ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਔਰਤਾਂ ਦੀ ਤੇ ਆਪਣੀ ਇੱਜ਼ਤ ਕਰਨੀ ਸਿੱਖੀ
-
ਜਨਮ: 1960
-
ਦੇਸ਼: ਫਰਾਂਸ
-
ਅਤੀਤ: ਹਿੰਸਕ ਨਸ਼ੇੜੀ, ਔਰਤਾਂ ਦੀ ਇੱਜ਼ਤ ਨਾ ਕਰਨ ਵਾਲਾ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰਾ ਜਨਮ ਉੱਤਰੀ-ਪੂਰਬੀ ਫਰਾਂਸ ਦੇ ਮਲੂਜ਼ ਸ਼ਹਿਰ ਦੇ ਇਕ ਇਲਾਕੇ ਵਿਚ ਹੋਇਆ ਜਿੱਥੋਂ ਦੇ ਲੋਕ ਮਜ਼ਦੂਰੀ ਕਰਦੇ ਸਨ ਤੇ ਇਹ ਇਲਾਕਾ ਹਿੰਸਾ ਲਈ ਮਸ਼ਹੂਰ ਸੀ। ਮੇਰੀਆਂ ਬਚਪਨ ਦੀਆਂ ਯਾਦਾਂ ਵਿਚ ਆਲੇ-ਦੁਆਲੇ ਦੇ ਪਰਿਵਾਰਾਂ ਦੇ ਲੜਾਈ-ਝਗੜੇ ਵਸੇ ਹੋਏ ਹਨ। ਸਾਡੇ ਪਰਿਵਾਰ ਵਿਚ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ ਤੇ ਆਦਮੀ ਘੱਟ ਹੀ ਉਨ੍ਹਾਂ ਤੋਂ ਸਲਾਹ ਲੈਂਦੇ ਸਨ। ਮੈਨੂੰ ਸਿਖਾਇਆ ਗਿਆ ਸੀ ਕਿ ਔਰਤਾਂ ਦੀ ਜਗ੍ਹਾ ਰਸੋਈ ਵਿਚ ਹੈ ਤੇ ਉਨ੍ਹਾਂ ਦਾ ਕੰਮ ਹੈ ਆਦਮੀਆਂ ਤੇ ਬੱਚਿਆਂ ਦੀ ਦੇਖ-ਭਾਲ ਕਰਨੀ।
ਮੇਰਾ ਬਚਪਨ ਬਹੁਤ ਭੈੜਾ ਬੀਤਿਆ। ਜਦੋਂ ਮੈਂ ਦਸ ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਦੀ ਜ਼ਿਆਦਾ ਸ਼ਰਾਬ ਪੀਣ ਕਰਕੇ ਮੌਤ ਹੋ ਗਈ। ਪੰਜ ਸਾਲਾਂ ਬਾਅਦ ਮੇਰੇ ਇਕ ਵੱਡੇ ਭਰਾ ਨੇ ਆਤਮ-ਹੱਤਿਆ ਕਰ ਲਈ। ਉਸੇ ਸਾਲ ਖ਼ਾਨਦਾਨੀ ਦੁਸ਼ਮਣੀ ਕਰਕੇ ਮੈਂ ਇਕ ਕਤਲ ਹੁੰਦਾ ਦੇਖਿਆ ਜਿਸ ਕਰਕੇ ਮੈਨੂੰ ਗਹਿਰਾ ਸਦਮਾ ਲੱਗਾ। ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਸਿਖਾਇਆ ਸੀ ਕਿ ਲੋੜ ਪੈਣ ਤੇ ਕਿਵੇਂ ਚਾਕੂ ਤੇ ਬੰਦੂਕਾਂ ਚਲਾਉਣੀਆਂ ਹਨ ਤੇ ਲੜਨਾ ਹੈ। ਪਰੇਸ਼ਾਨ ਹੋਣ ਕਰਕੇ ਮੈਂ ਆਪਣੇ ਪੂਰੇ ਸਰੀਰ ਤੇ ਟੈਟੂ ਬਣਵਾਉਣੇ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
16 ਸਾਲ ਦੀ ਉਮਰ ਵਿਚ ਮੈਂ ਹਰ ਰੋਜ਼ 10-15 ਬੋਤਲਾਂ ਬੀਅਰ ਦੀਆਂ ਪੀ ਜਾਂਦਾ ਸੀ ਅਤੇ ਛੇਤੀ ਹੀ ਮੈਂ ਨਸ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ। ਆਪਣੀ ਲਤ ਪੂਰੀ ਕਰਨ ਲਈ ਮੈਂ ਟੁੱਟਾ-ਭੱਜਾ ਲੋਹਾ ਵੇਚਦਾ ਸੀ ਤੇ ਚੋਰੀ ਕਰਦਾ ਸੀ। 17 ਸਾਲ ਦਾ ਹੋਣ ’ਤੇ ਮੈਂ ਜੇਲ੍ਹ ਦੀ ਹਵਾ ਖਾ ਚੁੱਕਾ ਸੀ। ਚੋਰੀ ਤੇ ਮਾਰ-ਧਾੜ ਕਰਕੇ ਮੈਨੂੰ ਕੁੱਲ ਮਿਲਾ ਕੇ 18 ਵਾਰ ਸਜ਼ਾ ਮਿਲੀ।
20-22 ਸਾਲਾਂ ਦਾ ਹੋਣ ਤੇ ਮੈਂ ਹੋਰ ਵੀ ਬੁਰਾ ਬਣ ਗਿਆ। ਮੈਂ ਹਰ ਰੋਜ਼ ਭੰਗ ਦੀਆਂ 20 ਸਿਗਰਟਾਂ ਪੀ ਜਾਂਦਾ ਸੀ, ਹੈਰੋਇਨ ਲੈਂਦਾ ਸੀ ਅਤੇ ਹੋਰ ਗ਼ੈਰ-ਕਾਨੂੰਨੀ ਨਸ਼ੇ ਕਰਦਾ ਸੀ। ਮੈਂ ਕਈ ਵਾਰ ਹੱਦੋਂ ਵੱਧ ਨਸ਼ੇ ਲੈਣ ਕਰਕੇ ਮਸਾਂ ਮਰਨੋਂ ਬਚਿਆ। ਮੈਂ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ, ਇਸ ਲਈ ਮੈਂ ਹਮੇਸ਼ਾ ਆਪਣੇ ਕੋਲ ਚਾਕੂ ਤੇ ਬੰਦੂਕਾਂ ਰੱਖਦਾ ਸੀ। ਇਕ ਵਾਰ ਮੈਂ ਇਕ ਆਦਮੀ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਚੰਗਾ ਹੋਇਆ ਕਿ ਗੋਲੀ ਉਸ ਦੇ ਬੈੱਲਟ ਦੇ ਬੱਕਲ ਵਿਚ ਲੱਗੀ। ਜਦ ਮੈਂ 24 ਸਾਲਾਂ ਦਾ ਸੀ, ਤਾਂ ਮੇਰੀ ਮੰਮੀ ਦੀ ਮੌਤ ਹੋ ਗਈ ਤੇ ਮੈਂ ਹੋਰ ਵੀ ਗੁੱਸੇਖ਼ੋਰ ਬਣ ਗਿਆ। ਪੈਦਲ ਚੱਲ ਰਹੇ ਲੋਕ ਮੈਨੂੰ ਆਉਂਦਾ ਦੇਖ ਕੇ ਡਰ ਦੇ ਮਾਰੇ ਸੜਕ ਦੇ ਦੂਜੇ ਪਾਸੇ ਚਲੇ ਜਾਂਦੇ ਸਨ। ਲੜਾਈਆਂ ਕਰਨ ਕਰਕੇ ਅਕਸਰ ਮੇਰਾ ਸ਼ਨੀ-ਐਤਵਾਰ ਥਾਣੇ ਜਾਂ ਹਸਪਤਾਲ ਵਿਚ ਟਾਂਕੇ ਲਗਵਾਉਣ ਵਿਚ ਗੁਜ਼ਰਦਾ ਸੀ।
28 ਸਾਲਾਂ ਦੀ ਉਮਰ ਵਿਚ ਮੈਂ ਵਿਆਹ ਕਰਵਾ ਲਿਆ। ਜਿਵੇਂ ਤੁਸੀਂ ਸੋਚਿਆ ਹੀ ਹੋਣਾ, ਮੈਂ ਆਪਣੀ ਪਤਨੀ ਨਾਲ ਕਦੇ ਵੀ ਆਦਰ ਨਾਲ ਪੇਸ਼ ਨਹੀਂ ਆਇਆ। ਮੈਂ ਉਸ ਦੀ ਬੇਇੱਜ਼ਤੀ ਕਰਦਾ ਤੇ ਉਸ ਨੂੰ ਮਾਰਦਾ-ਕੁੱਟਦਾ ਸੀ। ਅਸੀਂ ਦੋਵਾਂ ਨੇ ਕਦੇ ਕੋਈ ਕੰਮ ਇਕੱਠਿਆਂ ਨਹੀਂ ਕੀਤਾ। ਮੈਂ ਸੋਚਦਾ ਸੀ ਕਿ ਉਸ ਨੂੰ ਚੋਰੀ ਕੀਤੇ ਹੋਏ ਗਹਿਣੇ ਦੇਣੇ ਹੀ ਕਾਫ਼ੀ ਹਨ। ਫਿਰ ਕੁਝ ਅਜਿਹਾ ਹੋਇਆ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ। ਮੇਰੀ ਪਤਨੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲੀ ਵਾਰ ਸਟੱਡੀ ਕਰਨ ਤੋਂ ਬਾਅਦ ਹੀ ਉਸ ਨੇ ਸਿਗਰਟ ਪੀਣੀ ਛੱਡ ਦਿੱਤੀ, ਮੇਰੇ ਚੋਰੀ ਕੀਤੇ ਹੋਏ ਪੈਸੇ ਲੈਣੇ ਬੰਦ ਕਰ ਦਿੱਤੇ ਤੇ ਆਪਣੇ ਗਹਿਣੇ ਮੈਨੂੰ ਵਾਪਸ ਕਰ ਦਿੱਤੇ। ਇਹ ਦੇਖ ਕੇ ਮੇਰਾ ਖ਼ੂਨ ਖੌਲ ਉੱਠਿਆ। ਮੈਂ ਉਸ ਨੂੰ ਬਾਈਬਲ ਸਟੱਡੀ ਕਰਨ ਤੋਂ ਰੋਕਦਾ ਸੀ ਅਤੇ ਉਸ ਦੇ ਮੂੰਹ ’ਤੇ ਸਿਗਰਟ ਦਾ
ਧੂੰਆਂ ਮਾਰਦਾ ਹੁੰਦਾ ਸੀ। ਮੈਂ ਆਂਢ-ਗੁਆਂਢ ਵਿਚ ਵੀ ਉਸ ਦੀ ਬੇਇੱਜ਼ਤੀ ਕਰਦਾ ਸੀ।ਇਕ ਰਾਤ ਸ਼ਰਾਬ ਦੇ ਨਸ਼ੇ ਵਿਚ ਮੈਂ ਆਪਣੇ ਅਪਾਰਟਮੈਂਟ ਨੂੰ ਅੱਗ ਲਾ ਦਿੱਤੀ। ਮੇਰੀ ਪਤਨੀ ਨੇ ਮੈਨੂੰ ਅਤੇ ਸਾਡੀ ਪੰਜ ਸਾਲਾਂ ਦੀ ਕੁੜੀ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਇਆ। ਜਦੋਂ ਮੇਰਾ ਨਸ਼ਾ ਉੱਤਰਿਆ, ਤਾਂ ਮੈਂ ਬਹੁਤ ਸ਼ਰਮਸਾਰ ਹੋਇਆ। ਮੈਨੂੰ ਲੱਗਾ ਕਿ ਰੱਬ ਮੈਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਮੈਨੂੰ ਯਾਦ ਆਇਆ ਕਿ ਮੈਂ ਇਕ ਪਾਦਰੀ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਬੁਰੇ ਲੋਕ ਨਰਕ ਵਿਚ ਜਾਂਦੇ ਹਨ। ਮਾਨਸਿਕ ਰੋਗਾਂ ਦੇ ਡਾਕਟਰ ਨੇ ਵੀ ਮੈਨੂੰ ਕਿਹਾ: “ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ! ਤੂੰ ਕਦੇ ਨਹੀਂ ਸੁਧਰ ਸਕਦਾ।”
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:
ਸਾਡੇ ਅਪਾਰਟਮੈਂਟ ਨੂੰ ਅੱਗ ਲੱਗਣ ਤੋਂ ਬਾਅਦ ਅਸੀਂ ਮੇਰੇ ਸਹੁਰਿਆਂ ਦੇ ਘਰ ਰਹਿਣ ਚਲੇ ਗਏ। ਜਦੋਂ ਗਵਾਹ ਮੇਰੀ ਪਤਨੀ ਨੂੰ ਮਿਲਣ ਆਏ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ: “ਕੀ ਰੱਬ ਮੇਰੇ ਸਾਰੇ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?” ਉਨ੍ਹਾਂ ਨੇ ਮੈਨੂੰ ਬਾਈਬਲ ਵਿੱਚੋਂ 1 ਕੁਰਿੰਥੀਆਂ 6:9-11 ਦਿਖਾਇਆ। ਇਨ੍ਹਾਂ ਆਇਤਾਂ ਵਿਚ ਉਨ੍ਹਾਂ ਕੰਮਾਂ ਬਾਰੇ ਦੱਸਿਆ ਸੀ ਜਿਨ੍ਹਾਂ ਨੂੰ ਰੱਬ ਪਸੰਦ ਨਹੀਂ ਕਰਦਾ, ਪਰ ਇੱਥੇ ਇਹ ਵੀ ਲਿਖਿਆ ਸੀ: “ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ।” ਇਨ੍ਹਾਂ ਸ਼ਬਦਾਂ ਨੇ ਮੇਰੇ ਅੰਦਰ ਇਕ ਉਮੀਦ ਦੀ ਕਿਰਨ ਜਗਾਈ ਕਿ ਮੈਂ ਬਦਲ ਸਕਦਾ ਸੀ। ਫਿਰ ਗਵਾਹਾਂ ਨੇ 1 ਯੂਹੰਨਾ 4:8 ਦਿਖਾ ਕੇ ਮੈਨੂੰ ਭਰੋਸਾ ਦਿਵਾਇਆ ਕਿ ਰੱਬ ਮੈਨੂੰ ਪਿਆਰ ਕਰਦਾ ਹੈ। ਮੈਨੂੰ ਹੌਸਲਾ ਮਿਲਿਆ ਅਤੇ ਮੈਂ ਗਵਾਹਾਂ ਨੂੰ ਹਫ਼ਤੇ ਵਿਚ ਦੋ ਵਾਰ ਬਾਈਬਲ ਸਟੱਡੀ ਕਰਾਉਣ ਲਈ ਪੁੱਛਿਆ ਤੇ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ।
ਇਕ ਮਹੀਨੇ ਦੇ ਅੰਦਰ-ਅੰਦਰ ਮੈਂ ਨਸ਼ੇ ਅਤੇ ਸ਼ਰਾਬ ਛੱਡਣ ਦਾ ਫ਼ੈਸਲਾ ਕੀਤਾ। ਪਰ ਜਲਦੀ ਹੀ ਮੇਰੇ ਸਰੀਰ ਅੰਦਰ ਜੰਗ ਛਿੜ ਗਈ ਸੀ! ਮੈਨੂੰ ਰਾਤ ਨੂੰ ਭਿਆਨਕ ਸੁਪਨੇ ਆਉਂਦੇ ਸਨ, ਮੇਰਾ ਸਿਰ ਦੁੱਖਦਾ ਸੀ, ਸਾਰਾ ਸਰੀਰ ਟੁੱਟਦਾ ਸੀ ਅਤੇ ਹੋਰ ਬਹੁਤ ਸਾਰੇ ਮਾੜੇ ਅਸਰ ਦਿਖਾਈ ਦਿੰਦੇ ਸਨ। ਪਰ ਇਸ ਦੇ ਨਾਲ-ਨਾਲ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੇਰਾ ਹੱਥ ਫੜਿਆ ਹੋਇਆ ਸੀ ਅਤੇ ਉਹ ਮੈਨੂੰ ਤਾਕਤ ਦਿੰਦਾ ਸੀ। ਮੈਂ ਪੌਲੁਸ ਰਸੂਲ ਵਾਂਗ ਮਹਿਸੂਸ ਕੀਤਾ। ਉਸ ਨੇ ਰੱਬ ਤੋਂ ਮਿਲੀ ਮਦਦ ਬਾਰੇ ਗੱਲ ਕਰਦੇ ਹੋਏ ਲਿਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।” (ਫ਼ਿਲਿੱਪੀਆਂ 4:13) ਸਮੇਂ ਦੇ ਬੀਤਣ ਨਾਲ ਮੈਂ ਤਮਾਖੂ ਪੀਣਾ ਵੀ ਛੱਡ ਦਿੱਤਾ।—2 ਕੁਰਿੰਥੀਆਂ 7:1.
ਮੇਰੀ ਜ਼ਿੰਦਗੀ ਸੁਧਾਰਨ ਦੇ ਨਾਲ-ਨਾਲ ਬਾਈਬਲ ਨੇ ਸਾਡੇ ਪਰਿਵਾਰ ਦੀ ਵੀ ਮਦਦ ਕੀਤੀ। ਮੇਰੀ ਪਤਨੀ ਪ੍ਰਤੀ ਮੇਰਾ ਰਵੱਈਆ ਬਦਲ ਗਿਆ। ਮੈਂ ਉਸ ਦੀ ਇੱਜ਼ਤ ਕਰਨੀ ਤੇ ਉਸ ਨੂੰ “ਪਲੀਜ਼” ਅਤੇ “ਥੈਂਕਯੂ” ਕਹਿਣਾ ਸ਼ੁਰੂ ਕੀਤਾ। ਮੈਂ ਆਪਣੀ ਧੀ ਪ੍ਰਤੀ ਚੰਗੇ ਪਿਤਾ ਦਾ ਫ਼ਰਜ਼ ਅਦਾ ਕਰਨਾ ਵੀ ਸ਼ੁਰੂ ਕੀਤਾ। ਇਕ ਸਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਆਪਣੀ ਪਤਨੀ ਦੀ ਮਿਸਾਲ ’ਤੇ ਚੱਲਦੇ ਹੋਏ ਮੈਂ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਕਰ ਦਿੱਤੀ ਤੇ ਬਪਤਿਸਮਾ ਲੈ ਲਿਆ।
ਅੱਜ ਮੇਰੀ ਜ਼ਿੰਦਗੀ:
ਮੈਨੂੰ ਪੂਰਾ ਯਕੀਨ ਹੈ ਕਿ ਬਾਈਬਲ ਦੇ ਅਸੂਲਾਂ ਕਰਕੇ ਹੀ ਮੇਰੀ ਜ਼ਿੰਦਗੀ ਬਚੀ ਹੈ। ਇੱਥੋਂ ਤਕ ਕਿ ਮੇਰੇ ਰਿਸ਼ਤੇਦਾਰਾਂ, ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਨੇ ਵੀ ਦੇਖਿਆ ਕਿ ਨਸ਼ਿਆਂ ਜਾਂ ਲੜਾਈ ਕਰਕੇ ਹੁਣ ਤਕ ਮੈਂ ਆਪਣੀ ਜਾਨ ਤੋਂ ਹੱਥ ਧੋ ਚੁੱਕਾ ਹੋਣਾ ਸੀ।
ਬਾਈਬਲ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਮੇਰੀ ਪਰਿਵਾਰਕ ਜ਼ਿੰਦਗੀ ਦੀ ਕਾਇਆ ਹੀ ਪਲਟ ਗਈ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਕ ਪਤੀ ਅਤੇ ਪਿਤਾ ਹੋਣ ਦੇ ਨਾਤੇ ਮੇਰੀਆਂ ਕੀ ਜ਼ਿੰਮੇਵਾਰੀਆਂ ਹਨ। (ਅਫ਼ਸੀਆਂ 5:25; 6:4) ਸਾਡੇ ਸਾਰੇ ਪਰਿਵਾਰ ਨੇ ਮਿਲ ਕੇ ਸਭ ਕੰਮ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਆਪਣੀ ਪਤਨੀ ਨੂੰ ਰਸੋਈ ਵਿਚ ਵਾੜੀ ਰੱਖਣ ਦੀ ਬਜਾਇ ਖ਼ੁਸ਼ੀ-ਖ਼ੁਸ਼ੀ ਉਸ ਦੀ ਮਦਦ ਕਰਦਾ ਹਾਂ ਜੋ ਹਰ ਮਹੀਨੇ 70 ਘੰਟੇ ਪਰਮੇਸ਼ੁਰ ਬਾਰੇ ਪ੍ਰਚਾਰ ਕਰਦੀ ਹੈ। ਉਹ ਵੀ ਖ਼ੁਸ਼ੀ-ਖ਼ੁਸ਼ੀ ਮੇਰੀ ਮਦਦ ਕਰਦੀ ਹੈ ਤਾਂਕਿ ਮੈਂ ਮੰਡਲੀ ਦੇ ਬਜ਼ੁਰਗ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਸਕਾਂ।
ਯਹੋਵਾਹ ਦੇ ਪਿਆਰ ਤੇ ਦਇਆ ਕਰਕੇ ਮੇਰੀ ਜ਼ਿੰਦਗੀ ’ਤੇ ਬਹੁਤ ਡੂੰਘਾ ਅਸਰ ਪਿਆ ਹੈ। ਮੈਂ ਉਸ ਦੇ ਗੁਣਾਂ ਬਾਰੇ ਉਨ੍ਹਾਂ ਲੋਕਾਂ ਨੂੰ ਦੱਸਣ ਲਈ ਉਤਾਵਲਾ ਰਹਿੰਦਾ ਹਾਂ ਜਿਨ੍ਹਾਂ ਬਾਰੇ ਸੋਚਿਆ ਜਾਂਦਾ ਹੈ ਕਿ ਉਨ੍ਹਾਂ ਦੇ ਬਦਲਣ ਦੀ ਕੋਈ ਉਮੀਦ ਨਹੀਂ ਜਿਸ ਤਰ੍ਹਾਂ ਕਈ ਮੇਰੇ ਬਾਰੇ ਵੀ ਸੋਚਦੇ ਸਨ। ਮੈਨੂੰ ਪਤਾ ਹੈ ਕਿ ਬਾਈਬਲ ਵਿਚ ਕਿਸੇ ਨੂੰ ਵੀ ਬਦਲਣ ਦੀ ਤਾਕਤ ਹੈ ਤੇ ਇਹ ਉਨ੍ਹਾਂ ਦੀ ਸਾਫ਼-ਸੁਥਰੀ ਤੇ ਮਕਸਦ ਭਰੀ ਜ਼ਿੰਦਗੀ ਜੀਉਣ ਵਿਚ ਮਦਦ ਕਰ ਸਕਦੀ ਹੈ। ਬਾਈਬਲ ਨੇ ਮੈਨੂੰ ਨਾ ਸਿਰਫ਼ ਦੂਸਰਿਆਂ ਨਾਲ ਪਿਆਰ ਕਰਨਾ ਅਤੇ ਆਦਮੀਆਂ ਤੇ ਔਰਤਾਂ ਦੀ ਇੱਜ਼ਤ ਕਰਨੀ ਸਿਖਾਈ ਹੈ, ਸਗੋਂ ਇਸ ਦੀ ਮਦਦ ਨਾਲ ਮੈਂ ਆਪਣੀ ਇੱਜ਼ਤ ਕਰਨੀ ਵੀ ਸਿੱਖੀ ਹੈ। ▪ (w16-E No. 3)