Skip to content

Skip to table of contents

ਮਾਪੇ ਆਪਣੀ ਮਿਸਾਲ ਰਾਹੀਂ ਬੱਚਿਆਂ ਨੂੰ ਪਿਆਰ ਦਾ ਗੁਣ ਪੈਦਾ ਕਰਨਾ ਸਿਖਾ ਸਕਦੇ ਹਨ

ਸਮੱਸਿਆ ਹੱਲ ਕਰਨ ਦਾ ਪਹਿਲਾ ਕਦਮ

ਸਹੀ-ਗ਼ਲਤ ਦੀ ਪਛਾਣ ਕਰਾਉਣ ਵਾਲੇ ਅਸੂਲ

ਸਹੀ-ਗ਼ਲਤ ਦੀ ਪਛਾਣ ਕਰਾਉਣ ਵਾਲੇ ਅਸੂਲ

ਸਕੂਲ ਵੱਲੋਂ ਘੁੰਮਣ ਗਏ ਕੁਝ ਨੌਜਵਾਨ ਮੁੰਡਿਆਂ ʼਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਇਕ ਮੁੰਡੇ ਨਾਲ ਸਰੀਰਕ ਛੇੜਖਾਨੀ ਕੀਤੀ ਹੈ। ਸਾਰੇ ਵਿਦਿਆਰਥੀ ਕੈਨੇਡਾ ਦੇ ਇਕ ਮੰਨੇ-ਪ੍ਰਮੰਨੇ ਸਕੂਲ ਵਿਚ ਪੜ੍ਹਦੇ ਸਨ। ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਓਟਾਵਾ ਸਿਟੀਜ਼ਨ ਅਖ਼ਬਾਰ ਵਿਚ ਲੈਨਡ ਸਟਰਨ ਨਾਂ ਦੇ ਪੱਤਰਕਾਰ ਨੇ ਕਿਹਾ: “ਹੁਸ਼ਿਆਰ ਹੋਣਾ, ਚੰਗੇ ਪੜ੍ਹੇ-ਲਿਖੇ ਹੋਣਾ ਅਤੇ ਅਮੀਰ ਹੋਣਾ ਨੌਜਵਾਨਾਂ ਨੂੰ ਗ਼ਲਤ ਕੰਮ ਕਰਨ ਤੋਂ ਨਹੀਂ ਰੋਕਦਾ।”

ਸਟਰਨ ਨੇ ਅੱਗੇ ਕਿਹਾ: “ਅਸੀਂ ਮਾਪਿਆਂ ਤੋਂ ਇਹ ਉਮੀਦ ਰੱਖਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਪਛਾਣਨਾ ਸਿਖਾਉਣ। ਪਰ ਸੱਚਾਈ ਤਾਂ ਇਹ ਹੈ ਕਿ ਮਾਪਿਆਂ ਨੂੰ ਇਸ ਗੱਲ ਦਾ ਜ਼ਿਆਦਾ ਫ਼ਿਕਰ ਹੁੰਦਾ ਕਿ ਉਨ੍ਹਾਂ ਦੇ ਬੱਚੇ ਸਕੂਲ ਵਿਚ ਅੱਵਲ ਆਉਣ ਅਤੇ ਚੰਗੀਆਂ ਨੌਕਰੀਆਂ ਕਰ ਕੇ ਢੇਰ ਸਾਰੇ ਪੈਸੇ ਕਮਾਉਣ।”

ਇਹ ਗੱਲ ਸੱਚ ਹੈ ਕਿ ਪੜ੍ਹਨਾ ਜ਼ਰੂਰੀ ਹੈ। ਪਰ ਵਧੀਆ ਤੋਂ ਵਧੀਆ ਪੜ੍ਹਾਈ ਵੀ ਕਿਸੇ ਇਨਸਾਨ ਨੂੰ ਗ਼ਲਤ ਇੱਛਾਵਾਂ ਨਾਲ ਲੜਨ ਦੇ ਕਾਬਲ ਨਹੀਂ ਬਣਾ ਸਕਦੀ। ਫਿਰ ਅਸੀਂ ਉਹ ਸਿੱਖਿਆ ਕਿੱਥੋਂ ਲੈ ਸਕਦੇ ਹਾਂ ਜਿਸ ਨਾਲ ਅਸੀਂ ਸਹੀ-ਗ਼ਲਤ ਵਿਚ ਫ਼ਰਕ ਪਛਾਣ ਸਕੀਏ?

ਸਹੀ-ਗ਼ਲਤ ਦੀ ਪਛਾਣ ਕਰਾਉਣ ਵਾਲੇ ਅਸੂਲ ਕਿੱਥੋਂ ਸਿੱਖੀਏ?

ਬਾਈਬਲ ਇਕ ਸ਼ੀਸ਼ੇ ਵਾਂਗ ਹੈ। ਜਦੋਂ ਅਸੀਂ ਇਸ ਵਿਚ ਦੇਖਦੇ ਹਾਂ, ਤਾਂ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਚੰਗੀ ਤਰ੍ਹਾਂ ਦਿੱਖਦੀਆਂ ਹਨ। (ਯਾਕੂਬ 1:23-25) ਪਰ ਇੰਨਾ ਹੀ ਨਹੀਂ, ਬਾਈਬਲ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਆਪ ਵਿਚ ਲੋੜੀਂਦੇ ਬਦਲਾਅ ਕਰ ਕੇ ਅਜਿਹੇ ਗੁਣ ਪੈਦਾ ਕਰੀਏ ਜਿਨ੍ਹਾਂ ਨਾਲ ਸ਼ਾਂਤੀ ਅਤੇ ਏਕਤਾ ਬਣੀ ਰਹਿੰਦੀ ਹੈ, ਜਿਵੇਂ ਭਲਾਈ, ਦਇਆ, ਸਹਿਣਸ਼ੀਲਤਾ ਅਤੇ ਪਿਆਰ। ਪਿਆਰ ਬਾਰੇ ਕਿਹਾ ਗਿਆ ਹੈ ਕਿ ਇਹ “ਸਾਰਿਆਂ ਨੂੰ ਏਕਤਾ ਦੇ ਬੰਧਨ” ਵਿਚ ਬੰਨ੍ਹਦਾ ਹੈ। (ਕੁਲੁੱਸੀਆਂ 3:14) ਪਿਆਰ ਦਾ ਗੁਣ ਇੰਨਾ ਖ਼ਾਸ ਕਿਉਂ ਹੈ? ਆਓ ਦੇਖੀਏ ਕਿ ਬਾਈਬਲ ਇਸ ਪਿਆਰ ਦੇ ਗੁਣ ਬਾਰੇ ਕੀ ਕਹਿੰਦੀ ਹੈ।

  • “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ, ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, . . . ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ। ਪਿਆਰ ਕਦੇ ਖ਼ਤਮ ਨਹੀਂ ਹੁੰਦਾ।”​—1 ਕੁਰਿੰਥੀਆਂ 13:4-8.

  • “ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ।”​—ਰੋਮੀਆਂ 13:10.

  • “ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।”​—1 ਪਤਰਸ 4:8.

ਜਦੋਂ ਤੁਸੀਂ ਉਨ੍ਹਾਂ ਲੋਕਾਂ ਨਾਲ ਹੁੰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਹਾਨੂੰ ਕਿੱਦਾਂ ਲੱਗਦਾ? ਤੁਹਾਨੂੰ ਡਰ ਨਹੀਂ ਲੱਗਦਾ ਅਤੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਤੁਹਾਨੂੰ ਪਤਾ ਹੁੰਦਾ ਕਿ ਉਹ ਹਮੇਸ਼ਾ ਤੁਹਾਡਾ ਭਲਾ ਹੀ ਚਾਹੁਣਗੇ ਅਤੇ ਕਦੇ ਵੀ ਤੁਹਾਨੂੰ ਜਾਣ-ਬੁੱਝ ਕੇ ਨੁਕਸਾਨ ਨਹੀਂ ਪਹੁੰਚਾਉਣਗੇ।

ਪਿਆਰ ਹੋਣ ਕਰਕੇ ਲੋਕ ਦੂਸਰਿਆਂ ਦੇ ਭਲੇ ਵਾਸਤੇ ਕੁਰਬਾਨੀਆਂ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਇੱਥੋਂ ਤਕ ਕਿ ਉਹ ਦੂਸਰਿਆਂ ਲਈ ਆਪਣਾ ਰਹਿਣ-ਸਹਿਣ ਵੀ ਬਦਲ ਲੈਂਦੇ ਹਨ। ਮਿਸਾਲ ਲਈ, ਜਦੋਂ ਜੌਰਜ (ਨਾਂ ਅਸਲੀ ਨਹੀਂ ਹੈ) ਨਾਨਾ ਬਣਿਆ, ਤਾਂ ਉਹ ਆਪਣੇ ਦੋਹਤੇ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਸੀ। ਪਰ ਇਕ ਮੁਸ਼ਕਲ ਸੀ। ਜੌਰਜ ਬਹੁਤ ਜ਼ਿਆਦਾ ਸਿਗਰਟਾਂ ਪੀਂਦਾ ਸੀ ਅਤੇ ਉਸ ਦਾ ਜਵਾਈ ਨਹੀਂ ਚਾਹੁੰਦਾ ਸੀ ਕਿ ਉਹ ਬੱਚੇ ਦੇ ਲਾਗੇ ਸਿਗਰਟ ਪੀਵੇ। ਫਿਰ ਜੌਰਜ ਨੇ ਕੀ ਕੀਤਾ? ਭਾਵੇਂ ਉਸ ਨੂੰ ਪਿਛਲੇ 50 ਸਾਲਾਂ ਤੋਂ ਸਿਗਰਟ ਪੀਣ ਦੀ ਲਤ ਲੱਗੀ ਹੋਈ ਸੀ, ਪਰ ਫਿਰ ਵੀ ਉਸ ਨੇ ਆਪਣੇ ਦੋਹਤੇ ਲਈ ਇਹ ਆਦਤ ਛੱਡ ਦਿੱਤੀ। ਜੀ ਹਾਂ, ਪਿਆਰ ਵਿਚ ਬਹੁਤ ਤਾਕਤ ਹੁੰਦੀ ਹੈ!

ਬਾਈਬਲ ਪਿਆਰ, ਭਲਾਈ ਅਤੇ ਦਇਆ ਵਰਗੇ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ

ਸਾਨੂੰ ਪਿਆਰ ਦਾ ਗੁਣ ਪੈਦਾ ਕਰਨਾ ਸਿੱਖਣਾ ਪੈਂਦਾ ਹੈ। ਮਾਪਿਆਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਪਿਆਰ ਦਾ ਗੁਣ ਪੈਦਾ ਕਰਨਾ ਸਿਖਾਉਣ। ਉਹ ਆਪਣੇ ਬੱਚਿਆਂ ਨੂੰ ਪਾਲਦੇ-ਪੋਸਦੇ ਹਨ, ਉਨ੍ਹਾਂ ਦੀ ਰਾਖੀ ਕਰਦੇ ਹਨ ਅਤੇ ਜਦੋਂ ਉਹ ਦੁਖੀ ਜਾਂ ਬੀਮਾਰ ਹੁੰਦੇ ਹਨ, ਤਾਂ ਉਨ੍ਹਾਂ ਦੀ ਮਦਦ ਕਰਦੇ ਹਨ। ਚੰਗੇ ਮਾਪੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਦਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਉਹ ਅਸੂਲ ਵੀ ਸਿਖਾਉਂਦੇ ਹਨ ਜਿਨ੍ਹਾਂ ਨਾਲ ਉਹ ਸਹੀ-ਗ਼ਲਤ ਵਿਚ ਫ਼ਰਕ ਪਛਾਣ ਸਕਦੇ ਹਨ। ਨਾਲੇ ਚੰਗੇ ਮਾਪੇ ਆਪਣੇ ਬੱਚਿਆਂ ਅੱਗੇ ਵਧੀਆ ਮਿਸਾਲ ਵੀ ਰੱਖਦੇ ਹਨ ਤਾਂਕਿ ਬੱਚੇ ਉਨ੍ਹਾਂ ਦੀ ਰੀਸ ਕਰ ਸਕਣ।

ਪਰ ਦੁੱਖ ਦੀ ਗੱਲ ਹੈ ਕਿ ਕਈ ਮਾਪੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ। ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਦੇ ਬੱਚੇ ਕਦੇ ਵੀ ਚੰਗੇ ਇਨਸਾਨ ਨਹੀਂ ਬਣ ਸਕਦੇ? ਬਿਲਕੁਲ ਨਹੀਂ! ਕਈਆਂ ਨੇ ਵੱਡੇ ਹੋ ਕੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ, ਦੂਸਰਿਆਂ ਦੀ ਪਰਵਾਹ ਕਰਨੀ ਸਿੱਖੀ ਅਤੇ ਭਰੋਸੇਯੋਗ ਇਨਸਾਨ ਬਣਨਾ ਸਿੱਖਿਆ, ਭਾਵੇਂ ਇਨ੍ਹਾਂ ਵਿੱਚੋਂ ਕਈਆਂ ਨੂੰ ਬਚਪਨ ਵਿਚ ਮਾਪਿਆਂ ਦਾ ਪਿਆਰ ਨਹੀਂ ਮਿਲਿਆ ਸੀ। ਅਸੀਂ ਅਗਲੇ ਲੇਖ ਵਿਚ ਕੁਝ ਵਿਅਕਤੀਆਂ ਬਾਰੇ ਜਾਣਾਂਗੇ ਜਿਨ੍ਹਾਂ ਬਾਰੇ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਬਦਲਣਾ ਨਾਮੁਮਕਿਨ ਹੈ।