Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਕੀੜੀ ਦੀ ਗਰਦਨ

ਕੀੜੀ ਦੀ ਗਰਦਨ

ਇੰਜੀਨੀਅਰ ਇਹ ਦੇਖ ਕੇ ਹੈਰਾਨ ਹੁੰਦੇ ਹਨ ਇਕ ਆਮ ਕੀੜੀ ਆਪਣੇ ਸਰੀਰ ਨਾਲੋਂ ਕਈ ਗੁਣਾ ਜ਼ਿਆਦਾ ਭਾਰ ਕਿੱਦਾਂ ਚੁੱਕ ਸਕਦੀ ਹੈ। ਇਸ ਕਾਬਲੀਅਤ ਨੂੰ ਜਾਣਨ ਲਈ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਕੰਪਿਊਟਰ ਪ੍ਰੋਗ੍ਰਾਮ ਵਰਤ ਕੇ ਕੀੜੀ ਦੇ ਸਰੀਰ, ਕੁਝ ਅੰਗਾਂ ਅਤੇ ਜੋੜਾਂ ਦੇ ਨਮੂਨੇ ਬਣਾਏ। ਇਹ ਨਮੂਨੇ ਤਿਆਰ ਕਰਨ ਲਈ ਉਨ੍ਹਾਂ ਨੇ ਵਧੀਆ ਤਕਨਾਲੋਜੀ ਵਰਤ ਕੇ ਕੀੜੀਆਂ ਦੇ ਐਕਸ-ਰੇ (micro CT scans) ਲਏ ਅਤੇ ਦੇਖਿਆ ਕਿ ਭਾਰ ਲਿਜਾਂਦੇ ਸਮੇਂ ਕੀੜੀ ਦੇ ਸਰੀਰ ’ਤੇ ਕਿੱਥੇ ਅਤੇ ਕਿੰਨਾ ਜ਼ੋਰ ਪੈਂਦਾ ਹੈ।

ਕੀੜੀ ਦੇ ਸਰੀਰ ਦਾ ਅਹਿਮ ਹਿੱਸਾ ਹੈ ਉਸ ਦੀ ਗਰਦਨ। ਜਦੋਂ ਕੀੜੀ ਆਪਣੇ ਮੂੰਹ ਵਿਚ ਭਾਰ ਚੁੱਕਦੀ ਹੈ, ਤਾਂ ਸਾਰਾ ਭਾਰ ਉਸ ਦੀ ਗਰਦਨ ’ਤੇ ਪੈਂਦਾ ਹੈ। ਕੀੜੀ ਦੀ ਗਰਦਨ ਦੇ ਨਾਜ਼ੁਕ ਟਿਸ਼ੂ ਉਸ ਦੇ ਸਰੀਰ ਦੇ ਬਾਹਰਲੇ ਪਿੰਜਰ ਅਤੇ ਸਿਰ ਨਾਲ ਜੁੜੇ ਹੁੰਦੇ ਹਨ। ਇਹ ਦੇਖਣ ਨੂੰ ਇੱਦਾਂ ਲੱਗਦੇ ਹਨ ਜਿਵੇਂ ਕਿ ਦੋਵੇਂ ਹੱਥਾਂ ਦੀਆਂ ਉਂਗਲੀਆਂ ਇਕ-ਦੂਜੀ ਵਿਚ ਫਸਾਈਆਂ ਹੋਣ। ਇਕ ਖੋਜਕਾਰ ਕਹਿੰਦਾ ਹੈ: “ਜੇ ਇਹ ਜੋੜ ਇਸ ਤਰੀਕੇ ਨਾਲ ਨਾ ਬਣਿਆ ਹੁੰਦਾ, ਤਾਂ ਕੀੜੀ ਦੀ ਗਰਦਨ ਇੰਨਾ ਸਾਰਾ ਭਾਰ ਨਾ ਸਹਾਰ ਸਕਦੀ।” ਲੱਗਦਾ ਹੈ ਕਿ ਨਾਜ਼ੁਕ ਅਤੇ ਸਖ਼ਤ ਹਿੱਸਿਆਂ ਦੇ ਜੋੜ ਕਰਕੇ ਗਰਦਨ ਬਹੁਤ ਸਾਰਾ ਭਾਰ ਚੁੱਕ ਸਕਦੀ ਹੈ। ਖੋਜਕਾਰ ਉਮੀਦ ਕਰਦੇ ਹਨ ਕਿ ਕੀੜੀ ਦੀ ਗਰਦਨ ਬਾਰੇ ਹੋਰ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਜ਼ਿਆਦਾ ਵਧੀਆ ਰੋਬੋਟ ਬਣਾਉਣ ਵਿਚ ਮਦਦ ਮਿਲੇਗੀ।

ਤੁਹਾਡਾ ਕੀ ਖ਼ਿਆਲ ਹੈ? ਕੀੜੀ ਦੀ ਗੁੰਝਲਦਾਰ ਤਰੀਕੇ ਨਾਲ ਜੁੜੀ ਹੋਈ ਗਰਦਨ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g16-E No. 3)