Skip to content

Skip to table of contents

ਅਧਿਐਨ ਲੇਖ 4

ਪਿਆਰ ਪੈਦਾ ਕਰਦੇ ਰਹੋ

ਪਿਆਰ ਪੈਦਾ ਕਰਦੇ ਰਹੋ

“ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ।”—ਰੋਮੀ. 12:10.

ਗੀਤ 25 ਪਿਆਰ ਹੈ ਸਾਡੀ ਪਛਾਣ

ਖ਼ਾਸ ਗੱਲਾਂ *

1. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਪਰਿਵਾਰਾਂ ਵਿਚ ਮੋਹ ਦੀ ਕਮੀ ਹੈ?

ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ “ਨਿਰਮੋਹੀ” ਹੋਣਗੇ। (2 ਤਿਮੋ. 3:1, 3) ਅੱਜ ਅਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਮਿਸਾਲ ਲਈ, ਲੱਖਾਂ ਹੀ ਪਰਿਵਾਰ ਤਲਾਕ ਕਰਕੇ ਟੁੱਟੇ ਹਨ ਜਿਸ ਕਰਕੇ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ। ਇੱਕੋ ਘਰ ਵਿਚ ਰਹਿਣ ਵਾਲੇ ਪਰਿਵਾਰ ਦੇ ਮੈਂਬਰ ਵੀ ਸ਼ਾਇਦ ਅਜਨਬੀਆਂ ਵਾਂਗ ਰਹਿਣ। ਪਰਿਵਾਰਾਂ ਦਾ ਇਕ ਸਲਾਹਕਾਰ ਕਹਿੰਦਾ ਹੈ: “ਮਾਤਾ-ਪਿਤਾ ਤੇ ਬੱਚੇ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਕੰਪਿਊਟਰ, ਫ਼ੋਨ, ਟੈਬਲੇਟ ਅਤੇ ਵੀਡੀਓ ਗੇਮਾਂ ’ਤੇ ਲਾਉਂਦੇ ਹਨ। ਚਾਹੇ ਇਹ ਪਰਿਵਾਰ ਇੱਕੋ ਛੱਤ ਹੇਠ ਹੀ ਰਹਿੰਦੇ ਹਨ, ਪਰ ਉਹ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ।”

2-3. (ੳ) ਰੋਮੀਆਂ 12:10 ਅਨੁਸਾਰ ਸਾਨੂੰ ਕਿਨ੍ਹਾਂ ਨਾਲ ਮੋਹ ਕਰਨਾ ਚਾਹੀਦਾ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਅਸੀਂ ਇਸ ਦੁਨੀਆਂ ਦੇ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਵਿਚ ਪਿਆਰ ਨਾਂ ਦੀ ਕੋਈ ਚੀਜ਼ ਨਹੀਂ ਹੈ। (ਰੋਮੀ. 12:2) ਇਸ ਦੀ ਬਜਾਇ, ਸਾਨੂੰ ਸਿਰਫ਼ ਆਪਣੇ ਪਰਿਵਾਰ ਲਈ ਹੀ ਨਹੀਂ, ਸਗੋਂ ਆਪਣੇ ਭੈਣਾਂ-ਭਰਾਵਾਂ ਲਈ ਵੀ ਮੋਹ ਪੈਦਾ ਕਰਨਾ ਚਾਹੀਦਾ ਹੈ। (ਰੋਮੀਆਂ 12:10 ਪੜ੍ਹੋ।) ਮੋਹ ਹੈ ਕੀ? ਇਹ ਸ਼ਬਦ ਪਰਿਵਾਰ ਦੇ ਮੈਂਬਰਾਂ ਵਿਚ ਗੂੜ੍ਹਾ ਰਿਸ਼ਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹੀ ਪਿਆਰ ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਪੈਦਾ ਕਰਨਾ ਚਾਹੀਦਾ ਹੈ। ਜਦੋਂ ਅਸੀਂ ਮੋਹ ਦਿਖਾਉਂਦੇ ਹਾਂ, ਤਾਂ ਅਸੀਂ ਏਕਤਾ ਬਣਾਈ ਰੱਖਣ ਵਿਚ ਮਦਦ ਕਰਦੇ ਹਾਂ ਜੋ ਸੱਚੀ ਭਗਤੀ ਦਾ ਅਹਿਮ ਹਿੱਸਾ ਹੈ।—ਮੀਕਾ. 2:12.

3 ਆਓ ਆਪਾਂ ਬਾਈਬਲ ਦੀਆਂ ਮਿਸਾਲਾਂ ’ਤੇ ਗੌਰ ਕਰੀਏ ਜੋ ਮੋਹ ਪੈਦਾ ਕਰਨ ਅਤੇ ਦਿਖਾਉਣ ਵਿਚ ਸਾਡੀ ਮਦਦ ਕਰਨਗੀਆਂ।

ਯਹੋਵਾਹ “ਬਹੁਤ ਹੀ ਹਮਦਰਦ” ਹੈ

4. ਯਾਕੂਬ 5:11 ਯਹੋਵਾਹ ਦੇ ਪਿਆਰ ਦੀ ਕਦਰ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?

