Skip to content

Skip to table of contents

ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?

ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?

ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਹਿੰਸਾ ਦਾ ਸ਼ਿਕਾਰ ਹੋਇਆ ਹੈ? ਕੀ ਤੁਹਾਨੂੰ ਡਰਨਾ ਚਾਹੀਦਾ ਹੈ ਕਿ ਤੁਸੀਂ ਹਿੰਸਾ ਦੇ ਸ਼ਿਕਾਰ ਹੋ ਸਕਦੇ ਹੋ? ਕਿਹਾ ਜਾਂਦਾ ਹੈ ਕਿ ਹਿੰਸਾ “ਪੂਰੀ ਦੁਨੀਆਂ ਵਿਚ ਸਿਹਤ ਨਾਲ ਜੁੜੀ ਇਕ ਸਮੱਸਿਆ ਬਣ ਗਈ ਹੈ।” ਕੁਝ ਮਿਸਾਲਾਂ ’ਤੇ ਗੌਰ ਕਰੋ।

ਘਰੇਲੂ ਹਿੰਸਾ ਅਤੇ ਬਲਾਤਕਾਰ: ਸੰਯੁਕਤ ਰਾਸ਼ਟਰ-ਸੰਘ ਨੇ ਰਿਪੋਰਟ ਦਿੱਤੀ ਕਿ “3 ਵਿੱਚੋਂ 1 ਔਰਤ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਆਪਣੇ ਪਤੀ ਵੱਲੋਂ ਕੁੱਟ-ਮਾਰ ਜਾਂ ਬਲਾਤਕਾਰ ਦੀ ਸ਼ਿਕਾਰ ਹੋਈ ਹੈ।” ਅਫ਼ਸੋਸ ਦੀ ਗੱਲ ਹੈ ਕਿ “ਅੰਦਾਜ਼ੇ ਮੁਤਾਬਕ ਦੁਨੀਆਂ ਭਰ ਵਿਚ ਪੰਜਾਂ ਵਿੱਚੋਂ ਇਕ ਔਰਤ ਬਲਾਤਕਾਰ ਦੀ ਸ਼ਿਕਾਰ ਹੋਵੇਗੀ ਜਾਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।”

ਸੜਕਾਂ ’ਤੇ ਗੁੰਡਾਗਰਦੀ: ਰਿਪੋਰਟ ਅਨੁਸਾਰ ਅਮਰੀਕਾ ਵਿਚ 30,000 ਤੋਂ ਜ਼ਿਆਦਾ ਹਿੰਸਕ ਗਰੋਹਾਂ ਨੇ ਅੱਤ ਮਚਾਈ ਹੋਈ ਹੈ। ਲਾਤੀਨੀ ਅਮਰੀਕਾ ਵਿਚ ਲਗਭਗ 3 ਵਿਅਕਤੀਆਂ ਵਿੱਚੋਂ 1 ਜਣਾ ਹਿੰਸਾ ਦਾ ਸ਼ਿਕਾਰ ਹੁੰਦਾ ਹੈ।

ਕਤਲ: ਅੰਦਾਜ਼ਾ ਲਾਇਆ ਗਿਆ ਹੈ ਕਿ ਹਾਲ ਹੀ ਦੇ ਇਕ ਸਾਲ ਵਿਚ ਤਕਰੀਬਨ 5,00,000 ਲੋਕਾਂ ਦੇ ਕਤਲ ਹੋਏ ਹਨ। ਇਹ ਗਿਣਤੀ ਯੁੱਧਾਂ ਵਿਚ ਮਾਰੇ ਗਏ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਦੱਖਣੀ ਅਫ਼ਰੀਕਾ ਅਤੇ ਕੇਂਦਰੀ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਕਤਲ ਹੁੰਦੇ ਹਨ। ਪੂਰੀ ਦੁਨੀਆਂ ਵਿਚ ਜਿੰਨੇ ਕਤਲ ਹੁੰਦੇ ਹਨ, ਉਨ੍ਹਾਂ ਨਾਲੋਂ ਚਾਰ ਗੁਣਾ ਜ਼ਿਆਦਾ ਕਤਲ ਇਨ੍ਹਾਂ ਦੇਸ਼ਾਂ ਵਿਚ ਹੁੰਦੇ ਹਨ। ਸਿਰਫ਼ ਇਕ ਸਾਲ ਵਿਚ ਲਾਤੀਨੀ ਅਮਰੀਕਾ ਵਿਚ 1,00,000 ਤੋਂ ਜ਼ਿਆਦਾ ਲੋਕਾਂ ਦਾ ਕਤਲ ਕੀਤਾ ਗਿਆ ਅਤੇ ਬ੍ਰਾਜ਼ੀਲ ਵਿਚ ਲਗਭਗ 50,000 ਤੋਂ ਜ਼ਿਆਦਾ ਕਤਲ ਹੋਏ। ਕੀ ਹਿੰਸਾ ਨੂੰ ਖ਼ਤਮ ਕਰਨ ਦਾ ਕੋਈ ਹੱਲ ਲੱਭਿਆ ਜਾ ਸਕਦਾ ਹੈ?

ਕੀ ਹਿੰਸਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ?

ਹਰ ਪਾਸੇ ਹਿੰਸਾ ਦਾ ਬੋਲਬਾਲਾ ਕਿਉਂ ਹੈ? ਇਸ ਦੇ ਕਈ ਕਾਰਨ ਪਤਾ ਲੱਗੇ ਹਨ ਜਿਨ੍ਹਾਂ ਵਿੱਚੋਂ ਕੁਝ ਹਨ: ਸਮਾਜ ਵਿਚ ਊਚ-ਨੀਚ ਤੇ ਅਮੀਰੀ-ਗ਼ਰੀਬੀ ਹੋਣ ਕਰਕੇ ਤਣਾਅ ਪੈਦਾ ਹੋਣਾ, ਦੂਜਿਆਂ ਦੀ ਜ਼ਿੰਦਗੀ ਦਾ ਕੋਈ ਲਿਹਾਜ਼ ਨਾ ਕਰਨਾ, ਸ਼ਰਾਬ ਅਤੇ ਨਸ਼ਿਆਂ ਦੀ ਗ਼ਲਤ ਵਰਤੋਂ, ਬੱਚਿਆਂ ਦਾ ਵੱਡਿਆਂ ਨੂੰ ਮਾਰ-ਕੁੱਟ ਕਰਦੇ ਦੇਖਣਾ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਕੋਈ ਪਰਵਾਹ ਨਾ ਹੋਣੀ ਕਿ ਉਨ੍ਹਾਂ ਨੂੰ ਆਪਣੀ ਕਰਨੀ ਦੀ ਭਰਨੀ ਪੈ ਸਕਦੀ ਹੈ।

ਇਹ ਸੱਚ ਹੈ ਕਿ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਹਿੰਸਾ ਘੱਟ ਰਹੀ ਹੈ। ਬ੍ਰਾਜ਼ੀਲ ਦੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰ ਸਾਓ ਪੌਲੋ ਵਿਚ ਪਿਛਲੇ ਦਹਾਕੇ ਵਿਚ ਲਗਭਗ 80 ਪ੍ਰਤਿਸ਼ਤ ਕਤਲ ਘਟੇ ਹਨ। ਪਰ ਹਾਲੇ ਵੀ ਉਸ ਸ਼ਹਿਰ ਵਿਚ ਹਰ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਅਤੇ 1,00,000 ਨਿਵਾਸੀਆਂ ਵਿੱਚੋਂ 10 ਲੋਕਾਂ ਦਾ ਕਤਲ ਹੁੰਦਾ ਹੈ। ਤਾਂ ਫਿਰ ਹਿੰਸਾ ਨੂੰ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਕੀ ਕਰਨ ਦੀ ਲੋੜ ਹੈ?

ਹਿੰਸਾ ਦਾ ਹੱਲ ਲੋਕਾਂ ਦੇ ਹੱਥਾਂ ਵਿਚ ਹੈ। ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਹਿੰਸਕ ਲੋਕਾਂ ਨੂੰ ਘਮੰਡ, ਲਾਲਚ ਅਤੇ ਸੁਆਰਥ ਦੀ ਜਗ੍ਹਾ ਪਿਆਰ, ਆਦਰ ਅਤੇ ਦੂਜਿਆਂ ਲਈ ਪਰਵਾਹ ਦਿਖਾਉਣ ਦੀ ਲੋੜ ਹੈ।

ਕਿਹੜੀ ਗੱਲ ਤੋਂ ਇਕ ਇਨਸਾਨ ਨੂੰ ਇਹ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨ ਦੀ ਹੱਲਾਸ਼ੇਰੀ ਮਿਲ ਸਕਦੀ ਹੈ? ਜ਼ਰਾ ਸੋਚੋ ਕਿ ਬਾਈਬਲ ਕੀ ਸਿਖਾਉਂਦੀ ਹੈ:

  • “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।”​—1 ਯੂਹੰਨਾ 5:3.

  • “ਯਹੋਵਾਹ ਦਾ ਭੈ ਬੁਰਿਆਈ ਤੋਂ [ਨਫ਼ਰਤ] ਕਰਨਾ ਹੈ।” *​—ਕਹਾਉਤਾਂ 8:13.

ਪਰਮੇਸ਼ੁਰ ਲਈ ਪਿਆਰ ਅਤੇ ਉਸ ਨੂੰ ਨਾਰਾਜ਼ ਕਰਨ ਦਾ ਡਰ ਅਜਿਹੇ ਜ਼ਬਰਦਸਤ ਗੁਣ ਹਨ ਜਿਨ੍ਹਾਂ ਦੀ ਮਦਦ ਨਾਲ ਹਿੰਸਕ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਦਲ ਸਕਦੀਆਂ ਹਨ। ਇਹ ਬਦਲਾਅ ਉੱਪਰੋਂ-ਉੱਪਰੋਂ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਹੀ ਬਦਲ ਜਾਂਦੀ ਹੈ। ਕੀ ਹਕੀਕਤ ਵਿਚ ਇਸ ਤਰ੍ਹਾਂ ਹੁੰਦਾ ਹੈ?

ਐਲਿਕਸ * ਦੀ ਮਿਸਾਲ ਲੈ ਲਓ ਜਿਸ ਨੇ ਕਈ ਵਾਰ ਦੂਜਿਆਂ ’ਤੇ ਹਮਲੇ ਕਰ ਕੇ ਬ੍ਰਾਜ਼ੀਲ ਵਿਚ 19 ਸਾਲ ਜੇਲ੍ਹ ਦੀ ਹਵਾ ਖਾਧੀ। ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਉਹ ਸਾਲ 2,000 ਵਿਚ ਯਹੋਵਾਹ ਦਾ ਗਵਾਹ ਬਣ ਗਿਆ। ਕੀ ਉਸ ਨੇ ਸੱਚ-ਮੁੱਚ ਆਪਣੇ ਹਿੰਸਕ ਸੁਭਾਅ ਨੂੰ ਬਦਲਿਆ ਹੈ? ਹਾਂਜੀ ਤੇ ਐਲਿਕਸ ਨੂੰ ਬਹੁਤ ਪਛਤਾਵਾ ਹੈ ਕਿ ਉਸ ਨੇ ਬੁਰੇ ਕੰਮ ਕੀਤੇ। ਪਰ ਉਹ ਕਹਿੰਦਾ ਹੈ: “ਹੁਣ ਮੈਂ ਪਰਮੇਸ਼ੁਰ ਨੂੰ ਪਿਆਰ ਕਰਨ ਲੱਗ ਪਿਆ ਹਾਂ ਜਿਸ ਨੇ ਮੈਨੂੰ ਅਹਿਸਾਸ ਕਰਾਇਆ ਕਿ ਉਸ ਨੇ ਮੈਨੂੰ ਮਾਫ਼ ਕਰ ਦਿੱਤਾ ਹੈ। ਪਰਮੇਸ਼ੁਰ ਲਈ ਸ਼ੁਕਰਗੁਜ਼ਾਰੀ ਅਤੇ ਪਿਆਰ ਕਰਕੇ ਮੈਨੂੰ ਆਪਣੇ ਤੌਰ-ਤਰੀਕਿਆਂ ਨੂੰ ਬਦਲਣ ਵਿਚ ਮਦਦ ਮਿਲੀ ਹੈ।”

ਸੇਜ਼ਾਰ ਵੀ ਬ੍ਰਾਜ਼ੀਲ ਵਿਚ ਰਹਿੰਦਾ ਹੈ ਜੋ ਪਹਿਲਾਂ ਸੰਨ੍ਹਾਂ ਮਾਰਦਾ ਸੀ ਤੇ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਕਰਦਾ ਸੀ। ਉਹ ਲਗਭਗ 15 ਸਾਲਾਂ ਤਕ ਇਹੀ ਕੰਮ ਕਰਦਾ ਰਿਹਾ। ਕਿਹੜੀ ਗੱਲ ਨੇ ਉਸ ਨੂੰ ਬਦਲਿਆ? ਜੇਲ੍ਹ ਵਿਚ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ ਜਿਨ੍ਹਾਂ ਨੇ ਉਸ ਨੂੰ ਬਾਈਬਲ ਦੀ ਸਟੱਡੀ ਕਰਾਈ। ਸੇਜ਼ਾਰ ਕਹਿੰਦਾ ਹੈ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਜੀਉਣ ਦਾ ਮਕਸਦ ਮਿਲਿਆ। ਮੈਂ ਰੱਬ ਨੂੰ ਪਿਆਰ ਕਰਨਾ ਸਿੱਖਿਆ। ਮੈਂ ਉਸ ਤੋਂ ਡਰਨਾ ਵੀ ਸਿੱਖਿਆ। ਇਹ ਅਜਿਹਾ ਡਰ ਹੈ ਜੋ ਬੁਰੇ ਕੰਮ ਕਰਨ ਅਤੇ ਯਹੋਵਾਹ ਨੂੰ ਦੁਖੀ ਕਰਨ ਤੋਂ ਰੋਕਦਾ ਹੈ। ਮੈਂ ਉਸ ਦੇ ਪਿਆਰ ਲਈ ਬੇਕਦਰੀ ਨਹੀਂ ਸੀ ਦਿਖਾਉਣੀ ਚਾਹੁੰਦਾ। ਇਸ ਪਿਆਰ ਅਤੇ ਡਰ ਤੋਂ ਮੈਨੂੰ ਚੰਗਾ ਇਨਸਾਨ ਬਣਨ ਦੀ ਹੱਲਾਸ਼ੇਰੀ ਮਿਲੀ।”

ਜਾਣੋ ਕਿ ਤੁਸੀਂ ਹਿੰਸਾ ਤੋਂ ਬਗੈਰ ਦੁਨੀਆਂ ਵਿਚ ਕਿਵੇਂ ਰਹਿ ਸਕਦੇ ਹੋ

ਇਨ੍ਹਾਂ ਤਜਰਬਿਆਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਬਾਈਬਲ ਵਿਚ ਲੋਕਾਂ ਦੀ ਸੋਚ ਨੂੰ ਬਦਲਣ ਦੀ ਜ਼ਬਰਦਸਤ ਤਾਕਤ ਹੈ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੀ ਕਾਇਆ ਹੀ ਪਲਟ ਜਾਂਦੀ ਹੈ। (ਅਫ਼ਸੀਆਂ 4:23) ਪਹਿਲਾਂ ਜ਼ਿਕਰ ਕੀਤਾ ਐਲਿਕਸ ਅੱਗੇ ਕਹਿੰਦਾ ਹੈ: “ਬਾਈਬਲ ਤੋਂ ਸਿੱਖੀਆਂ ਗੱਲਾਂ ਸ਼ੁੱਧ ਪਾਣੀ ਵਾਂਗ ਸਨ ਜਿਨ੍ਹਾਂ ਨੇ ਮੇਰੇ ਅੰਦਰ ਜਾ ਕੇ ਮੇਰੇ ਬੁਰੇ ਖ਼ਿਆਲਾਂ ਨੂੰ ਧੋ ਕੇ ਮੈਨੂੰ ਹੌਲੀ-ਹੌਲੀ ਸ਼ੁੱਧ ਕਰ ਦਿੱਤਾ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨੇ ਬੁਰੇ ਕੰਮਾਂ ਨੂੰ ਛੱਡ ਦੇਵਾਂਗਾ।” ਜੀ ਹਾਂ, ਜਦੋਂ ਅਸੀਂ ਆਪਣੇ ਮਨਾਂ ਨੂੰ ਬਾਈਬਲ ਦੀਆਂ ਸ਼ੁੱਧ ਗੱਲਾਂ ਨਾਲ ਭਰਦੇ ਹਾਂ, ਤਾਂ ਇਹ ਸਾਡੇ ਵਿੱਚੋਂ ਬੁਰਾਈ ਨੂੰ ਧੋ ਕੇ ਕੱਢ ਦੇਣਗੀਆਂ। ਰੱਬ ਦੇ ਬਚਨ ਵਿਚ ਸਾਨੂੰ ਸ਼ੁੱਧ ਕਰਨ ਦੀ ਤਾਕਤ ਹੈ। (ਅਫ਼ਸੀਆਂ 5:26) ਇਸ ਦੇ ਨਤੀਜੇ ਵਜੋਂ ਜ਼ਾਲਮ ਤੇ ਸੁਆਰਥੀ ਲੋਕ ਆਪਣੇ ਤੌਰ-ਤਰੀਕਿਆਂ ਨੂੰ ਬਦਲ ਕੇ ਚੰਗੇ ਤੇ ਸ਼ਾਂਤੀ-ਪਸੰਦ ਲੋਕ ਬਣ ਸਕਦੇ ਹਨ। (ਰੋਮੀਆਂ 12:18) ਉਨ੍ਹਾਂ ਨੂੰ ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਸ਼ਾਂਤੀ ਮਿਲਦੀ ਹੈ।—ਯਸਾਯਾਹ 48:18.

240 ਦੇਸ਼ਾਂ ਵਿਚ 80,00,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਹਿੰਸਾ ਨੂੰ ਖ਼ਤਮ ਕਰਨ ਦਾ ਰਾਜ਼ ਜਾਣਿਆ ਹੈ। ਸਾਰੀਆਂ ਨਸਲਾਂ, ਸਮਾਜਕ ਦਰਜਿਆਂ ਅਤੇ ਪਿਛੋਕੜਾਂ ਦੇ ਲੋਕਾਂ ਨੇ ਰੱਬ ਨੂੰ ਪਿਆਰ ਕਰਨ ਅਤੇ ਉਸ ਤੋਂ ਡਰਨ ਦੇ ਨਾਲ-ਨਾਲ ਇਕ-ਦੂਜੇ ਨੂੰ ਵੀ ਪਿਆਰ ਕਰਨਾ ਸਿੱਖਿਆ ਹੈ। ਇਸ ਕਰਕੇ ਉਹ ਦੁਨੀਆਂ ਭਰ ਵਿਚ ਇਕ ਪਰਿਵਾਰ ਦੀ ਤਰ੍ਹਾਂ ਸ਼ਾਂਤੀ ਨਾਲ ਰਹਿੰਦੇ ਹਨ। (1 ਪਤਰਸ 4:8) ਉਹ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹਨ ਕਿ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ।

ਜਲਦੀ ਹੀ ਹਿੰਸਾ ਤੋਂ ਬਗੈਰ ਦੁਨੀਆਂ!

ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਜਲਦੀ ਹੀ ਇਸ ਧਰਤੀ ਉੱਤੋਂ ਹਿੰਸਾ ਖ਼ਤਮ ਕਰੇਗਾ। ਅੱਜ ਦੀ ਹਿੰਸਕ ਦੁਨੀਆਂ ਪਰਮੇਸ਼ੁਰ ਵੱਲੋਂ “ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ” ਦਾ ਸਾਮ੍ਹਣਾ ਕਰੇਗੀ। (2 ਪਤਰਸ 3:5-7) ਫਿਰ ਕਦੇ ਵੀ ਹਿੰਸਕ ਲੋਕ ਦੂਜਿਆਂ ਨੂੰ ਤੰਗ ਨਹੀਂ ਕਰਨਗੇ। ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਰੱਬ ਦਖ਼ਲ ਦੇ ਕੇ ਹਿੰਸਾ ਨੂੰ ਖ਼ਤਮ ਕਰਨਾ ਚਾਹੁੰਦਾ ਹੈ?

ਬਾਈਬਲ ਦੱਸਦੀ ਹੈ ਕਿ ਰੱਬ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, CL) ਸਾਡਾ ਸਿਰਜਣਹਾਰ ਸ਼ਾਂਤੀ ਤੇ ਇਨਸਾਫ਼-ਪਸੰਦ ਹੈ। (ਜ਼ਬੂਰਾਂ ਦੀ ਪੋਥੀ 33:5; 37:28) ਇਸ ਕਰਕੇ ਉਹ ਹਮੇਸ਼ਾ ਲਈ ਹਿੰਸਕ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ।

ਜੀ ਹਾਂ, ਸ਼ਾਂਤੀ ਭਰੀ ਨਵੀਂ ਦੁਨੀਆਂ ਆਉਣ ਹੀ ਵਾਲੀ ਹੈ। (ਜ਼ਬੂਰਾਂ ਦੀ ਪੋਥੀ 37:11; 72:14) ਕਿਉਂ ਨਾ ਇਸ ਬਾਰੇ ਹੋਰ ਸਿੱਖੋ ਕਿ ਤੁਸੀਂ ਹਿੰਸਾ ਤੋਂ ਬਗੈਰ ਦੁਨੀਆਂ ਵਿਚ ਰਹਿਣ ਦੇ ਕਾਬਲ ਕਿਵੇਂ ਬਣ ਸਕਦੇ ਹੋ? ▪ (w16-E No. 4)