Skip to content

Skip to table of contents

ਪੱਖਪਾਤ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ

ਪੱਖਪਾਤ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ

ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਪਵਿੱਤਰ ਗ੍ਰੰਥ ਦੀ ਸਲਾਹ ਮੰਨ ਕੇ ਕਾਫ਼ੀ ਹੱਦ ਤਕ ਆਪਣੇ ਦਿਲ ਵਿੱਚੋਂ ਪੱਖਪਾਤ ਕੱਢ ਪਾਏ ਹਨ। ਪਰ ਸੱਚ ਤਾਂ ਇਹ ਹੈ ਕਿ ਪੱਖਪਾਤ ਨੂੰ ਪੂਰੀ ਤਰ੍ਹਾਂ ਮਿਟਾਉਣਾ ਸਾਡੇ ਵੱਸ ਦੀ ਗੱਲ ਨਹੀਂ। ਤਾਂ ਫਿਰ ਕੀ ਪੱਖਪਾਤ ਹਮੇਸ਼ਾ ਲਈ ਹੁੰਦਾ ਰਹੇਗਾ?

ਇਕ ਚੰਗੀ ਸਰਕਾਰ

ਇਨਸਾਨੀ ਸਰਕਾਰਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿੱਚੋਂ ਪੱਖਪਾਤ ਨਹੀਂ ਨਿਕਲ ਪਾਇਆ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਸਰਕਾਰ ਪੱਖਪਾਤ ਖ਼ਤਮ ਨਹੀਂ ਕਰ ਸਕਦੀ?

ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਕ ਸਰਕਾਰ ਨੂੰ

  1. 1. ਲੋਕਾਂ ਦੀ ਸੋਚ ਬਦਲਣੀ ਪੈਣੀ।

  2. 2. ਲੋਕਾਂ ਦੇ ਮਨਾਂ ਵਿੱਚੋਂ ਪੱਖਪਾਤ ਨਾਲ ਜੁੜੀਆਂ ਕੌੜੀਆਂ ਯਾਦਾਂ ਮਿਟਾਉਣੀਆਂ ਪੈਣੀਆਂ।

  3. 3. ਅਜਿਹੇ ਨੇਤਾ ਚੁਣਨੇ ਪੈਣੇ ਜੋ ਖ਼ੁਦ ਪੱਖਪਾਤ ਨਾ ਕਰਨ ਅਤੇ ਹਰ ਨਾਗਰਿਕ ਨੂੰ ਇਕ ਸਮਾਨ ਸਮਝਣ।

  4. 4. ਸਾਰੀਆਂ ਕੌਮਾਂ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬਣਨਾ ਪੈਣਾ।

ਪਵਿੱਤਰ ਗ੍ਰੰਥ ਬਾਈਬਲ ਵਿਚ ਇਕ ਇੱਦਾਂ ਦੀ ਹੀ ਸਰਕਾਰ ਬਾਰੇ ਦੱਸਿਆ ਗਿਆ ਹੈ। ਇਸ ਨੂੰ ‘ਪਰਮੇਸ਼ੁਰ ਦਾ ਰਾਜ’ ਕਿਹਾ ਗਿਆ ਹੈ।—ਲੂਕਾ 8:1.

ਆਓ ਦੇਖੀਏ ਕਿ ਇਹ ਸਰਕਾਰ ਕੀ-ਕੀ ਕਰੇਗੀ?

1. ਚੰਗੀ ਸਿੱਖਿਆ ਦੇਵੇਗੀ

‘ਜਗਤ ਦੇ ਵਾਸੀ ਧਰਮ ਸਿੱਖਣਗੇ।’—ਯਸਾਯਾਹ 26:9.

“ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।”—ਯਸਾਯਾਹ 32:17.

ਇਸ ਦਾ ਕੀ ਮਤਲਬ ਹੈ? ਪਰਮੇਸ਼ੁਰ ਦੇ ਰਾਜ ਵਿਚ ਲੋਕਾਂ ਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਸਮਝਾਇਆ ਜਾਵੇਗਾ। ਜਦ ਲੋਕਾਂ ਨੂੰ ਇਹ ਗੱਲ ਸਮਝ ਆ ਜਾਵੇਗੀ, ਤਾਂ ਉਹ ਸਾਰਿਆਂ ਨਾਲ ਚੰਗਾ ਵਰਤਾਓ ਕਰਨਗੇ ਅਤੇ ਇਕ-ਦੂਜੇ ਨੂੰ ਪਿਆਰ ਕਰਨਗੇ।

2. ਦੁੱਖ-ਦਰਦ ਮਿਟਾਵੇਗੀ

ਰੱਬ “ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:4.

ਇਸ ਦਾ ਕੀ ਮਤਲਬ ਹੈ? ਲੋਕਾਂ ਨਾਲ ਫਿਰ ਕਦੇ ਵੀ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੇ ਹਰ ਤਰ੍ਹਾਂ ਦੇ ਜ਼ਖ਼ਮ ਭਰ ਦਿੱਤੇ ਜਾਣਗੇ। ਹੁਣ ਤਕ ਉਨ੍ਹਾਂ ਨਾਲ ਜੋ ਅਨਿਆਂ ਹੋਇਆ ਹੈ ਉਸ ਦੀਆਂ ਕੌੜੀਆਂ ਯਾਦਾਂ ਫਿਰ ਕਦੇ ਉਨ੍ਹਾਂ ਨੂੰ ਦੁਬਾਰਾ ਨਹੀਂ ਸਤਾਉਣਗੀਆਂ ਅਤੇ ਕੋਈ ਵੀ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ।

 3. ਨਿਆਂ ਕਰੇਗੀ

“ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। ਪਰ ਉਹ ਧਰਮ ਨਾਲ ਗ਼ਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ।”—ਯਸਾਯਾਹ 11:3, 4.

ਇਸ ਦਾ ਕੀ ਮਤਲਬ ਹੈ? ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਮਸੀਹ ਹੈ। ਉਹ ਬਿਨਾਂ ਕਿਸੇ ਪੱਖਪਾਤ ਦੇ ਧਰਤੀ ’ਤੇ ਰਾਜ ਕਰੇਗਾ। ਯਿਸੂ ਦੀਆਂ ਨਜ਼ਰਾਂ ਵਿਚ ਸਾਰੇ ਦੇਸ਼ ਇਕ ਸਮਾਨ ਹਨ। ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਪੂਰੀ ਦੁਨੀਆਂ ਵਿਚ ਲੋਕ ਪਰਮੇਸ਼ੁਰ ਦੇ ਕਾਨੂੰਨ ਮੰਨਣ।

4. ਏਕਤਾ ਕਾਇਮ ਕਰੇਗੀ

ਪਰਮੇਸ਼ੁਰ ਦਾ ਰਾਜ ਸਿਖਾਉਂਦਾ ਹੈ ਕਿ “ਤੁਸੀਂ ਸਾਰੇ ਇਕ ਮਨ ਹੋਵੋ ਅਤੇ ਇਕ-ਦੂਜੇ ਨਾਲ ਇੱਕੋ ਜਿਹਾ ਪਿਆਰ ਕਰੋ ਅਤੇ ਆਪਸ ਵਿਚ ਏਕਾ ਅਤੇ ਇੱਕੋ ਜਿਹੀ ਸੋਚ ਰੱਖੋ।”—ਫ਼ਿਲਿੱਪੀਆਂ 2:2.

ਇਸ ਦਾ ਕੀ ਮਤਲਬ ਹੈ? ਇਸ ਸਰਕਾਰ ਦੇ ਅਧੀਨ ਲੋਕ ਏਕਤਾ ਦਾ ਦਿਖਾਵਾ ਨਹੀਂ ਕਰਨਗੇ, ਸਗੋਂ ਉਨ੍ਹਾਂ ਵਿਚ ਸੱਚੀ ਏਕਤਾ ਹੋਵੇਗੀ ਕਿਉਂਕਿ ਉਹ ਇਕ-ਦੂਜੇ ਨੂੰ ਸੱਚਾ ਪਿਆਰ ਕਰਨਗੇ।