Skip to content

Skip to table of contents

“ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ।”​—ਜ਼ਬੂਰਾਂ ਦੀ ਪੋਥੀ 139:16

ਕੀ ਰੱਬ ਤੁਹਾਨੂੰ ਸਮਝਦਾ ਹੈ?

ਕੀ ਰੱਬ ਤੁਹਾਨੂੰ ਸਮਝਦਾ ਹੈ?

ਅਸੀਂ ਸ੍ਰਿਸ਼ਟੀ ਤੋਂ ਕੀ ਸਿੱਖਦੇ ਹਾਂ?

ਕੀ ਤੁਹਾਨੂੰ ਪਤਾ ਸਭ ਤੋਂ ਗੂੜ੍ਹੀ ਦੋਸਤੀ ਕਿਨ੍ਹਾਂ ਵਿਚ ਹੁੰਦੀ ਹੈ? ਜੁੜਵਾਂ ਭੈਣਾਂ-ਭਰਾਵਾਂ ਵਿਚ। ਉਨ੍ਹਾਂ ਦਾ ਰਿਸ਼ਤਾ ਆਪਸ ਵਿਚ ਬਹੁਤ ਗੂੜ੍ਹਾ ਹੁੰਦਾ ਹੈ। ਜੁੜਵਾਂ ਬੱਚਿਆਂ ਉੱਤੇ ਜਾਂਚ ਕਰਨ ਵਾਲੀ ਨੈਨਸੀ ਸਹਿਗਲ, ਜੋ ਖ਼ੁਦ ਵੀ ਜੁੜਵਾਂ ਹੈ, ਕਹਿੰਦੀ ਹੈ ਕਿ “ਜਦੋਂ ਜੌੜੇ ਬੱਚਿਆਂ ਵਿੱਚੋਂ ਇਕ ਜਣਾ ਕੋਈ ਗੱਲ ਕਹਿੰਦਾ ਹੈ, ਤਾਂ ਦੂਜਾ ਜਣਾ ਉਸ ਦੀ ਗੱਲ ਚੰਗੀ ਤਰ੍ਹਾਂ ਸਮਝ ਲੈਂਦਾ ਹੈ, ਚਾਹੇ ਉਸ ਨੂੰ ਗੱਲ ਚੰਗੀ ਤਰ੍ਹਾਂ ਸਮਝਾਈ ਵੀ ਨਹੀਂ ਗਈ ਹੁੰਦੀ।” ਇਕ ਔਰਤ ਆਪਣੇ ਅਤੇ ਆਪਣੀ ਜੁੜਵਾਂ ਭੈਣ ਬਾਰੇ ਕਹਿੰਦੀ ਹੈ: “ਸਾਨੂੰ ਇਕ-ਦੂਜੇ ਬਾਰੇ ਸਭ ਕੁਝ ਪਤਾ ਹੈ।”

ਕਿਹੜੇ ਕਾਰਨਾਂ ਕਰਕੇ ਜੌੜੇ ਇਕ-ਦੂਜੇ ਨੂੰ ਇੰਨੇ ਵਧੀਆ ਤਰੀਕੇ ਨਾਲ ਸਮਝਦੇ ਹਨ? ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਮਾਹੌਲ ਅਤੇ ਪਰਵਰਿਸ਼ ਕਰਕੇ ਹੁੰਦਾ ਹੈ, ਪਰ ਖ਼ਾਸ ਕਰਕੇ ਜੌੜਿਆਂ ਵਿਚ ਇੱਕੋ ਜਿਹੇ ਜੀਨ ਹੋਣ ਕਰਕੇ ਇੱਦਾਂ ਹੁੰਦਾ ਹੈ।

ਜ਼ਰਾ ਸੋਚੋ: ਜਿੰਨਾ ਸਾਡਾ ਸਿਰਜਣਹਾਰ ਸਾਨੂੰ ਜਾਣਦਾ ਹੈ, ਉੱਨਾ ਸਾਨੂੰ ਕੋਈ ਵੀ ਨਹੀਂ ਜਾਣਦਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ . . . ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।” (ਜ਼ਬੂਰਾਂ ਦੀ ਪੋਥੀ 139:13, 15, 16) ਸਿਰਫ਼ ਰੱਬ ਹੀ ਸਾਡੀ ਬਣਤਰ ਨੂੰ ਜਾਣਦਾ ਤੇ ਸਮਝਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿਚ ਕੀ ਕੁਝ ਵਾਪਰਿਆ ਹੈ ਜਿਸ ਦਾ ਅਸਰ ਸਾਡੀ ਸ਼ਖ਼ਸੀਅਤ ’ਤੇ ਪੈਂਦਾ ਹੈ। ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਚੰਗੀ ਤਰ੍ਹਾਂ ਸਮਝਦਾ ਹੈ।

ਸਾਨੂੰ ਬਾਈਬਲ ਤੋਂ ਰੱਬ ਦੀ ਸਮਝ ਬਾਰੇ ਕੀ ਪਤਾ ਲੱਗਦਾ ਹੈ?

