Skip to content

Skip to table of contents

ਕੀ ਬਾਈਬਲ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ?

ਕੀ ਬਾਈਬਲ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ?

ਕਈ ਕਹਿੰਦੇ ਹਨ, ਨਹੀਂ। ਇਕ ਡਾਕਟਰ ਨੇ ਬਾਈਬਲ ਤੋਂ ਸਲਾਹ ਲੈਣ ਦੀ ਤੁਲਨਾ 1920 ਦੇ ਦਹਾਕੇ ਵਿਚ ਪੜ੍ਹਾਈ ਜਾਂਦੀ ਰਸਾਇਣ-ਵਿਗਿਆਨ ਦੀ ਕਿਤਾਬ ਨਾਲ ਕੀਤੀ। ਜਿਹੜੇ ਲੋਕ ਬਾਈਬਲ ਦਾ ਆਦਰ ਨਹੀਂ ਕਰਦੇ, ਉਹ ਸ਼ਾਇਦ ਪੁੱਛਣ, ‘ਕੀ ਤੁਸੀਂ ਪੁਰਾਣੇ ਜ਼ਮਾਨੇ ਦੇ ਕੰਪਿਊਟਰ ਨਾਲ ਮਿਲੀ ਕਿਤਾਬ ਦੀ ਮਦਦ ਨਾਲ ਅੱਜ ਦੇ ਜ਼ਮਾਨੇ ਦਾ ਕੰਪਿਊਟਰ ਚਲਾਓਗੇ?’ ਕਹਿਣ ਦਾ ਮਤਲਬ, ਕਈ ਲੋਕ ਸੋਚਦੇ ਹਨ ਕਿ ਬਾਈਬਲ ਅੱਜ ਦੇ ਜ਼ਮਾਨੇ ਵਿਚ ਕੋਈ ਮਾਅਨੇ ਨਹੀਂ ਰੱਖਦੀ।

ਅੱਜ ਤਕਨਾਲੋਜੀ ਦਾ ਯੁਗ ਹੈ। ਇਸ ਜ਼ਮਾਨੇ ਵਿਚ ਕੋਈ ਇੰਨੀ ਪੁਰਾਣੀ ਕਿਤਾਬ ਕਿਉਂ ਵਰਤੇਗਾ? ਅੱਜ ਇੰਟਰਨੈੱਟ ’ਤੇ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਤੇ ਸਲਾਹਾਂ ਪਾਈਆਂ ਜਾਂਦੀਆਂ ਹਨ। ਮਾਹਰ, ਮਨੋਵਿਗਿਆਨੀ ਅਤੇ ਲੇਖਕ ਟੀ. ਵੀ. ਪ੍ਰੋਗ੍ਰਾਮਾਂ ਦੇ ਜ਼ਰੀਏ ਸਲਾਹਾਂ ਦਿੰਦੇ ਰਹਿੰਦੇ ਹਨ। ਕਿਤਾਬਾਂ ਦੀਆਂ ਦੁਕਾਨਾਂ ’ਤੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੀਆਂ ਕਿਤਾਬਾਂ ਵੇਚੀਆਂ ਜਾਂਦੀਆਂ ਹਨ ਜਿਸ ਕਰਕੇ ਕਰੋੜਾਂ ਦਾ ਵਪਾਰ ਹੁੰਦਾ ਹੈ।

ਜੇ ਅੱਜ ਇੰਨੀ ਜ਼ਿਆਦਾ ਜਾਣਕਾਰੀ ਉਪਲਬਧ ਹੈ, ਤਾਂ ਕੋਈ ਇਨਸਾਨ ਬਾਈਬਲ ਤੋਂ ਸਲਾਹ ਕਿਉਂ ਲਵੇਗਾ ਜੋ ਲਗਭਗ 2,000 ਸਾਲ ਪੁਰਾਣੀ ਹੈ। ਕੀ ਬਾਈਬਲ ਦਾ ਆਦਰ ਨਾ ਕਰਨ ਵਾਲਿਆਂ ਦੀ ਇਹ ਗੱਲ ਸਹੀ ਨਹੀਂ ਲੱਗਦੀ ਕਿ ਬਾਈਬਲ ਤੋਂ ਸਲਾਹ ਲੈਣੀ ਪੁਰਾਣੇ ਜ਼ਮਾਨੇ ਦੀ ਰਸਾਇਣ-ਵਿਗਿਆਨ ਜਾਂ ਕੰਪਿਊਟਰ ਦੀ ਕਿਤਾਬ ਤੋਂ ਸਲਾਹ ਲੈਣ ਦੇ ਬਰਾਬਰ ਹੈ? ਅਸਲ ਵਿਚ ਇਹ ਤਰਕ ਸਹੀ ਨਹੀਂ ਹੈ। ਵਿਗਿਆਨ ਅਤੇ ਤਕਨਾਲੋਜੀ ਵਿਚ ਰਾਤੋ-ਰਾਤ ਬਦਲਾਅ ਹੁੰਦਾ ਹੈ, ਪਰ ਕੀ ਇਨਸਾਨ ਦੀਆਂ ਬੁਨਿਆਦੀ ਲੋੜਾਂ ਕਦੇ ਬਦਲਦੀਆਂ ਹਨ? ਲੋਕ ਅੱਜ ਵੀ ਜ਼ਿੰਦਗੀ ਦੇ ਮਕਸਦ ਬਾਰੇ ਜਾਣਨਾ ਚਾਹੁੰਦੇ ਹਨ। ਨਾਲੇ ਉਹ ਖ਼ੁਸ਼ੀ, ਸ਼ਾਂਤੀ, ਪਰਿਵਾਰ ਵਿਚ ਏਕਤਾ ਅਤੇ ਚੰਗੇ ਦੋਸਤ ਚਾਹੁੰਦੇ ਹਨ।

ਭਾਵੇਂ ਬਾਈਬਲ ਬਹੁਤ ਪੁਰਾਣੀ ਕਿਤਾਬ ਹੈ, ਪਰ ਇਸ ਵਿਚ ਦੱਸਿਆ ਗਿਆ ਹੈ ਕਿ ਅਸੀਂ ਬੁਨਿਆਦੀ ਲੋੜਾਂ ਦੇ ਨਾਲ-ਨਾਲ ਹੋਰ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹਾਂ। ਨਾਲੇ ਬਾਈਬਲ ਦਾਅਵਾ ਕਰਦੀ ਹੈ ਕਿ ਇਹ ਸਿਰਜਣਹਾਰ ਵੱਲੋਂ ਲਿਖਵਾਈ ਗਈ ਹੈ। ਇਹ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸਲਾਹ ਦਿੰਦੀ ਹੈ ਅਤੇ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਕਰਦੀ ਹੈ। (2 ਤਿਮੋਥਿਉਸ 3:16, 17) ਇਸ ਤੋਂ ਇਲਾਵਾ, ਇਹ ਅਜਿਹੀ ਸਲਾਹ ਦੇਣ ਦਾ ਦਾਅਵਾ ਕਰਦੀ ਹੈ ਜੋ ਅੱਜ ਵੀ ਫ਼ਾਇਦੇਮੰਦ ਹੈ। ਇਸ ਦੀ ਸਲਾਹ ਕਦੇ ਵੀ ਪੁਰਾਣੀ ਨਹੀਂ ਹੁੰਦੀ! ਬਾਈਬਲ ਦੱਸਦੀ ਹੈ: ‘ਪਰਮੇਸ਼ੁਰ ਦਾ ਬਚਨ ਜੀਉਂਦਾ ਹੈ।’​—ਇਬਰਾਨੀਆਂ 4:12.

ਕੀ ਬਾਈਬਲ ਦੇ ਇਹ ਦਾਅਵੇ ਵਾਕਈ ਸੱਚ ਹਨ? ਕੀ ਇਹ ਪੁਰਾਣੇ ਜ਼ਮਾਨੇ ਦੀ ਕਿਤਾਬ ਹੈ ਜਾਂ ਇਸ ਤੋਂ ਸਾਨੂੰ ਅੱਜ ਵੀ ਵਧੀਆ ਤੇ ਫ਼ਾਇਦੇਮੰਦ ਸਲਾਹ ਮਿਲ ਸਕਦੀ ਹੈ? ਪਹਿਰਾਬੁਰਜ ਦੇ ਇਸ ਅੰਕ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਪਹਿਰਾਬੁਰਜ ਦਾ ਇਹ ਅੰਕ ਖ਼ਾਸ ਲੜੀਵਾਰ ਅੰਕਾਂ ਵਿੱਚੋਂ ਪਹਿਲਾ ਹੈ।