Skip to content

Skip to table of contents

ਵਾਅਦੇ ਜੋ ਪੂਰੇ ਹੋਣਗੇ

ਵਾਅਦੇ ਜੋ ਪੂਰੇ ਹੋਣਗੇ

ਯਿਸੂ ਦੀ ਭਵਿੱਖਬਾਣੀ ਅਨੁਸਾਰ, ਰੱਬ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ। (ਮੱਤੀ 24:14) ਬਾਈਬਲ ਵਿਚ ਦਾਨੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਹ ਰਾਜ ਰੱਬ ਦੀ ਸਰਕਾਰ ਹੈ। ਇਸੇ ਕਿਤਾਬ ਦੇ ਪਾਠ 2 ਵਿਚ ਬਾਬਲ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨਾਂ ਤਕ ਰਾਜ ਕਰਨ ਵਾਲੀਆਂ ਕੁਝ ਪ੍ਰਭਾਵਸ਼ਾਲੀ ਇਨਸਾਨੀ ਸਰਕਾਰਾਂ ਬਾਰੇ ਦੱਸਿਆ ਗਿਆ ਹੈ। ਭਵਿੱਖ ਵਿਚ ਕੀ ਹੋਵੇਗਾ, ਇਸ ਬਾਰੇ ਆਇਤ 44 ਕਹਿੰਦੀ ਹੈ:

“ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”

ਇਹ ਅਤੇ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਧਰਤੀ ʼਤੇ ਇਨਸਾਨੀ ਸਰਕਾਰਾਂ ਦਾ ਨਹੀਂ, ਸਗੋਂ ਰੱਬ ਦਾ ਰਾਜ ਹੋਵੇਗਾ। ਇਹ ਰਾਜ ਕਦੇ ਵੀ ਖ਼ਤਮ ਨਹੀਂ ਹੋਵੇਗਾ ਅਤੇ ਇਸ ਵਿਚ ਸਭ ਕੁਝ ਸਲੀਕੇ ਨਾਲ ਹੋਵੇਗਾ। ਇਸ ਰਾਜ ਅਧੀਨ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਅੱਗੇ ਕੁਝ ਸ਼ਾਨਦਾਰ ਵਾਅਦਿਆਂ ਬਾਰੇ ਦੱਸਿਆ ਗਿਆ ਹੈ ਜੋ ਜਲਦ ਹੀ ਪੂਰੇ ਹੋਣਗੇ।

  • ਲੜਾਈਆਂ ਦਾ ਖ਼ਾਤਮਾ

    ਜ਼ਬੂਰਾਂ ਦੀ ਪੋਥੀ 46:9: “[ਰੱਬ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”

    ਅੱਜ ਬਹੁਤ ਸਾਰਾ ਪੈਸਾ ਅਤੇ ਕਾਬਲੀਅਤ ਵਰਤ ਕੇ ਹਥਿਆਰ ਬਣਾਏ ਜਾਂਦੇ ਹਨ। ਜ਼ਰਾ ਕਲਪਨਾ ਕਰੋ, ਜੇ ਇਹ ਸਾਰਾ ਕੁਝ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ ਉਨ੍ਹਾਂ ਦੇ ਭਲੇ ਲਈ ਵਰਤਿਆ ਜਾਵੇ, ਤਾਂ ਇਹ ਦੁਨੀਆਂ ਕਿੱਦਾਂ ਦੀ ਹੋਵੇਗੀ! ਲੜਾਈਆਂ ਦੇ ਖ਼ਾਤਮੇ ਦਾ ਵਾਅਦਾ ਰੱਬ ਦੇ ਰਾਜ ਵਿਚ ਪੂਰਾ ਹੋਵੇਗਾ।

  • ਬੀਮਾਰੀਆਂ ਦਾ ਖ਼ਾਤਮਾ

    ਯਸਾਯਾਹ 33:24: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”

    ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਕਿਸੇ ਨੂੰ ਵੀ ਦਿਲ ਦੀਆਂ ਬੀਮਾਰੀਆਂ, ਕੈਂਸਰ, ਮਲੇਰੀਆ ਜਾਂ ਕੋਈ ਹੋਰ ਬੀਮਾਰੀ ਨਹੀਂ ਹੋਵੇਗੀ। ਕਿਸੇ ਨੂੰ ਵੀ ਹਸਪਤਾਲ ਤੇ ਦਵਾਈਆਂ ਦੀ ਲੋੜ ਨਹੀਂ ਪਵੇਗੀ। ਭਵਿੱਖ ਵਿਚ ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ।

  • ਖਾਣੇ ਦੀ ਕੋਈ ਕਮੀ ਨਹੀਂ ਹੋਵੇਗੀ

    ਜ਼ਬੂਰਾਂ ਦੀ ਪੋਥੀ 72:16: “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ।”

    ਧਰਤੀ ʼਤੇ ਬਹੁਤ ਸਾਰਾ ਅੰਨ ਹੋਵੇਗਾ ਅਤੇ ਕੋਈ ਵੀ ਭੁੱਖਾ ਨਹੀਂ ਸੌਂਵੇਗਾ। ਕੋਈ ਵੀ ਭੁੱਖਮਰੀ ਅਤੇ ਕੁਪੋਸ਼ਣ ਦਾ ਸ਼ਿਕਾਰ ਨਹੀਂ ਹੋਵੇਗਾ।

  • ਦੁੱਖ-ਤਕਲੀਫ਼ਾਂ ਅਤੇ ਮੌਤ ਦਾ ਖ਼ਾਤਮਾ

    ਪ੍ਰਕਾਸ਼ ਦੀ ਕਿਤਾਬ 21:4: “[ਰੱਬ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”

    ਇਸ ਦਾ ਮਤਲਬ ਹੈ ਕਿ ਕਿਸੇ ਇਨਸਾਨ ਵਿਚ ਕੋਈ ਵੀ ਕਮੀ ਨਹੀਂ ਹੋਵੇਗੀ ਅਤੇ ਸਾਰੇ ਲੋਕ ਬਾਗ਼ ਵਰਗੀ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਜੀਉਣਗੇ। ਇਹ ਵਾਅਦਾ ਸਾਡੇ ਪਿਆਰੇ ਸਿਰਜਣਹਾਰ, ਯਹੋਵਾਹ ਪਰਮੇਸ਼ੁਰ, ਨੇ ਕੀਤਾ ਹੈ।

“ਉਸ ਵਿੱਚ ਸਫ਼ਲ ਹੋਏਗਾ”

ਕੀ ਤੁਹਾਨੂੰ ਇਹ ਸਭ ਕੁਝ ਸੁਪਨਾ ਹੀ ਲੱਗਦਾ ਹੈ? ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਬਾਈਬਲ ਵਿਚ ਦੱਸੇ ਵਾਅਦਿਆਂ ਮੁਤਾਬਕ ਹੋਵੇ। ਪਰ ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਕਾਰਨਾਂ ਕਰਕੇ ਹਮੇਸ਼ਾ ਜੀਉਂਦੇ ਰਹਿਣ ਦੀ ਗੱਲ ʼਤੇ ਯਕੀਨ ਕਰਨਾ ਬਹੁਤ ਔਖਾ ਲੱਗਦਾ ਹੈ। ਅਸੀਂ ਸਮਝ ਸਕਦੇ ਹਾਂ ਕਿ ਲੋਕਾਂ ਨੂੰ ਇੱਦਾਂ ਕਿਉਂ ਲੱਗਦਾ ਹੈ, ਕਿਉਂਕਿ ਕਿਸੇ ਵੀ ਇਨਸਾਨ ਨੇ ਅਜਿਹੇ ਹਾਲਾਤਾਂ ਵਿਚ ਜ਼ਿੰਦਗੀ ਨਹੀਂ ਬਿਤਾਈ ਜੋ ਸਾਨੂੰ ਇਸ ਬਾਰੇ ਦੱਸ ਸਕੇ।

ਇਨਸਾਨ ਪਾਪ ਅਤੇ ਮੌਤ ਦੇ ਗ਼ੁਲਾਮ ਹਨ ਅਤੇ ਉਹ ਲੰਬੇ ਸਮੇਂ ਤੋਂ ਦੁੱਖ-ਤਕਲੀਫ਼ਾਂ ਅਤੇ ਮੁਸ਼ਕਲਾਂ ਝੱਲਦੇ ਆਏ ਹਨ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹੀ ਜ਼ਿੰਦਗੀ ਹੈ। ਪਰ ਸਾਡੇ ਸਿਰਜਣਹਾਰ, ਯਹੋਵਾਹ ਪਰਮੇਸ਼ੁਰ, ਦਾ ਇਨਸਾਨਾਂ ਲਈ ਇਹ ਮਕਸਦ ਬਿਲਕੁਲ ਵੀ ਨਹੀਂ ਸੀ।

ਰੱਬ ਨੇ ਸਾਨੂੰ ਇਹ ਯਕੀਨ ਦਿਵਾਉਣ ਲਈ ਕਿ ਉਸ ਵੱਲੋਂ ਕੀਤੇ ਸਾਰੇ ਵਾਅਦੇ ਜ਼ਰੂਰ ਪੂਰੇ ਹੋਣਗੇ, ਆਪਣੇ ਬਚਨ ਵਿਚ ਦੱਸਿਆ ਹੈ: “ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”​—ਯਸਾਯਾਹ 55:11.

ਬਾਈਬਲ ਵਿਚ ਯਹੋਵਾਹ ਬਾਰੇ ਦੱਸਿਆ ਗਿਆ ਹੈ ਕਿ ਉਹ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁਸ 1:2) ਭਵਿੱਖ ਲਈ ਇਹ ਸ਼ਾਨਦਾਰ ਵਾਅਦੇ ਯਹੋਵਾਹ ਨੇ ਕੀਤੇ ਹਨ। ਇਸ ਲਈ ਵਧੀਆ ਹੋਵੇਗਾ ਕਿ ਅਸੀਂ ਇਨ੍ਹਾਂ ਸਵਾਲਾਂ ʼਤੇ ਗੌਰ ਕਰੀਏ: ਕੀ ਇਨਸਾਨਾਂ ਲਈ ਬਾਗ਼ ਵਰਗੀ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹਿਣਾ ਵਾਕਈ ਮੁਮਕਿਨ ਹੈ? ਰੱਬ ਦੇ ਵਾਅਦਿਆਂ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਰਸਾਲੇ ਵਿਚ ਅੱਗੇ ਵਧੀਆ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ।