ਅਧਿਐਨ ਲੇਖ 7
ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਲਓ
“ਤੂੰ ਕੀ ਪੜ੍ਹਿਆ ਹੈ?”—ਲੂਕਾ 10:26.
ਗੀਤ 97 ਰੱਬ ਦੀ ਬਾਣੀ ਹੈ ਜ਼ਿੰਦਗੀ
ਖ਼ਾਸ ਗੱਲਾਂ a
1. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਪਵਿੱਤਰ ਲਿਖਤਾਂ ਨੂੰ ਅਹਿਮੀਅਤ ਦਿੰਦਾ ਸੀ?
ਜ਼ਰਾ ਕਲਪਨਾ ਕਰੋ ਕਿ ਜਦੋਂ ਯਿਸੂ ਲੋਕਾਂ ਨੂੰ ਸਿਖਾਉਂਦਾ ਹੋਣਾ, ਤਾਂ ਉਸ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਕਿੱਦਾਂ ਲੱਗਦਾ ਹੋਣਾ। ਉਹ ਅਕਸਰ ਮੂੰਹ-ਜ਼ਬਾਨੀ ਪਵਿੱਤਰ ਲਿਖਤਾਂ ਦੇ ਹਵਾਲੇ ਦਿੰਦਾ ਹੁੰਦਾ ਸੀ। ਅਸਲ ਵਿਚ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਆਪਣੇ ਬਪਤਿਸਮੇ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਸ਼ਬਦ ਕਹੇ ਅਤੇ ਆਪਣੀ ਮੌਤ ਤੋਂ ਪਹਿਲਾਂ ਜੋ ਆਖ਼ਰੀ ਸ਼ਬਦ ਕਹੇ ਸਨ, ਉਨ੍ਹਾਂ ਵਿਚ ਉਸ ਨੇ ਪਵਿੱਤਰ ਲਿਖਤਾਂ ਤੋਂ ਹਵਾਲੇ ਦਿੱਤੇ ਸਨ। b (ਬਿਵ. 8:3; ਜ਼ਬੂ. 31:5; ਲੂਕਾ 4:4; 23:46) ਬਪਤਿਸਮਾ ਲੈਣ ਤੋਂ ਬਾਅਦ ਯਿਸੂ ਨੇ ਆਪਣੀ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਦੌਰਾਨ ਅਕਸਰ ਦੂਸਰਿਆਂ ਸਾਮ੍ਹਣੇ ਪਵਿੱਤਰ ਲਿਖਤਾਂ ਪੜ੍ਹੀਆਂ, ਉਨ੍ਹਾਂ ਵਿੱਚੋਂ ਹਵਾਲੇ ਦਿੱਤੇ ਅਤੇ ਉਨ੍ਹਾਂ ਦਾ ਮਤਲਬ ਸਮਝਾਇਆ।—ਮੱਤੀ 5:17, 18, 21, 22, 27, 28; ਲੂਕਾ 4:16-20.
ਧਰਤੀ ʼਤੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਯਿਸੂ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਕਿੰਨਾ ਪਿਆਰ ਕਰਦਾ ਸੀ ਅਤੇ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕਰਦਾ ਸੀ (ਪੈਰਾ 2)
2. ਯਿਸੂ ਛੋਟੇ ਹੁੰਦਿਆਂ ਕਿਹੜੀਆਂ ਗੱਲਾਂ ਕਰਕੇ ਪਵਿੱਤਰ ਲਿਖਤਾਂ ਨੂੰ ਚੰਗੀ ਤਰ੍ਹਾਂ ਜਾਣ ਸਕਿਆ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
2 ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕਾਫ਼ੀ ਸਾਲ ਪਹਿਲਾਂ ਯਿਸੂ ਅਕਸਰ ਪਰਮੇਸ਼ੁਰ ਦਾ ਬਚਨ ਪੜ੍ਹਦਾ ਅਤੇ ਸੁਣਦਾ ਹੁੰਦਾ ਸੀ। ਜਦੋਂ ਉਹ ਛੋਟਾ ਸੀ, ਤਾਂ ਘਰ ਵਿਚ ਉਸ ਦੇ ਮਾਤਾ-ਪਿਤਾ ਮਰੀਅਮ ਤੇ ਯੂਸੁਫ਼ ਅਕਸਰ ਪਵਿੱਤਰ ਲਿਖਤਾਂ ਬਾਰੇ ਗੱਲ ਕਰਦੇ ਹੋਣੇ ਅਤੇ ਯਿਸੂ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਦਾ ਹੋਣਾ। c (ਬਿਵ. 6:6, 7) ਬਿਨਾਂ ਸ਼ੱਕ, ਯਿਸੂ ਹਰ ਸਬਤ ʼਤੇ ਆਪਣੇ ਪਰਿਵਾਰ ਨਾਲ ਸਭਾ ਘਰ ਵੀ ਜਾਂਦਾ ਹੋਣਾ। (ਲੂਕਾ 4:16) ਉੱਥੇ ਜਦੋਂ ਪਵਿੱਤਰ ਲਿਖਤਾਂ ਵਿੱਚੋਂ ਗੱਲਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹੋਣੀਆਂ, ਤਾਂ ਉਹ ਬੜੇ ਧਿਆਨ ਨਾਲ ਸੁਣਦਾ ਹੋਣਾ। ਸਮੇਂ ਦੇ ਬੀਤਣ ਨਾਲ ਯਿਸੂ ਨੇ ਖ਼ੁਦ ਪਵਿੱਤਰ ਲਿਖਤਾਂ ਪੜ੍ਹਨੀਆਂ ਸਿੱਖ ਲਈਆਂ। ਇਸ ਕਰਕੇ ਯਿਸੂ ਨਾ ਸਿਰਫ਼ ਪਵਿੱਤਰ ਲਿਖਤਾਂ ਨੂੰ ਜਾਣ ਸਕਿਆ, ਸਗੋਂ ਉਹ ਉਨ੍ਹਾਂ ਨੂੰ ਪਿਆਰ ਕਰਨ ਲੱਗ ਪਿਆ ਅਤੇ ਉਸ ਨੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕੀਤਾ। ਉਦਾਹਰਣ ਲਈ, ਜ਼ਰਾ ਮੰਦਰ ਵਿਚ ਹੋਈ ਉਸ ਘਟਨਾ ʼਤੇ ਗੌਰ ਕਰੋ ਜਦੋਂ ਯਿਸੂ ਸਿਰਫ਼ 12 ਸਾਲਾਂ ਦਾ ਸੀ। ਮੂਸਾ ਦੇ ਕਾਨੂੰਨ ਦੇ ਮਾਹਰਾਂ ਨੂੰ “[ਯਿਸੂ] ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।”—ਲੂਕਾ 2:46, 47, 52.
3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
3 ਅਸੀਂ ਵੀ ਪਰਮੇਸ਼ੁਰ ਦੇ ਬਚਨ ਨੂੰ ਬਾਕਾਇਦਾ ਪੜ੍ਹ ਕੇ ਇਸ ਨੂੰ ਸਮਝ ਸਕਦੇ ਹਾਂ ਅਤੇ ਇਸ ਲਈ ਪਿਆਰ ਪੈਦਾ ਕਰ ਸਕਦੇ ਹਾਂ। ਪਰ ਅਸੀਂ ਪੜ੍ਹੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਯਿਸੂ ਨੇ ਮੂਸਾ ਦੇ ਕਾਨੂੰਨ ਨੂੰ ਜਾਣਨ ਵਾਲੇ ਗ੍ਰੰਥੀਆਂ, ਫ਼ਰੀਸੀਆਂ, ਸਦੂਕੀਆਂ ਅਤੇ ਹੋਰ ਲੋਕਾਂ ਨੂੰ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ʼਤੇ ਗੌਰ ਕਰ ਕੇ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਧਾਰਮਿਕ ਆਗੂ ਪਰਮੇਸ਼ੁਰ ਦੇ ਬਚਨ ਨੂੰ ਅਕਸਰ ਪੜ੍ਹਦੇ ਤਾਂ ਸਨ, ਪਰ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਸਨ ਜਿਸ ਕਰਕੇ ਉਹ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਨਹੀਂ ਪਾ ਸਕੇ। ਯਿਸੂ ਨੇ ਦੱਸਿਆ ਸੀ ਕਿ ਕਿਹੜੀਆਂ ਤਿੰਨ ਗੱਲਾਂ ਕਰਕੇ ਉਹ ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਨਹੀਂ ਲੈ ਸਕੇ। ਉਨ੍ਹਾਂ ਨੂੰ ਕਹੀਆਂ ਯਿਸੂ ਦੀਆਂ ਗੱਲਾਂ ʼਤੇ ਗੌਰ ਕਰ ਕੇ ਸਾਡੀ ਮਦਦ ਹੋਵੇਗੀ ਕਿ ਅਸੀਂ ਕਿਵੇਂ (1) ਪਰਮੇਸ਼ੁਰ ਦੇ ਬਚਨ ਦੀਆਂ ਪੜ੍ਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, (2) ਉਸ ਵਿੱਚੋਂ ਅਨਮੋਲ ਸੱਚਾਈਆਂ ਲੱਭ ਸਕਦੇ ਹਾਂ ਅਤੇ (3) ਉਸ ਮੁਤਾਬਕ ਆਪਣੇ ਆਪ ਨੂੰ ਢਾਲ਼ ਸਕਦੇ ਹਾਂ।
ਧਿਆਨ ਨਾਲ ਪੜ੍ਹੋ ਅਤੇ ਸਮਝੋ
4. ਲੂਕਾ 10:25-29 ਤੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਬਾਰੇ ਕੀ ਸਿੱਖਦੇ ਹਾਂ?
4 ਸਾਨੂੰ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਦਾ ਮਤਲਬ ਵੀ ਸਮਝਣਾ ਚਾਹੀਦਾ ਹੈ, ਨਹੀਂ ਤਾਂ ਹੋ ਸਕਦਾ ਹੈ ਕਿ ਸਾਨੂੰ ਇਸ ਤੋਂ ਪੂਰਾ ਫ਼ਾਇਦਾ ਨਾ ਹੋਵੇ। ਜ਼ਰਾ ਯਿਸੂ ਅਤੇ ‘ਮੂਸਾ ਦੇ ਕਾਨੂੰਨ ਦੇ ਮਾਹਰ’ ਇਕ ਆਦਮੀ ਵਿਚਕਾਰ ਹੋਈ ਗੱਲਬਾਤ ʼਤੇ ਗੌਰ ਕਰੋ। (ਲੂਕਾ 10:25-29 ਪੜ੍ਹੋ।) ਉਸ ਆਦਮੀ ਨੇ ਯਿਸੂ ਨੂੰ ਪੁੱਛਿਆ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰੇ। ਯਿਸੂ ਨੇ ਉਸ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਦਿਆਂ ਉਸ ਨੂੰ ਪੁੱਛਿਆ: “ਕਾਨੂੰਨ ਵਿਚ ਕੀ ਲਿਖਿਆ ਹੈ? ਤੂੰ ਕੀ ਪੜ੍ਹਿਆ ਹੈ?” ਉਸ ਆਦਮੀ ਨੇ ਪਵਿੱਤਰ ਲਿਖਤਾਂ ਵਿੱਚੋਂ ਹਵਾਲਾ ਦੇ ਕੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰੀਏ। (ਲੇਵੀ. 19:18; ਬਿਵ. 6:5) ਪਰ ਜ਼ਰਾ ਧਿਆਨ ਦਿਓ ਕਿ ਉਸ ਆਦਮੀ ਨੇ ਅੱਗੇ ਕੀ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” ਉਸ ਦੇ ਇਸ ਸਵਾਲ ਤੋਂ ਪਤਾ ਲੱਗਦਾ ਹੈ ਕਿ ਉਹ ਪੜ੍ਹੀਆਂ ਗੱਲਾਂ ਦਾ ਮਤਲਬ ਨਹੀਂ ਸਮਝਦਾ ਸੀ। ਇਸ ਕਰਕੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਉਨ੍ਹਾਂ ਆਇਤਾਂ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਤਰੀਕੇ ਨਾਲ ਲਾਗੂ ਕਿਵੇਂ ਕਰੇ।
ਅਸੀਂ ਸਾਰੇ ਧਿਆਨ ਨਾਲ ਪੜ੍ਹ ਕੇ ਗੱਲਾਂ ਨੂੰ ਸਮਝਣ ਦਾ ਹੁਨਰ ਆਪਣੇ ਅੰਦਰ ਪੈਦਾ ਕਰ ਸਕਦੇ ਹਾਂ
5. ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਹੌਲੀ-ਹੌਲੀ ਪੜ੍ਹਨਾ ਚਾਹੀਦਾ ਹੈ?
5 ਅਸੀਂ ਪਰਮੇਸ਼ੁਰ ਦੇ ਬਚਨ ਨੂੰ ਹੋਰ ਵੀ ਵਧੀਆ ਢੰਗ ਨਾਲ ਸਮਝਣ ਲਈ ਪੜ੍ਹਨ ਦੇ ਮਾਮਲੇ ਵਿਚ ਚੰਗੀਆਂ ਆਦਤਾਂ ਪਾ ਸਕਦੇ ਹਾਂ। ਤੁਸੀਂ ਕੀ ਕਰ ਸਕਦੇ ਹੋ? ਬਾਈਬਲ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰੋ। ਬਾਈਬਲ ਨੂੰ ਸਮਝਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਇਸ ਲਈ ਅਸੀਂ ਉਸ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਤਾਂਕਿ ਬਾਈਬਲ ਪੜ੍ਹਦਿਆਂ ਸਾਡਾ ਧਿਆਨ ਨਾ ਭਟਕੇ। ਫਿਰ ਹੌਲੀ-ਹੌਲੀ ਪੜ੍ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਪੜ੍ਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਜੇ ਤੁਸੀਂ ਚਾਹੋ, ਤਾਂ ਉੱਚੀ ਆਵਾਜ਼ ਵਿਚ ਪੜ੍ਹ ਸਕਦੇ ਹੋ ਜਾਂ ਫਿਰ ਤੁਸੀਂ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣ ਸਕਦੇ ਹੋ। ਜਦੋਂ ਤੁਸੀਂ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣਨ ਦੇ ਨਾਲ-ਨਾਲ ਬਾਈਬਲ ਵਿੱਚੋਂ ਦੇਖਦੇ ਵੀ ਹੋ, ਤਾਂ ਪੜ੍ਹੀਆਂ ਗੱਲਾਂ ਤੁਹਾਡੇ ਦਿਲ-ਦਿਮਾਗ਼ ਵਿਚ ਬੈਠ ਸਕਦੀਆਂ ਹਨ। (ਯਹੋ. 1:8) ਪੜ੍ਹਨ ਤੋਂ ਬਾਅਦ ਦੁਬਾਰਾ ਪ੍ਰਾਰਥਨਾ ਕਰੋ ਅਤੇ ਇਸ ਵਧੀਆ ਤੋਹਫ਼ੇ ਯਾਨੀ ਯਹੋਵਾਹ ਦੇ ਬਚਨ ਲਈ ਉਸ ਦਾ ਧੰਨਵਾਦ ਕਰੋ। ਨਾਲੇ ਉਸ ਤੋਂ ਮਦਦ ਮੰਗੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ਨੂੰ ਲਾਗੂ ਕਰ ਸਕੋ।
ਪੜ੍ਹੀਆਂ ਗੱਲਾਂ ਨੂੰ ਸਮਝਣ ਅਤੇ ਯਾਦ ਰੱਖਣ ਲਈ ਸਾਨੂੰ ਛੋਟੇ-ਛੋਟੇ ਨੋਟ ਕਿਉਂ ਲਿਖਣੇ ਚਾਹੀਦੇ ਹਨ? (ਪੈਰਾ 6 ਦੇਖੋ)
6. ਪੜ੍ਹਦੇ ਵੇਲੇ ਆਪਣੇ ਆਪ ਤੋਂ ਸਵਾਲ ਪੁੱਛਣ ਨਾਲ ਅਤੇ ਛੋਟੇ-ਛੋਟੇ ਨੋਟ ਲਿਖਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ? (ਤਸਵੀਰ ਵੀ ਦੇਖੋ।)
6 ਬਾਈਬਲ ਨੂੰ ਹੋਰ ਵੀ ਵਧੀਆ ਢੰਗ ਨਾਲ ਸਮਝਣ ਲਈ ਤੁਸੀਂ ਅੱਗੇ ਦੱਸੇ ਦੋ ਸੁਝਾਅ ਲਾਗੂ ਕਰ ਸਕਦੇ ਹੋ। ਪਹਿਲਾ, ਬਾਈਬਲ ਵਿੱਚੋਂ ਕਿਸੇ ਘਟਨਾ ਬਾਰੇ ਪੜ੍ਹਦੇ ਵੇਲੇ ਆਪਣੇ ਆਪ ਤੋਂ ਸਵਾਲ ਪੁੱਛੋ, ਜਿਵੇਂ ਕਿ ‘ਇੱਥੇ ਕਿਨ੍ਹਾਂ-ਕਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ? ਕੌਣ ਗੱਲ ਕਰ ਰਿਹਾ ਹੈ? ਉਹ ਕਿਸ ਨਾਲ ਗੱਲ ਕਰ ਰਿਹਾ ਅਤੇ ਕਿਉਂ? ਇਹ ਘਟਨਾ ਕਦੋਂ ਅਤੇ ਕਿੱਥੇ ਹੋ ਰਹੀ ਹੈ?’ ਇੱਦਾਂ ਦੇ ਸਵਾਲ ਪੁੱਛਣ ਨਾਲ ਤੁਸੀਂ ਉਸ ਘਟਨਾ ਬਾਰੇ ਸੋਚ ਸਕਦੇ ਹੋ ਅਤੇ ਉਸ ਦੀਆਂ ਖ਼ਾਸ ਗੱਲਾਂ ʼਤੇ ਧਿਆਨ ਦੇ ਸਕਦੇ ਹੋ। ਦੂਜਾ, ਪੜ੍ਹਦੇ ਵੇਲੇ ਛੋਟੇ-ਛੋਟੇ ਨੋਟ ਲਿਖੋ। ਨੋਟ ਲਿਖਣ ਕਰਕੇ ਤੁਸੀਂ ਪੜ੍ਹੀਆਂ ਗੱਲਾਂ ਬਾਰੇ ਹੋਰ ਵੀ ਗਹਿਰਾਈ ਨਾਲ ਸੋਚ ਪਾਉਂਦੇ ਹੋ, ਹੋਰ ਚੰਗੀ ਤਰ੍ਹਾਂ ਸਮਝ ਪਾਉਂਦੇ ਹੋ ਅਤੇ ਯਾਦ ਰੱਖ ਪਾਉਂਦੇ ਹੋ। ਜਦੋਂ ਵੀ ਤੁਸੀਂ ਕੁਝ ਪੜ੍ਹਦੇ ਹੋ, ਤਾਂ ਤੁਸੀਂ ਕੁਝ ਸਵਾਲ, ਖੋਜਬੀਨ ਕੀਤੀਆਂ ਗੱਲਾਂ ਅਤੇ ਖ਼ਾਸ ਗੱਲਾਂ ਲਿਖ ਸਕਦੇ ਹੋ। ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਤੁਸੀਂ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਨੋਟ ਲਿਖ ਸਕਦੇ ਹੋ ਕਿ ਪੜ੍ਹੀਆਂ ਗੱਲਾਂ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਇੱਦਾਂ ਕਰਨ ਨਾਲ ਤੁਹਾਨੂੰ ਲੱਗੇਗਾ ਕਿ ਪਰਮੇਸ਼ੁਰ ਦਾ ਬਚਨ ਤੁਹਾਡੇ ਲਈ ਹੀ ਲਿਖਿਆ ਗਿਆ ਹੈ।
7. ਬਾਈਬਲ ਪੜ੍ਹਦੇ ਵੇਲੇ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ ਅਤੇ ਕਿਉਂ? (ਮੱਤੀ 24:15)
7 ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦਾ ਬਚਨ ਪੜ੍ਹਦੇ ਹੋਏ ਸਮਝ ਤੋਂ ਕੰਮ ਲੈਣਾ ਜ਼ਰੂਰੀ ਹੈ। (ਮੱਤੀ 24:15 ਪੜ੍ਹੋ।) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਸਮਝ ਤੋਂ ਕੰਮ ਲੈਣ ਦਾ ਮਤਲਬ ਹੈ ਕਿ ਅਸੀਂ ਪੜ੍ਹਦੇ ਵੇਲੇ ਦੇਖੀਏ ਕਿ ਕੋਈ ਗੱਲ ਕਿਸੇ ਹੋਰ ਗੱਲ ਨਾਲ ਕਿਵੇਂ ਮੇਲ ਖਾਂਦੀ ਹੈ ਜਾਂ ਕਿਵੇਂ ਵੱਖਰੀ ਹੈ। ਨਾਲੇ ਜਿਨ੍ਹਾਂ ਗੱਲਾਂ ਬਾਰੇ ਬਾਈਬਲ ਵਿਚ ਸਿੱਧਾ-ਸਿੱਧਾ ਨਹੀਂ ਦੱਸਿਆ ਗਿਆ ਹੈ, ਉਨ੍ਹਾਂ ਬਾਰੇ ਵੀ ਜਾਣਨ ਲਈ ਸਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਜਿਵੇਂ ਯਿਸੂ ਨੇ ਕਿਹਾ ਸੀ, ਸਾਨੂੰ ਸਮਝ ਤੋਂ ਕੰਮ ਲੈਂਦੇ ਹੋਏ ਦੇਖਣ ਦੀ ਲੋੜ ਹੈ ਕਿ ਬਾਈਬਲ ਦੀ ਕੋਈ ਭਵਿੱਖਬਾਣੀ ਕਿੱਦਾਂ-ਕਿੱਦਾਂ ਪੂਰੀ ਹੋ ਰਹੀ ਹੈ। ਬਾਈਬਲ ਦੀਆਂ ਹੋਰ ਗੱਲਾਂ ਤੋਂ ਵੀ ਪੂਰਾ-ਪੂਰਾ ਫ਼ਾਇਦਾ ਲੈਣ ਲਈ ਸਮਝ ਤੋਂ ਕੰਮ ਲੈਣਾ ਜ਼ਰੂਰੀ ਹੈ।
8. ਬਾਈਬਲ ਪੜ੍ਹਦੇ ਵੇਲੇ ਅਸੀਂ ਸੂਝ-ਬੂਝ ਤੋਂ ਕੰਮ ਕਿਵੇਂ ਲੈ ਸਕਦੇ ਹਾਂ?
8 ਯਹੋਵਾਹ ਆਪਣੇ ਸੇਵਕਾਂ ਨੂੰ ਸਮਝ ਦਿੰਦਾ ਹੈ। ਇਸ ਲਈ ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗੋ ਤਾਂਕਿ ਤੁਸੀਂ ਸਮਝ ਜਾਂ ਸੂਝ-ਬੂਝ ਤੋਂ ਕੰਮ ਲੈ ਸਕੋ। (ਕਹਾ. 2:6) ਤੁਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਿਵੇਂ ਕਰ ਸਕਦੇ ਹੋ? ਜਦੋਂ ਤੁਸੀਂ ਬਾਈਬਲ ਤੋਂ ਕੁਝ ਪੜ੍ਹਦੇ ਹੋ, ਤਾਂ ਧਿਆਨ ਨਾਲ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਇਸ ਜਾਣਕਾਰੀ ਬਾਰੇ ਤੁਸੀਂ ਪਹਿਲਾਂ ਹੀ ਕੀ ਜਾਣਦੇ ਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਹੋਰ ਵੀ ਪ੍ਰਕਾਸ਼ਨ ਦੇਖ ਸਕਦੇ ਹੋ, ਜਿਵੇਂ ਕਿ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ। ਇਨ੍ਹਾਂ ਦੀ ਮਦਦ ਨਾਲ ਤੁਸੀਂ ਬਾਈਬਲ ਦੀਆਂ ਗੱਲਾਂ ਦਾ ਮਤਲਬ ਸਮਝੋਗੇ ਅਤੇ ਦੇਖ ਸਕੋਗੇ ਕਿ ਉਹ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। (ਇਬ. 5:14) ਜਦੋਂ ਤੁਸੀਂ ਪੜ੍ਹਦੇ ਵੇਲੇ ਸੂਝ-ਬੂਝ ਤੋਂ ਕੰਮ ਲਓਗੇ, ਤਾਂ ਪਰਮੇਸ਼ੁਰ ਦੇ ਬਚਨ ਬਾਰੇ ਤੁਹਾਡੀ ਸਮਝ ਹੋਰ ਵੀ ਵਧੇਗੀ।
ਬਾਈਬਲ ਪੜ੍ਹਦੇ ਵੇਲੇ ਅਨਮੋਲ ਸੱਚਾਈਆਂ ਲੱਭੋ
9. ਸਦੂਕੀਆਂ ਨੇ ਕਿਹੜੀ ਇਕ ਅਹਿਮ ਸੱਚਾਈ ਨੂੰ ਕਬੂਲ ਨਹੀਂ ਕੀਤਾ ਸੀ?
9 ਸਦੂਕੀ ਇਬਰਾਨੀ ਲਿਖਤਾਂ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਚੰਗੀ ਤਰ੍ਹਾਂ ਜਾਣਦੇ ਤਾਂ ਸਨ, ਪਰ ਉਹ ਇਨ੍ਹਾਂ ਕਿਤਾਬਾਂ ਵਿਚ ਦਰਜ ਅਹਿਮ ਸੱਚਾਈਆਂ ਨੂੰ ਕਬੂਲ ਨਹੀਂ ਕਰਦੇ ਸਨ। ਉਦਾਹਰਣ ਲਈ, ਜ਼ਰਾ ਗੌਰ ਕਰੋ ਕਿ ਜਦੋਂ ਸਦੂਕੀਆਂ ਨੇ ਯਿਸੂ ਨੂੰ ਮੁਰਦਿਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਸਵਾਲ ਪੁੱਛੇ, ਤਾਂ ਯਿਸੂ ਨੇ ਕੀ ਕਿਹਾ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਮੂਸਾ ਦੀ ਕਿਤਾਬ ਵਿਚਲੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਜਦੋਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?” (ਮਰ. 12:18, 26) ਚਾਹੇ ਕਿ ਸਦੂਕੀਆਂ ਨੇ ਇਸ ਬਾਰੇ ਕਈ ਵਾਰ ਪੜ੍ਹਿਆ ਹੋਣਾ, ਪਰ ਯਿਸੂ ਦੇ ਸਵਾਲ ਤੋਂ ਪਤਾ ਲੱਗਾ ਕਿ ਉਹ ਮੁਰਦਿਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਅਹਿਮ ਸੱਚਾਈ ਨੂੰ ਕਬੂਲ ਨਹੀਂ ਕਰਦੇ ਸਨ।—ਮਰ. 12:27; ਲੂਕਾ 20:38. d
10. ਬਾਈਬਲ ਪੜ੍ਹਦਿਆਂ ਸਾਨੂੰ ਕਿਹੜੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?
10 ਅਸੀਂ ਕੀ ਸਿੱਖਿਆ? ਬਾਈਬਲ ਪੜ੍ਹਦਿਆਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਸੇ ਆਇਤ ਜਾਂ ਬਿਰਤਾਂਤ ਤੋਂ ਕਿਹੜੀ ਗੱਲ ਸਿੱਖ ਸਕਦੇ ਹਾਂ। ਸਾਨੂੰ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਵੱਲ ਹੀ ਨਹੀਂ, ਸਗੋਂ ਡੂੰਘੀਆਂ ਸੱਚਾਈਆਂ ਅਤੇ ਅਸੂਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
11. ਦੂਜਾ ਤਿਮੋਥਿਉਸ 3:16, 17 ਮੁਤਾਬਕ ਤੁਸੀਂ ਬਾਈਬਲ ਵਿੱਚੋਂ ਅਨਮੋਲ ਸੱਚਾਈਆਂ ਕਿਵੇਂ ਲੱਭ ਸਕਦੇ ਹੋ?
11 ਬਾਈਬਲ ਪੜ੍ਹਦੇ ਵੇਲੇ ਤੁਸੀਂ ਅਨਮੋਲ ਸੱਚਾਈਆਂ ਕਿਵੇਂ ਲੱਭ ਸਕਦੇ ਹੋ? ਧਿਆਨ ਦਿਓ ਕਿ 2 ਤਿਮੋਥਿਉਸ 3:16, 17 ਵਿਚ ਕੀ ਦੱਸਿਆ ਗਿਆ ਹੈ। (ਪੜ੍ਹੋ।) “ਪੂਰਾ ਧਰਮ-ਗ੍ਰੰਥ” (1) ਸਿਖਾਉਣ, (2) ਤਾੜਨ, (3) ਸੁਧਾਰਨ ਅਤੇ (4) ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ। ਤੁਹਾਨੂੰ ਇਹ ਚਾਰ ਫ਼ਾਇਦੇ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਤੋਂ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਇੰਨਾ ਨਹੀਂ ਪੜ੍ਹਦੇ। ਕਿਸੇ ਵੀ ਬਿਰਤਾਂਤ ਨੂੰ ਪੜ੍ਹਦੇ ਵੇਲੇ ਸੋਚੋ ਕਿ ਇਹ ਤੁਹਾਨੂੰ ਯਹੋਵਾਹ, ਉਸ ਦੇ ਮਕਸਦ ਜਾਂ ਉਸ ਦੇ ਅਸੂਲਾਂ ਬਾਰੇ ਕੀ ਸਿਖਾਉਂਦਾ ਹੈ। ਸੋਚੋ ਕਿ ਇਸ ਬਿਰਤਾਂਤ ਤੋਂ ਤੁਹਾਨੂੰ ਕੀ ਤਾੜਨਾ ਮਿਲਦੀ ਹੈ। ਇਸ ਤਰ੍ਹਾਂ ਕਰਨ ਲਈ ਦੇਖੋ ਕਿ ਇਨ੍ਹਾਂ ਆਇਤਾਂ ਦੀ ਮਦਦ ਨਾਲ ਤੁਸੀਂ ਕਿਵੇਂ ਆਪਣੀ ਗ਼ਲਤ ਸੋਚ ਜਾਂ ਰਵੱਈਏ ਦੀ ਜਾਂਚ ਕਰ ਕੇ ਉਸ ਨੂੰ ਛੱਡ ਸਕਦੇ ਹੋ ਅਤੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹੋ। ਇਹ ਵੀ ਦੇਖੋ ਕਿ ਇਸ ਬਿਰਤਾਂਤ ਨੂੰ ਗ਼ਲਤ ਸੋਚ ਨੂੰ ਸੁਧਾਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਪ੍ਰਚਾਰ ਕਰਦੇ ਵੇਲੇ। ਨਾਲੇ ਇਹ ਵੀ ਦੇਖੋ ਕਿ ਇਨ੍ਹਾਂ ਆਇਤਾਂ ਵਿਚ ਕੀ ਅਨੁਸ਼ਾਸਨ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਯਹੋਵਾਹ ਵਾਂਗ ਸੋਚਣਾ ਸਿੱਖ ਸਕਦੇ ਹੋ। ਜਦੋਂ ਤੁਸੀਂ ਇਨ੍ਹਾਂ ਚਾਰ ਫ਼ਾਇਦਿਆਂ ਨੂੰ ਮਨ ਵਿਚ ਰੱਖਦੇ ਹੋ, ਤਾਂ ਤੁਸੀਂ ਬਾਈਬਲ ਪੜ੍ਹਦਿਆਂ ਵੱਧ ਤੋਂ ਵੱਧ ਅਨਮੋਲ ਸੱਚਾਈਆਂ ਲੱਭ ਸਕੋਗੇ।
ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਮੁਤਾਬਕ ਆਪਣੀ ਜ਼ਿੰਦਗੀ ਢਾਲ਼ੋ
12. ਯਿਸੂ ਨੇ ਫ਼ਰੀਸੀਆਂ ਨੂੰ ਇਹ ਸਵਾਲ ਕਿਉਂ ਪੁੱਛਿਆ, “ਕੀ ਤੁਸੀਂ ਇਹ ਨਹੀਂ ਪੜ੍ਹਿਆ?”
12 ਯਿਸੂ ਨੇ ਫ਼ਰੀਸੀਆਂ ਨੂੰ ਇਹ ਪੁੱਛਿਆ ਸੀ: “ਕੀ ਤੁਸੀਂ ਇਹ ਨਹੀਂ ਪੜ੍ਹਿਆ?” (ਮੱਤੀ 12:1-7) e ਉਸ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਫ਼ਰੀਸੀ ਪਵਿੱਤਰ ਲਿਖਤਾਂ ਨੂੰ ਸਹੀ ਇਰਾਦੇ ਨਾਲ ਨਹੀਂ ਪੜ੍ਹਦੇ ਸਨ। ਉਸ ਮੌਕੇ ʼਤੇ ਉਨ੍ਹਾਂ ਨੇ ਯਿਸੂ ਦੇ ਚੇਲਿਆਂ ʼਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਬਤ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਫਿਰ ਯਿਸੂ ਨੇ ਫ਼ਰੀਸੀਆਂ ਨੂੰ ਪਵਿੱਤਰ ਲਿਖਤਾਂ ਵਿੱਚੋਂ ਦੋ ਮਿਸਾਲਾਂ ਦਿੱਤੀਆਂ ਅਤੇ ਹੋਸ਼ੇਆ ਦੀ ਕਿਤਾਬ ਵਿੱਚੋਂ ਇਕ ਹਵਾਲਾ ਦਿੱਤਾ। ਇਨ੍ਹਾਂ ਤੋਂ ਸਾਬਤ ਹੋਇਆ ਕਿ ਫ਼ਰੀਸੀ ਇਹ ਨਹੀਂ ਸਮਝਦੇ ਸਨ ਕਿ ਸਬਤ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ ਅਤੇ ਇਸ ਕਰਕੇ ਉਹ ਦੂਸਰਿਆਂ ʼਤੇ ਦਇਆ ਨਹੀਂ ਕਰਦੇ ਸਨ। ਫ਼ਰੀਸੀ ਪਰਮੇਸ਼ੁਰ ਦੇ ਬਚਨ ਮੁਤਾਬਕ ਆਪਣੀ ਸੋਚ ਕਿਉਂ ਨਹੀਂ ਢਾਲ਼ ਸਕੇ? ਕਿਉਂਕਿ ਉਹ ਘਮੰਡੀ ਸਨ ਅਤੇ ਦੂਜਿਆਂ ਵਿੱਚ ਨੁਕਸ ਕੱਢਣ ਦੇ ਇਰਾਦੇ ਨਾਲ ਪਵਿੱਤਰ ਲਿਖਤਾਂ ਪੜ੍ਹਦੇ ਸਨ। ਉਹ ਆਪਣੇ ਇਸ ਰਵੱਈਏ ਕਰਕੇ ਪੜ੍ਹੀਆਂ ਗੱਲਾਂ ਦਾ ਸਹੀ ਮਤਲਬ ਨਹੀਂ ਸਮਝ ਸਕੇ।—ਮੱਤੀ 23:23; ਯੂਹੰ. 5:39, 40.
13. ਸਾਨੂੰ ਕਿਸ ਇਰਾਦੇ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਕਿਉਂ?
13 ਯਿਸੂ ਨੇ ਫ਼ਰੀਸੀਆਂ ਨੂੰ ਜੋ ਕਿਹਾ ਸੀ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸਹੀ ਇਰਾਦੇ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ। ਜੇ ਅਸੀਂ ਫ਼ਰੀਸੀਆਂ ਵਾਂਗ ਘਮੰਡੀ ਬਣਾਂਗੇ ਜਾਂ ਦੂਜਿਆਂ ਵਿਚ ਨੁਕਸ ਕੱਢਣ ਦੇ ਇਰਾਦੇ ਨਾਲ ਬਾਈਬਲ ਪੜ੍ਹਾਂਗੇ, ਤਾਂ ਸਾਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਸਾਨੂੰ ਨਿਮਰ ਬਣਨਾ ਚਾਹੀਦਾ ਹੈ ਅਤੇ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯਾਕੂਬ 1:21 ਵਿਚ ਲਿਖਿਆ ਹੈ: “ਤੁਹਾਡੇ ਦਿਲਾਂ ਵਿਚ ਜੋ ਬਚਨ ਬੀਜਿਆ ਜਾਂਦਾ ਹੈ, ਉਸ ਨੂੰ ਨਰਮਾਈ ਨਾਲ ਕਬੂਲ ਕਰੋ।” ਜੇ ਸਾਡਾ ਸੁਭਾਅ ਨਰਮ ਹੋਵੇਗਾ, ਤਾਂ ਹੀ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਵਿਚ ਜੜ੍ਹ ਫੜੇਗਾ। ਨਾਲੇ ਜਦੋਂ ਅਸੀਂ ਬਾਈਬਲ ਵਿੱਚੋਂ ਦਇਆ, ਹਮਦਰਦੀ ਅਤੇ ਪਿਆਰ ਬਾਰੇ ਕੋਈ ਬਿਰਤਾਂਤ ਪੜ੍ਹਾਂਗੇ, ਤਾਂ ਅਸੀਂ ਖ਼ੁਦ ਨੂੰ ਉਸ ਮੁਤਾਬਕ ਢਾਲ਼ ਸਕਾਂਗੇ ਅਤੇ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾ ਸਕਾਂਗੇ।
ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਖ਼ੁਦ ਨੂੰ ਪਰਮੇਸ਼ੁਰ ਦੇ ਬਚਨ ਮੁਤਾਬਕ ਢਾਲ਼ ਰਹੇ ਹਾਂ ਜਾਂ ਨਹੀਂ? (ਪੈਰਾ 14 ਦੇਖੋ) f
14. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਖ਼ੁਦ ਨੂੰ ਬਾਈਬਲ ਮੁਤਾਬਕ ਢਾਲ਼ਿਆ ਹੈ ਜਾਂ ਨਹੀਂ? (ਤਸਵੀਰਾਂ ਵੀ ਦੇਖੋ।)
14 ਅਸੀਂ ਦੂਜਿਆਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਚਨ ਮੁਤਾਬਕ ਢਾਲ਼ਿਆ ਹੈ ਜਾਂ ਨਹੀਂ। ਫ਼ਰੀਸੀਆਂ ਨੇ ਆਪਣੇ ਦਿਲ ʼਤੇ ਪਰਮੇਸ਼ੁਰ ਦੇ ਬਚਨ ਦਾ ਅਸਰ ਨਹੀਂ ਪੈਣ ਦਿੱਤਾ ਜਿਸ ਕਰਕੇ ਉਹ ‘ਨਿਰਦੋਸ਼ ਲੋਕਾਂ ਉੱਤੇ ਦੋਸ਼ ਲਾਉਂਦੇ ਸਨ।’ (ਮੱਤੀ 12:7) ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਆਪਣੇ ʼਤੇ ਪਰਮੇਸ਼ੁਰ ਦੇ ਬਚਨ ਦਾ ਅਸਰ ਪੈਣ ਦਿੰਦੇ ਹਾਂ ਜਾਂ ਨਹੀਂ। ਇਸ ਤਰ੍ਹਾਂ ਕਰਨ ਲਈ ਸਾਨੂੰ ਖ਼ੁਦ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਬਾਰੇ ਕੀ ਸੋਚਦੇ ਹਾਂ ਅਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਉਦਾਹਰਣ ਲਈ, ਕੀ ਅਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਾਂ ਜਾਂ ਗ਼ਲਤੀਆਂ ਕੱਢਦੇ ਰਹਿੰਦੇ ਹਾਂ? ਕੀ ਅਸੀਂ ਦੂਜਿਆਂ ʼਤੇ ਦਇਆ ਕਰਦੇ ਹਾਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦੇ ਹਾਂ ਜਾਂ ਕੀ ਅਸੀਂ ਦੂਜਿਆਂ ਵਿਚ ਨੁਕਸ ਕੱਢਦੇ ਰਹਿੰਦੇ ਹਾਂ ਅਤੇ ਨਾਰਾਜ਼ਗੀ ਪਾਲ਼ੀ ਰੱਖਦੇ ਹਾਂ? ਇਸ ਤਰ੍ਹਾਂ ਅਸੀਂ ਆਪਣੀ ਜਾਂਚ ਕਰ ਸਕਾਂਗੇ ਕਿ ਅਸੀਂ ਆਪਣੀਆਂ ਸੋਚਾਂ, ਇਰਾਦਿਆਂ ਅਤੇ ਕੰਮਾਂ ਨੂੰ ਬਾਈਬਲ ਮੁਤਾਬਕ ਢਾਲ਼ਿਆ ਹੈ ਜਾਂ ਨਹੀਂ।—1 ਤਿਮੋ. 4:12, 15; ਇਬ. 4:12.
ਬਾਈਬਲ ਪੜ੍ਹ ਕੇ ਖ਼ੁਸ਼ੀ ਮਿਲਦੀ ਹੈ
15. ਯਿਸੂ ਪਵਿੱਤਰ ਲਿਖਤਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?
15 ਯਿਸੂ ਪਵਿੱਤਰ ਲਿਖਤਾਂ ਨੂੰ ਬਹੁਤ ਪਿਆਰ ਕਰਦਾ ਸੀ। ਨਾਲੇ ਇਸ ਬਾਰੇ ਜ਼ਬੂਰ 40:8 ਵਿਚ ਭਵਿੱਖਬਾਣੀ ਕੀਤੀ ਗਈ ਸੀ। ਇੱਥੇ ਲਿਖਿਆ ਹੈ: “ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।” ਪਵਿੱਤਰ ਲਿਖਤਾਂ ਨਾਲ ਪਿਆਰ ਹੋਣ ਕਰਕੇ ਯਿਸੂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਸਕਿਆ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋਇਆ। ਜੇ ਅਸੀਂ ਵੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਾਂਗੇ ਅਤੇ ਇਸ ਨਾਲ ਪਿਆਰ ਕਰਨਾ ਸਿੱਖਾਂਗੇ, ਤਾਂ ਅਸੀਂ ਵੀ ਖ਼ੁਸ਼ ਰਹਿ ਸਕਾਂਗੇ ਅਤੇ ਕਾਮਯਾਬ ਹੋ ਸਕਾਂਗੇ।—ਜ਼ਬੂ. 1:1-3.
16. ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ? (“ ਯਿਸੂ ਦੀਆਂ ਗੱਲਾਂ ʼਤੇ ਧਿਆਨ ਦੇ ਕੇ ਤੁਸੀਂ ਪੜ੍ਹੀਆਂ ਗੱਲਾਂ ਨੂੰ ਸਮਝ ਸਕੋਗੇ” ਨਾਂ ਦੀ ਡੱਬੀ ਦੇਖੋ।)
16 ਯਿਸੂ ਦੀ ਮਿਸਾਲ ਅਤੇ ਉਸ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਓ ਆਪਾਂ ਬਾਈਬਲ ਪੜ੍ਹਨ ਦੇ ਆਪਣੇ ਹੁਨਰ ਨੂੰ ਨਿਖਾਰਦੇ ਰਹੀਏ। ਬਾਈਬਲ ਦੇ ਕਿਸੇ ਬਿਰਤਾਂਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਭ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਫਿਰ ਹੌਲੀ-ਹੌਲੀ ਪੜ੍ਹ ਸਕਦੇ ਹਾਂ, ਸਵਾਲ ਪੁੱਛ ਸਕਦੇ ਹਾਂ ਅਤੇ ਛੋਟੇ-ਛੋਟੇ ਨੋਟ ਲਿਖ ਸਕਦੇ ਹਾਂ। ਅਸੀਂ ਸਮਝ ਤੋਂ ਕੰਮ ਲੈਂਦੇ ਹੋਏ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਪੜ੍ਹੀਆਂ ਗੱਲਾਂ ਦੀ ਜਾਂਚ ਕਰ ਸਕਦੇ ਹਾਂ। ਜਿਨ੍ਹਾਂ ਬਿਰਤਾਂਤਾਂ ਬਾਰੇ ਅਸੀਂ ਘੱਟ-ਵੱਧ ਹੀ ਜਾਣਦੇ ਹਾਂ, ਉਨ੍ਹਾਂ ਵਿੱਚੋਂ ਵੀ ਅਨਮੋਲ ਸੱਚਾਈਆਂ ਲੱਭ ਕੇ ਬਾਈਬਲ ਨੂੰ ਹੋਰ ਵਧੀਆ ਤਰੀਕੇ ਨਾਲ ਵਰਤਣਾ ਸਿੱਖ ਸਕਦੇ ਹਾਂ। ਨਾਲੇ ਪਰਮੇਸ਼ੁਰ ਦੇ ਬਚਨ ਨੂੰ ਸਹੀ ਇਰਾਦੇ ਨਾਲ ਪੜ੍ਹ ਕੇ ਅਸੀਂ ਇਸ ਮੁਤਾਬਕ ਆਪਣੇ ਆਪ ਨੂੰ ਢਾਲ਼ ਪਾਉਂਦੇ ਹਾਂ। ਜਦੋਂ ਅਸੀਂ ਇਨ੍ਹਾਂ ਸੁਝਾਵਾਂ ਮੁਤਾਬਕ ਬਾਈਬਲ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਲੈ ਸਕਾਂਗੇ ਅਤੇ ਯਹੋਵਾਹ ਦੇ ਹੋਰ ਵੀ ਨੇੜੇ ਜਾਵਾਂਗੇ।—ਜ਼ਬੂ. 119:17, 18; ਯਾਕੂ. 4:8.
ਗੀਤ 95 ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ
a ਯਹੋਵਾਹ ਦੇ ਸਾਰੇ ਸੇਵਕ ਹਰ ਰੋਜ਼ ਬਾਈਬਲ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਹੋਰ ਵੀ ਕਈ ਲੋਕ ਬਾਈਬਲ ਪੜ੍ਹਦੇ ਹਨ, ਪਰ ਉਨ੍ਹਾਂ ਨੂੰ ਪੜ੍ਹੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਇਹੀ ਗੱਲ ਯਿਸੂ ਦੇ ਦਿਨਾਂ ਵਿਚ ਕੁਝ ਲੋਕਾਂ ਬਾਰੇ ਵੀ ਸੱਚ ਸੀ। ਜੇ ਅਸੀਂ ਧਿਆਨ ਦੇਈਏ ਕਿ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਕੀ ਕਿਹਾ ਸੀ, ਤਾਂ ਅਸੀਂ ਸਮਝ ਸਕਾਂਗੇ ਕਿ ਅੱਜ ਅਸੀਂ ਆਪਣੀ ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ।
b ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ, ਤਾਂ ਉਸ ਵੇਲੇ ਪਰਮੇਸ਼ੁਰ ਨੇ ਉਸ ਨੂੰ ਉਸ ਦੀ ਸਵਰਗੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਯਾਦ ਕਰਾ ਦਿੱਤੀਆਂ।—ਮੱਤੀ 3:16.
c ਮਰੀਅਮ ਪਵਿੱਤਰ ਲਿਖਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਅਤੇ ਉਹ ਉਸ ਵਿੱਚੋਂ ਹਵਾਲੇ ਦਿੰਦੀ ਸੀ। (ਲੂਕਾ 1:46-55) ਮਰੀਅਮ ਅਤੇ ਯੂਸੁਫ਼ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਲਈ ਪਵਿੱਤਰ ਲਿਖਤਾਂ ਦੀਆਂ ਪੱਤਰੀਆਂ ਖ਼ਰੀਦ ਸਕਣ। ਇਸ ਲਈ ਜਦੋਂ ਸਭਾ ਘਰ ਵਿਚ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਿਆ ਜਾਂਦਾ ਸੀ, ਤਾਂ ਉਹ ਬੜੇ ਧਿਆਨ ਨਾਲ ਸੁਣਦੇ ਹੋਣੇ ਤਾਂਕਿ ਉਹ ਇਨ੍ਹਾਂ ਨੂੰ ਯਾਦ ਰੱਖ ਸਕਣ।
d ਮਾਰਚ-ਅਪ੍ਰੈਲ 2013 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਨੂੰ ਜਾਣੋ—‘ਉਹ ਜੀਉਂਦਿਆਂ ਦਾ ਪਰਮੇਸ਼ੁਰ ਹੈ’” ਨਾਂ ਦਾ ਲੇਖ ਦੇਖੋ।
e ਮੱਤੀ 19:4-6 ਵੀ ਦੇਖੋ ਜਿੱਥੇ ਯਿਸੂ ਨੇ ਫ਼ਰੀਸੀਆਂ ਨੂੰ ਉਹੀ ਸਵਾਲ ਪੁੱਛਿਆ ਸੀ: “ਕੀ ਤੁਸੀਂ ਨਹੀਂ ਪੜ੍ਹਿਆ?” ਚਾਹੇ ਕਿ ਉਨ੍ਹਾਂ ਨੇ ਕਈ ਵਾਰ ਪੜ੍ਹਿਆ ਸੀ ਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਨੂੰ ਇਕ ਬੰਧਨ ਵਿਚ ਬੰਨ੍ਹਿਆ ਸੀ, ਫਿਰ ਵੀ ਉਹ ਵਿਆਹ ਬਾਰੇ ਪਰਮੇਸ਼ੁਰ ਦੀ ਸੋਚ ਨੂੰ ਸਮਝ ਨਹੀਂ ਸਕੇ।
f ਤਸਵੀਰ ਬਾਰੇ ਜਾਣਕਾਰੀ: ਕਿੰਗਡਮ ਹਾਲ ਵਿਚ ਇਕ ਮੀਟਿੰਗ ਦੌਰਾਨ ਆਡੀਓ-ਵੀਡੀਓ ਨੂੰ ਸੰਭਾਲਣ ਵਾਲਾ ਇਕ ਭਰਾ ਕੁਝ ਗ਼ਲਤੀਆਂ ਕਰਦਾ ਹੈ। ਮੀਟਿੰਗ ਤੋਂ ਬਾਅਦ ਦੂਜੇ ਭਰਾ ਉਸ ਦੀਆਂ ਗ਼ਲਤੀਆਂ ਕੱਢਣ ਦੀ ਬਜਾਇ ਉਸ ਦੀ ਤਾਰੀਫ਼ ਕਰਦੇ ਹਨ ਕਿ ਉਹ ਬਹੁਤ ਮਿਹਨਤ ਕਰ ਰਿਹਾ ਹੈ।