ਟੀਚੇ ਕਿਸੇ ਮਕਾਨ ਦੇ ਨਕਸ਼ੇ ਵਾਂਗ ਹੁੰਦੇ ਹਨ। ਕੋਸ਼ਿਸ਼ ਕਰਨ ਨਾਲ ਤੁਸੀਂ ਇਨ੍ਹਾਂ ਨੂੰ ਅਸਲੀਅਤ ਵਿਚ ਬਦਲ ਸਕਦੇ ਹੋ

ਨੌਜਵਾਨਾਂ ਲਈ

12: ਟੀਚੇ ਰੱਖੋ

12: ਟੀਚੇ ਰੱਖੋ

ਇਸ ਦਾ ਕੀ ਮਤਲਬ ਹੈ?

ਟੀਚੇ ਸੁਪਨਿਆਂ ਤੋਂ ਵੱਧ ਕੇ ਹੁੰਦੇ ਹਨ। ਸੁਪਨੇ ਵਿਚ ਤੁਹਾਡੀ ਕੋਈ ਇੱਛਾ ਹੁੰਦੀ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਪੂਰੀ ਹੋ ਜਾਵੇ। ਪਰ ਟੀਚੇ ਹਾਸਲ ਕਰਨ ਲਈ ਯੋਜਨਾ ਬਣਾਉਣ, ਹਾਲਾਤਾਂ ਮੁਤਾਬਕ ਢਲ਼ਣ ਅਤੇ ਮਿਹਨਤ ਕਰਨ ਦੀ ਲੋੜ ਪੈਂਦੀ ਹੈ।

ਟੀਚੇ ਕਈ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਛੋਟੇ ਟੀਚੇ (ਜੋ ਕੁਝ ਦਿਨਾਂ ਜਾਂ ਹਫ਼ਤਿਆਂ ਵਿਚ ਹਾਸਲ ਕੀਤੇ ਜਾ ਸਕਦੇ ਹਨ), ਥੋੜ੍ਹੇ ਵੱਡੇ ਟੀਚੇ (ਜਿਨ੍ਹਾਂ ਨੂੰ ਹਾਸਲ ਕਰਨ ਲਈ ਮਹੀਨੇ ਲੱਗ ਸਕਦੇ ਹਨ) ਅਤੇ ਵੱਡੇ ਟੀਚੇ (ਜਿਨ੍ਹਾਂ ਨੂੰ ਹਾਸਲ ਕਰਨ ਲਈ ਸਾਲ ਜਾਂ ਇਸ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ)। ਪਰ ਵੱਡੇ ਟੀਚੇ ਵੀ ਛੋਟੇ-ਛੋਟੇ ਟੀਚੇ ਰੱਖਣ ਨਾਲ ਹਾਸਲ ਕੀਤੇ ਜਾ ਸਕਦੇ ਹਨ।

ਇਹ ਜ਼ਰੂਰੀ ਕਿਉਂ ਹੈ?

ਟੀਚੇ ਹਾਸਲ ਕਰਨ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧ ਸਕਦਾ ਹੈ, ਦੋਸਤੀਆਂ ਪੱਕੀਆਂ ਹੋ ਸਕਦੀਆਂ ਹਨ ਅਤੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ।

ਆਤਮ-ਵਿਸ਼ਵਾਸ: ਜਦੋਂ ਤੁਸੀਂ ਛੋਟੇ ਟੀਚੇ ਰੱਖਦੇ ਹੋ ਅਤੇ ਉਨ੍ਹਾਂ ਨੂੰ ਹਾਸਲ ਕਰ ਲੈਂਦੇ ਹੋ, ਤਾਂ ਤੁਹਾਨੂੰ ਭਰੋਸਾ ਹੋ ਜਾਂਦਾ ਹੈ ਕਿ ਤੁਸੀਂ ਵੱਡੇ ਟੀਚੇ ਵੀ ਹਾਸਲ ਕਰ ਸਕਦੇ ਹੋ। ਨਾਲੇ ਤੁਸੀਂ ਰੋਜ਼ਮੱਰਾ ਦੀਆਂ ਚੁਣੌਤੀਆਂ ਦਾ ਵਧੀਆ ਤਰੀਕੇ ਨਾਲ ਸਾਮ੍ਹਣਾ ਕਰ ਸਕਦੇ ਹੋ ਜਿਵੇਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨਾ।

ਦੋਸਤੀ: ਲੋਕ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਲੋਕਾਂ ਦੇ ਟੀਚੇ ਹੁੰਦੇ ਹਨ ਅਤੇ ਉਹ ਉਸ ਮੁਤਾਬਕ ਕੰਮ ਵੀ ਕਰਦੇ ਹਨ। ਇਸ ਤੋਂ ਇਲਾਵਾ, ਦੋਸਤੀ ਪੱਕੀ ਕਰਨ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਵਿਅਕਤੀ ਨਾਲ ਕੰਮ ਕਰਨਾ ਜਿਸ ਦਾ ਟੀਚਾ ਤੁਹਾਡੇ ਟੀਚੇ ਨਾਲ ਮਿਲਦਾ ਹੈ।

ਖ਼ੁਸ਼ੀ: ਜਦੋਂ ਤੁਸੀਂ ਟੀਚੇ ਰੱਖਦੇ ਹੋ ਤੇ ਇਨ੍ਹਾਂ ਨੂੰ ਹਾਸਲ ਕਰ ਲੈਂਦੇ ਹੋ, ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਫ਼ਲ ਹੋਏ ਹੋ।

“ਮੈਨੂੰ ਟੀਚੇ ਰੱਖਣੇ ਬਹੁਤ ਪਸੰਦ ਹਨ। ਟੀਚੇ ਰੱਖਣ ਕਰਕੇ ਮੈਂ ਬਿਜ਼ੀ ਰਹਿੰਦਾ ਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਕੰਮ ਕਰਦਾ ਰਹਿੰਦਾ ਹਾਂ। ਜਦੋਂ ਮੈਂ ਕੋਈ ਟੀਚਾ ਹਾਸਲ ਕਰ ਲੈਂਦਾ ਹਾਂ, ਤਾਂ ਮੈਨੂੰ ਇਹ ਕਹਿ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ‘ਮੈਂ ਸੱਚੀਂ ਕਰ ਲਿਆ! ਮੈਂ ਜਿਹੜਾ ਟੀਚਾ ਰੱਖਿਆ ਸੀ, ਮੈਂ ਉਹ ਹਾਸਲ ਕਰ ਲਿਆ।’”​—ਕ੍ਰਿਸਟਫਰ।

ਬਾਈਬਲ ਦਾ ਅਸੂਲ: “ਜੇਕਰ ਤੂੰ ਹਵਾ ਦੇ ਰੁੱਕਣ ਅਤੇ ਬੱਦਲਾ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ ਹੈ; ਤਾਂ ਤੂੰ ਕਦੀ ਵੀ ਬੀਜਾਈ ਨਹੀਂ ਕਰ ਸਕੇਗਾ ਅਤੇ ਨਾ ਹੀ ਫ਼ਸਲ ਕਟੇਗਾ।”​—ਉਪਦੇਸ਼ਕ 11:4, CL.

ਤੁਸੀਂ ਕੀ ਕਰ ਸਕਦੇ ਹੋ?

ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਇਹ ਕਦਮ ਚੁੱਕੋ।

ਪਛਾਣੋ। ਟੀਚਿਆਂ ਦੀ ਇਕ ਸੂਚੀ ਬਣਾਓ ਅਤੇ ਲਿਖੋ ਕਿ ਤੁਸੀਂ ਪਹਿਲਾਂ ਕਿਹੜਾ ਟੀਚਾ ਹਾਸਲ ਕਰੋਗੇ ਤੇ ਫਿਰ ਦੂਜਾ ਤੇ ਫਿਰ ਤੀਜਾ ਟੀਚਾ ਲਿਖੋ। ਤੁਸੀਂ ਇਸੇ ਤਰ੍ਹਾਂ ਹੋਰ ਟੀਚੇ ਵੀ ਲਿਖ ਸਕਦੇ ਹੋ।

ਯੋਜਨਾ ਬਣਾਓ। ਟੀਚੇ ਨੂੰ ਹਾਸਲ ਕਰਨ ਲਈ ਹੇਠਾਂ ਦਿੱਤੇ ਕਦਮ ਚੁੱਕੋ:

  • ਲਿਖੋ ਕਿ ਤੁਸੀਂ ਕੋਈ ਟੀਚਾ ਕਦੋਂ ਤਕ ਹਾਸਲ ਕਰੋਗੇ।

  • ਲਿਖੋ ਕਿ ਟੀਚਾ ਹਾਸਲ ਕਰਨ ਲਈ ਤੁਹਾਨੂੰ ਕਿਹੜੇ ਕਦਮ ਚੁੱਕਣੇ ਪੈਣਗੇ।

  • ਪਹਿਲਾਂ ਹੀ ਸੋਚੋ ਕਿ ਤੁਹਾਨੂੰ ਕਿਹੜੀਆਂ ਰੁਕਾਵਟਾਂ ਆ ਸਕਦੀਆਂ ਹਨ ਅਤੇ ਤੁਸੀਂ ਇਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹੋ।

ਕਦਮ ਚੁੱਕੋ। ਟੀਚਾ ਹਾਸਲ ਕਰਨ ਵਿਚ ਦੇਰ ਨਾ ਕਰੋ। ਤੁਹਾਨੂੰ ਹਰੇਕ ਛੋਟਾ-ਛੋਟਾ ਕਦਮ ਲਿਖਣ ਦੀ ਲੋੜ ਨਹੀਂ। ਖ਼ੁਦ ਨੂੰ ਪੁੱਛੋ: ‘ਆਪਣਾ ਟੀਚਾ ਹਾਸਲ ਕਰਨ ਲਈ ਮੈਂ ਸਭ ਤੋਂ ਪਹਿਲਾਂ ਕੀ ਕਰ ਸਕਦਾ ਹਾਂ?’ ਫਿਰ ਇਸ ਮੁਤਾਬਕ ਜਲਦੀ ਪਹਿਲਾ ਕਦਮ ਚੁੱਕੋ। ਲਿਖੋ ਕਿ ਤੁਸੀਂ ਆਪਣਾ ਟੀਚਾ ਹਾਸਲ ਕਰਨ ਲਈ ਕਿਹੜੇ ਕਦਮ ਚੁੱਕ ਲਏ ਹਨ।

ਬਾਈਬਲ ਦਾ ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”​—ਕਹਾਉਤਾਂ 21:5, CL.