ਦਾਊਦ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ,—ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।” (ਜ਼ਬੂਰਾਂ ਦੀ ਪੋਥੀ 139:1, 2, 4) ਯਹੋਵਾਹ ਸਾਡੇ ਦਿਲ ਦੀਆਂ ਡੂੰਘੀਆਂ ਭਾਵਨਾਵਾਂ ਅਤੇ1 “ਸਾਡੇ ਵਿਚਾਰਾਂ ਨੂੰ ਜਾਣਦਾ ਹੈ।” (1 ਇਤਿਹਾਸ 28:9, CL; 1 ਸਮੂਏਲ 16:6, 7) ਇਨ੍ਹਾਂ ਆਇਤਾਂ ਤੋਂ ਰੱਬ ਬਾਰੇ ਕੀ ਪਤਾ ਲੱਗਦਾ ਹੈ?

ਸ਼ਾਇਦ ਅਸੀਂ ਪ੍ਰਾਰਥਨਾ ਵਿਚ ਆਪਣੇ ਸਾਰੇ ਵਿਚਾਰ ਅਤੇ ਭਾਵਨਾਵਾਂ ਬਿਆਨ ਨਾ ਕਰ ਸਕੀਏ, ਪਰ ਸਾਡਾ ਸਿਰਜਣਹਾਰ ਸਿਰਫ਼ ਇਸ ਗੱਲ ਵੱਲ ਹੀ ਧਿਆਨ ਨਹੀਂ ਦਿੰਦਾ ਕਿ ਅਸੀਂ ਕੀ ਕੁਝ ਕਰਦੇ ਹਾਂ, ਸਗੋਂ ਉਹ ਸਮਝਦਾ ਵੀ ਹੈ ਕਿ ਅਸੀਂ ਉਹ ਕੰਮ ਕਿਉਂ ਕਰਦੇ ਹਾਂ। ਇਸ ਤੋਂ ਇਲਾਵਾ, ਉਹ ਸਮਝਦਾ ਹੈ ਕਿ ਅਸੀਂ ਕਿਹੜਾ ਚੰਗਾ ਕੰਮ ਕਰਨਾ ਚਾਹੁੰਦੇ ਹਾਂ ਭਾਵੇਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਅਸੀਂ ਉਹ ਕੰਮ ਨਾ ਵੀ ਕਰ ਸਕੀਏ। ਬਿਨਾਂ ਸ਼ੱਕ, ਰੱਬ ਨੇ ਸਾਡੇ ਦਿਲਾਂ ਵਿਚ ਪਿਆਰ ਪਾਇਆ ਹੈ, ਇਸ ਲਈ ਉਹ ਸਾਡੇ ਵਿਚਾਰਾਂ ਅਤੇ ਇਰਾਦਿਆਂ ਵੱਲ ਧਿਆਨ ਦੇਣਾ ਅਤੇ ਇਨ੍ਹਾਂ ਨੂੰ ਸਮਝਣਾ ਚਾਹੁੰਦਾ ਹੈ।​—1 ਯੂਹੰਨਾ 4:7-10.

ਰੱਬ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਨਹੀਂ ਹੈ। ਉਸ ਨੂੰ ਸਾਡੀਆਂ ਪਰੇਸ਼ਾਨੀਆਂ ਬਾਰੇ ਉਦੋਂ ਵੀ ਪਤਾ ਹੁੰਦਾ ਜਦੋਂ ਹੋਰ ਕਿਸੇ ਨੂੰ ਇਨ੍ਹਾਂ ਬਾਰੇ ਪਤਾ ਨਹੀਂ ਹੁੰਦਾ ਤੇ ਨਾ ਹੀ ਕੋਈ ਇਨ੍ਹਾਂ ਨੂੰ ਸਮਝਦਾ ਹੈ

 ਬਾਈਬਲ ਸਾਨੂੰ ਤਸੱਲੀ ਦਿੰਦੀ ਹੈ

  • “ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ।”​—1 ਪਤਰਸ 3:12.

  • ਰੱਬ ਵਾਅਦਾ ਕਰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”​—ਜ਼ਬੂਰਾਂ ਦੀ ਪੋਥੀ 32:8.

ਰੱਬ ਬਹੁਤ ਹਮਦਰਦ ਹੈ

ਕੀ ਇਹ ਗੱਲ ਸਾਡੀ ਮੁਸ਼ਕਲਾਂ ਸਹਿਣ ਵਿਚ ਮਦਦ ਕਰ ਸਕਦੀ ਹੈ ਕਿ ਰੱਬ ਸਾਡੇ ਹਾਲਾਤਾਂ ਅਤੇ ਭਾਵਨਾਵਾਂ ਨੂੰ ਸਮਝਦਾ ਹੈ? ਜ਼ਰਾ ਸੋਚੋ ਨਾਈਜੀਰੀਆ ਵਿਚ ਰਹਿਣ ਵਾਲੀ ਐਨਾ ਨਾਲ ਕੀ ਹੋਇਆ। ਉਹ ਦੱਸਦੀ ਹੈ: “ਜ਼ਿੰਦਗੀ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਹੋਣ ਕਰਕੇ ਮੈਂ ਸੋਚਦੀ ਸੀ ਕਿ ਇੱਦਾਂ ਦੀ ਜ਼ਿੰਦਗੀ ਜੀਉਣ ਦਾ ਕੀ ਫ਼ਾਇਦਾ। ਮੈਂ ਵਿਧਵਾ ਸੀ ਅਤੇ ਮੇਰੀ ਧੀ ਨੂੰ ਦਿਮਾਗ਼ ਦੀ ਬੀਮਾਰੀ (ਹਾਈਡ੍ਰੋਸਫੈਲਸ) ਸੀ ਜਿਸ ਕਰਕੇ ਉਹ ਹਸਪਤਾਲ ਵਿਚ ਸੀ। ਮੈਨੂੰ ਛਾਤੀ ਦਾ ਕੈਂਸਰ ਸੀ ਅਤੇ ਮੈਨੂੰ ਸਰਜਰੀ, ਕੀਮੋਥੈਰੇਪੀ ਅਤੇ ਰੇਡੀਓ-ਥੈਰੇਪੀ ਕਰਵਾਉਣੀ ਪੈਣੀ ਸੀ। ਮੇਰੇ ਲਈ ਇਹ ਬਹੁਤ ਹੀ ਔਖਾ ਸਮਾਂ ਸੀ ਕਿਉਂਕਿ ਇਸ ਸਮੇਂ ਦੌਰਾਨ ਮੈਨੂੰ ਆਪਣੀ ਬੀਮਾਰ ਧੀ ਦੀ ਵੀ ਦੇਖ-ਭਾਲ ਕਰਨੀ ਪੈਂਦੀ ਸੀ।”

ਇਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਐਨਾ ਦੀ ਕਿਸ ਗੱਲ ਨੇ ਮਦਦ ਕੀਤੀ? “ਮੈਂ ਆਇਤਾਂ ’ਤੇ ਸੋਚ ਵਿਚਾਰ ਕਰਦੀ ਸੀ, ਜਿਵੇਂ ਫ਼ਿਲਿੱਪੀਆਂ 4:6, 7 ਜਿੱਥੇ ਲਿਖਿਆ: ‘ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’ ਜਦੋਂ ਵੀ ਇਹ ਆਇਤ ਮੇਰੇ ਮਨ ਵਿਚ ਆਉਂਦੀ ਸੀ, ਤਾਂ ਮੈਂ ਖ਼ੁਦ ਨੂੰ ਯਹੋਵਾਹ ਦੇ ਹੋਰ ਵੀ ਨੇੜੇ ਮਹਿਸੂਸ ਕਰਦੀ ਸੀ। ਮੈਨੂੰ ਪਤਾ ਹੈ ਕਿ ਉਹ ਮੈਨੂੰ ਮੇਰੇ ਤੋਂ ਵੱਧ ਸਮਝਦਾ ਹੈ। ਨਾਲੇ ਮੈਨੂੰ ਮੰਡਲੀ ਦੇ ਪਿਆਰੇ ਭੈਣਾਂ-ਭਰਾਵਾਂ ਤੋਂ ਵੀ ਬਹੁਤ ਹੌਸਲਾ ਮਿਲਿਆ।

“ਭਾਵੇਂ ਮੈਨੂੰ ਅਜੇ ਵੀ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਪਰ ਮੇਰੀ ਤੇ ਮੇਰੀ ਧੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਯਹੋਵਾਹ ਸਾਡੇ ਵੱਲ ਹੈ। ਇਸ ਲਈ ਅਸੀਂ ਸਿੱਖਿਆ ਹੈ ਕਿ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਕਦੇ ਵੀ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ। ਯਾਕੂਬ 5:11 ਸਾਨੂੰ ਭਰੋਸਾ ਦਿਵਾਉਂਦਾ ਹੈ: ‘ਅਸੀਂ ਉਨ੍ਹਾਂ ਨੂੰ ਖ਼ੁਸ਼ ਕਹਿੰਦੇ ਹਾਂ ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ ਅਤੇ ਇਸ ਕਰਕੇ ਯਹੋਵਾਹ ਨੇ ਉਸ ਨੂੰ ਬੇਅੰਤ ਬਰਕਤਾਂ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।’” ਯਹੋਵਾਹ ਅੱਯੂਬ ਦੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਮੁਸ਼ਕਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ।