Skip to content

Skip to table of contents

ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?

ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?

ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ। ਸਾਡੇ ਪਹਿਲੇ ਮਾਪਿਆਂ, ਆਦਮ ਤੇ ਹੱਵਾਹ, ਨੂੰ ਮੁਕੰਮਲ ਬਣਾਇਆ ਗਿਆ ਸੀ। ਉਨ੍ਹਾਂ ਨੇ ਅੱਜ ਤਕ ਜੀਉਂਦੇ ਰਹਿਣਾ ਸੀ। ਸਾਨੂੰ ਕਿਵੇਂ ਪਤਾ? ਧਿਆਨ ਦਿਓ ਕਿ ਯਹੋਵਾਹ ਨੇ ਆਦਮ ਨੂੰ ਅਦਨ ਦੇ ਬਾਗ਼ ਵਿਚ ਲਾਏ ਇਕ ਦਰਖ਼ਤ ਬਾਰੇ ਕੀ ਕਿਹਾ ਸੀ।

ਰੱਬ ਨੇ ਆਦਮ ਨੂੰ ਕਿਹਾ: “ਜਿਸ ਦਿਨ ਤੂੰ [ਬਿਰਛ] ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਜੇ ਰੱਬ ਨੇ ਆਦਮ ਨੂੰ ਬੁੱਢੇ ਹੋਣ ਤੇ ਮਰਨ ਲਈ ਬਣਾਇਆ ਹੁੰਦਾ, ਤਾਂ ਇਹ ਹੁਕਮ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਸੀ। ਆਦਮ ਨੂੰ ਪਤਾ ਸੀ ਕਿ ਜੇ ਉਸ ਨੇ ਇਸ ਤੋਂ ਨਾ ਖਾਧਾ, ਤਾਂ ਉਸ ਨੇ ਮਰਨਾ ਨਹੀਂ ਸੀ।

ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ

ਆਦਮ ਤੇ ਹੱਵਾਹ ਨੂੰ ਉਸ ਦਰਖ਼ਤ ਤੋਂ ਖਾਣ ਦੀ ਲੋੜ ਨਹੀਂ ਸੀ ਕਿਉਂਕਿ ਬਾਗ਼ ਵਿਚ ਹੋਰ ਬਹੁਤ ਸਾਰੇ ਫਲਾਂ ਦੇ ਦਰਖ਼ਤ ਸਨ। (ਉਤਪਤ 2:9) ਇਸ ਦਰਖ਼ਤ ਤੋਂ ਨਾ ਖਾ ਕੇ ਪਹਿਲੇ ਜੋੜੇ ਨੇ ਆਪਣੇ ਜੀਵਨਦਾਤੇ ਪ੍ਰਤੀ ਆਗਿਆਕਾਰੀ ਦਿਖਾਉਣੀ ਸੀ। ਇਸ ਤੋਂ ਇਹ ਵੀ ਪਤਾ ਲੱਗਣਾ ਸੀ ਕਿ ਉਹ ਇਹ ਮੰਨਦੇ ਸਨ ਕਿ ਰੱਬ ਕੋਲ ਉਨ੍ਹਾਂ ਨੂੰ ਇਹ ਦੱਸਣ ਦਾ ਹੱਕ ਸੀ ਕਿ ਉਨ੍ਹਾਂ ਨੇ ਕੀ ਕਰਨਾ ਸੀ।

ਆਦਮ ਤੇ ਹੱਵਾਹ ਕਿਉਂ ਮਰ ਗਏ?

ਆਦਮ ਤੇ ਹੱਵਾਹ ਦੀ ਮੌਤ ਦੀ ਵਜ੍ਹਾ ਜਾਣਨ ਲਈ ਸਾਨੂੰ ਉਸ ਗੱਲਬਾਤ ਨੂੰ ਸਮਝਣ ਦੀ ਲੋੜ ਹੈ ਜਿਸ ਦਾ ਅਸਰ ਸਾਡੇ ਸਾਰਿਆਂ ’ਤੇ ਪਿਆ ਹੈ। ਸ਼ੈਤਾਨ ਨੇ ਸੱਪ ਦੀ ਵਰਤੋਂ ਕਰ ਕੇ ਵੱਡਾ ਨੁਕਸਾਨ ਪਹੁੰਚਾਉਣ ਵਾਲਾ ਝੂਠ ਬੋਲਿਆ। ਬਾਈਬਲ ਦੱਸਦੀ ਹੈ: “ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?”—ਉਤਪਤ 3:1.

ਹੱਵਾਹ ਨੇ ਜਵਾਬ ਦਿੱਤਾ: “ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ। ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਇਹ ਕਹਿ ਕੇ ਸ਼ੈਤਾਨ ਨੇ ਦਾਅਵਾ ਕੀਤਾ ਕਿ ਯਹੋਵਾਹ ਝੂਠਾ ਹੈ ਅਤੇ ਉਹ ਆਦਮ ਤੇ ਹੱਵਾਹ ਨੂੰ ਇਕ ਚੰਗੀ ਚੀਜ਼ ਤੋਂ ਵਾਂਝਾ ਰੱਖ ਰਿਹਾ ਸੀ।—ਉਤਪਤ 3:2-5.

ਹੱਵਾਹ ਨੇ ਸ਼ੈਤਾਨ ਦੀਆਂ ਗੱਲਾਂ ’ਤੇ ਯਕੀਨ ਕੀਤਾ। ਉਸ ਨੇ ਦਰਖ਼ਤ ਵੱਲ ਟਿਕਟਿਕੀ ਲਾ ਕੇ ਦੇਖਿਆ। ਇਹ ਉਸ ਨੂੰ ਦੇਖਣ ਨੂੰ ਬਹੁਤ ਚੰਗਾ ਤੇ ਸੋਹਣਾ ਲੱਗਾ। ਉਸ ਨੇ ਦਰਖ਼ਤ ਤੋਂ ਫਲ ਤੋੜਿਆ ਤੇ ਖਾ ਲਿਆ। ਫਿਰ ਬਾਈਬਲ ਦੱਸਦੀ ਹੈ: “ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।”—ਉਤਪਤ 3:6.

ਰੱਬ ਨੇ ਆਦਮ ਨੂੰ ਕਿਹਾ: “ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”—ਉਤਪਤ 2:17

ਰੱਬ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ ਕਿ ਉਸ ਦੇ ਪਿਆਰੇ ਬੱਚਿਆਂ ਨੇ ਜਾਣ-ਬੁੱਝ ਕੇ ਉਸ ਦਾ ਕਹਿਣਾ ਨਹੀਂ ਮੰਨਿਆ। ਉਸ ਨੇ ਕੀ ਕੀਤਾ? ਯਹੋਵਾਹ ਨੇ ਆਦਮ ਨੂੰ ਕਿਹਾ: ‘ਤੂੰ ਮਿੱਟੀ ਵਿੱਚ ਮੁੜ ਜਾਵੇਂਗਾ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:17-19) ਇਸ ਕਰਕੇ “ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।” (ਉਤਪਤ 5:5) ਆਦਮ ਨਾ ਤਾਂ ਸਵਰਗ ਗਿਆ ਤੇ ਨਾ ਹੀ ਕਿਤੇ ਹੋਰ। ਜਦੋਂ ਯਹੋਵਾਹ ਨੇ ਉਸ ਨੂੰ ਮਿੱਟੀ ਤੋਂ ਬਣਾਇਆ ਸੀ, ਤਾਂ ਉਸ ਤੋਂ ਪਹਿਲਾਂ ਉਹ ਕਿਤੇ ਹੋਰ ਜੀਉਂਦਾ ਨਹੀਂ ਸੀ। ਇਸ ਲਈ ਮਰਨ ਤੋਂ ਬਾਅਦ ਉਹ ਮਿੱਟੀ ਬਣ ਗਿਆ ਜਿਸ ਤੋਂ ਉਸ ਨੂੰ ਬਣਾਇਆ ਗਿਆ ਸੀ। ਉਸ ਦੀ ਹੋਂਦ ਖ਼ਤਮ ਹੋ ਗਈ। ਕਿੰਨੀ ਹੀ ਦੁਖਦਾਈ ਗੱਲ!

ਅਸੀਂ ਮੁਕੰਮਲ ਕਿਉਂ ਨਹੀਂ ਹਾਂ?

ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਹ ਆਪਣੀ ਮੁਕੰਮਲਤਾ ਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਗੁਆ ਬੈਠੇ। ਉਨ੍ਹਾਂ ਦੇ ਸਰੀਰ ਪਹਿਲਾਂ ਵਾਂਗ ਨਹੀਂ ਰਹੇ। ਉਹ ਨਾਮੁਕੰਮਲ ਤੇ ਪਾਪੀ ਹੋ ਗਏ। ਪਰ ਉਨ੍ਹਾਂ ਦੀ ਅਣਆਗਿਆਕਾਰੀ ਦਾ ਅਸਰ ਸਿਰਫ਼ ਉਨ੍ਹਾਂ ’ਤੇ ਹੀ ਨਹੀਂ ਪਿਆ। ਉਨ੍ਹਾਂ ਦੇ ਬੱਚੇ ਵੀ ਪਾਪੀ ਪੈਦਾ ਹੋਏ। ਰੋਮੀਆਂ 5:12 ਵਿਚ ਲਿਖਿਆ ਹੈ: “ਇਕ ਆਦਮੀ [ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”

ਬਾਈਬਲ ਕਹਿੰਦੀ ਕਿ ਪਾਪ ਤੇ ਮੌਤ ਉਹ ‘ਪੜਦਾ ਹੈ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ’ ਅਤੇ ਉਹ ‘ਕੱਜਣ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।’ (ਯਸਾਯਾਹ 25:7) ਇਹ ਪੜਦਾ ਮਨੁੱਖਜਾਤੀ ’ਤੇ ਜ਼ਹਿਰੀਲੀ ਧੁੰਦ ਵਾਂਗ ਪਿਆ ਹੋਇਆ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਵਾਕਈ, “ਆਦਮ ਕਰਕੇ ਸਾਰੇ ਮਰਦੇ ਹਨ।” (1 ਕੁਰਿੰਥੀਆਂ 15:22) ਫਿਰ ਸਵਾਲ ਖੜ੍ਹਾ ਹੁੰਦਾ ਹੈ ਜੋ ਪੌਲੁਸ ਰਸੂਲ ਨੇ ਪੁੱਛਿਆ: “ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?” ਕੀ ਸਾਨੂੰ ਕੋਈ ਬਚਾ ਸਕਦਾ ਹੈ?—ਰੋਮੀਆਂ 7:24.