ਮਾਪਿਆਂ ਦਾ ਕਹਿਣਾ ਮੰਨਣਾ ਬੈਂਕ ਤੋਂ ਲਿਆ ਕਰਜ਼ਾ ਮੋੜਨ ਦੇ ਬਰਾਬਰ ਹੈ। ਜਿੰਨਾ ਜ਼ਿਆਦਾ ਤੁਸੀਂ ਭਰੋਸੇਯੋਗ ਬਣੋਗੇ, ਉੱਨਾ ਜ਼ਿਆਦਾ ਤੁਸੀਂ ਦੂਜਿਆਂ ਦਾ ਭਰੋਸਾ ਜਿੱਤੋਗੇ

ਨੌਜਵਾਨਾਂ ਲਈ

10: ਭਰੋਸੇਯੋਗ ਬਣੋ

10: ਭਰੋਸੇਯੋਗ ਬਣੋ

ਇਸ ਦਾ ਕੀ ਮਤਲਬ ਹੈ?

ਭਰੋਸੇਯੋਗ ਲੋਕ ਆਪਣੇ ਮਾਪਿਆਂ, ਦੋਸਤਾਂ ਅਤੇ ਮਾਲਕਾਂ ਦਾ ਭਰੋਸਾ ਜਿੱਤਦੇ ਹਨ। ਉਹ ਅਸੂਲਾਂ ʼਤੇ ਚੱਲਦੇ ਹਨ, ਆਪਣੇ ਵਾਅਦੇ ਨਿਭਾਉਂਦੇ ਹਨ ਅਤੇ ਹਮੇਸ਼ਾ ਸੱਚ ਬੋਲਦੇ ਹਨ।

ਇਹ ਜ਼ਰੂਰੀ ਕਿਉਂ ਹੈ?

ਲਗਭਗ ਹਰ ਮਾਮਲੇ ਵਿਚ ਭਰੋਸੇ ਅਤੇ ਆਜ਼ਾਦੀ ਦਾ ਸੰਬੰਧ ਹੁੰਦਾ ਹੈ। ਸਮੇਂ ਦੇ ਬੀਤਣ ਨਾਲ ਤੁਸੀਂ ਜਿੰਨੇ ਜ਼ਿਆਦਾ ਭਰੋਸੇਯੋਗ ਬਣੋਗੇ, ਤੁਸੀਂ ਉੱਨੀ ਜ਼ਿਆਦਾ ਆਜ਼ਾਦੀ ਪਾਓਗੇ।

“ਸਮਝਦਾਰ ਅਤੇ ਜ਼ਿੰਮੇਵਾਰ ਬਣ ਕੇ ਤੁਸੀਂ ਆਪਣੇ ਮਾਪਿਆਂ ਦਾ ਭਰੋਸਾ ਜਿੱਤ ਸਕਦੇ ਹੋ। ਇੱਦਾਂ ਸਿਰਫ਼ ਉਦੋਂ ਹੀ ਨਾ ਕਰੋ ਜਦੋਂ ਮਾਪੇ ਤੁਹਾਡੇ ਨਾਲ ਹੁੰਦੇ ਹਨ, ਸਗੋਂ ਉਦੋਂ ਵੀ ਜਦੋਂ ਉਹ ਤੁਹਾਡੇ ਨਾਲ ਨਹੀਂ ਹੁੰਦੇ।”​—ਸੇਰਈ।

ਬਾਈਬਲ ਦਾ ਅਸੂਲ: “ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।”​—2 ਕੁਰਿੰਥੀਆਂ 13:5.

ਤੁਸੀਂ ਕੀ ਕਰ ਸਕਦੇ ਹੋ?

ਜੇ ਤੁਸੀਂ ਹੋਰ ਭਰੋਸਾ ਜਿੱਤਣਾ ਚਾਹੁੰਦੇ ਹੋ ਜਾਂ ਕਿਸੇ ਦਾ ਭਰੋਸਾ ਦੁਬਾਰਾ ਪਾਉਣਾ ਚਾਹੁੰਦੇ ਹੋ, ਤਾਂ ਹੇਠਾਂ ਲਿਖੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਈਮਾਨਦਾਰ ਬਣੋ। ਜੇ ਤੁਸੀਂ ਝੂਠ ਬੋਲੋਗੇ, ਤਾਂ ਲੋਕ ਝੱਟ ਤੁਹਾਡੇ ʼਤੇ ਭਰੋਸਾ ਕਰਨਾ ਛੱਡ ਦੇਣਗੇ। ਇਸ ਦੇ ਉਲਟ, ਜੇ ਤੁਸੀਂ ਗ਼ਲਤੀ ਕਰ ਕੇ ਇਸ ਨੂੰ ਛੁਪਾਓਗੇ ਨਹੀਂ ਅਤੇ ਈਮਾਨਦਾਰੀ ਨਾਲ ਗੱਲ ਕਰੋਗੇ, ਤਾਂ ਲੋਕ ਤੁਹਾਡੇ ʼਤੇ ਭਰੋਸਾ ਕਰਨਗੇ।

“ਸਭ ਕੁਝ ਠੀਕ ਹੋਣ ʼਤੇ ਈਮਾਨਦਾਰ ਰਹਿਣਾ ਸੌਖਾ ਹੁੰਦਾ ਹੈ। ਜਦੋਂ ਤੁਸੀਂ ਈਮਾਨਦਾਰੀ ਨਾਲ ਉਹ ਗੱਲਾਂ ਵੀ ਦੱਸੋਗੇ ਜਿਨ੍ਹਾਂ ਕਰਕੇ ਤੁਹਾਨੂੰ ਸ਼ਰਮਿੰਦਗੀ ਹੋਵੇਗੀ, ਤਾਂ ਲੋਕ ਤੁਹਾਡੇ ʼਤੇ ਹੋਰ ਜ਼ਿਆਦਾ ਭਰੋਸਾ ਕਰਨਗੇ।”​—ਕਾਮਨ।

ਬਾਈਬਲ ਦਾ ਅਸੂਲ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”​—ਇਬਰਾਨੀਆਂ 13:18.

ਵਿਸ਼ਵਾਸਯੋਗ ਬਣੋ। ਅਮਰੀਕਾ ਵਿਚ ਕੀਤੇ ਇਕ ਸਰਵੇ ਵਿਚ ਨੌਕਰੀ ਦਿਵਾਉਣ ਵਾਲੇ ਅਫ਼ਸਰਾਂ ਤੋਂ ਪੁੱਛਿਆ ਗਿਆ ਕਿ ਉਹ ਨਵੇਂ ਲੋਕਾਂ ਤੋਂ ਕੀ ਉਮੀਦ ਰੱਖਦੇ ਹਨ। 78 ਪ੍ਰਤਿਸ਼ਤ ਅਫ਼ਸਰਾਂ ਨੇ ਕਿਹਾ ਕਿ “ਤਿੰਨ ਗੁਣ ਹੋਣੇ ਸਭ ਤੋਂ ਜ਼ਰੂਰੀ ਹਨ” ਅਤੇ ਉਨ੍ਹਾਂ ਵਿੱਚੋਂ ਇਕ ਗੁਣ ਸੀ, ਵਿਸ਼ਵਾਸਯੋਗ ਹੋਣਾ। ਹੁਣ ਵਿਸ਼ਵਾਸਯੋਗ ਬਣਨ ਕਰਕੇ ਤੁਹਾਨੂੰ ਅੱਗੇ ਜਾ ਕੇ ਹੋਰ ਵੀ ਫ਼ਾਇਦਾ ਹੋਵੇਗਾ।

“ਮੇਰੇ ਮਾਪੇ ਦੇਖਦੇ ਹਨ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹਾਂ ਅਤੇ ਉਨ੍ਹਾਂ ਦੇ ਵਾਰ-ਵਾਰ ਕਹੇ ਬਿਨਾਂ ਹੀ ਆਪਣੇ ਕੰਮ ਕਰਦੀ ਹਾਂ। ਮੈਂ ਜਿੰਨਾ ਜ਼ਿਆਦਾ ਇੱਦਾਂ ਕਰਦੀ ਹਾਂ, ਉੱਨਾ ਜ਼ਿਆਦਾ ਉਨ੍ਹਾਂ ਦਾ ਮੇਰੇ ʼਤੇ ਭਰੋਸਾ ਵਧਦਾ ਹੈ।”​—ਸੇਰਾਹ।

ਬਾਈਬਲ ਦਾ ਅਸੂਲ: ‘ਮੈਨੂੰ ਭਰੋਸਾ ਹੈ ਕਿ ਮੈਂ ਤੈਨੂੰ ਜੋ ਕਰਨ ਲਈ ਕਹਾਂਗਾ, ਤੂੰ ਉਸ ਤੋਂ ਵੀ ਵੱਧ ਕਰੇਂਗਾ।’​—ਫਿਲੇਮੋਨ 21.

ਧੀਰਜ ਰੱਖੋ। ਦੂਜੇ ਆਸਾਨੀ ਨਾਲ ਦੇਖ ਸਕਦੇ ਹਨ ਕਿ ਨੌਜਵਾਨ ਸਰੀਰਕ ਪੱਖੋਂ ਵਧ-ਫੁੱਲ ਰਹੇ ਹਨ, ਪਰ ਇਹ ਗੱਲ ਦੇਖਣ ਵਿਚ ਸਮਾਂ ਲੱਗਦਾ ਹੈ ਕਿ ਉਹ ਹੋਰ ਸਮਝਦਾਰ ਤੇ ਜ਼ਿੰਮੇਵਾਰ ਬਣ ਰਹੇ ਹਨ।

“ਸਿਰਫ਼ ਇਕ ਕੰਮ ਕਰ ਕੇ ਹੀ ਮਾਪਿਆਂ ਅਤੇ ਹੋਰਨਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਪਰ ਜੇ ਤੁਸੀਂ ਸਮੇਂ ਦੇ ਬੀਤਣ ਨਾਲ ਜ਼ਿੰਮੇਵਾਰ ਬਣੋਗੇ, ਤਾਂ ਤੁਸੀਂ ਹੌਲੀ-ਹੌਲੀ ਭਰੋਸੇ ਦੇ ਲਾਇਕ ਬਣ ਸਕੋਗੇ।”​—ਬਰੈਂਡਨ।

ਬਾਈਬਲ ਦਾ ਅਸੂਲ: “ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।”​—ਕੁਲੁੱਸੀਆਂ 3:12.