Skip to content

Skip to table of contents

ਸੱਚਾ ਧਨ ਜੋੜੋ

ਸੱਚਾ ਧਨ ਜੋੜੋ

“ਦੁਨੀਆਂ ਵਿਚ ਤੁਹਾਡੇ ਕੋਲ ਜੋ ਧਨ ਹੈ, ਉਸ ਨਾਲ ਆਪਣੇ ਲਈ ਦੋਸਤ ਬਣਾਓ।”​—ਲੂਕਾ 16:9.

ਗੀਤ: 32, 51

1, 2. ਪਰਮੇਸ਼ੁਰ ਦਾ ਰਾਜ ਆਉਣ ਤੋਂ ਪਹਿਲਾਂ ਗ਼ਰੀਬੀ ਕਿਉਂ ਰਹੇਗੀ?

ਅੱਜ ਲੋਕਾਂ ਨੂੰ ਆਪਣੇ ਢਿੱਡ ਭਰਨ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਬਹੁਤ ਸਾਰੇ ਨੌਜਵਾਨਾਂ ਨੂੰ ਤਾਂ ਕੰਮ ਹੀ ਨਹੀਂ ਮਿਲਦਾ। ਕਈ ਲੋਕ ਅਮੀਰ ਦੇਸ਼ ਜਾਣ ਦੇ ਚੱਕਰਾਂ ਵਿਚ ਆਪਣੀਆਂ ਜ਼ਿੰਦਗੀਆਂ ਦਾਅ ’ਤੇ ਲਾ ਦਿੰਦੇ ਹਨ। ਪਰ ਅਮੀਰ ਦੇਸ਼ਾਂ ਵਿਚ ਵੀ ਬਹੁਤ ਸਾਰੇ ਗ਼ਰੀਬ ਹਨ। ਦੁਨੀਆਂ ਭਰ ਵਿਚ ਅਮੀਰੀ-ਗ਼ਰੀਬੀ ਦਾ ਫ਼ਾਸਲਾ ਵਧ ਰਿਹਾ ਹੈ। ਕੁਝ ਖੋਜਕਾਰ ਅੰਦਾਜ਼ਾ ਲਾਉਂਦੇ ਹਨ ਕਿ ਜਿੰਨਾ ਪੈਸਾ ਦੁਨੀਆਂ ਦੇ 1 ਪ੍ਰਤਿਸ਼ਤ ਅਮੀਰ ਲੋਕਾਂ ਕੋਲ ਹੈ, ਉੱਨਾ ਪੈਸਾ ਦੁਨੀਆਂ ਦੇ ਬਾਕੀ 99 ਪ੍ਰਤਿਸ਼ਤ ਲੋਕਾਂ ਕੋਲ ਨਹੀਂ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਅਰਬਾਂ ਲੋਕ ਭੁੱਖੇ ਮਰ ਰਹੇ ਹਨ, ਜਦਕਿ ਕੁਝ ਮੁੱਠੀ ਭਰ ਲੋਕਾਂ ਕੋਲ ਇੰਨਾ ਜ਼ਿਆਦਾ ਪੈਸਾ ਹੈ ਕਿ ਉਨ੍ਹਾਂ ਦੀਆਂ ਕਈ ਪੁਸ਼ਤਾ ਬਹਿ ਕੇ ਖਾ ਸਕਦੀਆਂ ਹਨ। ਯਿਸੂ ਇਹ ਗੱਲ ਜਾਣਦਾ ਸੀ ਇਸ ਲਈ ਉਸ ਨੇ ਕਿਹਾ: “ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ।” (ਮਰ. 14:7) ਪਰ ਦੁਨੀਆਂ ਵਿਚ ਇੰਨੀ ਜ਼ਿਆਦਾ ਬੇਇਨਸਾਫ਼ੀ ਕਿਉਂ ਹੈ?

2 ਯਿਸੂ ਜਾਣਦਾ ਸੀ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਦੇ ਵਪਾਰ ਜਗਤ ਨੂੰ ਖ਼ਤਮ ਕਰੇਗਾ। ਬਾਈਬਲ ਕਹਿੰਦੀ ਹੈ ਕਿ “ਧਰਤੀ ਦੇ ਵਪਾਰੀ” ਯਾਨੀ ਦੁਨੀਆਂ ਦਾ ਵਪਾਰ ਜਗਤ, ਰਾਜਨੀਤੀ ਅਤੇ ਧਾਰਮਿਕ ਸੰਸਥਾਵਾਂ ਸ਼ੈਤਾਨ ਦੀ ਦੁਨੀਆਂ ਦਾ ਹਿੱਸਾ ਹਨ। (ਪ੍ਰਕਾ. 18:3) ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਰਾਜਨੀਤੀ ਅਤੇ ਝੂਠੇ ਧਰਮਾਂ ਤੋਂ ਆਪਣਾ ਨਾਤਾ ਪੂਰੀ ਤਰ੍ਹਾਂ ਤੋੜਨਾ ਮੁਮਕਿਨ ਹੈ। ਪਰ ਪਰਮੇਸ਼ੁਰ ਦੇ ਬਹੁਤ ਸਾਰੇ ਲੋਕਾਂ ਲਈ ਵਪਾਰ ਜਗਤ ਨਾਲੋਂ ਆਪਣਾ ਨਾਤਾ ਪੂਰੀ ਤਰ੍ਹਾਂ ਤੋੜਨਾ ਨਾਮੁਮਕਿਨ ਹੈ।

3. ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

 3 ਮਸੀਹੀ ਹੋਣ ਕਰਕੇ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਦੁਨੀਆਂ ਦੇ ਵਪਾਰ ਜਗਤ ਬਾਰੇ ਕੀ ਸੋਚਦੇ ਹਾਂ। ਇਸ ਤਰ੍ਹਾਂ ਕਰਨ ਲਈ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਮੈਂ ਆਪਣੀਆਂ ਚੀਜ਼ਾਂ ਵਰਤ ਕੇ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਾਂ? ਮੈਂ ਇਸ ਦੁਨੀਆਂ ਦੇ ਵਪਾਰ ਜਗਤ ਨਾਲ ਆਪਣਾ ਲੈਣ-ਦੇਣ ਕਿਵੇਂ ਘਟਾ ਸਕਦਾ ਹਾਂ? ਕਿਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕ ਉਸ ’ਤੇ ਪੂਰਾ ਭਰੋਸਾ ਰੱਖਦੇ ਹਨ?’

ਬੇਈਮਾਨ ਪ੍ਰਬੰਧਕ ਦੀ ਮਿਸਾਲ

4, 5. (ੳ) ਯਿਸੂ ਦੀ ਮਿਸਾਲ ਵਿਚ ਉਸ ਪ੍ਰਬੰਧਕ ਨਾਲ ਕੀ ਹੋਇਆ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ?

4 ਲੂਕਾ 16:1-9 ਪੜ੍ਹੋ। ਯਿਸੂ ਦੁਆਰਾ ਦਿੱਤੀ ਬੇਈਮਾਨ ਪ੍ਰਬੰਧਕ ਦੀ ਮਿਸਾਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਉਸ ਪ੍ਰਬੰਧਕ ਉੱਤੇ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਆਪਣੇ ਮਾਲਕ ਦਾ ਮਾਲ ਬਰਬਾਦ ਕੀਤਾ ਸੀ। ਇਸ ਲਈ ਮਾਲਕ ਨੇ ਉਸ ਨੂੰ ਕੰਮ ਤੋਂ ਕੱਢਣ ਦਾ ਫ਼ੈਸਲਾ ਕੀਤਾ। * ਪਰ ਉਸ ਪ੍ਰਬੰਧਕ ਨੇ “ਅਕਲ ਤੋਂ ਕੰਮ ਲਿਆ।” ਆਪਣੇ ਕੰਮ ਤੋਂ ਕੱਢੇ ਜਾਣ ਤੋਂ ਪਹਿਲਾਂ ਉਸ ਨੇ ਕੁਝ ਦੋਸਤ ਬਣਾਏ ਜੋ ਬਾਅਦ ਵਿਚ ਉਸ ਦੀ ਮਦਦ ਕਰ ਸਕਦੇ ਸਨ। ਯਿਸੂ ਨੇ ਇਹ ਮਿਸਾਲ ਇਸ ਲਈ ਨਹੀਂ ਦੱਸੀ ਤਾਂਕਿ ਉਸ ਦੇ ਚੇਲੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਬੇਈਮਾਨੀਆਂ ਕਰਨ। ਅੱਜ ਦੁਨੀਆਂ ਦੇ ਲੋਕ ਇਸੇ ਤਰ੍ਹਾਂ ਕਰਦੇ ਹਨ। ਯਿਸੂ ਇਹ ਮਿਸਾਲ ਦੱਸ ਕੇ ਬਹੁਤ ਜ਼ਰੂਰੀ ਸਬਕ ਸਿਖਾ ਰਿਹਾ ਸੀ।

5 ਯਿਸੂ ਜਾਣਦਾ ਸੀ ਕਿ ਉਸ ਪ੍ਰਬੰਧਕ ਵਾਂਗ ਉਸ ਦੇ ਚੇਲਿਆਂ ਉੱਤੇ ਵੀ ਅਚਾਨਕ ਮੁਸੀਬਤਾਂ ਆਉਣਗੀਆਂ ਅਤੇ ਬੇਇਨਸਾਫ਼ੀ ਨਾਲ ਭਰੀ ਇਸ ਦੁਨੀਆਂ ਵਿਚ ਪੈਸਾ ਕਮਾਉਣਾ ਬਹੁਤ ਔਖਾ ਹੋਵੇਗਾ। ਇਸ ਲਈ ਉਸ ਨੇ ਚੇਲਿਆਂ ਨੂੰ ਕਿਹਾ: “ਦੁਨੀਆਂ ਵਿਚ ਤੁਹਾਡੇ ਕੋਲ ਜੋ ਧਨ ਹੈ, ਉਸ ਨਾਲ ਆਪਣੇ ਲਈ ਦੋਸਤ ਬਣਾਓ।” ਕਿਉਂ? ਕਿਉਂਕਿ “ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ [ਯਾਨੀ ਯਹੋਵਾਹ ਅਤੇ ਯਿਸੂ] ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।” ਅਸੀਂ ਯਿਸੂ ਦੀ ਸਲਾਹ ਤੋਂ ਕੀ ਸਿੱਖ ਸਕਦੇ ਹਾਂ?

6. ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਇਹ ਨਹੀਂ ਸੀ ਚਾਹਿਆ ਕਿ ਵਪਾਰਕ ਸੰਸਥਾਵਾਂ ਹੋਣ ਜਾਂ ਲੋਕ ਪੈਸੇ ਕਮਾਉਣ?

6 ਬਾਈਬਲ ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਹ ਚਾਹਿਆ ਹੀ ਨਹੀਂ ਸੀ ਕਿ ਦੁਨੀਆਂ ਵਿਚ ਵਪਾਰਕ ਸੰਸਥਾਵਾਂ ਹੋਣ ਜਾਂ ਲੋਕ ਪੈਸਾ ਕਮਾ ਕੇ ਆਪਣਾ ਗੁਜ਼ਾਰਾ ਤੋਰਨ। ਮਿਸਾਲ ਲਈ, ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਉਨ੍ਹਾਂ ਦੀਆਂ ਲੋੜਾਂ ਤੋਂ ਵਧ ਚੀਜ਼ਾਂ ਦਿੱਤੀਆਂ ਸਨ। (ਉਤ. 2:15, 16) ਬਹੁਤ ਸਾਲਾਂ ਬਾਅਦ ਜਦੋਂ ਪਰਮੇਸ਼ੁਰ ਨੇ ਚੁਣੇ ਹੋਏ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਦਿੱਤੀ, ਤਾਂ “ਉਨ੍ਹਾਂ ਵਿੱਚੋਂ ਇਕ ਵੀ ਜਣਾ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਕਹਿੰਦਾ ਸੀ, ਸਗੋਂ ਉਹ ਸਾਰੇ ਇਕ-ਦੂਜੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ।” (ਰਸੂ. 4:32) ਯਸਾਯਾਹ ਨਬੀ ਨੇ ਦੱਸਿਆ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਸਾਰੇ ਲੋਕ ਧਰਤੀ ਦੀਆਂ ਚੀਜ਼ਾਂ ਦਾ ਆਨੰਦ ਮਾਣਨਗੇ। (ਯਸਾ. 25:6-9; 65:21, 22) ਪਰ ਉਹ ਸਮਾਂ ਆਉਣ ਤਕ ਯਿਸੂ ਦੇ ਚੇਲਿਆਂ ਨੂੰ “ਅਕਲ ਤੋਂ ਕੰਮ” ਲੈਣ ਦੀ ਲੋੜ ਪਵੇਗੀ। ਉਨ੍ਹਾਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਇਸ ਦੁਨੀਆਂ ਦਾ ਧਨ ਵਰਤ ਕੇ ਆਪਣਾ ਗੁਜ਼ਾਰਾ ਤੋਰਨਾ ਪਵੇਗਾ।

ਦੁਨੀਆਂ ਦੇ ਧਨ ਨੂੰ ਅਕਲ ਨਾਲ ਵਰਤੋ

7. ਯਿਸੂ ਨੇ ਲੂਕਾ 16:10-13 ਵਿਚ ਕਿਹੜੀ ਸਲਾਹ ਦਿੱਤੀ?

7 ਲੂਕਾ 16:10-13 ਪੜ੍ਹੋ। ਯਿਸੂ ਦੀ ਮਿਸਾਲ ਵਿਚ ਉਸ ਪ੍ਰਬੰਧਕ ਨੇ ਆਪਣੇ ਫ਼ਾਇਦੇ ਲਈ ਦੋਸਤ ਬਣਾਏ। ਪਰ ਯਿਸੂ ਆਪਣੇ ਚੇਲਿਆਂ ਤੋਂ ਚਾਹੁੰਦਾ ਸੀ ਕਿ ਉਹ ਬਿਨਾਂ ਕਿਸੇ ਸੁਆਰਥ ਤੋਂ ਯਹੋਵਾਹ ਅਤੇ ਯਿਸੂ ਨਾਲ ਦੋਸਤੀ ਕਰਨ। ਉਹ ਸਾਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਜਿਸ ਤਰੀਕੇ ਨਾਲ ਅਸੀਂ ਆਪਣਾ ਧਨ ਵਰਤਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਹਾਂ ਜਾਂ ਨਹੀਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

8, 9. ਕੁਝ ਜਣਿਆਂ ਨੇ ਦੁਨੀਆਂ ਦਾ ਧਨ ਵਰਤ ਕੇ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ?

 8 ਵਫ਼ਾਦਾਰੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਲਈ ਦਾਨ ਕਰੀਏ। (ਮੱਤੀ 24:14) ਭਾਰਤ ਵਿਚ ਰਹਿਣ ਵਾਲੀ ਇਕ ਕੁੜੀ ਨੇ ਇਕ ਛੋਟੀ ਜਿਹੀ ਗੋਲਕ ਰੱਖੀ ਸੀ। ਪੈਸਾ ਜਮ੍ਹਾ ਕਰਨ ਲਈ ਉਸ ਨੇ ਖਿਡੌਣੇ ਵੀ ਖ਼ਰੀਦਣੇ ਬੰਦ ਕਰ ਦਿੱਤੇ। ਜਦੋਂ ਉਸ ਦੀ ਗੋਲਕ ਭਰ ਗਈ, ਤਾਂ ਉਸ ਨੇ ਸਾਰੇ ਪੈਸੇ ਪ੍ਰਚਾਰ ਦੇ ਕੰਮ ਲਈ ਦਾਨ ਕਰ ਦਿੱਤੇ। ਭਾਰਤ ਵਿਚ ਰਹਿਣ ਵਾਲੇ ਇਕ ਭਰਾ ਦਾ ਨਾਰੀਅਲ ਦਾ ਬਾਗ਼ ਹੈ। ਉਸ ਭਰਾ ਨੇ ਬਹੁਤ ਸਾਰੇ ਨਾਰੀਅਲ ਮਲਿਆਲਮ ਦੇ ਅਨੁਵਾਦ ਦਫ਼ਤਰ ਨੂੰ ਦਾਨ ਕੀਤੇ ਸਨ। ਅਨੁਵਾਦ ਦਫ਼ਤਰ ਵਿਚ ਖਾਣਾ ਬਣਾਉਣ ਲਈ ਨਾਰੀਅਲ ਤਾਂ ਚਾਹੀਦੇ ਹੁੰਦੇ ਹਨ। ਇਸ ਲਈ ਉਸ ਨੇ ਸੋਚਿਆ ਕਿ ਪੈਸੇ ਦਾਨ ਕਰਨ ਦੀ ਬਜਾਇ ਨਾਰੀਅਲ ਦਾਨ ਕਰਨੇ ਜ਼ਿਆਦਾ ਵਧੀਆ ਹਨ। ਇਸ ਨੂੰ ਕਹਿੰਦੇ ਹਨ “ਅਕਲ ਤੋਂ ਕੰਮ” ਲੈਣਾ। ਇਸੇ ਤਰ੍ਹਾਂ ਯੂਨਾਨ ਵਿਚ ਰਹਿੰਦੇ ਭੈਣ-ਭਰਾ ਉੱਥੋਂ ਦੇ ਬੈਥਲ ਪਰਿਵਾਰ ਨੂੰ ਜ਼ੈਤੂਨ ਦਾ ਤੇਲ, ਪਨੀਰ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਾਨ ਕਰਦੇ ਹਨ।

9 ਸ੍ਰੀ ਲੰਕਾ ਦਾ ਇਕ ਭਰਾ ਵਿਦੇਸ਼ ਵਿਚ ਰਹਿੰਦਾ ਹੈ। ਪਰ ਉਸ ਨੇ ਸ੍ਰੀ ਲੰਕਾ ਵਿਚ ਭੈਣਾਂ-ਭਰਾਵਾਂ ਨੂੰ ਆਪਣਾ ਘਰ ਅਤੇ ਜ਼ਮੀਨ ਦਿੱਤੀ ਹੈ ਤਾਂਕਿ ਉਹ ਸਭਾਵਾਂ ਤੇ ਸੰਮੇਲਨ ਕਰ ਸਕਣ ਅਤੇ ਪੂਰੇ ਸਮੇਂ ਦੇ ਸੇਵਕ ਵੀ ਉੱਥੇ ਰਹਿ ਸਕਣ। ਉਸ ਭਰਾ ਦੀ ਕੁਰਬਾਨੀ ਕਰਕੇ ਬਹੁਤ ਸਾਰੇ ਲੋੜਵੰਦ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋ ਰਿਹਾ ਹੈ। ਜਿਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ, ਉੱਥੋਂ ਦੇ ਭੈਣ-ਭਰਾ ਸਭਾਵਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹਦੇ ਹਨ। ਇਸ ਤਰ੍ਹਾਂ ਕਰ ਕੇ ਉੱਥੇ ਦੇ ਗ਼ਰੀਬ ਪਾਇਨੀਅਰ ਤੇ ਪ੍ਰਚਾਰਕ ਜ਼ਿਆਦਾ ਖ਼ਰਚਾ ਕੀਤੇ ਬਿਨਾਂ ਸਭਾਵਾਂ ਚਲਾ ਸਕਦੇ ਹਨ।

10. ਖੁੱਲ੍ਹ-ਦਿਲੀ ਦਿਖਾਉਣ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

10 ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕ “ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ” ਹਨ। (ਲੂਕਾ 16:10) ਉਹ ਆਪਣੀਆਂ ਚੀਜ਼ਾਂ ਦੂਜਿਆਂ ਦੇ ਫ਼ਾਇਦੇ ਲਈ ਵਰਤਦੇ ਹਨ। ਪਰਮੇਸ਼ੁਰ ਦੇ ਇਨ੍ਹਾਂ ਦੋਸਤਾਂ ਨੂੰ ਇਹੋ ਜਿਹੇ ਕੁਰਬਾਨੀਆਂ ਕਰ ਕੇ ਕਿਵੇਂ ਲੱਗਦਾ ਹੈ? ਖੁੱਲ੍ਹ-ਦਿਲੀ ਦਿਖਾ ਕੇ ਭੈਣ-ਭਰਾ ਬਹੁਤ ਖ਼ੁਸ਼ ਹੁੰਦੇ ਹਨ ਕਿਉਂਕਿ ਉਹ ਸਵਰਗ ਵਿਚ ਆਪਣੇ ਲਈ ‘ਸੱਚਾ ਧਨ’ ਜੋੜ ਰਹੇ ਹਨ। (ਲੂਕਾ 16:11) ਇਕ ਭੈਣ ਰਾਜ ਦੇ ਕੰਮਾਂ ਲਈ ਹਮੇਸ਼ਾ ਦਾਨ ਦਿੰਦੀ ਹੈ। ਉਹ ਦੱਸਦੀ ਹੈ ਕਿ “ਖੁੱਲ੍ਹ-ਦਿਲੀ ਦਿਖਾਉਣ ਕਰਕੇ ਕੁਝ ਸਾਲਾਂ ਵਿਚ ਹੀ ਮੇਰੇ ਸੁਭਾਅ ਵਿਚ ਬਹੁਤ ਫ਼ਰਕ ਆਇਆ ਹੈ। ਜ਼ਿਆਦਾ ਤੋਂ ਜ਼ਿਆਦਾ ਖੁੱਲ੍ਹ-ਦਿਲੀ ਦਿਖਾਉਣ ਕਰਕੇ ਮੈਂ ਦੂਸਰਿਆਂ ਬਾਰੇ ਹੋਰ ਵੀ ਵਧੀਆ ਸੋਚਣ ਲੱਗੀ। ਮੈਂ ਦੂਜਿਆਂ ਨੂੰ ਦਿਲ ਖੋਲ੍ਹ ਕੇ ਮਾਫ਼ ਕਰਦੀ ਹਾਂ, ਧੀਰਜ ਨਾਲ ਪੇਸ਼ ਆਉਂਦੀ ਹਾਂ, ਸਲਾਹ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੀ ਹਾਂ ਅਤੇ ਹੁਣ ਜ਼ਿਆਦਾ ਨਿਰਾਸ਼ ਵੀ ਨਹੀਂ ਹੁੰਦੀ।” ਬਹੁਤ ਸਾਰਿਆਂ ਨੇ ਅਜ਼ਮਾ ਕੇ ਦੇਖਿਆ ਹੈ ਕਿ ਖੁੱਲ੍ਹ-ਦਿਲੀ ਦਿਖਾਉਣ ਦੇ ਖ਼ੁਦ ਨੂੰ ਬਹੁਤ ਫ਼ਾਇਦੇ ਹੁੰਦੇ ਹਨ।​—ਜ਼ਬੂ. 112:5; ਕਹਾ. 22:9.

11. (ੳ) ਖੁੱਲ੍ਹ-ਦਿਲੀ ਦਿਖਾ ਕੇ ਅਸੀਂ “ਅਕਲ ਤੋਂ ਕੰਮ” ਕਿਵੇਂ ਲੈ ਰਹੇ ਹੁੰਦੇ ਹਾਂ? (ਅ) ਕਈਆਂ ਦੇ ਵਾਧੇ ਕਰਕੇ ਕਈਆਂ ਦਾ ਘਾਟਾ ਕਿਵੇਂ ਪੂਰਾ ਹੋਇਆ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਅਸੀਂ ਉਦੋਂ ਵੀ “ਅਕਲ ਤੋਂ ਕੰਮ” ਲੈਂਦੇ ਹਾਂ ਜਦੋਂ ਅਸੀਂ ਰਾਜ ਕੇ ਕੰਮਾਂ ਵਿਚ ਭੈਣਾਂ-ਭਰਾਵਾਂ ਦੀ ਮਦਦ ਲਈ ਆਪਣੀਆਂ ਚੀਜ਼ਾਂ ਵਰਤਦੇ ਹਾਂ। ਜੇ ਅਸੀਂ ਪੂਰੀ ਸਮੇਂ ਦੀ ਸੇਵਾ ਨਹੀਂ ਵੀ ਕਰ ਸਕਦੇ ਜਾਂ ਉੱਥੇ ਨਹੀਂ ਜਾ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਵੀ ਅਸੀਂ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ। (ਕਹਾ. 19:17) ਮਿਸਾਲ ਲਈ, ਜਿਨ੍ਹਾਂ ਗ਼ਰੀਬ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਰਹੇ ਹਨ, ਉੱਥੇ ਦਾਨ ਨਾਲ ਪ੍ਰਚਾਰ ਦਾ ਕੰਮ ਅੱਗੇ ਵਧ ਰਿਹਾ ਅਤੇ ਭੈਣਾਂ-ਭਰਾਵਾਂ ਨੂੰ ਪ੍ਰਕਾਸ਼ਨ ਮਿਲ ਰਹੇ ਹਨ। ਕਾਂਗੋ, ਮੈਡਾਗਾਸਕਰ ਅਤੇ ਰਵਾਂਡਾ ਵਰਗੇ ਦੇਸ਼ਾਂ ਵਿਚ ਬਾਈਬਲਾਂ ਬਹੁਤ ਮਹਿੰਗੀਆਂ ਹਨ। ਕਈ ਥਾਵਾਂ ’ਤੇ ਇਕ ਬਾਈਬਲ ਦੀ ਕੀਮਤ ਹਫ਼ਤੇ ਜਾਂ ਮਹੀਨੇ ਦੀ ਤਨਖ਼ਾਹ ਦੇ  ਬਰਾਬਰ ਹੈ। ਕਈ ਸਾਲਾਂ ਤੋਂ ਸਾਡੇ ਭੈਣਾਂ-ਭਰਾਵਾਂ ਨੂੰ ਇਹ ਫ਼ੈਸਲਾ ਕਰਨਾ ਪਿਆ ਕਿ ਉਹ ਆਪਣੇ ਪਰਿਵਾਰ ਲਈ ਖਾਣਾ ਖ਼ਰੀਦਣ ਜਾਂ ਬਾਈਬਲ। ਪਰ ਹੁਣ ਕਈਆਂ ਦੇ “ਵਾਧੇ ਕਰਕੇ” ਇਨ੍ਹਾਂ ਭੈਣਾਂ-ਭਰਾਵਾਂ ਦਾ “ਘਾਟਾ ਪੂਰਾ” ਹੋਇਆ ਹੈ। ਭੈਣਾਂ-ਭਰਾਵਾਂ ਦੇ ਦਾਨ ਕਰਕੇ ਯਹੋਵਾਹ ਦਾ ਸੰਗਠਨ ਬਾਈਬਲ ਦਾ ਅਨੁਵਾਦ ਕਰਦਾ ਹੈ ਅਤੇ ਇਸ ਨੂੰ ਮੁਫ਼ਤ ਵਿਚ ਵੰਡਦਾ ਹੈ। ਇਸ ਤਰ੍ਹਾਂ ਕਰਨ ਨਾਲ ਬਾਈਬਲ ਵਿਦਿਆਰਥੀਆਂ ਅਤੇ ਪਰਿਵਾਰ ਦੇ ਹਰ ਜੀਅ ਨੂੰ ਬਾਈਬਲ ਮਿਲੀ ਹੈ। (2 ਕੁਰਿੰਥੀਆਂ 8:13-15 ਪੜ੍ਹੋ।) ਨਤੀਜੇ ਵਜੋਂ, ਲੈਣ ਅਤੇ ਦੇਣ ਵਾਲੇ ਦੋਨੋਂ ਯਹੋਵਾਹ ਦੇ ਦੋਸਤ ਬਣ ਸਕਦੇ ਹਨ।

ਦੁਨੀਆਂ ਦੇ ਵਪਾਰ ਜਗਤ ਨਾਲ ਲੈਣ-ਦੇਣ ਘਟਾਓ

12. ਅਬਰਾਹਾਮ ਨੇ ਪਰਮੇਸ਼ੁਰ ’ਤੇ ਭਰੋਸਾ ਕਿਵੇਂ ਰੱਖਿਆਂ?

12 ਦੁਨੀਆਂ ਦੇ ਵਪਾਰ ਜਗਤ ਨਾਲ ਆਪਣਾ ਲੈਣ-ਦੇਣ ਘਟਾ ਕੇ ਅਤੇ ‘ਸੱਚਾ ਧਨ’ ਜੋੜ ਕੇ ਅਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹਾਂ। ਵਫ਼ਾਦਾਰ ਅਬਰਾਹਾਮ ਨੇ ਵੀ ਇਸੇ ਤਰ੍ਹਾਂ ਕੀਤਾ। ਯਹੋਵਾਹ ਦਾ ਦੋਸਤ ਬਣਨ ਦੀ ਖ਼ਾਤਰ ਅਬਰਾਹਾਮ ਨੇ ਉਸ ਦਾ ਕਹਿਣਾ ਮੰਨਿਆ ਅਤੇ ਅਮੀਰ ਊਰ ਸ਼ਹਿਰ ਛੱਡ ਕੇ ਤੰਬੂਆਂ ਵਿਚ ਰਿਹਾ। (ਇਬ. 11:8-10) ਦੁਨੀਆਂ ਦੇ ਧਨ ’ਤੇ ਭਰੋਸਾ ਰੱਖਣ ਦੀ ਬਜਾਇ ਉਸ ਨੇ ਹਮੇਸ਼ਾ ਪਰਮੇਸ਼ੁਰ ’ਤੇ ਭਰੋਸਾ ਰੱਖਿਆ। (ਉਤ. 14:22, 23) ਯਿਸੂ ਨੇ ਦੂਸਰਿਆਂ ਨੂੰ ਇੱਦਾਂ ਦੀ ਨਿਹਚਾ ਪੈਦਾ ਕਰਨ ਦੀ ਹੱਲਾਸ਼ੇਰੀ ਦਿੱਤੀ। ਇਕ ਵਾਰ ਉਸ ਨੇ ਇਕ ਅਮੀਰ ਨੌਜਵਾਨ ਨੂੰ ਕਿਹਾ: “ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਵਿਚ ਕੋਈ ਕਮੀ ਨਾ ਰਹੇ, ਤਾਂ ਜਾਹ, ਆਪਣਾ ਸਾਰਾ ਕੁਝ ਵੇਚ ਕੇ ਪੈਸੇ ਗ਼ਰੀਬਾਂ ਵਿਚ ਵੰਡ ਦੇ, ਅਤੇ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ, ਤੇ ਆ ਕੇ ਮੇਰਾ ਚੇਲਾ ਬਣ ਜਾ।” (ਮੱਤੀ 19:21) ਉਸ ਨੌਜਵਾਨ ਵਿਚ ਅਬਰਾਹਾਮ ਵਰਗੀ ਨਿਹਚਾ ਨਹੀਂ ਸੀ। ਪਰ ਹੋਰ ਕਈ ਲੋਕ ਸਨ ਜਿਨ੍ਹਾਂ ਨੇ ਪਰਮੇਸ਼ੁਰ ’ਤੇ ਭਰੋਸਾ ਰੱਖਿਆ।

13. (ੳ) ਪੌਲੁਸ ਨੇ ਤਿਮੋਥਿਉਸ ਨੂੰ ਕਿਹੜੀ ਸਲਾਹ ਦਿੱਤੀ? (ਅ) ਅਸੀਂ ਪੌਲੁਸ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

13 ਤਿਮੋਥਿਉਸ ਦੀ ਨਿਹਚਾ ਬਹੁਤ ਪੱਕੀ ਸੀ। ਪੌਲੁਸ ਨੇ ਉਸ ਨੂੰ ‘ਯਿਸੂ ਮਸੀਹ ਦਾ ਵਧੀਆ ਫ਼ੌਜੀ’ ਸੱਦਿਆ ਅਤੇ ਕਿਹਾ: “ਕੋਈ ਵੀ ਫ਼ੌਜੀ ਪੈਸਾ ਕਮਾਉਣ ਲਈ ਕੋਈ ਹੋਰ ਕੰਮ-ਧੰਦਾ ਨਹੀਂ ਕਰਦਾ ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ।” (2 ਤਿਮੋ. 2:3, 4) ਯਿਸੂ ਦੇ ਸਾਰੇ ਚੇਲੇ ਪੌਲੁਸ ਦੀ ਇਸ ਸਲਾਹ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿਚ ਦਸ ਲੱਖ ਤੋਂ ਜ਼ਿਆਦਾ ਪੂਰੇ ਸਮੇਂ ਦੇ ਸੇਵਕ ਵੀ ਹਨ। ਉਹ ਇਸ ਲਾਲਚੀ ਦੁਨੀਆਂ ਦੀ ਚਮਕ-ਦਮਕ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ। ਉਹ ਇਸ ਅਸੂਲ ਨੂੰ ਯਾਦ ਰੱਖਦੇ ਹਨ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾ. 22:7) ਸ਼ੈਤਾਨ ਬਸ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਵਾਪਰ ਜਗਤ ਦੇ ਗ਼ੁਲਾਮ ਬਣ ਕੇ ਆਪਣੀ ਜਾਨ ਦੇ ਦੇਈਏ। ਕੁਝ ਲੋਕ ਘਰ, ਗੱਡੀ, ਪੜ੍ਹਾਈ-ਲਿਖਾਈ ਅਤੇ ਵਿਆਹ ਕਰਨ ਲਈ ਬਹੁਤ ਜ਼ਿਆਦਾ ਕਰਜ਼ਾ ਲੈ ਲੈਂਦੇ ਹਨ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਕਈ ਸਾਲਾਂ ਤਕ ਕਰਜ਼ੇ ਹੇਠ ਆ ਸਕਦੇ ਹਾਂ। ਅਕਲ ਤੋਂ ਕੰਮ ਲੈਣ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖੀਏ, ਕਰਜ਼ੇ ਨਾ ਲਈਏ ਅਤੇ ਖ਼ਰਚੇ ਘਟਾਈਏ। ਇੱਦਾਂ ਦੇ ਕਦਮ ਚੁੱਕ ਕੇ ਅਸੀਂ ਇਸ ਦੁਨੀਆਂ ਦੇ ਵਾਪਰ ਜਗਤ ਦੇ ਗ਼ੁਲਾਮ ਬਣਨ ਦੀ ਬਜਾਇ ਆਜ਼ਾਦ ਹੋ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਾਂਗੇ।​—1 ਤਿਮੋ. 6:10.

14. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? ਮਿਸਾਲ ਦਿਓ।

14 ਆਪਣੀ ਜ਼ਿੰਦਗੀ ਸਾਦੀ ਰੱਖਣ ਲਈ ਸਾਨੂੰ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਚਾਹੀਦੀ ਹੈ। ਆਓ ਆਪਾਂ ਦੋ ਮਿਸਾਲਾਂ ਦੇਖੀਏ। ਇਕ ਪਤੀ-ਪਤਨੀ ਦਾ ਬਹੁਤ ਤਕੜਾ ਕਾਰੋਬਾਰ ਸੀ। ਪਰ ਉਹ ਫਿਰ ਤੋਂ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣਾ ਕਾਰੋਬਾਰ, ਆਪਣੀ ਬਹੁਤ ਮਹਿੰਗੀ ਕਿਸ਼ਤੀ ਅਤੇ ਹੋਰ ਕਈ ਚੀਜ਼ਾਂ ਵੇਚ ਦਿੱਤੀਆਂ। ਫਿਰ ਉਨ੍ਹਾਂ ਨੇ ਵਾਰਵਿਕ, ਨਿਊਯਾਰਕ ਦੇ ਨਵੇਂ ਮੁੱਖ ਦਫ਼ਤਰ ਨੂੰ ਬਣਾਉਣ ਵਿਚ ਹੱਥ ਵਟਾਇਆ। ਉਹ ਹਫ਼ਤੇ ਉਨ੍ਹਾਂ ਲਈ ਬਹੁਤ ਖ਼ਾਸ ਸਨ ਕਿਉਂਕਿ ਭਰਾ ਨੇ ਆਪਣੇ ਮੰਮੀ-ਡੈਡੀ ਨਾਲ ਅਤੇ ਬੈਥਲ ਵਿਚ ਸੇਵਾ ਕਰ ਰਹੇ ਆਪਣੇ ਧੀ-ਜਵਾਈ ਨਾਲ ਮਿਲ ਕੇ ਸੇਵਾ ਕੀਤੀ। ਕੋਲੋਰਾਡੋ, ਅਮਰੀਕਾ ਵਿਚ ਰਹਿਣ ਵਾਲੀ ਇਕ ਪਾਇਨੀਅਰ ਭੈਣ ਨੂੰ ਬੈਂਕ ਵਿਚ ਕੰਮ ਮਿਲਿਆ। ਉਹ ਹਫ਼ਤੇ ਵਿਚ ਸਿਰਫ਼ ਕੁਝ ਹੀ ਦਿਨ ਕੰਮ ਕਰਦੀ ਸੀ। ਬੈਂਕ ਵਾਲੇ ਉਸ ਦੇ ਕੰਮ ਤੋਂ ਬਹੁਤ ਖ਼ੁਸ਼ ਸਨ। ਇਸ ਲਈ ਉਨ੍ਹਾਂ ਨੇ ਉਸ ਨੂੰ ਪੂਰੇ ਹਫ਼ਤੇ ਕੰਮ ਕਰਨ ਅਤੇ ਤਿੱਗੁਣੀ ਤਨਖ਼ਾਹ ਦੇਣ ਦੀ ਪੇਸ਼ਕਸ਼ ਕੀਤੀ। ਪਰ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿਉਂਕਿ ਉਹ ਜਾਣਦੀ ਸੀ ਕਿ ਇਸ ਨਾਲ ਉਹ ਪਰਮੇਸ਼ੁਰ  ਦੇ ਰਾਜ ਨੂੰ ਪਹਿਲ ਨਹੀਂ ਦੇ ਸਕੇਗੀ। ਇਹ ਉਨ੍ਹਾਂ ਸੇਵਕਾਂ ਦੀਆਂ ਕੁਝ ਹੀ ਮਿਸਲਾਂ ਹਨ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਕਈ ਕੁਰਬਾਨੀਆਂ ਕੀਤੀਆਂ ਹਨ। ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਕੇ ਅਸੀਂ ਦਿਖਾਉਂਦੇ ਹਾਂ ਕਿ ਦੁਨੀਆਂ ਦੇ ਧਨ ਨਾਲੋਂ ਪਰਮੇਸ਼ੁਰ ਨਾਲ ਸਾਡੀ ਦੋਸਤੀ ਅਤੇ ਸੱਚਾ ਧਨ ਜੋੜਨਾ ਜ਼ਿਆਦਾ ਜ਼ਰੂਰੀ ਹੈ।

ਜਦੋਂ ਦੁਨੀਆਂ ਦਾ ਧਨ ਖ਼ਤਮ ਹੋ ਜਾਵੇਗਾ

15. ਕਿਹੜੇ ਧਨ ਤੋਂ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ?

15 ਇਹ ਜ਼ਰੂਰੀ ਨਹੀਂ ਕਿ ਬਹੁਤ ਸਾਰਾ ਪੈਸਾ ਹੋਣਾ ਪਰਮੇਸ਼ੁਰ ਦੀ ਮਿਹਰ ਹੋਣ ਦੀ ਨਿਸ਼ਾਨੀ ਹੈ। ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ “ਚੰਗੇ ਕੰਮ ਕਰਨ ਵਿਚ ਲੱਗੇ” ਰਹਿੰਦੇ ਹਨ। (1 ਤਿਮੋਥਿਉਸ 6:17-19 ਪੜ੍ਹੋ।) ਮਿਸਾਲ ਲਈ, ਭੈਣ ਮੂਸਾਨੈੱਟ ਨੂੰ ਪਤਾ ਲੱਗਾ ਕਿ ਅਲਬਾਨੀਆ ਵਿਚ ਪ੍ਰਚਾਰਕਾਂ ਦੀ ਲੋੜ ਸੀ। * ਸੋ ਉਹ 1993 ਵਿਚ ਇਟਲੀ ਛੱਡ ਕੇ ਅਲਬਾਨੀਆ ਚਲੀ ਗਈ। ਭਾਵੇਂ ਉਸ ਕੋਲ ਕੰਮ ਵੀ ਨਹੀਂ ਸੀ, ਪਰ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਉਸ ਨੇ ਅਲਬਾਨੀ ਭਾਸ਼ਾ ਸਿੱਖੀ ਅਤੇ 60 ਤੋਂ ਵੀ ਜ਼ਿਆਦਾ ਲੋਕਾਂ ਨੂੰ ਸੱਚਾਈ ਸਿਖਾਈ। ਪਰ ਸ਼ਾਇਦ ਸਾਡੇ ਇਲਾਕੇ ਦੇ ਲੋਕ ਸਾਡੀ ਗੱਲ ਨਾ ਸੁਣਨ। ਯਾਦ ਰੱਖੋ ਕਿ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਅਤੇ ਉਸ ਦੇ ਦੋਸਤ ਬਣਨ ਵਿਚ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੇ ਤੋਂ ਕਦੀ ਵੀ ਖੋਹਿਆ ਨਹੀਂ ਜਾਵੇਗਾ।​—ਮੱਤੀ 6:20.

16. (ੳ) ਇਸ ਦੁਨੀਆਂ ਦੇ ਵਪਾਰ ਜਗਤ ਦਾ ਕੀ ਬਣੇਗਾ? (ਅ) ਇਸ ਦਾ ਸਾਡੀ ਸੋਚ ’ਤੇ ਕੀ ਅਸਰ ਪੈਣਾ ਚਾਹੀਦਾ ਹੈ?

16 ਯਿਸੂ ਨੇ ਇਹ ਨਹੀਂ ਕਿਹਾ ‘ਜੇ ਤੁਹਾਡਾ ਧਨ ਖ਼ਤਮ ਹੋ ਜਾਵੇ’ ਸਗੋਂ ਉਸ ਨੇ ਕਿਹਾ: “ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ।” (ਲੂਕਾ 16:9) ਯਿਸੂ ਦੀ ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦਾ ਵਪਾਰ ਜਗਤ ਜ਼ਰੂਰ ਖ਼ਤਮ ਹੋ ਜਾਵੇਗਾ। ਇਨ੍ਹਾਂ ਆਖ਼ਰੀ ਦਿਨਾਂ ਵਿਚ ਕਈ ਬੈਂਕ ਠੱਪ ਹੋ ਗਏ ਹਨ ਅਤੇ ਕਈ ਦੇਸ਼ਾਂ ਦੀ ਅਰਥ-ਵਿਵਸਥਾ ਢਹਿ-ਢੇਰੀ ਹੋ ਗਈ ਹੈ। ਪਰ ਜਲਦੀ ਹੀ ਹਾਲਾਤ ਹੋਰ ਵੀ ਵਿਗੜਨ ਵਾਲੇ ਹਨ। ਸ਼ੈਤਾਨ ਦੀ ਦੁਨੀਆਂ ਦੀਆਂ ਰਾਜਨੀਤਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਕਿਸੇ ਕੰਮ ਦੀਆਂ ਨਹੀਂ ਰਹਿਣਗੀਆਂ। ਵਪਾਰ ਜਗਤ ਲਈ ਸੋਨਾ ਅਤੇ ਚਾਂਦੀ ਹਮੇਸ਼ਾ ਤੋਂ ਕੀਮਤੀ ਰਹੇ ਹਨ। ਪਰ ਹਿਜ਼ਕੀਏਲ ਅਤੇ ਸਫ਼ਨਯਾਹ ਨਬੀਆਂ ਨੇ ਦੱਸਿਆ ਕਿ ਇਕ ਦਿਨ ਸੋਨਾ-ਚਾਂਦੀ ਕੌਡੀਆਂ ਦੇ ਭਾਅ ਹੋ ਜਾਣਗੇ। (ਹਿਜ਼. 7:19; ਸਫ਼. 1:18) ਜ਼ਰਾ ਸੋਚੋ ਕਿ ਤੁਹਾਨੂੰ ਕਿੱਦਾਂ ਲੱਗੇਗਾ ਜੇ ਤੁਸੀਂ ਬੁਢਾਪੇ ਵਿਚ ਜਾ ਕੇ ਇਹ ਕਿਹਾ ‘ਕਾਸ਼! ਮੈਂ ਦੁਨੀਆਂ ਦੇ ਧਨ ਨੂੰ ਇਕੱਠਾ ਕਰਨ ਲਈ ਸੱਚੇ ਧਨ ਨੂੰ ਦਾਅ ’ਤੇ ਨਾ ਲਾਇਆ ਹੁੰਦਾ।’ ਅਸੀਂ ਉਸ ਆਦਮੀ ਵਾਂਗ ਮਹਿਸੂਸ ਕਰਾਂਗੇ ਜਿਸ ਨੇ ਆਪਣੀ ਪੂਰੀ ਉਮਰ ਪੈਸੇ ਇਕੱਠੇ ਕਰਨ ਵਿਚ ਲਾ ਦਿੱਤੀ ਅਤੇ ਅਖ਼ੀਰ ਉਸ ਨੂੰ ਪਤਾ ਲੱਗਾ ਕਿ ਸਭ ਪੈਸੇ ਜਾਅਲੀ ਸਨ। (ਕਹਾ. 18:11) ਇਸ ਦੁਨੀਆਂ ਦਾ ਧਨ ਜ਼ਰੂਰ ਖ਼ਤਮ ਹੋ ਜਾਵੇਗਾ। ਇਸ ਲਈ ਇਸ ਦੁਨੀਆਂ ਦੇ ਧਨ ਨਾਲ ਸਵਰਗ ਵਿਚ ਦੋਸਤ ਬਣਾਉਣ ਦੇ ਮੌਕਿਆਂ ਨੂੰ ਹੱਥੋਂ ਨਾ ਜਾਣ ਦਿਓ। ਯਹੋਵਾਹ ਅਤੇ ਉਸ ਦੇ ਰਾਜ ਦੀ ਖ਼ਾਤਰ ਅਸੀਂ ਜੋ ਵੀ ਕਰਦੇ ਹਾਂ ਉਸ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ।

17, 18. ਯਹੋਵਾਹ ਦੇ ਦੋਸਤਾਂ ਲਈ ਕਿਹੜੀ ਆਸ ਹੈ?

17 ਪਰਮੇਸ਼ੁਰ ਦੇ ਰਾਜ ਵਿਚ ਨਾ ਤਾਂ ਕਿਸੇ ਨੂੰ ਘਰ ਦਾ ਕਿਰਾਇਆ ਦੇਣ ਪਵੇਗਾ ਤੇ ਨਾ ਹੀ ਘਰ ਬਣਾਉਣ ਲਈ ਕਰਜ਼ਾ ਚੁੱਕਣਾ ਪਵੇਗਾ। ਢੇਰ ਸਾਰਾ ਖਾਣਾ ਮੁਫ਼ਤ ਮਿਲੇਗਾ ਅਤੇ ਡਾਕਟਰਾਂ ਤੇ ਦਵਾਈਆਂ ਦੀ ਵੀ ਲੋੜ ਨਹੀਂ ਪਵੇਗੀ। ਧਰਤੀ ਉੱਤੇ ਯਹੋਵਾਹ ਦੇ ਸਾਰੇ ਦੋਸਤ ਧਰਤੀ ਦੀਆਂ ਚੀਜ਼ਾਂ ਦਾ ਆਨੰਦ ਮਾਣਨਗੇ। ਸੋਨਾ, ਚਾਂਦੀ ਅਤੇ ਹੀਰੇ-ਮੋਤੀ ਸਾਡੇ ਹਾਰ-ਸ਼ਿੰਗਾਰ ਲਈ ਹੋਣਗੇ ਨਾ ਕਿ ਕਿਸੇ ਦੀਆਂ ਜੇਬਾਂ ਭਰਨ ਲਈ। ਸੋਹਣੇ-ਸੋਹਣੇ ਘਰ ਬਣਾਉਣ ਲਈ ਵਧੀਆ ਕਿਸਮ ਦੀ ਲੱਕੜ, ਪੱਥਰ ਅਤੇ ਲੋਹਾ ਸਾਰਿਆਂ ਲਈ ਮੁਫ਼ਤ ਵਿਚ ਹੋਵੇਗਾ। ਸਾਡੇ ਦੋਸਤ ਘਰ ਬਣਾਉਣ ਵਿਚ ਖ਼ੁਸ਼ੀ-ਖ਼ੁਸ਼ੀ ਸਾਡੀ ਮਦਦ ਕਰਨਗੇ ਨਾ ਕੇ ਪੈਸੇ ਕਮਾਉਣ ਦੀ ਖ਼ਾਤਰ। ਧਰਤੀ ਦੀਆਂ ਸਾਰੀਆਂ ਚੀਜ਼ਾਂ ਅਸੀਂ ਇਕ-ਦੂਸਰੇ ਨਾਲ ਸਾਂਝੀਆਂ ਕਰਾਂਗੇ।

18 ਯਹੋਵਾਹ ਅਤੇ ਯਿਸੂ ਨਾਲ ਦੋਸਤੀ ਕਰਨ ਵਾਲਿਆਂ ਨੂੰ ਇਨ੍ਹਾਂ ਬਰਕਤਾਂ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਮਿਲੇਗਾ। ਧਰਤੀ ਉੱਤੇ ਯਹੋਵਾਹ ਦੇ ਸੇਵਕਾਂ ਦੇ ਪੈਰ ਖ਼ੁਸ਼ੀ ਨਾਲ ਜ਼ਮੀਨ ’ਤੇ ਨਹੀਂ ਲੱਗਣਗੇ ਜਦੋਂ ਉਹ ਯਿਸੂ ਦੇ ਇਹ ਸ਼ਬਦ ਸੁਣਨਗੇ: “ਮੇਰਾ ਪਿਤਾ ਤੁਹਾਡੇ ’ਤੇ ਮਿਹਰਬਾਨ ਹੈ। ਆਓ, ਉਸ ਰਾਜ ਨੂੰ ਕਬੂਲ ਕਰੋ ਜੋ ਤੁਹਾਡੇ ਲਈ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਤਿਆਰ ਕੀਤਾ ਹੋਇਆ ਹੈ।”​—ਮੱਤੀ 25:34.

^ ਪੈਰਾ 4 ਜਿਸ ਤਰੀਕੇ ਨਾਲ ਯੂਨਾਨੀ ਭਾਸ਼ਾ ਵਿਚ ਲੂਕਾ 16:1 ਲਿਖਿਆ ਗਿਆ ਸੀ, ਉਸ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਪ੍ਰਬੰਧਕ ਨੇ ਸੱਚ-ਮੁੱਚ ਬਰਬਾਦੀ ਕੀਤੀ ਸੀ। ਯਿਸੂ ਨੇ ਸਿਰਫ਼ ਇਹ ਕਿਹਾ ਸੀ ਕਿ ਉਸ ਉੱਤੇ ਇਲਜ਼ਾਮ ਲਾਇਆ ਗਿਆ ਸੀ। ਹੋ ਸਕਦਾ ਹੈ ਕਿ ਕਿਸੇ ਨੇ ਉਸ ਪ੍ਰਬੰਧਕ ਦੇ ਖ਼ਿਲਾਫ਼ ਮਾਲਕ ਦੇ ਕੰਨ ਭਰੇ ਹੋਣ। ਯਿਸੂ ਨੇ ਪ੍ਰਬੰਧਕ ਦੇ ਕੰਮਾਂ ਉੱਤੇ ਜ਼ੋਰ ਦਿੱਤਾ ਨਾ ਕਿ ਉਸ ਦੇ ਕੰਮ ਤੋਂ ਕੱਢੇ ਜਾਣ ਦੇ ਕਾਰਨਾਂ ’ਤੇ।

^ ਪੈਰਾ 15 ਭੈਣ ਮੂਸਾਨੈੱਟ ਦੀ ਜੀਵਨੀ ਜਾਗਰੂਕ ਬਣੋ! (ਅੰਗ੍ਰੇਜ਼ੀ), 22 ਜੂਨ 2003 ਦੇ ਸਫ਼ੇ 18-22 ਉੱਤੇ ਦਿੱਤੀ ਗਈ ਹੈ।