Skip to content

Skip to table of contents

ਮੁੱਖ ਪੰਨੇ ਤੋਂ

ਕੀ ਯਿਸੂ ਅਸਲੀ ਹਸਤੀ ਸੀ?

ਕੀ ਯਿਸੂ ਅਸਲੀ ਹਸਤੀ ਸੀ?

ਉਹ ਨਾ ਤਾਂ ਅਮੀਰ ਸੀ ਤੇ ਨਾ ਹੀ ਦਬਦਬੇ ਵਾਲਾ ਇਨਸਾਨ ਸੀ। ਉਸ ਕੋਲ ਤਾਂ ਆਪਣਾ ਘਰ ਵੀ ਨਹੀਂ ਸੀ। ਫਿਰ ਵੀ ਉਸ ਦੀਆਂ ਸਿੱਖਿਆਵਾਂ ਦਾ ਲੱਖਾਂ ਹੀ ਲੋਕਾਂ ’ਤੇ ਅਸਰ ਪਿਆ। ਕੀ ਈਸਾ ਯਾਨੀ ਯਿਸੂ ਮਸੀਹ ਅਸਲ ਵਿਚ ਸੀ? ਅੱਜ ਅਤੇ ਪੁਰਾਣੇ ਇਤਿਹਾਸਕਾਰਾਂ ਦਾ ਕੀ ਕਹਿਣਾ ਹੈ?

 • ਮਾਈਕਲ ਗ੍ਰਾਂਟ ਇਕ ਇਤਿਹਾਸਕਾਰ ਤੇ ਪੁਰਾਣੇ ਸਭਿਆਚਾਰਾਂ ਦਾ ਅਧਿਐਨ ਕਰਨ ਵਾਲਾ ਮਾਹਰ ਹੈ। ਉਸ ਨੇ ਕਿਹਾ: “ਅਸੀਂ ਇਤਿਹਾਸਕ ਹਸਤੀਆਂ ਦੀ ਹੋਂਦ ਬਾਰੇ ਸਬੂਤ ਹਾਸਲ ਕਰਨ ਲਈ ਪੁਰਾਣੀਆਂ ਲਿਖਤਾਂ ਦੀ ਖੋਜਬੀਨ ਕਰਦੇ ਹਾਂ ਅਤੇ ਸਬੂਤ ਮਿਲਣ ਕਰਕੇ ਅਸੀਂ ਅਜਿਹੇ ਬਹੁਤ ਸਾਰੇ ਲੋਕਾਂ ਦੀ ਹੋਂਦ ’ਤੇ ਕਦੇ ਕੋਈ ਸਵਾਲ ਖੜ੍ਹਾ ਨਹੀਂ ਕਰਦੇ। ਜੇ ਅਸੀਂ ਇਸੇ ਤਰੀਕੇ ਨਾਲ ਨਵੇਂ ਨੇਮ [ਯੂਨਾਨੀ ਲਿਖਤਾਂ] ਦੀ ਖੋਜਬੀਨ ਕਰਾਂਗੇ, ਤਾਂ ਅਸੀਂ ਯਿਸੂ ਦੀ ਹੋਂਦ ਨੂੰ ਨਕਾਰ ਨਹੀਂ ਸਕਦੇ।”

 • ਰੂਡੋਲਫ ਬੁਲਟਮਾਨ ਨਵੇਂ ਨੇਮ ਦੇ ਅਧਿਐਨ ਦਾ ਪ੍ਰੋਫ਼ੈਸਰ ਹੈ। ਉਹ ਕਹਿੰਦਾ ਹੈ: “ਇਹ ਸ਼ੱਕ ਕਰਨ ਦਾ ਕੋਈ ਆਧਾਰ ਨਹੀਂ ਹੈ ਕਿ ਯਿਸੂ ਅਸਲ ਵਿਚ ਸੀ। ਉਸ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ। ਕੋਈ ਵੀ ਸਮਝਦਾਰ ਇਨਸਾਨ ਸ਼ੱਕ ਨਹੀਂ ਕਰ ਸਕਦਾ ਕਿ ਇਤਿਹਾਸ ਵਿਚ ਵੱਡੇ-ਵੱਡੇ ਬਦਲਾਅ ਲਿਆਉਣ ਪਿੱਛੇ ਯਿਸੂ ਹੀ ਸੀ। ਇਸ ਦਾ ਇਕ ਸਬੂਤ ਹੈ ਫਲਸਤੀਨ ਵਿਚ ਲੰਬੇ ਸਮੇਂ ਤੋਂ ਰਹਿੰਦੇ [ਮਸੀਹੀ] ਲੋਕ।”

 • ਵਿਲ ਡੂਰੈਂਟ ਇਤਿਹਾਸਕਾਰ, ਲੇਖਕ ਅਤੇ ਫ਼ਿਲਾਸਫ਼ਰ ਹੈ। ਉਸ ਨੇ ਲਿਖਿਆ: “ਜੇ ਅਸੀਂ ਕਹੀਏ ਕਿ ਇੱਕੋ ਸਮੇਂ ਦੇ ਕੁਝ ਮਾਮੂਲੀ ਜਿਹੇ ਆਦਮੀਆਂ [ਇੰਜੀਲਾਂ ਦੇ ਲਿਖਾਰੀਆਂ] ਨੇ ਮਿਲ ਕੇ ਇਕ ਅਜਿਹੇ ਇਨਸਾਨ ਦੀ ਕਹਾਣੀ ਬਣਾ ਕੇ ਲਿਖੀ ਜਿਸ ਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ, ਜਿਸ ਕੋਲ ਲੋਕ ਖਿੱਚੇ ਚਲੇ ਆਉਂਦੇ ਸਨ, ਜਿਸ ਦੇ ਉੱਚੇ-ਸੁੱਚੇ ਮਿਆਰ ਸਨ ਤੇ ਜਿਸ ਨੇ ਲੋਕਾਂ ਨੂੰ ਪਿਆਰ ਕਰਨਾ ਸਿਖਾਇਆ, ਤਾਂ ਇਹ ਇੰਜੀਲਾਂ ਵਿਚ ਦੱਸੇ ਸਾਰੇ ਚਮਤਕਾਰਾਂ ਨਾਲੋਂ ਵੱਡਾ ਚਮਤਕਾਰ ਹੋਵੇਗਾ।”

 • ਐਲਬਰਟ ਆਇਨਸਟਾਈਨ ਜਰਮਨੀ ਵਿਚ ਪੈਦਾ ਹੋਇਆ ਯਹੂਦੀ ਭੌਤਿਕ-ਵਿਗਿਆਨੀ ਸੀ। ਉਸ ਨੇ ਮੰਨਿਆ: “ਮੈਂ ਯਹੂਦੀ ਹਾਂ, ਪਰ ਮੈਂ ਨਾਸਰਤ ਦੀ ਇਸ ਦਿਲਚਸਪ ਹਸਤੀ ਤੋਂ ਬਹੁਤ ਕਾਇਲ ਹੋਇਆ ਹਾਂ।” ਜਦੋਂ ਆਇਨਸਟਾਈਨ ਨੂੰ ਪੁੱਛਿਆ ਗਿਆ ਕਿ ਕੀ ਉਹ ਯਿਸੂ ਨੂੰ ਇਤਿਹਾਸਕ ਹਸਤੀ ਸਮਝਦਾ ਸੀ, ਤਾਂ ਉਸ ਨੇ ਕਿਹਾ: “ਬਿਲਕੁਲ! ਯਿਸੂ ਦੀ ਹੋਂਦ ਦਾ ਅਹਿਸਾਸ ਕੀਤੇ ਬਿਨਾਂ ਕੋਈ ਵੀ ਇਨਸਾਨ ਇੰਜੀਲਾਂ ਨੂੰ ਪੜ੍ਹ ਹੀ ਨਹੀਂ ਸਕਦਾ। ਹਰ ਸ਼ਬਦ ਵਿੱਚੋਂ ਉਸ ਦਾ ਸੁਭਾਅ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਕਿਸੇ ਵੀ ਮਿਥਿਹਾਸਕ ਕਹਾਣੀ ਵਿਚ ਇੰਨਾ ਦਮ ਨਹੀਂ ਹੈ।”

  “ਯਿਸੂ ਦੀ ਹੋਂਦ ਦਾ ਅਹਿਸਾਸ ਕੀਤੇ ਬਿਨਾਂ ਕੋਈ ਵੀ ਇਨਸਾਨ ਇੰਜੀਲਾਂ ਨੂੰ ਪੜ੍ਹ ਹੀ ਨਹੀਂ ਸਕਦਾ।”—ਐਲਬਰਟ ਆਇਨਸਟਾਈਨ

ਇਤਿਹਾਸ ਤੋਂ ਕੀ ਪਤਾ ਲੱਗਦਾ ਹੈ?

ਯਿਸੂ ਦੀ ਜ਼ਿੰਦਗੀ ਅਤੇ ਉਸ ਦੇ ਪ੍ਰਚਾਰ ਬਾਰੇ ਬਾਈਬਲ ਦੀਆਂ ਚਾਰ ਕਿਤਾਬਾਂ ਵਿਚ ਖੋਲ੍ਹ ਕੇ ਦੱਸਿਆ ਹੈ ਜਿਨ੍ਹਾਂ ਨੂੰ ਇੰਜੀਲਾਂ ਕਿਹਾ ਜਾਂਦਾ ਹੈ। ਇਨ੍ਹਾਂ ਕਿਤਾਬਾਂ ਦੇ ਨਾਂ ਇਨ੍ਹਾਂ ਦੇ ਲਿਖਾਰੀਆਂ ਦੇ ਨਾਂ ਤੋਂ ਜਾਣੇ ਜਾਂਦੇ ਹਨ ਜਿਵੇਂ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ। ਇਸ ਦੇ ਨਾਲ-ਨਾਲ ਦੂਸਰੇ ਧਰਮਾਂ ਦੇ ਇਤਿਹਾਸਕਾਰਾਂ ਨੇ ਯਿਸੂ ਦਾ ਜ਼ਿਕਰ ਕੀਤਾ ਸੀ।

 • ਟੈਸੀਟਸ

  (ਲਗਭਗ 56-120 ਈਸਵੀ) ਟੈਸੀਟਸ ਨੂੰ ਪੁਰਾਣੇ ਰੋਮੀ ਇਤਿਹਾਸਕਾਰਾਂ ਵਿੱਚੋਂ ਸਭ ਤੋਂ ਮਹਾਨ ਮੰਨਿਆ ਜਾਂਦਾ ਹੈ। ਉਸ ਦੀਆਂ ਕਿਤਾਬਾਂ (Annals) ਵਿਚ 14 ਈਸਵੀ ਤੋਂ ਲੈ ਕੇ 68 ਈਸਵੀ ਤਕ ਰੋਮੀ ਸਾਮਰਾਜ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈ। (ਯਿਸੂ ਦੀ ਮੌਤ 33 ਈਸਵੀ ਵਿਚ ਹੋਈ ਸੀ।) ਟੈਸੀਟਸ ਨੇ ਲਿਖਿਆ ਕਿ ਜਦੋਂ 64 ਈਸਵੀ ਵਿਚ ਰੋਮ ਵਿਚ ਅੱਗ ਨੇ ਤਬਾਹੀ ਮਚਾਈ ਸੀ, ਤਾਂ ਹਾਕਮ ਨੀਰੋ ਨੂੰ ਇਸ ਦਾ ਜ਼ਿੰਮੇਵਾਰ ਸਮਝਿਆ ਗਿਆ। ਪਰ ਟੈਸੀਟਸ ਨੇ ਲਿਖਿਆ ਕਿ ਨੀਰੋ ਨੇ “ਇਸ ਗੱਲ ਨੂੰ ਝੂਠੀ ਸਾਬਤ ਕਰਨ ਲਈ” ਮਸੀਹੀਆਂ ਉੱਤੇ ਦੋਸ਼ ਮੜ੍ਹ ਦਿੱਤਾ। ਫਿਰ ਉਸ ਨੇ ਕਿਹਾ: “ਟਾਈਬੀਰੀਅਸ ਦੇ ਸ਼ਾਸਨ ਦੌਰਾਨ ਹਾਕਮ ਪੁੰਤੀਅਸ ਪਿਲਾਤੁਸ ਨੇ ਮਸੀਹੀ ਧਰਮ ਦੇ ਮੋਢੀ ਖ੍ਰਿਸਤੁਸ [ਮਸੀਹ] ਨੂੰ ਮੌਤ ਦੀ ਸਜ਼ਾ ਦਿੱਤੀ ਸੀ।”—Annals, XV, 44.

 • ਸੁਟੋਨਿਅਸ

  (ਲਗਭਗ 69–122 ਈਸਵੀ ਤੋਂ ਬਾਅਦ) ਇਸ ਰੋਮੀ ਇਤਿਹਾਸਕਾਰ ਨੇ ਆਪਣੀ ਕਿਤਾਬ (Lives of the Caesars) ਵਿਚ ਪਹਿਲੇ 11 ਰੋਮੀ ਸਮਰਾਟਾਂ ਦੇ ਸ਼ਾਸਨ ਦੌਰਾਨ ਹੋਈਆਂ ਘਟਨਾਵਾਂ ਬਾਰੇ ਲਿਖਿਆ। ਸਮਰਾਟ ਕਲੋਡੀਉਸ ਬਾਰੇ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਰੋਮ ਵਿਚ ਸ਼ਾਇਦ ਯਿਸੂ ਬਾਰੇ ਗਰਮਾ-ਗਰਮ ਬਹਿਸ ਕਰਕੇ ਹੀ ਯਹੂਦੀਆਂ ਵਿਚ ਹਲਚਲ ਮਚੀ ਹੋਈ ਸੀ। (ਰਸੂਲਾਂ ਦੇ ਕੰਮ 18:2) ਸੁਟੋਨਿਅਸ ਨੇ ਲਿਖਿਆ: “ਯਹੂਦੀ ਹਮੇਸ਼ਾ ਖ੍ਰੈਸਤੁਸ [ਖ੍ਰਿਸਤੁਸ] ਦੇ ਉਕਸਾਏ ਜਾਣ ਤੇ ਫ਼ਸਾਦ ਖੜ੍ਹੇ ਕਰ ਦਿੰਦੇ ਸਨ, ਇਸ ਲਈ ਉਸ [ਕਲੋਡੀਉਸ] ਨੇ ਉਨ੍ਹਾਂ ਨੂੰ ਰੋਮ ਵਿੱਚੋਂ ਕੱਢ ਦਿੱਤਾ।” (The Deified Claudius, XXV, 4) ਭਾਵੇਂ ਕਿ ਸੁਟੋਨਿਅਸ ਨੇ ਝੂਠਾ ਦੋਸ਼ ਲਾਇਆ ਕਿ ਯਿਸੂ ਫ਼ਸਾਦ ਖੜ੍ਹੇ ਕਰ ਰਿਹਾ ਸੀ, ਪਰ ਉਸ ਨੇ ਉਸ ਦੀ ਹੋਂਦ ’ਤੇ ਸ਼ੱਕ ਨਹੀਂ ਕੀਤਾ।

 • ਪਲੀਨੀ ਛੋਟਾ

  (ਲਗਭਗ 61-113 ਈਸਵੀ) ਰੋਮੀ ਲਿਖਾਰੀ ਅਤੇ ਬਿਥੁਨੀਆ ਸੂਬੇ (ਅੱਜ ਤੁਰਕੀ) ਦੇ ਗਵਰਨਰ, ਪਲੀਨੀ ਛੋਟੇ ਨੇ ਰੋਮੀ ਸਮਰਾਟ ਟ੍ਰੇਜਨ ਨੂੰ ਚਿੱਠੀ ਵਿਚ ਲਿਖਿਆ ਕਿ ਉਸ ਬਿਥੁਨੀਆ ਦੇ ਮਸੀਹੀਆਂ ਨੂੰ ਕਿਸ ਤਰ੍ਹਾਂ ਆਪਣੇ ਵਸ ਕਰਨਾ ਹੈ। ਪਲੀਨੀ ਨੇ ਕਿਹਾ ਕਿ ਉਸ ਨੇ ਮਸੀਹੀਆਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਧਰਮ ਛੱਡ ਦੇਣ। ਜਿਨ੍ਹਾਂ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕੀਤਾ, ਉਨ੍ਹਾਂ ਦਾ ਉਸ ਨੇ ਕਤਲ ਕਰਵਾ ਦਿੱਤਾ। ਉਸ ਨੇ ਦੱਸਿਆ: “ਜਿਨ੍ਹਾਂ ਨੇ . . . ਮੇਰੇ ਮਗਰ-ਮਗਰ ਦੇਵੀ-ਦੇਵਤਿਆਂ ਅੱਗੇ ਪ੍ਰਾਰਥਨਾ ਨੂੰ ਦੁਹਰਾਇਆ ਅਤੇ ਤੇਰੇ ਬੁੱਤ ਅੱਗੇ ਸ਼ਰਾਬ ਚੜ੍ਹਾਈ ਅਤੇ ਧੂਪ ਧੁਖਾਇਆ . . . ਅਤੇ ਅਖ਼ੀਰ ਵਿਚ ਮਸੀਹ ਨੂੰ ਬੁਰਾ-ਭਲਾ ਕਿਹਾ . . . ਮੈਂ ਉਨ੍ਹਾਂ ਨੂੰ ਰਿਹਾ ਕਰ ਦਿੱਤਾ।”PlinyLetters, Book X, XCVI.

 • ਫਲੇਵੀਅਸ ਜੋਸੀਫ਼ਸ

  (ਲਗਭਗ 37-100 ਈਸਵੀ) ਇਹ ਯਹੂਦੀ ਪੁਜਾਰੀ ਅਤੇ ਇਤਿਹਾਸਕਾਰ ਕਹਿੰਦਾ ਹੈ ਕਿ ਮਹਾਂ ਪੁਜਾਰੀ ਅੰਨਾਸ, ਜੋ ਆਪਣਾ ਸਿਆਸੀ ਦਬਦਬਾ ਵਰਤਦਾ ਰਿਹਾ, ਨੇ “ਯਹੂਦੀ ਮਹਾਂ ਸਭਾ [ਯਹੂਦੀ ਉੱਚ ਅਦਾਲਤ] ਦੇ ਨਿਆਈਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਅੱਗੇ ਯਾਕੂਬ ਨਾਂ ਦੇ ਆਦਮੀ ਨੂੰ ਪੇਸ਼ ਕੀਤਾ ਜੋ ਯਿਸੂ ਯਾਨੀ ਮਸੀਹ ਦਾ ਭਰਾ ਸੀ।”Jewish Antiquities, XX, 200.

 • ਤਾਲਮੂਦ

  ਤੀਜੀ ਸਦੀ ਈਸਵੀ ਤੋਂ ਛੇਵੀਂ ਸਦੀ ਈਸਵੀ ਦੀਆਂ ਇਨ੍ਹਾਂ ਯਹੂਦੀ ਰਾਬਿਨੀ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਦੁਸ਼ਮਣ ਵੀ ਉਸ ਦੀ ਹੋਂਦ ਦਾ ਇਨਕਾਰ ਨਹੀਂ ਕਰਦੇ ਸੀ। ਉਨ੍ਹਾਂ ਲਿਖਤਾਂ ਵਿਚ ਇਹ ਗੱਲ ਲਿਖੀ ਹੈ: “ਪਸਾਹ ਦੇ ਤਿਉਹਾਰ ਤੇ ਨਾਸਰਤ ਦੇ ਯੇਸ਼ੂ [ਯਿਸੂ] ਨੂੰ ਸੂਲ਼ੀ ’ਤੇ ਟੰਗਿਆ ਗਿਆ।” ਇਤਿਹਾਸ ਅਨੁਸਾਰ ਇਹ ਗੱਲ ਬਿਲਕੁਲ ਸਹੀ ਹੈ। (Babylonian Talmud, Sanhedrin 43a, Munich Codex; ਯੂਹੰਨਾ 19:14-16 ਦੇਖੋ।) ਇਕ ਹੋਰ ਗੱਲ ਇਹ ਦੱਸੀ ਹੈ: “ਅਸੀਂ ਇੱਦਾਂ ਦਾ ਪੁੱਤਰ ਜਾਂ ਸ਼ਾਗਿਰਦ ਪੈਦਾ ਨਾ ਕਰੀਏ ਜੋ ਨਾਸਰੀ ਵਾਂਗ ਸਭ ਦੇ ਸਾਮ੍ਹਣੇ ਆਪਣੀ ਬੇਇੱਜ਼ਤੀ ਕਰਾਵੇ।” ਨਾਸਰੀ ਅਕਸਰ ਯਿਸੂ ਨੂੰ ਕਿਹਾ ਜਾਂਦਾ ਸੀ।—Babylonian Talmud, Berakoth 17b, footnote, Munich Codex; ਲੂਕਾ 18:37 ਦੇਖੋ।

ਬਾਈਬਲ ਤੋਂ ਸਬੂਤ

ਇੰਜੀਲਾਂ ਵਿਚ ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੋ ਇਤਿਹਾਸਕ ਤੌਰ ਤੇ ਬਿਲਕੁਲ ਸਹੀ ਹੈ। ਇਸ ਵਿਚ ਲੋਕਾਂ, ਥਾਵਾਂ ਅਤੇ ਸਮਿਆਂ ਬਾਰੇ ਸਹੀ-ਸਹੀ ਦੱਸਿਆ ਹੈ। ਮਿਸਾਲ ਲਈ, ਲੂਕਾ 3:1, 2 ਦੀ ਮਦਦ ਨਾਲ ਸਾਨੂੰ ਇਕ ਪੱਕੀ ਤਾਰੀਖ਼ ਦਾ ਪਤਾ ਲੱਗਦਾ ਹੈ ਕਿ ਯੂਹੰਨਾ ਨੇ ਕਦੋਂ ਲੋਕਾਂ ਨੂੰ ਬਪਤਿਸਮਾ ਦੇਣਾ ਸ਼ੁਰੂ ਕੀਤਾ ਸੀ ਜੋ ਯਿਸੂ ਤੋਂ ਪਹਿਲਾਂ ਆਇਆ ਸੀ।

“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।”2 ਤਿਮੋਥਿਉਸ 3:16

ਲੂਕਾ ਨੇ ਲਿਖਿਆ: “ਰਾਜਾ ਤਾਈਬੀਰੀਅਸ ਦੇ ਰਾਜ ਦੇ ਪੰਦਰ੍ਹਵੇਂ ਸਾਲ ਵਿਚ ਪੁੰਤੀਅਸ ਪਿਲਾਤੁਸ ਯਹੂਦੀਆ ਦਾ ਰਾਜਪਾਲ ਸੀ, ਹੇਰੋਦੇਸ ਗਲੀਲ ਜ਼ਿਲ੍ਹੇ ਦਾ ਹਾਕਮ ਸੀ, ਉਸ ਦਾ ਭਰਾ ਫ਼ਿਲਿੱਪੁਸ ਇਤੂਰੀਆ ਤੇ ਤ੍ਰਖੋਨੀਤਿਸ ਜ਼ਿਲ੍ਹੇ ਦਾ ਹਾਕਮ ਸੀ, ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ਦਾ ਹਾਕਮ ਸੀ ਅਤੇ ਅੰਨਾਸ ਤੇ ਕਾਇਫ਼ਾ ਮਹਾਂ ਪੁਜਾਰੀ ਸਨ। ਉਸ ਸਮੇਂ ਪਰਮੇਸ਼ੁਰ ਨੇ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਉਜਾੜ ਵਿਚ ਸੰਦੇਸ਼ ਦਿੱਤਾ।” ਨਾਵਾਂ ਦੀ ਇਸ ਲਿਸਟ ਵਿਚਲੀ ਜਾਣਕਾਰੀ ਦੀ ਮਦਦ ਨਾਲ ਸਾਨੂੰ ਪਤਾ ਲੱਗਦਾ ਹੈ ਕਿ ‘ਪਰਮੇਸ਼ੁਰ ਨੇ ਯੂਹੰਨਾ ਨੂੰ ਸੰਦੇਸ਼’ ਸਾਲ 29 ਈਸਵੀ ਵਿਚ ਦਿੱਤਾ ਸੀ।

ਲੂਕਾ ਵੱਲੋਂ ਦੱਸੇ ਸੱਤ ਬੰਦਿਆਂ ਨੂੰ ਇਤਿਹਾਸਕਾਰ ਵੀ ਚੰਗੀ ਤਰ੍ਹਾਂ ਜਾਣਦੇ ਹਨ। ਬੇਸ਼ੱਕ ਕੁਝ ਆਲੋਚਕਾਂ ਨੇ ਪੁੰਤੀਅਸ ਪਿਲਾਤੁਸ ਅਤੇ ਲੁਸਾਨੀਅਸ ਦੀ ਹੋਂਦ ’ਤੇ ਸਵਾਲ ਖੜ੍ਹਾ ਕੀਤਾ ਸੀ, ਪਰ ਉਨ੍ਹਾਂ ਨੇ ਇਹ ਸਿੱਟਾ ਕੱਢਣ ਵਿਚ ਜਲਦਬਾਜ਼ੀ ਕੀਤੀ ਸੀ। ਪੁਰਾਣੇ ਖੰਡਰਾਂ ਉੱਤੇ ਇਨ੍ਹਾਂ ਦੋਹਾਂ ਅਧਿਕਾਰੀਆਂ ਦੇ ਨਾਂ ਮਿਲੇ ਹਨ ਜੋ ਸਬੂਤ ਹੈ ਕਿ ਲੂਕਾ ਨੇ ਸਹੀ ਜਾਣਕਾਰੀ ਦਿੱਤੀ ਸੀ। *

ਯਿਸੂ ਬਾਰੇ ਸੱਚ ਜਾਣਨਾ ਕਿਉਂ ਜ਼ਰੂਰੀ ਹੈ?

ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਯਾਨੀ ਧਰਤੀ ਉੱਤੇ ਇੱਕੋ-ਇਕ ਸਰਕਾਰ ਬਾਰੇ ਸਿਖਾਇਆ

ਯਿਸੂ ਦੀ ਹੋਂਦ ਬਾਰੇ ਸਵਾਲ ਅਹਿਮੀਅਤ ਰੱਖਦਾ ਹੈ ਕਿਉਂਕਿ ਉਸ ਦੀਆਂ ਸਿੱਖਿਆਵਾਂ ਅਹਿਮੀਅਤ ਰੱਖਦੀਆਂ ਹਨ। ਮਿਸਾਲ ਲਈ, ਯਿਸੂ ਨੇ ਲੋਕਾਂ ਨੂੰ ਖ਼ੁਸ਼ੀਆਂ ਅਤੇ ਮਕਸਦ ਭਰੀ ਜ਼ਿੰਦਗੀ ਜੀਉਣੀ ਸਿਖਾਈ। * ਨਾਲੇ ਉਸ ਨੇ ਇਕ ਅਜਿਹੇ ਸਮੇਂ ਬਾਰੇ ਦੱਸਿਆ ਜਦੋਂ ਇਨਸਾਨਾਂ ਨੂੰ ਅਸਲੀ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ ਤੇ ਉਹ ਦੁਨੀਆਂ ਦੀ ਇੱਕੋ ਸਰਕਾਰ ਅਧੀਨ ਏਕਤਾ ਨਾਲ ਰਹਿਣਗੇ। ਇਹ ਸਰਕਾਰ ਹੈ ‘ਪਰਮੇਸ਼ੁਰ ਦਾ ਰਾਜ।’ਲੂਕਾ 8:1.

“ਪਰਮੇਸ਼ੁਰ ਦਾ ਰਾਜ” ਕਹਿਣਾ ਬਿਲਕੁਲ ਢੁਕਵਾਂ ਹੈ ਕਿਉਂਕਿ ਇਹ ਸਰਕਾਰ ਧਰਤੀ ਉੱਤੇ ਪਰਮੇਸ਼ੁਰ ਦਾ ਅਧਿਕਾਰ ਚਲਾਵੇਗੀ। (ਪ੍ਰਕਾਸ਼ ਦੀ ਕਿਤਾਬ 11:15) ਯਿਸੂ ਨੇ ਇਹ ਗੱਲ ਸਾਫ਼-ਸਾਫ਼ ਕਹੀ ਸੀ ਜਦੋਂ ਉਸ ਨੇ ਰੱਬ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, . . . ਤੇਰਾ ਰਾਜ ਆਵੇ। ਤੇਰੀ ਇੱਛਾ . . . ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9, 10) ਇਨਸਾਨਾਂ ਲਈ ਇਹ ਰਾਜ ਕੀ ਕਰੇਗਾ? ਇਨ੍ਹਾਂ ਗੱਲਾਂ ’ਤੇ ਗੌਰ ਕਰੋ:

ਕੁਝ ਲੋਕ ਇਨ੍ਹਾਂ ਵਾਅਦਿਆਂ ਨੂੰ ਸ਼ਾਇਦ ਸੁਪਨਾ ਹੀ ਸਮਝਣ। ਪਰ ਕੀ ਅੱਜ ਇਨਸਾਨ ਦੀਆਂ ਕੋਸ਼ਿਸ਼ਾਂ ’ਤੇ ਭਰੋਸਾ ਕਰਨਾ ਸੁਪਨਾ ਨਹੀਂ ਹੈ? ਜ਼ਰਾ ਇਸ ਗੱਲ ’ਤੇ ਧਿਆਨ ਦਿਓ: ਅੱਜ ਭਾਵੇਂ ਪੜ੍ਹਾਈ-ਲਿਖਾਈ, ਵਿਗਿਆਨ ਅਤੇ ਤਕਨਾਲੋਜੀ ਵਿਚ ਕਾਫ਼ੀ ਤਰੱਕੀ ਹੋਈ ਹੈ, ਪਰ ਫਿਰ ਵੀ ਲੱਖਾਂ ਹੀ ਲੋਕਾਂ ਨੂੰ ਕੱਲ੍ਹ ਦਾ ਕੋਈ ਭਰੋਸਾ ਨਹੀਂ ਹੈ ਤੇ ਉਹ ਡਰ-ਡਰ ਕੇ ਜੀਉਂਦੇ ਹਨ। ਹਰ ਰੋਜ਼ ਅਸੀਂ ਅਮੀਰਾਂ ਵੱਲੋਂ ਗ਼ਰੀਬਾਂ ਉੱਤੇ ਜ਼ੁਲਮ, ਰਾਜਨੀਤਿਕ, ਧਾਰਮਿਕ ਅਤਿਆਚਾਰਾਂ ਅਤੇ ਲਾਲਚ ਤੇ ਭ੍ਰਿਸ਼ਟਾਚਾਰ ਦੇਖਦੇ ਹਾਂ। ਜੀ ਹਾਂ, ਇਹ ਇਸ ਗੱਲ ਦਾ ਸਬੂਤ ਹੈ ਕਿ ਇਨਸਾਨਾਂ ਦਾ ਰਾਜ ਨਾਕਾਮ ਰਿਹਾ ਹੈ।ਉਪਦੇਸ਼ਕ ਦੀ ਪੋਥੀ 8:9.

ਯਿਸੂ ਦੀ ਹੋਂਦ ਬਾਰੇ ਸਵਾਲ ’ਤੇ ਸਾਨੂੰ ਸੋਚ-ਵਿਚਾਰ ਕਰਨ ਦੀ ਲੋੜ ਹੈ। * 2 ਕੁਰਿੰਥੀਆਂ 1:19, 20 ਕਹਿੰਦਾ ਹੈ: “ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਰਾਹੀਂ ਪੂਰੇ ਹੁੰਦੇ ਹਨ।” ▪ (g16-E No. 5)

^ ਪੈਰਾ 23 ਇਕ ਖੰਡਰ ਮਿਲਿਆ ਹੈ ਜਿਸ ਉੱਤੇ “ਜ਼ਿਲ੍ਹੇ ਦਾ ਹਾਕਮ” ਲੁਸਾਨੀਅਸ ਲਿਖਿਆ ਹੈ। (ਲੂਕਾ 3:1) ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ’ਤੇ ਰਾਜ ਕਰ ਰਿਹਾ ਸੀ ਜਦੋਂ ਲੂਕਾ ਨੇ ਉਸ ਬਾਰੇ ਲਿਖਿਆ ਸੀ।

^ ਪੈਰਾ 25 ਯਿਸੂ ਦੀਆਂ ਸਿੱਖਿਆਵਾਂ ਮੱਤੀ ਦੀ ਕਿਤਾਬ ਦੇ 5 ਤੋਂ 7 ਅਧਿਆਵਾਂ ਵਿਚ ਮਿਲ ਸਕਦੀਆਂ ਹਨ ਜਿਨ੍ਹਾਂ ਨੂੰ ਅਕਸਰ ਪਹਾੜੀ ਉਪਦੇਸ਼ ਕਿਹਾ ਜਾਂਦਾ ਹੈ।

^ ਪੈਰਾ 32 ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਹੋਰ ਜਾਣਕਾਰੀ ਲੈਣ ਲਈ www.jw.org/pa ’ਤੇ ਜਾਓ ਅਤੇ “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲ” ਹੇਠਾਂ ਦੇਖੋ।