Skip to content

Skip to table of contents

ਅਧਿਐਨ ਲੇਖ 28

ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!

ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!

“ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ।”​—ਪ੍ਰਕਾ. 11:15.

ਗੀਤ 22 ਜਲਦੀ ਤੇਰਾ ਰਾਜ ਆਵੇ!

ਖ਼ਾਸ ਗੱਲਾਂ a

1. ਸਾਨੂੰ ਕਿਹੜੀ ਗੱਲ ਦਾ ਭਰੋਸਾ ਹੈ ਅਤੇ ਕਿਉਂ?

 ਅੱਜ ਦੁਨੀਆਂ ਦੇ ਹਾਲਾਤ ਦਿਨ-ਬਦਿਨ ਵਿਗੜਦੇ ਜਾ ਰਹੇ ਹਨ। ਜੇ ਦੇਖਿਆ ਜਾਵੇ, ਤਾਂ ਪਰਿਵਾਰਾਂ ਵਿਚ ਵੀ ਪਿਆਰ ਫਿੱਕਾ ਪੈ ਚੁੱਕਾ ਹੈ। ਅੱਜ ਲੋਕ ਸੁਆਰਥੀ ਹਨ, ਉਨ੍ਹਾਂ ਦਾ ਪਾਰਾ ਛੇਤੀ ਹੀ ਚੜ੍ਹ ਜਾਂਦਾ ਹੈ ਅਤੇ ਉਹ ਇਕ-ਦੂਜੇ ਨੂੰ ਝੱਟ ਹੀ ਮਾਰਨ-ਕੁੱਟਣ ਤੇ ਉਤਾਰੂ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਰੱਖਣ ਵਾਲਿਆਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਇਹ ਸਭ ਕੁਝ ਦੇਖ ਕੇ ਲੱਗਦਾ ਕਿ ਹਾਲਾਤ ਕਦੇ ਨਹੀਂ ਸੁਧਰਨਗੇ। ਪਰ ਇਨ੍ਹਾਂ ਹਾਲਾਤਾਂ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ। ਕਿਉਂ? ਕਿਉਂਕਿ ਅੱਜ ਲੋਕਾਂ ਦਾ ਰਵੱਈਆ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ‘ਆਖ਼ਰੀ ਦਿਨਾਂ’ ਬਾਰੇ ਕੀਤੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ। (2 ਤਿਮੋ. 3:1-5) ਕੋਈ ਵੀ ਨੇਕਦਿਲ ਇਨਸਾਨ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਨਾਲੇ ਇਸ ਭਵਿੱਖਬਾਣੀ ਦੀ ਪੂਰਤੀ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਈਬਲ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਵੀ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਸਾਡੇ ਸਮੇਂ ਦੌਰਾਨ ਪੂਰੀਆਂ ਹੋ ਰਹੀਆਂ ਭਵਿੱਖਬਾਣੀਆਂ ʼਤੇ ਗੌਰ ਕਰ ਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ।

ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਦੀਆਂ ਭਵਿੱਖਬਾਣੀਆਂ ਇਕ ਵੱਡੀ ਤਸਵੀਰ ਦੇ ਛੋਟੇ-ਛੋਟੇ ਟੁਕੜਿਆਂ ਵਾਂਗ ਹਨ ਜਿਨ੍ਹਾਂ ਨੂੰ ਜੋੜ ਕੇ ਅਸੀਂ ਪੂਰੀ ਤਸਵੀਰ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਵਾਅਦੇ ਮੁਤਾਬਕ ਬਹੁਤ ਜਲਦੀ ਅੰਤ ਆਉਣ ਵਾਲਾ ਹੈ (ਪੈਰਾ 2 ਦੇਖੋ)

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ ਅਤੇ ਕਿਉਂ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਬਾਰੇ ਸਮਝਾਓ।)

2 ਇਸ ਲੇਖ ਵਿਚ ਸਭ ਤੋਂ ਪਹਿਲਾਂ ਅਸੀਂ ਇਕ ਭਵਿੱਖਬਾਣੀ ʼਤੇ ਗੌਰ ਕਰਾਂਗੇ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਕਦੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਅਸੀਂ ਕੁਝ ਹੋਰ ਭਵਿੱਖਬਾਣੀਆਂ ਤੋਂ ਜਾਣਾਂਗੇ ਕਿ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਖ਼ੀਰ ਵਿਚ ਅਸੀਂ ਕੁਝ ਹੋਰ ਭਵਿੱਖਬਾਣੀਆਂ ʼਤੇ ਚਰਚਾ ਕਰ ਕੇ ਸਮਝਾਂਗੇ ਕਿ ਪਰਮੇਸ਼ੁਰ ਦਾ ਰਾਜ ਆਪਣੇ ਦੁਸ਼ਮਣਾਂ ਦਾ ਨਾਸ਼ ਕਿਵੇਂ ਕਰੇਗਾ। ਇਹ ਸਾਰੀਆਂ ਭਵਿੱਖਬਾਣੀਆਂ ਇਕ ਵੱਡੀ ਤਸਵੀਰ ਦੇ ਛੋਟੇ-ਛੋਟੇ ਟੁਕੜਿਆਂ ਵਾਂਗ ਹਨ। ਇਨ੍ਹਾਂ ਟੁਕੜਿਆਂ ਨੂੰ ਜੋੜ ਕੇ ਅਸੀਂ ਪੂਰੀ ਤਸਵੀਰ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਵਾਅਦੇ ਮੁਤਾਬਕ ਬਹੁਤ ਜਲਦੀ ਅੰਤ ਆਉਣ ਵਾਲਾ ਹੈ।

ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਕਦੋਂ ਸ਼ੁਰੂ ਹੋਇਆ?

3. ਦਾਨੀਏਲ 7:13, 14 ਵਿਚ ਕੀਤੀ ਭਵਿੱਖਬਾਣੀ ਤੋਂ ਸਾਨੂੰ ਕਿਹੜੀ ਗੱਲ ਦਾ ਭਰੋਸਾ ਮਿਲਦਾ ਹੈ?

3 ਦਾਨੀਏਲ 7:13, 14 ਵਿਚ ਦਰਜ ਭਵਿੱਖਬਾਣੀ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਿਸੂ ਮਸੀਹ ਹੀ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ ਅਤੇ ਉਸ ਤੋਂ ਵਧੀਆ ਰਾਜਾ ਕੋਈ ਹੋਰ ਨਹੀਂ ਹੋ ਸਕਦਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵੱਖੋ-ਵੱਖਰੀਆਂ ਕੌਮਾਂ ਦੇ ਲੋਕ ਖ਼ੁਸ਼ੀ-ਖ਼ੁਸ਼ੀ “ਉਸ ਦੀ ਸੇਵਾ ਕਰਨਗੇ” ਅਤੇ ਉਸ ਦਾ ਰਾਜ ਹਮੇਸ਼ਾ ਕਾਇਮ ਰਹੇਗਾ। ਦਾਨੀਏਲ ਦੀ ਕਿਤਾਬ ਵਿਚ ਦਰਜ ਇਕ ਹੋਰ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਰਾਜ ਸੱਤ ਸਮੇਂ ਪੂਰੇ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਿਸੂ ਨੇ ਕਦੋਂ ਰਾਜ ਕਰਨਾ ਸ਼ੁਰੂ ਕੀਤਾ?

4. ਦਾਨੀਏਲ 4:10-17 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਕਦੋਂ ਰਾਜਾ ਬਣਿਆ? (ਫੁਟਨੋਟ ਦੇਖੋ।)

4 ਦਾਨੀਏਲ 4:10-17 ਪੜ੍ਹੋ। “ਸੱਤ ਸਮਿਆਂ” ਦਾ ਮਤਲਬ ਹੈ 2,520 ਸਾਲ। ਇਹ ਸਮਾਂ 607 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਜਦੋਂ ਬਾਬਲੀਆਂ ਨੇ ਯਰੂਸ਼ਲਮ ਵਿਚ ਯਹੋਵਾਹ ਦੇ ਸਿੰਘਾਸਣ ਤੋਂ ਆਖ਼ਰੀ ਰਾਜੇ ਨੂੰ ਹਟਾ ਦਿੱਤਾ। ਇਹ ਸਮਾਂ 1914 ਈਸਵੀ ਵਿਚ ਖ਼ਤਮ ਹੋਇਆ ਜਦੋਂ ਯਹੋਵਾਹ ਨੇ ਆਪਣੇ ਰਾਜ ਦੇ ਰਾਜੇ ਵਜੋਂ ਯਿਸੂ ਨੂੰ ਸਿੰਘਾਸਣ ʼਤੇ ਬਿਠਾਇਆ ਜਿਸ ਕੋਲ ਇਸ ʼਤੇ ਬੈਠਣ ਦਾ “ਕਾਨੂੰਨੀ ਹੱਕ” ਹੈ। b​—ਹਿਜ਼. 21:25-27.

5. “ਸੱਤ ਸਮਿਆਂ” ਦੀ ਭਵਿੱਖਬਾਣੀ ਬਾਰੇ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

5 ਇਸ ਭਵਿੱਖਬਾਣੀ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਜਦੋਂ ਅਸੀਂ “ਸੱਤ ਸਮਿਆਂ” ਦੀ ਭਵਿੱਖਬਾਣੀ ਬਾਰੇ ਸਮਝ ਹਾਸਲ ਕਰਦੇ ਹਾਂ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਯਹੋਵਾਹ ਆਪਣੇ ਬਾਕੀ ਸਾਰੇ ਵਾਅਦੇ ਵੀ ਸਹੀ ਸਮੇਂ ʼਤੇ ਪੂਰੇ ਕਰੇਗਾ। ਯਹੋਵਾਹ ਨੇ ਪਹਿਲਾਂ ਹੀ ਤੈਅ ਕੀਤਾ ਸੀ ਕਿ ਉਹ ਯਿਸੂ ਨੂੰ ਕਦੋਂ ਆਪਣੇ ਰਾਜ ਦਾ ਰਾਜਾ ਬਣਾਵੇਗਾ ਅਤੇ ਉਸ ਨੇ ਸਹੀ ਸਮੇਂ ʼਤੇ ਇਸ ਤਰ੍ਹਾਂ ਕੀਤਾ ਵੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਬਾਕੀ ਸਾਰੀਆਂ ਭਵਿੱਖਬਾਣੀਆਂ ਵੀ ਬਿਲਕੁਲ ਸਹੀ ਸਮੇਂ ʼਤੇ ਪੂਰੀਆਂ ਕਰੇਗਾ। ਜੀ ਹਾਂ, ਉਹ “ਦੇਰ ਨਾ ਕਰੇਗਾ।”​—ਹੱਬ. 2:3.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਸੀਹ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ?

6. (ੳ) ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮਸੀਹ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ? (ਅ) ਪ੍ਰਕਾਸ਼ ਦੀ ਕਿਤਾਬ 6:2-8 ਵਿਚ ਦਰਜ ਭਵਿੱਖਬਾਣੀ ਤੋਂ ਇਸ ਗੱਲ ਦਾ ਸਬੂਤ ਕਿਵੇਂ ਮਿਲਦਾ ਹੈ?

6 ਧਰਤੀ ʼਤੇ ਆਪਣੀ ਸੇਵਕਾਈ ਦੇ ਅਖ਼ੀਰ ਵਿਚ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਸ ਦੇ ਸਵਰਗ ਵਿਚ ਰਾਜਾ ਬਣਨ ਤੋਂ ਬਾਅਦ ਧਰਤੀ ʼਤੇ ਕੁਝ ਘਟਨਾਵਾਂ ਵਾਪਰਨਗੀਆਂ। ਇਨ੍ਹਾਂ ਘਟਨਾਵਾਂ ਬਾਰੇ ਦੱਸਦਿਆਂ ਉਸ ਨੇ ਕਿਹਾ ਕਿ ਯੁੱਧ ਹੋਣਗੇ, ਕਾਲ਼ ਪੈਣਗੇ ਅਤੇ ਭੁਚਾਲ਼ ਆਉਣਗੇ। ਉਸ ਨੇ ਇਹ ਵੀ ਦੱਸਿਆ ਕਿ “ਥਾਂ-ਥਾਂ ਮਹਾਂਮਾਰੀਆਂ ਫੈਲਣਗੀਆਂ।” ਹਾਲ ਹੀ ਦੇ ਸਮੇਂ ਵਿਚ ਫੈਲੀ ਕੋਵਿਡ-19 ਮਹਾਂਮਾਰੀ ਵੀ ਇਸ ਦੀ ਇਕ ਉਦਾਹਰਣ ਹੈ। ਬਾਈਬਲ ਵਿਚ ਇਨ੍ਹਾਂ ਘਟਨਾਵਾਂ ਨੂੰ ਮਸੀਹ ਦੀ ਮੌਜੂਦਗੀ ਦੀ “ਨਿਸ਼ਾਨੀ” ਕਿਹਾ ਗਿਆ ਹੈ। (ਮੱਤੀ 24:3, 7; ਲੂਕਾ 21:7, 10, 11) ਯਿਸੂ ਨੇ ਸਵਰਗ ਜਾਣ ਤੋਂ ਲਗਭਗ 60 ਸਾਲ ਬਾਅਦ ਯੂਹੰਨਾ ਰਸੂਲ ਨੂੰ ਭਰੋਸਾ ਦਿਵਾਇਆ ਕਿ ਇਹ ਘਟਨਾਵਾਂ ਜ਼ਰੂਰ ਵਾਪਰਨਗੀਆਂ। (ਪ੍ਰਕਾਸ਼ ਦੀ ਕਿਤਾਬ 6:2-8 ਪੜ੍ਹੋ।) 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ।

7. ਯਿਸੂ ਦੇ ਰਾਜਾ ਬਣਨ ਤੋਂ ਬਾਅਦ ਧਰਤੀ ਦੇ ਹਾਲਾਤ ਕਿਉਂ ਵਿਗੜਨ ਲੱਗ ਪਏ?

7 ਯਿਸੂ ਦੇ ਰਾਜਾ ਬਣਨ ਤੋਂ ਬਾਅਦ ਧਰਤੀ ਦੇ ਹਾਲਾਤ ਇੰਨੇ ਜ਼ਿਆਦਾ ਕਿਉਂ ਵਿਗੜਨ ਲੱਗ ਪਏ? ਇਸ ਸਵਾਲ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ 6:2 ਤੋਂ ਮਿਲਦਾ ਹੈ। ਇੱਥੇ ਦੱਸਿਆ ਹੈ ਕਿ ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੈਤਾਨ ਨਾਲ ਯੁੱਧ ਕਰਨਾ ਸੀ। ਪ੍ਰਕਾਸ਼ ਦੀ ਕਿਤਾਬ ਅਧਿਆਇ 12 ਅਨੁਸਾਰ ਸ਼ੈਤਾਨ ਇਹ ਯੁੱਧ ਹਾਰ ਗਿਆ ਅਤੇ ਉਸ ਨੂੰ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਧਰਤੀ ʼਤੇ ਸੁੱਟ ਦਿੱਤਾ ਗਿਆ। ਇਸ ਲਈ ਸ਼ੈਤਾਨ ਗੁੱਸੇ ਵਿਚ ਪਾਗਲ ਹੋ ਗਿਆ ਤੇ ਉਸ ਨੇ ਆਪਣਾ ਗੁੱਸਾ ਇਨਸਾਨਾਂ ʼਤੇ ਕੱਢਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਬਾਈਬਲ ਵਿਚ ਲਿਖਿਆ ਗਿਆ ਹੈ: ‘ਧਰਤੀ ਉੱਤੇ ਹਾਇ! ਹਾਇ!’​—ਪ੍ਰਕਾਸ਼ ਦੀ ਕਿਤਾਬ 12:7-12.

ਬੁਰੀਆਂ ਖ਼ਬਰਾਂ ਸੁਣ ਕੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਭਵਿੱਖਬਾਣੀਆਂ ਨੂੰ ਪੂਰਾ ਹੁੰਦਾ ਦੇਖ ਕੇ ਸਾਡਾ ਭਰੋਸਾ ਹੋਰ ਵੀ ਪੱਕਾ ਹੁੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ (ਪੈਰਾ 8 ਦੇਖੋ)

8. ਰਾਜ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

8 ਇਨ੍ਹਾਂ ਭਵਿੱਖਬਾਣੀਆਂ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਲੋਕਾਂ ਦੇ ਬਦਲਦੇ ਰਵੱਈਏ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਯਿਸੂ ਸਵਰਗ ਵਿਚ ਰਾਜਾ ਬਣ ਚੁੱਕਾ ਹੈ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਸੁਆਰਥੀ ਅਤੇ ਜ਼ਾਲਮ ਹਨ, ਤਾਂ ਅਸੀਂ ਜ਼ਿਆਦਾ ਪਰੇਸ਼ਾਨ ਨਹੀਂ ਹੁੰਦੇ, ਸਗੋਂ ਅਸੀਂ ਯਾਦ ਰੱਖਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸ਼ੁਰੂ ਹੋ ਚੁੱਕਾ ਹੈ! (ਜ਼ਬੂ. 37:1) ਨਾਲੇ ਸਾਨੂੰ ਇਹ ਵੀ ਪਤਾ ਹੈ ਕਿ ਆਰਮਾਗੇਡਨ ਆਉਣ ਤਕ ਦੁਨੀਆਂ ਦੇ ਹਾਲਾਤ ਬੁਰੇ ਤੋਂ ਬੁਰੇ ਹੁੰਦੇ ਜਾਣਗੇ। (ਮਰ. 13:8; 2 ਤਿਮੋ. 3:13) ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅੱਜ ਹਾਲਾਤ ਇੰਨੇ ਖ਼ਰਾਬ ਕਿਉਂ ਹਨ।

ਪਰਮੇਸ਼ੁਰ ਦਾ ਰਾਜ ਆਪਣੇ ਦੁਸ਼ਮਣਾਂ ਦਾ ਨਾਸ਼ ਕਿਵੇਂ ਕਰੇਗਾ?

9. ਦਾਨੀਏਲ 2:28, 31-35 ਵਿਚ ਦਰਜ ਭਵਿੱਖਬਾਣੀ ਤੋਂ ਸਾਨੂੰ ਆਖ਼ਰੀ ਵਿਸ਼ਵ ਸ਼ਕਤੀ ਬਾਰੇ ਕੀ ਪਤਾ ਲੱਗਦਾ ਹੈ ਅਤੇ ਇਹ ਕਦੋਂ ਹੋਂਦ ਵਿਚ ਆਈ?

9 ਦਾਨੀਏਲ 2:28, 31-35 ਪੜ੍ਹੋ। ਅੱਜ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਨਬੂਕਦਨੱਸਰ ਨੇ ਸੁਪਨੇ ਵਿਚ ਦੇਖਿਆ ਕਿ “ਆਖ਼ਰੀ ਦਿਨਾਂ” ਦੌਰਾਨ ਯਾਨੀ ਮਸੀਹ ਦਾ ਰਾਜ ਸ਼ੁਰੂ ਹੋਣ ਤੋਂ ਬਾਅਦ ਕੀ ਹੋਵੇਗਾ। ਉਸ ਨੇ ਸੁਪਨੇ ਵਿਚ ਇਕ ਮੂਰਤ ਦੇਖੀ ਜਿਸ ਦੇ ਪੈਰ “ਲੋਹੇ ਅਤੇ ਮਿੱਟੀ” ਦੇ ਸਨ। ਬਾਈਬਲ ਮੁਤਾਬਕ ਇਹ ਆਖ਼ਰੀ ਵਿਸ਼ਵ ਸ਼ਕਤੀ ਹੋਣੀ ਸੀ ਅਤੇ ਇਸ ਨੇ ਵੀ ਯਿਸੂ ਦੇ ਰਾਜ ਦਾ ਵਿਰੋਧ ਕਰਨਾ ਸੀ। ਇਹ ਵਿਸ਼ਵ ਸ਼ਕਤੀ ਪਹਿਲੇ ਵਿਸ਼ਵ ਯੁੱਧ ਦੌਰਾਨ ਹੋਂਦ ਵਿਚ ਆਈ ਜਦੋਂ ਬ੍ਰਿਟੇਨ ਅਤੇ ਅਮਰੀਕਾ ਨੇ ਇਕ-ਦੂਜੇ ਨਾਲ ਖ਼ਾਸ ਦੋਸਤੀ ਕਾਇਮ ਕੀਤੀ। ਇਸ ਨੂੰ ਐਂਗਲੋ-ਅਮਰੀਕੀ ਗਠਜੋੜ ਕਿਹਾ ਗਿਆ। ਇਸ ਸੁਪਨੇ ਵਿਚ ਪਹਿਲੀਆਂ ਵਿਸ਼ਵ ਸ਼ਕਤੀਆਂ ਨਾਲੋਂ ਇਸ ਵਿਸ਼ਵ ਸ਼ਕਤੀ ਬਾਰੇ ਦੋ ਅਲੱਗ ਗੱਲਾਂ ਦਿਖਾਈਆਂ ਗਈਆਂ ਸਨ।

10. (ੳ) ਦਾਨੀਏਲ ਦੀ ਭਵਿੱਖਬਾਣੀ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਾਰੇ ਕਿਹੜੀ ਇਕ ਗੱਲ ਅੱਜ ਪੂਰੀ ਹੋ ਰਹੀ ਹੈ? (ਅ) ਸਾਨੂੰ ਕਿਹੜੇ ਖ਼ਤਰੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ? (“ ਮਿੱਟੀ ਤੋਂ ਸਾਵਧਾਨ ਰਹੋ!” ਨਾਂ ਦੀ ਡੱਬੀ ਦੇਖੋ।)

10 ਪਹਿਲੀ ਗੱਲ, ਦਰਸ਼ਣ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਮਿੱਟੀ ਤੇ ਲੋਹੇ ਨਾਲ ਦਰਸਾਇਆ ਗਿਆ ਹੈ, ਜਦ ਕਿ ਬਾਕੀ ਵਿਸ਼ਵ ਸ਼ਕਤੀਆਂ ਨੂੰ ਸੋਨੇ-ਚਾਂਦੀ ਵਰਗੀਆਂ ਮਜ਼ਬੂਤ ਧਾਤਾਂ ਨਾਲ ਦਰਸਾਇਆ ਗਿਆ ਹੈ। ਮਿੱਟੀ “ਮਨੁੱਖਜਾਤੀ ਦੀ ਸੰਤਾਨ” ਯਾਨੀ ਆਮ ਲੋਕਾਂ ਨੂੰ ਦਰਸਾਉਂਦੀ ਹੈ। (ਦਾਨੀ. 2:43, ਫੁਟਨੋਟ।) ਅੱਜ ਅਸੀਂ ਇਹ ਗੱਲ ਸਾਫ਼ ਦੇਖਦੇ ਹਾਂ ਕਿ ਆਮ ਲੋਕ ਇਸ ਵਿਸ਼ਵ ਸ਼ਕਤੀ ਦੀ ਲੋਹੇ ਵਰਗੀ ਤਾਕਤ ਨੂੰ ਕਮਜ਼ੋਰ ਕਰਦੇ ਹਨ। ਲੋਕ ਵੋਟਾਂ, ਧਰਨਿਆਂ ਮਜ਼ਦੂਰ ਯੂਨੀਅਨਾਂ ਦੇ ਜ਼ਰੀਏ ਅਤੇ ਨਾਗਰਿਕ ਹੱਕਾਂ ਲਈ ਲੜ ਕੇ ਇਸ ਵਿਸ਼ਵ ਸ਼ਕਤੀ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਤੋਂ ਰੋਕਦੇ ਹਨ।

11. ਅੱਜ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਰਾਜ ਕਰ ਰਹੀ ਹੈ, ਇਸ ਤੋਂ ਸਾਨੂੰ ਭਰੋਸਾ ਕਿਵੇਂ ਮਿਲਦਾ ਹੈ ਕਿ ਅੰਤ ਬਹੁਤ ਨੇੜੇ ਹੈ?

11 ਦੂਜੀ ਗੱਲ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਵਿਸ਼ਾਲ ਮੂਰਤ ਦੇ ਪੈਰਾਂ ਨਾਲ ਦਰਸਾਇਆ ਗਿਆ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਹ ਆਖ਼ਰੀ ਵਿਸ਼ਵ ਸ਼ਕਤੀ ਹੋਵੇਗੀ। ਇਸ ਤੋਂ ਬਾਅਦ ਕੋਈ ਹੋਰ ਵਿਸ਼ਵ ਸ਼ਕਤੀ ਨਹੀਂ ਆਵੇਗੀ। ਅੱਜ ਇਹੀ ਵਿਸ਼ਵ ਸ਼ਕਤੀ ਰਾਜ ਕਰ ਰਹੀ ਹੈ ਅਤੇ ਬਹੁਤ ਜਲਦ ਆਰਮਾਗੇਡਨ ਦੇ ਯੁੱਧ ਦੌਰਾਨ ਪਰਮੇਸ਼ੁਰ ਦਾ ਰਾਜ ਇਸ ਵਿਸ਼ਵ ਸ਼ਕਤੀ ਅਤੇ ਬਾਕੀ ਸਾਰੀਆਂ ਸਰਕਾਰਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦੇਵੇਗਾ। c​—ਪ੍ਰਕਾ. 16:13, 14, 16; 19:19, 20.

12. ਵਿਸ਼ਾਲ ਮੂਰਤ ਬਾਰੇ ਦਾਨੀਏਲ ਦੀ ਭਵਿੱਖਬਾਣੀ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

12 ਇਸ ਭਵਿੱਖਬਾਣੀ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਦਾਨੀਏਲ ਦੀ ਭਵਿੱਖਬਾਣੀ ਵਿਚ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਲਗਭਗ 2,500 ਸਾਲ ਪਹਿਲਾਂ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਤੋਂ ਬਾਅਦ ਚਾਰ ਹੋਰ ਵਿਸ਼ਵ ਸ਼ਕਤੀਆਂ ਪਰਮੇਸ਼ੁਰ ਦੇ ਲੋਕਾਂ ʼਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਣਗੀਆਂ। ਇਸ ਭਵਿੱਖਬਾਣੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੀ ਆਖ਼ਰੀ ਵਿਸ਼ਵ ਸ਼ਕਤੀ ਹੈ। ਇਸ ਤੋਂ ਸਾਨੂੰ ਕਿੰਨਾ ਦਿਲਾਸਾ ਤੇ ਉਮੀਦ ਮਿਲਦੀ ਹੈ ਕਿ ਬਹੁਤ ਜਲਦ ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਹਕੂਮਤਾਂ ਦਾ ਨਾਸ਼ ਕਰ ਦੇਵੇਗਾ ਅਤੇ ਆਪ ਧਰਤੀ ʼਤੇ ਰਾਜ ਕਰੇਗਾ।​—ਦਾਨੀ. 2:44.

13. ਪ੍ਰਕਾਸ਼ ਦੀ ਕਿਤਾਬ 17:9-12 ਵਿਚ “ਅੱਠਵਾਂ ਰਾਜਾਂ” ਅਤੇ “ਦਸ ਰਾਜੇ” ਕਿਨ੍ਹਾਂ ਨੂੰ ਕਿਹਾ ਗਿਆ ਹੈ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?

13 ਪ੍ਰਕਾਸ਼ ਦੀ ਕਿਤਾਬ 17:9-12 ਪੜ੍ਹੋ। ਪਹਿਲੇ ਵਿਸ਼ਵ ਯੁੱਧ ਕਰਕੇ ਬਹੁਤ ਜ਼ਿਆਦਾ ਤਬਾਹੀ ਹੋਈ। ਇਸ ਨਾਲ ਆਖ਼ਰੀ ਦਿਨਾਂ ਬਾਰੇ ਬਾਈਬਲ ਦੀ ਇਕ ਹੋਰ ਭਵਿੱਖਬਾਣੀ ਪੂਰੀ ਹੋਈ। ਦੁਨੀਆਂ ਭਰ ਦੇ ਨੇਤਾ ਭਵਿੱਖ ਵਿਚ ਪੂਰੀ ਧਰਤੀ ਉੱਤੇ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਸਨ। ਇਸ ਲਈ ਜਨਵਰੀ 1920 ਵਿਚ ਉਨ੍ਹਾਂ ਨੇ ਰਾਸ਼ਟਰ ਸੰਘ ਬਣਾਇਆ ਅਤੇ ਬਾਅਦ ਵਿਚ ਅਕਤੂਬਰ 1945 ਵਿਚ ਇਸ ਦੀ ਜਗ੍ਹਾ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ। ਇਸ ਸੰਘ ਨੂੰ “ਅੱਠਵਾਂ ਰਾਜਾ” ਕਿਹਾ ਗਿਆ, ਪਰ ਇਹ ਕੋਈ ਵਿਸ਼ਵ ਸ਼ਕਤੀ ਨਹੀਂ ਹੈ। ਇਸ ਕੋਲ ਜੋ ਵੀ ਅਧਿਕਾਰ ਜਾਂ ਤਾਕਤ ਹੈ, ਉਹ ਇਸ ਨੂੰ ਦੁਨੀਆਂ ਭਰ ਦੀਆਂ ਸਰਕਾਰਾਂ ਦੇ ਸਮਰਥਨ ਕਰਕੇ ਹੀ ਮਿਲਦੀ ਹੈ। ਬਾਈਬਲ ਵਿਚ ਇਨ੍ਹਾਂ ਸਰਕਾਰਾਂ ਨੂੰ “ਦਸ ਰਾਜੇ” ਕਿਹਾ ਗਿਆ ਹੈ।

14-15. (ੳ) ਪ੍ਰਕਾਸ਼ ਦੀ ਕਿਤਾਬ 17:3-5 ਤੋਂ ਸਾਨੂੰ “ਮਹਾਂ ਬਾਬਲ” ਬਾਰੇ ਕੀ ਪਤਾ ਲੱਗਦਾ ਹੈ? (ਅ) ਅੱਜ ਝੂਠੇ ਧਰਮਾਂ ਨਾਲ ਕੀ ਹੋ ਰਿਹਾ ਹੈ?

14 ਪ੍ਰਕਾਸ਼ ਦੀ ਕਿਤਾਬ 17:3-5 ਪੜ੍ਹੋ। ਪਰਮੇਸ਼ੁਰ ਯੂਹੰਨਾ ਰਸੂਲ ਨੂੰ ਇਕ ਦਰਸ਼ਣ ਦਿਖਾਉਂਦਾ ਹੈ। ਇਸ ਦਰਸ਼ਣ ਵਿਚ ਉਹ ਇਕ ਵੇਸਵਾ ਯਾਨੀ “ਮਹਾਂ ਬਾਬਲ” ਨੂੰ ਦੇਖਦਾ ਹੈ ਜੋ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦੀ ਹੈ। ਇਸ ਦਰਸ਼ਣ ਤੋਂ ਕੀ ਪਤਾ ਲੱਗਦਾ ਹੈ? ਝੂਠੇ ਧਰਮ ਲੰਬੇ ਸਮੇਂ ਤੋਂ ਦੁਨੀਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਹਨ। ਪਰ ਬਹੁਤ ਜਲਦੀ ਯਹੋਵਾਹ ਆਪਣੇ “ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ” ਦੁਨੀਆਂ ਦੀਆਂ ਸਰਕਾਰਾਂ ਦੇ ਦਿਲਾਂ ਵਿਚ ਪਾਵੇਗਾ। ਇਸ ਦਾ ਕੀ ਨਤੀਜਾ ਨਿਕਲੇਗਾ? “ਦਸ ਰਾਜੇ” ਯਾਨੀ ਦੁਨੀਆਂ ਭਰ ਦੀਆਂ ਸਰਕਾਰਾਂ ਝੂਠੇ ਧਰਮਾਂ ਦੇ ਖ਼ਿਲਾਫ਼ ਖੜ੍ਹੀਆਂ ਹੋਣਗੀਆਂ ਅਤੇ ਇਨ੍ਹਾਂ ਦਾ ਨਾਸ਼ ਕਰ ਦੇਣਗੀਆਂ।​—ਪ੍ਰਕਾ. 17:1, 2, 16, 17.

15 ਸਾਨੂੰ ਕਿੱਦਾਂ ਪਤਾ ਹੈ ਕਿ ਬਹੁਤ ਜਲਦੀ ਮਹਾਂ ਬਾਬਲ ਦਾ ਨਾਸ਼ ਹੋਣ ਵਾਲਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਪੁਰਾਣੇ ਜ਼ਮਾਨੇ ਦੇ ਬਾਬਲ ਸ਼ਹਿਰ ਬਾਰੇ ਸੋਚੀਏ। ਇਸ ਸ਼ਹਿਰ ਦੇ ਆਲੇ-ਦੁਆਲੇ ਫਰਾਤ ਦਰਿਆ ਦਾ ਪਾਣੀ ਵਹਿੰਦਾ ਸੀ ਜਿਸ ਨਾਲ ਇਸ ਸ਼ਹਿਰ ਦੀ ਰਾਖੀ ਹੁੰਦੀ ਸੀ। ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਵੇਸਵਾ ‘ਪਾਣੀਆਂ’ ਉੱਤੇ ਬੈਠੀ ਹੋਈ ਹੈ ਜਿਸ ਕਰਕੇ ਉਹ ਸੁਰੱਖਿਅਤ ਮਹਿਸੂਸ ਕਰਦੀ ਹੈ। (ਪ੍ਰਕਾ. 17:15) ਇਹ ਪਾਣੀ ਉਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਦਰਸਾਉਂਦੇ ਹਨ ਜੋ ਉਸ ਦਾ ਸਾਥ ਦਿੰਦੇ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ “ਪਾਣੀ ਸੁੱਕ” ਜਾਣਗੇ ਯਾਨੀ ਬਹੁਤ ਸਾਰੇ ਲੋਕ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਦਾ ਸਾਥ ਦੇਣਾ ਛੱਡ ਦੇਣਗੇ। (ਪ੍ਰਕਾ. 16:12) ਅੱਜ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਧਰਮਾਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਅਤੇ ਉਨ੍ਹਾਂ ਲੱਗਦਾ ਹੈ ਕਿ ਧਰਮਾਂ ਕੋਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੈ।

16. ਸੰਯੁਕਤ ਰਾਸ਼ਟਰ ਸੰਘ ਅਤੇ ਮਹਾਂ ਬਾਬਲ ਬਾਰੇ ਕੀਤੀਆਂ ਭਵਿੱਖਬਾਣੀਆਂ ਬਾਰੇ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

16 ਇਨ੍ਹਾਂ ਭਵਿੱਖਬਾਣੀਆਂ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਸੰਯੁਕਤ ਰਾਸ਼ਟਰ ਸੰਘ ਸਥਾਪਿਤ ਹੋ ਚੁੱਕਾ ਹੈ ਅਤੇ ਅੱਜ ਬਹੁਤ ਸਾਰੇ ਲੋਕ ਝੂਠੇ ਧਰਮਾਂ ਦਾ ਸਾਥ ਛੱਡ ਰਹੇ ਹਨ। ਇਹ ਦੇਖ ਕੇ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਚਾਹੇ ਕਿ ਹੁਣ ਬਹੁਤ ਸਾਰੇ ਲੋਕ ਮਹਾਂ ਬਾਬਲ ਦਾ ਸਾਥ ਦੇਣਾ ਛੱਡ ਰਹੇ ਹਨ, ਪਰ ਇਸ ਨਾਲ ਝੂਠੇ ਧਰਮਾਂ ਦਾ ਖ਼ਾਤਮਾ ਨਹੀਂ ਹੋਵੇਗਾ। ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਯਹੋਵਾਹ ਆਪਣੇ “ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ” “ਦਸ ਰਾਜਿਆਂ” ਯਾਨੀ ਸੰਯੁਕਤ ਰਾਸ਼ਟਰ ਸੰਘ ਦਾ ਸਾਥ ਦੇਣ ਵਾਲੀਆਂ ਦੁਨੀਆਂ ਭਰ ਦੀਆਂ ਸਰਕਾਰਾਂ ਦੇ ਦਿਲਾਂ ਵਿਚ ਪਾਵੇਗਾ। ਇਹ ਸਰਕਾਰਾਂ ਅਚਾਨਕ ਹੀ ਝੂਠੇ ਧਰਮਾਂ ਦਾ ਨਾਸ਼ ਕਰ ਦੇਣਗੀਆਂ ਅਤੇ ਇਹ ਦੇਖ ਕੇ ਸਾਰੀ ਦੁਨੀਆਂ ਦੰਗ ਰਹਿ ਜਾਵੇਗੀ। d (ਪ੍ਰਕਾ. 18:8-10) ਮਹਾਂ ਬਾਬਲ ਦਾ ਨਾਸ਼ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਇਸ ਨਾਲ ਸ਼ਾਇਦ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ। ਪਰ ਫਿਰ ਵੀ ਪਰਮੇਸ਼ੁਰ ਦੇ ਲੋਕਾਂ ਕੋਲ ਖ਼ੁਸ਼ ਹੋਣ ਦੇ ਦੋ ਕਾਰਨ ਹੋਣਗੇ। ਪਹਿਲਾ ਕਾਰਨ, ਲੰਬੇ ਸਮੇਂ ਤੋਂ ਯਹੋਵਾਹ ਪਰਮੇਸ਼ੁਰ ਦੇ ਦੁਸ਼ਮਣ ਰਹੇ ਇਸ ਮਹਾਂ ਬਾਬਲ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ। ਦੂਜਾ ਕਾਰਨ, ਸਾਨੂੰ ਬਹੁਤ ਛੇਤੀ ਇਸ ਦੁਸ਼ਟ ਦੁਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ।​—ਲੂਕਾ 21:28.

ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਰਾਖੀ ਕਰੇਗਾ

17-18. (ੳ) ਅਸੀਂ ਆਪਣੀ ਨਿਹਚਾ ਕਿਵੇਂ ਪੱਕੀ ਕਰਦੇ ਰਹਿ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

17 ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਅੰਤ ਦੇ ਸਮੇਂ ਵਿਚ “ਸੱਚਾ ਗਿਆਨ ਬਹੁਤ ਵਧ ਜਾਵੇਗਾ।” ਅੱਜ ਅਸੀਂ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ। ਸਾਨੂੰ ਅੰਤ ਦੇ ਸਮੇਂ ਬਾਰੇ ਭਵਿੱਖਬਾਣੀਆਂ ਦੀ ਡੂੰਘੀ ਸਮਝ ਦਿੱਤੀ ਗਈ ਹੈ। (ਦਾਨੀ. 12:4, 9, 10) ਜਦੋਂ ਅਸੀਂ ਦੇਖਦੇ ਹਾਂ ਕਿ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਸੱਚੀਆਂ ਹਨ ਅਤੇ ਬਿਲਕੁਲ ਸਹੀ ਸਮੇਂ ʼਤੇ ਪੂਰੀਆਂ ਹੁੰਦੀਆਂ ਹਨ, ਤਾਂ ਸਾਡੇ ਦਿਲ ਵਿਚ ਯਹੋਵਾਹ ਅਤੇ ਉਸ ਦੇ ਬਚਨ ਲਈ ਕਦਰ ਹੋਰ ਵੀ ਵਧਦੀ ਹੈ। (ਯਸਾ. 46:10; 55:11) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਨੂੰ ਹੋਰ ਵੀ ਪੱਕਾ ਕਰਨ ਲਈ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰੀਏ ਅਤੇ ਹੋਰ ਲੋਕਾਂ ਦੀ ਵੀ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਉਣ ਵਿਚ ਮਦਦ ਕਰੀਏ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਦੀ ਰਾਖੀ ਕਰੇਗਾ ਜੋ ਪੂਰੀ ਤਰ੍ਹਾਂ ਉਸ ʼਤੇ ਨਿਰਭਰ ਰਹਿੰਦੇ ਹਨ ਅਤੇ ਉਹ ‘ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਗਾ।’​—ਯਸਾ. 26:3.

18 ਅਗਲੇ ਲੇਖ ਵਿਚ ਅਸੀਂ ਮਸੀਹੀ ਮੰਡਲੀਆਂ ਬਾਰੇ ਕੀਤੀਆਂ ਭਵਿੱਖਬਾਣੀਆਂ ʼਤੇ ਚਰਚਾ ਕਰਾਂਗੇ ਜੋ ਸਾਡੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਭਵਿੱਖਬਾਣੀਆਂ ਬਾਰੇ ਸਿੱਖ ਕੇ ਸਾਡਾ ਭਰੋਸਾ ਹੋਰ ਵੀ ਵਧੇਗਾ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਸਾਡਾ ਰਾਜਾ ਯਿਸੂ ਮਸੀਹ ਆਪਣੇ ਵਫ਼ਾਦਾਰ ਚੇਲਿਆਂ ਦੀ ਕਿਵੇਂ ਅਗਵਾਈ ਕਰ ਰਿਹਾ ਹੈ।

ਗੀਤ 61 ਰੱਬ ਦੇ ਸੇਵਕੋ, ਅੱਗੇ ਵਧੋ!

a ਅਸੀਂ ਯੁਗ ਦੇ ਸਭ ਤੋਂ ਅਹਿਮ ਸਮੇਂ ਵਿਚ ਜੀ ਰਹੇ ਹਾਂ। ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ, ਜਿਵੇਂ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। ਇਸ ਲੇਖ ਵਿਚ ਅਸੀਂ ਇਨ੍ਹਾਂ ਵਿੱਚੋਂ ਕੁਝ ਭਵਿੱਖਬਾਣੀਆਂ ʼਤੇ ਗੌਰ ਕਰਾਂਗੇ ਜਿਨ੍ਹਾਂ ਨਾਲ ਸਾਡੀ ਯਹੋਵਾਹ ʼਤੇ ਨਿਹਚਾ ਵਧੇਗੀ ਅਤੇ ਅਸੀਂ ਹੁਣ ਤੇ ਆਉਣ ਵਾਲੇ ਸਮੇਂ ਵਿਚ ਸ਼ਾਂਤ ਰਹਿ ਸਕਾਂਗੇ ਅਤੇ ਉਸ ʼਤੇ ਭਰੋਸਾ ਰੱਖ ਸਕਾਂਗੇ।

c ਦਾਨੀਏਲ ਦੀ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲੈਣ ਲਈ 15 ਜੂਨ 2012 ਦੇ ਪਹਿਰਾਬੁਰਜ ਦੇ ਸਫ਼ੇ 14-19 ਦੇਖੋ।

d ਬਹੁਤ ਜਲਦ ਕਿਹੜੀਆਂ ਘਟਨਾਵਾਂ ਵਾਪਰਨਗੀਆਂ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ! (ਹਿੰਦੀ) ਨਾਂ ਦੀ ਕਿਤਾਬ ਦਾ ਅਧਿਆਇ 21 ਦੇਖੋ।