4 ਬਾਈਬਲ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਦੱਸਦੀ ਹੈ। ਮਿਸਾਲ ਲਈ, ਇਹ ਦੱਸਦੀ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਇਸ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ “ਬਹੁਤ ਹੀ ਹਮਦਰਦ” ਹੈ। (ਯਾਕੂਬ 5:11 ਪੜ੍ਹੋ।) ਇਹ ਸ਼ਬਦ ਜ਼ਾਹਰ ਕਰਦੇ ਹਨ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ!

5. ਯਹੋਵਾਹ ਦਇਆ ਕਿਵੇਂ ਦਿਖਾਉਂਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

5 ਜ਼ਰਾ ਗੌਰ ਕਰੋ ਕਿ ਯਾਕੂਬ 5:11 ਵਿਚ ਯਹੋਵਾਹ ਦੀ ਹਮਦਰਦੀ ਦੇ ਨਾਲ-ਨਾਲ ਉਸ ਦੀ ਦਇਆ ਬਾਰੇ ਦੱਸਿਆ ਗਿਆ ਹੈ ਜੋ ਸਾਨੂੰ ਉਸ ਵੱਲ ਖਿੱਚਦੀ ਹੈ। (ਕੂਚ 34:6) ਯਹੋਵਾਹ ਸਾਡੀਆਂ ਗ਼ਲਤੀਆਂ ਮਾਫ਼ ਕਰ ਕੇ ਸਾਡੇ ’ਤੇ ਦਇਆ ਕਰਦਾ ਹੈ। (ਜ਼ਬੂ. 51:1) ਬਾਈਬਲ ਦੱਸਦੀ ਹੈ ਕਿ ਦਇਆ ਵਿਚ ਸਿਰਫ਼ ਮਾਫ਼ ਕਰਨਾ ਹੀ ਸ਼ਾਮਲ ਨਹੀਂ ਹੈ। ਦਇਆ ਇਕ ਅਜਿਹੀ ਭਾਵਨਾ ਹੈ ਜੋ ਸਾਨੂੰ ਕਿਸੇ ਦੁਖੀ ਦੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਇਕ ਮਾਂ ਆਪਣੇ ਬੱਚੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ, ਪਰ ਯਹੋਵਾਹ ਮਾਂ ਨਾਲੋਂ ਕਿਤੇ ਜ਼ਿਆਦਾ ਸਾਡੀ ਮਦਦ ਕਰਨ ਲਈ ਤਿਆਰ ਹੈ। (ਯਸਾ. 49:15) ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਯਹੋਵਾਹ ਦੀ ਦਇਆ ਉਸ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। (ਜ਼ਬੂ. 37:39; 1 ਕੁਰਿੰ. 10:13) ਜਦੋਂ ਸਾਡੇ ਭੈਣ-ਭਰਾ ਸਾਨੂੰ ਠੇਸ ਪਹੁੰਚਾਉਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਮਾਫ਼ ਕਰ ਕੇ ਅਤੇ ਆਪਣੇ ਦਿਲ ਵਿੱਚੋਂ ਗੁੱਸਾ-ਗਿਲਾ ਕੱਢ ਕੇ ਉਨ੍ਹਾਂ ਨੂੰ ਦਇਆ ਦਿਖਾ ਸਕਦੇ ਹਾਂ। (ਅਫ਼. 4:32) ਮੁਸ਼ਕਲਾਂ ਦੌਰਾਨ ਉਨ੍ਹਾਂ ਦਾ ਸਾਥ ਦੇ ਕੇ ਵੀ ਅਸੀਂ ਉਨ੍ਹਾਂ ਲਈ ਦਇਆ ਦਿਖਾਉਂਦੇ ਹਾਂ। ਜਦੋਂ ਪਿਆਰ ਕਰਕੇ ਅਸੀਂ ਦੂਜਿਆਂ ’ਤੇ ਦਇਆ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ ਜੋ ਪਿਆਰ ਦਿਖਾਉਣ ਦੀ ਸਭ ਤੋਂ ਉੱਤਮ ਮਿਸਾਲ ਹੈ।—ਅਫ਼. 5:1.

ਯੋਨਾਥਾਨ ਅਤੇ ਦਾਊਦ ਜਿਗਰੀ ਦੋਸਤ

6. ਯੋਨਾਥਾਨ ਅਤੇ ਦਾਊਦ ਨੇ ਇਕ-ਦੂਜੇ ਲਈ ਪਿਆਰ ਕਿਵੇਂ ਦਿਖਾਇਆ?

6 ਬਾਈਬਲ ਵਿਚ ਨਾਮੁਕੰਮਲ ਇਨਸਾਨਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਇਕ-ਦੂਜੇ ਲਈ ਪਿਆਰ ਦਿਖਾਇਆ। ਜ਼ਰਾ ਯੋਨਾਥਾਨ ਤੇ ਦਾਊਦ ਦੀ ਮਿਸਾਲ ’ਤੇ ਗੌਰ ਕਰੋ। ਬਾਈਬਲ ਕਹਿੰਦੀ ਹੈ: “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” (1 ਸਮੂ. 18:1) ਸ਼ਾਊਲ ਤੋਂ ਬਾਅਦ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਗਿਆ ਸੀ। ਇਸ ਕਰਕੇ ਸ਼ਾਊਲ ਉਸ ਨਾਲ ਈਰਖਾ ਕਰਨ ਲੱਗ ਪਿਆ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਦਾਊਦ ਨੂੰ ਮਾਰਨ ਵਿਚ ਆਪਣੇ ਪਿਤਾ ਦਾ ਸਾਥ ਨਹੀਂ ਦਿੱਤਾ। ਯੋਨਾਥਾਨ ਤੇ ਦਾਊਦ ਨੇ ਹਮੇਸ਼ਾ ਦੋਸਤ ਬਣੇ ਰਹਿਣ ਅਤੇ ਇਕ-ਦੂਜੇ ਦਾ ਸਾਥ ਦੇਣ ਦਾ ਵਾਅਦਾ ਕੀਤਾ।—1 ਸਮੂ. 20:42.

7. ਕਿਹੜੀਆਂ ਗੱਲਾਂ ਯੋਨਾਥਾਨ ਅਤੇ ਦਾਊਦ ਨੂੰ ਦੋਸਤ ਬਣਨ ਤੋਂ ਰੋਕ ਸਕਦੀਆਂ ਸਨ?

7 ਯੋਨਾਥਾਨ ਅਤੇ ਦਾਊਦ ਦੀ ਗੂੜ੍ਹੀ ਦੋਸਤੀ ਕਰਕੇ ਸ਼ਾਇਦ ਅਸੀਂ ਹੈਰਾਨ ਰਹਿ ਜਾਈਏ। ਕਿਉਂ? ਕਿਉਂਕਿ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਨੂੰ ਦੋਸਤ ਬਣਨ ਤੋਂ ਰੋਕ ਸਕਦੀਆਂ ਸਨ। ਮਿਸਾਲ ਲਈ, ਯੋਨਾਥਾਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ। ਯੋਨਾਥਾਨ ਸੋਚ ਸਕਦਾ ਸੀ ਕਿ ਉਹ ਦਾਊਦ ਨਾਲ ਦੋਸਤੀ ਕਿਉਂ ਕਰੇ ਜੋ ਉਸ ਤੋਂ ਕਾਫ਼ੀ ਛੋਟਾ ਅਤੇ ਘੱਟ ਤਜਰਬੇਕਾਰ ਸੀ। ਪਰ ਯੋਨਾਥਾਨ ਨੇ ਨਾ ਤਾਂ ਦਾਊਦ ਬਾਰੇ ਇਹੋ ਜਿਹਾ ਨਜ਼ਰੀਆ ਰੱਖਿਆ ਤੇ ਨਾ ਹੀ ਉਸ ਨੂੰ ਨੀਵਾਂ ਸਮਝਿਆ।

ਭਾਵੇਂ ਕਿ ਯੋਨਾਥਾਨ ਤੇ ਦਾਊਦ ਦੀ ਉਮਰ ਵਿਚ ਕਾਫ਼ੀ ਫ਼ਰਕ ਸੀ, ਪਰ ਫਿਰ ਵੀ ਉਹ ਜਿਗਰੀ ਦੋਸਤ ਸਨ (ਪੈਰੇ 6-9 ਦੇਖੋ)

8. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯੋਨਾਥਾਨ ਦਾਊਦ ਦਾ ਜਿਗਰੀ ਦੋਸਤ ਸੀ?

8 ਯੋਨਾਥਾਨ ਆਪਣੇ ਦੋਸਤ ਦਾਊਦ ਤੋਂ ਈਰਖਾ ਕਰ ਸਕਦਾ ਸੀ। ਰਾਜਾ ਸ਼ਾਊਲ ਦਾ ਮੁੰਡਾ ਹੋਣ ਕਰਕੇ ਯੋਨਾਥਾਨ ਇਸ ਗੱਲ ’ਤੇ ਅੜ ਸਕਦਾ ਸੀ ਕਿ ਰਾਜਾ ਬਣਨ ਦਾ ਹੱਕ ਉਸ ਦਾ ਸੀ। (1 ਸਮੂ. 20:31) ਪਰ ਯੋਨਾਥਾਨ ਨਿਮਰ ਸੀ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਸੀ। ਇਸ ਲਈ ਉਹ ਯਹੋਵਾਹ ਦੇ ਇਸ ਫ਼ੈਸਲੇ ਦੇ ਪੱਖ ਵਿਚ ਸੀ ਕਿ ਦਾਊਦ ਹੀ ਇਜ਼ਰਾਈਲ ਦਾ ਅਗਲਾ ਰਾਜਾ ਬਣੇਗਾ। ਉਹ ਦਾਊਦ ਪ੍ਰਤੀ ਵੀ ਵਫ਼ਾਦਾਰ ਸੀ ਭਾਵੇਂ ਕਿ ਉਸ ਨੂੰ ਪਿਤਾ ਸ਼ਾਊਲ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਿਆ।—1 ਸਮੂ. 20:32-34.

9. ਕੀ ਯੋਨਾਥਾਨ ਦਾਊਦ ਨਾਲ ਈਰਖਾ ਕਰਦਾ ਸੀ? ਸਮਝਾਓ।

9 ਦਾਊਦ ਨਾਲ ਪਿਆਰ ਹੋਣ ਕਰਕੇ ਯੋਨਾਥਾਨ ਉਸ ਨਾਲ ਈਰਖਾ ਨਹੀਂ ਕਰਦਾ ਸੀ। ਯੋਨਾਥਾਨ ਇਕ ਮਾਹਰ ਤੀਰਅੰਦਾਜ਼ ਅਤੇ ਦਲੇਰ ਯੋਧਾ ਸੀ। ਲੋਕ ਕਹਿੰਦੇ ਸਨ ਕਿ ਉਹ ਅਤੇ ਉਸ ਦਾ ਪਿਤਾ ਸ਼ਾਊਲ “ਉਕਾਬਾਂ ਨਾਲੋਂ ਵੀ ਕਾਹਲੇ ਸਨ, ਅਤੇ ਬਬਰ ਸ਼ੇਰ ਨਾਲੋਂ ਤਕੜੇ ਸਨ।” (2 ਸਮੂ. 1:22, 23) ਇਸ ਲਈ ਯੋਨਾਥਾਨ ਆਪਣੇ ਬਹਾਦਰੀ ਦੇ ਕਿੱਸੇ ਸੁਣਾ ਕੇ ਸ਼ੇਖ਼ੀਆਂ ਮਾਰ ਸਕਦਾ ਸੀ। ਪਰ ਉਸ ਵਿਚ ਨਾ ਤਾਂ ਮੁਕਾਬਲੇਬਾਜ਼ੀ ਤੇ ਨਾ ਹੀ ਈਰਖਾ ਦੀ ਭਾਵਨਾ ਸੀ। ਇਸ ਦੀ ਬਜਾਇ, ਦਾਊਦ ਦੀ ਦਲੇਰੀ ਅਤੇ ਯਹੋਵਾਹ ’ਤੇ ਉਸ ਦੇ ਭਰੋਸੇ ਕਰਕੇ ਯੋਨਾਥਾਨ ਉਸ ਵੱਲ ਖਿੱਚਿਆ ਗਿਆ। ਮਿਸਾਲ ਲਈ, ਗੋਲਿਅਥ ਨੂੰ ਮਾਰਨ ਤੋਂ ਬਾਅਦ ਦਾਊਦ ਲਈ ਯੋਨਾਥਾਨ ਦਾ ਪਿਆਰ ਹੋਰ ਵੀ ਗੂੜ੍ਹਾ ਹੋ ਗਿਆ। ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਅਜਿਹਾ ਪਿਆਰ ਕਿਵੇਂ ਦਿਖਾ ਸਕਦੇ ਹਾਂ?

ਅਸੀਂ ਅੱਜ ਪਿਆਰ ਕਿਵੇਂ ਦਿਖਾ ਸਕਦੇ ਹਾਂ?

10. “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ” ਕਰਨ ਦਾ ਕੀ ਮਤਲਬ ਹੈ?

10 ਬਾਈਬਲ ਸਾਨੂੰ ਕਹਿੰਦੀ ਹੈ ਕਿ “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।” (1 ਪਤ. 1:22) ਯਹੋਵਾਹ ਨੇ ਇਸ ਮਾਮਲੇ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ ਹੈ। ਸਾਡੇ ਲਈ ਉਸ ਦਾ ਪਿਆਰ ਇੰਨਾ ਗੂੜ੍ਹਾ ਹੈ ਕਿ ਜੇ ਅਸੀਂ ਉਸ ਦੇ ਵਫ਼ਾਦਾਰ ਰਹਾਂਗੇ, ਤਾਂ ਕੋਈ ਵੀ ਉਸ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦਾ। (ਰੋਮੀ. 8:38, 39) ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਗੂੜ੍ਹਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, ਪੂਰਾ ਜ਼ੋਰ ਲਾਉਣਾ। ਕਈ ਵਾਰ ਸ਼ਾਇਦ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਲਈ ਪੂਰਾ ਜ਼ੋਰ ਲਾਉਣਾ ਪਵੇ। ਜਦੋਂ ਦੂਜੇ ਸਾਨੂੰ ਨਾਰਾਜ਼ ਕਰਦੇ ਹਨ, ਤਾਂ ਸਾਨੂੰ ‘ਪਿਆਰ ਨਾਲ ਇਕ-ਦੂਜੇ ਦੀ ਸਹਿ ਲੈਣ, ਅਤੇ ਇਕ-ਦੂਜੇ ਨਾਲ ਬਣਾ ਕੇ ਰੱਖਣ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।’ (ਅਫ਼. 4:1-3) ਅਸੀਂ “ਏਕਤਾ ਦੇ ਬੰਧਨ” ਨੂੰ ਮਜ਼ਬੂਤ ਕਰਦਿਆਂ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੇ। ਨਾਲੇ ਅਸੀਂ ਉਨ੍ਹਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ।—1 ਸਮੂ. 16:7; ਜ਼ਬੂ. 130:3.

ਪੌਲੁਸ ਨੇ ਯੂਓਦੀਆ ਅਤੇ ਸੁੰਤੁਖੇ ਨੂੰ ਇਕ ਮਨ ਹੋਣ ਦੀ ਸਲਾਹ ਦਿੱਤੀ। ਕਈ ਵਾਰ ਸਾਨੂੰ ਵੀ ਇਸ ਤਰ੍ਹਾਂ ਕਰਨਾ ਔਖਾ ਲੱਗ ਸਕਦਾ ਹੈ (ਪੈਰਾ 11 ਦੇਖੋ)

11. ਕਈ ਵਾਰ ਪਿਆਰ ਦਿਖਾਉਣਾ ਔਖਾ ਕਿਉਂ ਹੋ ਸਕਦਾ ਹੈ?

11 ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜਦੋਂ ਸਾਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਪਤਾ ਹੁੰਦਾ ਹੈ। ਪਹਿਲੀ ਸਦੀ ਦੇ ਮਸੀਹੀਆਂ ਅੱਗੇ ਵੀ ਇਹੀ ਚੁਣੌਤੀ ਸੀ। ਮਿਸਾਲ ਲਈ, ਯੂਓਦੀਆ ਅਤੇ ਸੁੰਤੁਖੇ ਨਾਂ ਦੀਆਂ ਭੈਣਾਂ ਨੇ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੌਲੁਸ ਨਾਲ ਮੋਢੇ ਨਾਲ ਮੋਢਾ ਜੋੜ ਕੇ’ ਕੰਮ ਕੀਤਾ। ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦੀ ਆਪਸ ਵਿਚ ਨਹੀਂ ਬਣੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ “ਉਹ ਪ੍ਰਭੂ ਦੀ ਸੇਵਾ ਕਰਦਿਆਂ ਇਕ ਮਨ ਹੋਣ।”—ਫ਼ਿਲਿ. 4:2, 3.

ਛੋਟੀ-ਵੱਡੀ ਉਮਰ ਦੇ ਭੈਣ-ਭਰਾ ਇਕ-ਦੂਜੇ ਦੇ ਗੂੜ੍ਹੇ ਦੋਸਤ ਬਣ ਸਕਦੇ ਹਨ (ਪੈਰਾ 12 ਦੇਖੋ)

12. ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?

12 ਅੱਜ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹਾਂ, ਤਾਂ ਸ਼ਾਇਦ ਸਾਡੇ ਲਈ ਉਨ੍ਹਾਂ ਨੂੰ ਸਮਝਣਾ ਅਤੇ ਉਨ੍ਹਾਂ ਲਈ ਪਿਆਰ ਪੈਦਾ ਕਰਨਾ ਸੌਖਾ ਹੋਵੇ। ਅਸੀਂ ਕਿਸੇ ਵੀ ਉਮਰ ਅਤੇ ਪਿਛੋਕੜ ਦੇ ਭੈਣ-ਭਰਾ ਨਾਲ ਦੋਸਤੀ ਕਰ ਸਕਦੇ ਹਾਂ। ਯਾਦ ਹੈ, ਯੋਨਾਥਾਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ, ਪਰ ਉਸ ਨੇ ਦਾਊਦ ਨਾਲ ਦੋਸਤੀ ਕੀਤੀ। ਕੀ ਤੁਸੀਂ ਆਪਣੀ ਮੰਡਲੀ ਵਿਚ ਆਪਣੇ ਨਾਲੋਂ ਕਿਸੇ ਛੋਟੇ ਜਾਂ ਵੱਡੇ ਭੈਣ-ਭਰਾ ਨਾਲ ਦੋਸਤੀ ਕਰ ਸਕਦੇ ਹੋ? ਇਸ ਤਰ੍ਹਾਂ ਕਰ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ “ਆਪਣੇ ਸਾਰੇ ਭਰਾਵਾਂ ਨਾਲ ਪਿਆਰ” ਕਰਦੇ ਹੋ।—1 ਪਤ. 2:17.

ਪੈਰਾ 12 ਦੇਖੋ *

13. ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨਾਲ ਇੱਕੋ ਜਿਹੀ ਦੋਸਤੀ ਕਰਨੀ ਮੁਮਕਿਨ ਕਿਉਂ ਨਹੀਂ ਹੈ?

13 ਕੀ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਦਾ ਇਹ ਮਤਲਬ ਹੈ ਕਿ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨਾਲ ਸਾਡੀ ਇੱਕੋ ਜਿਹੀ ਦੋਸਤੀ ਹੋਵੇਗੀ? ਨਹੀਂ, ਇਹ ਮੁਮਕਿਨ ਨਹੀਂ ਹੈ। ਕਈਆਂ ਨਾਲ ਸਾਡੀ ਦੋਸਤੀ ਜ਼ਿਆਦਾ ਗੂੜ੍ਹੀ ਹੋ ਸਕਦੀ ਹੈ ਕਿਉਂਕਿ ਸਾਡੇ ਸ਼ੌਕ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ। ਯਿਸੂ ਨੇ ਆਪਣੇ ਸਾਰੇ ਰਸੂਲਾਂ ਨੂੰ “ਦੋਸਤ” ਕਿਹਾ, ਪਰ ਉਸ ਨੂੰ ਯੂਹੰਨਾ ਨਾਲ ਖ਼ਾਸ ਲਗਾਅ ਸੀ। (ਯੂਹੰ. 13:23; 15:15; 20:2) ਪਰ ਯਿਸੂ ਨੇ ਕਦੇ ਵੀ ਯੂਹੰਨਾ ਦੀ ਤਰਫ਼ਦਾਰੀ ਨਹੀਂ ਕੀਤੀ। ਮਿਸਾਲ ਲਈ, ਜਦੋਂ ਯੂਹੰਨਾ ਅਤੇ ਯਾਕੂਬ ਨੇ ਯਿਸੂ ਤੋਂ ਪਰਮੇਸ਼ੁਰ ਦੇ ਰਾਜ ਵਿਚ ਉੱਚੀ ਪਦਵੀ ਦੀ ਮੰਗ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ।” (ਮਰ. 10:35-40) ਯਿਸੂ ਦੀ ਰੀਸ ਕਰਦਿਆਂ ਸਾਨੂੰ ਆਪਣੇ ਜਿਗਰੀ ਦੋਸਤਾਂ ਦੀ ਤਰਫ਼ਦਾਰੀ ਨਹੀਂ ਕਰਨੀ ਚਾਹੀਦੀ। (ਯਾਕੂ. 2:3, 4) ਇਸ ਤਰ੍ਹਾਂ ਕਰ ਕੇ ਅਸੀਂ ਮੰਡਲੀ ਵਿਚ ਫੁੱਟ ਪਾਉਣ ਤੋਂ ਬਚਾਂਗੇ।—ਯਹੂ. 17-19.

14. ਫ਼ਿਲਿੱਪੀਆਂ 2:3 ਅਨੁਸਾਰ ਸਾਨੂੰ ਈਰਖਾ ਦੀ ਭਾਵਨਾ ਨਾਲ ਕਿਉਂ ਲੜਨਾ ਚਾਹੀਦਾ ਹੈ?

14 ਜਦੋਂ ਅਸੀਂ ਇਕ-ਦੂਜੇ ਨੂੰ ਪਿਆਰ ਦਿਖਾਉਂਦੇ ਹਾਂ, ਤਾਂ ਅਸੀਂ ਮੁਕਾਬਲੇਬਾਜ਼ੀ ਦੀ ਭਾਵਨਾ ਤੋਂ ਮੰਡਲੀ ਦੀ ਰਾਖੀ ਕਰਦੇ ਹਾਂ। ਯਾਦ ਕਰੋ ਕਿ ਯੋਨਾਥਾਨ ਨੇ ਦਾਊਦ ਨਾਲ ਨਾ ਤਾਂ ਈਰਖਾ ਕੀਤੀ ਅਤੇ ਨਾ ਹੀ ਉਸ ਦੀ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਾਰੇ ਯੋਨਾਥਾਨ ਦੀ ਰੀਸ ਕਰ ਸਕਦੇ ਹਾਂ। ਭੈਣਾਂ-ਭਰਾਵਾਂ ਦੀਆਂ ਕਾਬਲੀਅਤਾਂ ਕਰਕੇ ਉਨ੍ਹਾਂ ਨਾਲ ਈਰਖਾ ਨਾ ਕਰੋ, “ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।” (ਫ਼ਿਲਿੱਪੀਆਂ 2:3 ਪੜ੍ਹੋ।) ਯਾਦ ਰੱਖੋ ਕਿ ਅਸੀਂ ਸਾਰੇ ਜਣੇ ਕਿਸੇ-ਨਾ-ਕਿਸੇ ਤਰੀਕੇ ਨਾਲ ਮੰਡਲੀ ਦੀ ਮਦਦ ਕਰ ਸਕਦੇ ਹਾਂ। ਅਸੀਂ ਨਿਮਰ ਰਹਿ ਕੇ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਗੁਣ ਦੇਖ ਸਕਾਂਗੇ ਅਤੇ ਉਨ੍ਹਾਂ ਦੀ ਮਿਸਾਲ ਤੋਂ ਸਿੱਖ ਸਕਾਂਗੇ।—1 ਕੁਰਿੰ. 12:21-25.

15. ਅਸੀਂ ਤਾਨੀਆ ਤੇ ਉਸ ਦੇ ਪਰਿਵਾਰ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

15 ਜਦੋਂ ਸਾਡੀ ਜ਼ਿੰਦਗੀ ਵਿਚ ਅਚਾਨਕ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ਸਾਨੂੰ ਭੈਣਾਂ-ਭਰਾਵਾਂ ਦੇ ਪਿਆਰ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਂਦੀ ਮਦਦ ਰਾਹੀਂ ਦਿਲਾਸਾ ਦਿੰਦਾ ਹੈ। ਜ਼ਰਾ ਗੌਰ ਕਿ ਤਾਨੀਆ ਅਤੇ ਉਸ ਦੇ ਤਿੰਨ ਬੱਚਿਆਂ ਨਾਲ ਕੀ ਹੋਇਆ ਜਦੋਂ ਉਹ ਅਮਰੀਕਾ ਵਿਚ “ਪਿਆਰ ਕਦੇ ਖ਼ਤਮ ਨਹੀਂ ਹੁੰਦਾ!” ਨਾਂ ਦੇ ਅੰਤਰਰਾਸ਼ਟਰੀ ਸੰਮੇਲਨ ਤੋਂ ਹੋਟਲ ਵਾਪਸ ਜਾ ਰਹੇ ਸਨ। ਤਾਨੀਆ ਦੱਸਦੀ ਹੈ: “ਜਦੋਂ ਅਸੀਂ ਆਪਣੇ ਹੋਟਲ ਵਾਪਸ ਜਾ ਰਹੇ ਸੀ, ਤਾਂ ਇਕ ਗੱਡੀ ਸਾਡੀ ਗੱਡੀ ਵਿਚ ਆ ਕੇ ਵੱਜੀ। ਕਿਸੇ ਦੇ ਕੋਈ ਸੱਟ-ਚੋਟ ਨਹੀਂ ਲੱਗੀ ਸੀ, ਪਰ ਅਸੀਂ ਸਾਰੇ ਜਣੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਸੜਕ ’ਤੇ ਖੜ੍ਹੇ ਹੋ ਗਏ ਤੇ ਕਾਫ਼ੀ ਡਰੇ ਹੋਏ ਸੀ। ਕੋਈ ਸਾਨੂੰ ਸੜਕ ਦੇ ਦੂਜੇ ਪਾਸਿਓਂ ਇਸ਼ਾਰਾ ਕਰ ਕੇ ਆਪਣੇ ਕੋਲ ਆਉਣ ਲਈ ਕਹਿ ਰਿਹਾ ਸੀ। ਇਹ ਸਾਡਾ ਹੀ ਭਰਾ ਸੀ ਜੋ ਸੰਮੇਲਨ ਤੋਂ ਆ ਰਿਹਾ ਸੀ। ਸਾਨੂੰ ਦੇਖ ਕੇ ਸਿਰਫ਼ ਉਹੀ ਨਹੀਂ ਰੁਕਿਆ, ਸਗੋਂ ਸਵੀਡਨ ਤੋਂ ਆਏ ਪੰਜ ਭੈਣ-ਭਰਾ ਵੀ ਰੁਕ ਗਏ। ਭੈਣਾਂ ਨੇ ਮੈਨੂੰ ਤੇ ਮੇਰੀਆਂ ਕੁੜੀਆਂ ਨੂੰ ਘੁੱਟ ਕੇ ਜੱਫੀ ਪਾਈ ਜਿਸ ਕਰਕੇ ਸਾਨੂੰ ਬਹੁਤ ਚੰਗਾ ਲੱਗਾ! ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਠੀਕ ਹਾਂ ਤੇ ਉਹ ਜਾ ਸਕਦੇ ਸਨ, ਪਰ ਉਹ ਨਹੀਂ ਗਏ। ਸਾਨੂੰ ਡਾਕਟਰੀ ਮਦਦ ਮਿਲਣ ਤੋਂ ਬਾਅਦ ਵੀ ਉਹ ਸਾਡੇ ਨਾਲ ਹੀ ਰਹੇ ਤੇ ਸਾਡੀ ਹਰ ਲੋੜ ਦਾ ਧਿਆਨ ਰੱਖਿਆ। ਇਸ ਮੁਸ਼ਕਲ ਘੜੀ ਦੌਰਾਨ ਅਸੀਂ ਹਰ ਕਦਮ ’ਤੇ ਯਹੋਵਾਹ ਦਾ ਪਿਆਰ ਮਹਿਸੂਸ ਕੀਤਾ। ਇਸ ਤਜਰਬੇ ਕਰਕੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੋਇਆ ਅਤੇ ਯਹੋਵਾਹ ਲਈ ਸਾਡਾ ਪਿਆਰ ਤੇ ਸਾਡੀ ਕਦਰ ਹੋਰ ਵਧੀ।” ਕੀ ਤੁਹਾਨੂੰ ਕੋਈ ਅਜਿਹਾ ਸਮਾਂ ਯਾਦ ਹੈ ਜਦੋਂ ਲੋੜ ਪੈਣ ’ਤੇ ਕਿਸੇ ਭੈਣ-ਭਰਾ ਨੇ ਤੁਹਾਡੀ ਮਦਦ ਕੀਤੀ ਸੀ?

16. ਸਾਨੂੰ ਇਕ-ਦੂਜੇ ਨੂੰ ਪਿਆਰ ਕਿਉਂ ਦਿਖਾਉਣਾ ਚਾਹੀਦਾ ਹੈ?

16 ਜ਼ਰਾ ਗੌਰ ਕਰੋ ਕਿ ਇਕ-ਦੂਜੇ ਨੂੰ ਪਿਆਰ ਦਿਖਾਉਣ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ। ਅਸੀਂ ਭੈਣਾਂ-ਭਰਾਵਾਂ ਨੂੰ ਮੁਸ਼ਕਲ ਘੜੀਆਂ ਵਿਚ ਦਿਲਾਸਾ ਦਿੰਦੇ ਹਾਂ। ਅਸੀਂ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਹੋਰ ਮਜ਼ਬੂਤ ਕਰਦੇ ਹਾਂ। ਅਸੀਂ ਯਿਸੂ ਦੇ ਚੇਲੇ ਹੋਣ ਦਾ ਸਬੂਤ ਦਿੰਦੇ ਹਾਂ ਜਿਸ ਕਰਕੇ ਨੇਕਦਿਲ ਲੋਕ ਸੱਚੀ ਭਗਤੀ ਵੱਲ ਖਿੱਚੇ ਆਉਂਦੇ ਹਨ। ਸਭ ਤੋਂ ਅਹਿਮ ਗੱਲ ਕਿ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਜੋ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰ. 1:3) ਆਓ ਆਪਾਂ ਸਾਰੇ ਜਣੇ ਆਪਣੇ ਵਿਚ ਪਿਆਰ ਪੈਦਾ ਕਰਦੇ ਅਤੇ ਦਿਖਾਉਂਦੇ ਰਹੀਏ!

ਗੀਤ 35 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

^ ਪੇਰਗ੍ਰੈਫ 5 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਆਪਸ ਵਿਚ ਪਿਆਰ ਹੋਣ ਕਰਕੇ ਪਛਾਣੇ ਜਾਣਗੇ। ਅਸੀਂ ਸਾਰੇ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਮੋਹ ਯਾਨੀ ਉਹ ਪਿਆਰ ਪੈਦਾ ਕਰਨਾ ਚਾਹੀਦਾ ਹੈ ਜੋ ਪਰਿਵਾਰ ਵਿਚ ਹੁੰਦਾ ਹੈ। ਇਹ ਲੇਖ ਭੈਣਾਂ-ਭਰਾਵਾਂ ਲਈ ਅਜਿਹਾ ਪਿਆਰ ਪੈਦਾ ਕਰਨ ਅਤੇ ਇਸ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰੇਗਾ।

^ ਪੇਰਗ੍ਰੈਫ 55 ਤਸਵੀਰਾਂ ਬਾਰੇ ਜਾਣਕਾਰੀ: ਇਕ ਨੌਜਵਾਨ ਬਜ਼ੁਰਗ ਨੂੰ ਸਿਆਣੀ ਉਮਰ ਦੇ ਬਜ਼ੁਰਗ ਦੇ ਤਜਰਬੇ ਤੋਂ ਫ਼ਾਇਦਾ ਹੋਇਆ। ਸਿਆਣੀ ਉਮਰ ਦਾ ਜੋੜਾ ਉਸ ਨੌਜਵਾਨ ਜੋੜੇ ਨੂੰ ਆਪਣੇ ਘਰ ਬੁਲਾ ਕੇ ਪਰਾਹੁਣਚਾਰੀ ਦਿਖਾਉਂਦਾ ਹੋਇਆ।