰਾ ਯਿਸੂ ਦੀ ਕੁਰਬਾਨੀ ਲਈ, ਇਸ ਸੋਹਣੀ ਧਰਤੀ ਲਈ ਅਤੇ ਖਾਣ-ਪੀਣ ਦੀਆਂ ਵਧੀਆ ਚੀਜ਼ਾਂ ਲਈ ਯਹੋਵਾਹ ਦਾ ਧੰਨਵਾਦ ਕਰਦਾ ਹੋਇਆ।

d ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹੋਈ ਕਿ ਉਹ ਪ੍ਰਬੰਧਕ ਸਭਾ ਦੇ ਭਰਾਵਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇਵੇ ਅਤੇ ਕੁਦਰਤੀ ਆਫ਼ਤਾਂ ਤੇ ਜ਼ੁਲਮ ਸਹਿ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰੇ।