Skip to content

Skip to table of contents

ਆਪਣੀ ਦੋਸਤੀ ਦਾ ਦਾਇਰਾ ਵਧਾਓ

ਆਪਣੀ ਦੋਸਤੀ ਦਾ ਦਾਇਰਾ ਵਧਾਓ

ਸਮੱਸਿਆ ਦੀ ਜੜ੍ਹ

ਜੇ ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਮਿਲਦੇ-ਜੁਲਦੇ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਤਾਂ ਸਾਡੇ ਦਿਲ ਵਿਚ ਪੱਖਪਾਤ ਜੜ੍ਹ ਫੜ ਲਵੇਗੀ। ਜੇ ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰਦੇ ਹਾਂ ਜੋ ਸਾਡੇ ਵਰਗੇ ਹਨ, ਤਾਂ ਅਸੀਂ ਸੋਚਣ ਲੱਗ ਸਕਦੇ ਹਾਂ ਕਿ ਸਿਰਫ਼ ਸਾਡੇ ਕੰਮ ਕਰਨ ਦਾ ਤਰੀਕਾ ਅਤੇ ਸੋਚਣ ਦਾ ਤਰੀਕਾ ਹੀ ਸਹੀ ਹੈ।

ਬਾਈਬਲ ਦਾ ਅਸੂਲ

“ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।”—2 ਕੁਰਿੰਥੀਆਂ 6:13.

ਇਸ ਦਾ ਕੀ ਮਤਲਬ ਹੈ? ਇੱਥੇ “ਦਿਲ” ਦਾ ਮਤਲਬ ਸਾਡੀਆਂ ਭਾਵਨਾਵਾਂ ਅਤੇ ਸਾਡੀ ਪਸੰਦ ਜਾਂ ਨਾਪਸੰਦ ਹੋ ਸਕਦਾ ਹੈ। ਜੇ ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰਾਂਗੇ ਜਿਨ੍ਹਾਂ ਦੀ ਪਸੰਦ ਜਾਂ ਨਾਪਸੰਦ ਸਾਡੇ ਵਰਗੀ ਹੈ, ਤਾਂ ਅਸੀਂ ਖੂਹ ਦੇ ਡੱਡੂ ਬਣ ਜਾਵਾਂਗੇ। ਇਸ ਲਈ ਸਾਨੂੰ ਆਪਣੀ ਦੋਸਤੀ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨਾਲ ਵੀ ਦੋਸਤੀ ਕਰ ਸਕੀਏ ਜੋ ਸਾਡੇ ਤੋਂ ਵੱਖਰੇ ਹਨ।

ਦੋਸਤੀ ਦਾ ਦਾਇਰਾ ਵਧਾਉਣ ਦੇ ਫ਼ਾਇਦੇ

ਜਦੋਂ ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪੈਂਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਤੌਰ-ਤਰੀਕੇ ਸਾਡੇ ਤੋਂ ਵੱਖਰੇ ਕਿਉਂ ਹਨ। ਨਾਲੇ ਜਿੱਦਾਂ-ਜਿੱਦਾਂ ਸਾਡੇ ਦਿਲ ਵਿਚ ਉਨ੍ਹਾਂ ਲਈ ਪਿਆਰ ਵਧੇਗਾ, ਉੱਦਾਂ-ਉੱਦਾਂ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦੇਵਾਂਗੇ ਕਿ ਉਹ ਸਾਡੇ ਤੋਂ ਵੱਖਰੇ ਹਨ ਅਤੇ ਉਨ੍ਹਾਂ ਦੀ ਖ਼ੁਸ਼ੀ ਸਾਡੀ ਖ਼ੁਸ਼ੀ ਅਤੇ ਉਨ੍ਹਾਂ ਦੇ ਦੁੱਖ ਸਾਡੇ ਦੁੱਖ ਹੋਣਗੇ।

ਜ਼ਰਾ ਨੈਜ਼ਰੀ ਦੀ ਮਿਸਾਲ ’ਤੇ ਗੌਰ ਕਰੋ। ਇਕ ਸਮੇਂ ’ਤੇ ਉਹ ਉਨ੍ਹਾਂ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਜੋ ਉਸ ਦੇ ਦੇਸ਼ ਵਿਚ ਆ ਕੇ ਵੱਸ ਗਏ ਸਨ। ਫਿਰ ਉਸ ਦੀ ਸੋਚ ਬਦਲੀ। ਉਹ ਦੱਸਦੀ ਹੈ: “ਮੈਂ ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਕੰਮ ਕੀਤਾ। ਮੈਂ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ, ਪਰ ਉਹ ਉੱਦਾਂ ਦੇ ਬਿਲਕੁਲ ਵੀ ਨਹੀਂ ਸਨ। ਜਦੋਂ ਤੁਸੀਂ ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕਾਂ ਨਾਲ ਦੋਸਤੀ ਕਰੋਗੇ, ਤਾਂ ਤੁਸੀਂ ਉਨ੍ਹਾਂ ਦੇ ਬਾਹਰੀ ਰੂਪ ਨੂੰ ਦੇਖ ਕੇ ਉਨ੍ਹਾਂ ਬਾਰੇ ਰਾਇ ਕਾਇਮ ਨਹੀਂ ਕਰੋਗੇ। ਇਸ ਦੀ ਬਜਾਇ, ਤੁਹਾਡੀ ਉਨ੍ਹਾਂ ਨਾਲ ਦੋਸਤੀ ਗੂੜ੍ਹੀ ਹੋਵੇਗੀ ਅਤੇ ਤੁਸੀਂ ਇਹ ਗੱਲ ਮੰਨੋਗੇ ਕਿ ਹਰ ਵਿਅਕਤੀ ਵੱਖਰਾ ਹੁੰਦਾ ਹੈ।”

ਤੁਸੀਂ ਕੀ ਕਰ ਸਕਦੇ ਹੋ?

ਉਨ੍ਹਾਂ ਲੋਕਾਂ ਨਾਲ ਗੱਲ ਕਰਨ ਦੇ ਮੌਕੇ ਭਾਲੋ ਜਿਨ੍ਹਾਂ ਦਾ ਦੇਸ਼, ਸਭਿਆਚਾਰ ਅਤੇ ਭਾਸ਼ਾ ਤੁਹਾਡੇ ਤੋਂ ਵੱਖਰੀ ਹੈ।

  • ਉਨ੍ਹਾਂ ਨੂੰ ਆਪਣੇ ਬਾਰੇ ਦੱਸਣ ਲਈ ਕਹੋ।

  • ਉਨ੍ਹਾਂ ਨੂੰ ਖਾਣੇ ’ਤੇ ਬੁਲਾਓ।

  • ਉਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਪਸੰਦ ਹਨ।

ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੇ ਹਾਲਾਤਾਂ ਨੇ ਉਨ੍ਹਾਂ ਨੂੰ ਇੱਦਾਂ ਦਾ ਬਣਾ ਦਿੱਤਾ ਹੈ, ਤਾਂ ਅਸੀਂ ਉਨ੍ਹਾਂ ਬਾਰੇ ਅਤੇ ਹੋਰ ਲੋਕਾਂ ਬਾਰੇ ਬੁਰਾ ਨਹੀਂ ਸੋਚਾਂਗੇ।