Skip to content

Skip to table of contents

ਇਨ੍ਹਾਂ ਨੇ ਸਮੱਸਿਆ ਦਾ ਸਾਮ੍ਹਣਾ ਕੀਤਾ

ਰਿਕਾਰਡੋ ਅਤੇ ਆਂਡ੍ਰੇਸ ਦੀ ਜ਼ਬਾਨੀ

ਰਿਕਾਰਡੋ ਅਤੇ ਆਂਡ੍ਰੇਸ ਦੀ ਜ਼ਬਾਨੀ

ਬਾਈਬਲ-ਆਧਾਰਿਤ ਸਿੱਖਿਆ ਲੋਕਾਂ ਦੀਆਂ ਜ਼ਿੰਦਗੀਆਂ ਪੂਰੀ ਤਰ੍ਹਾਂ ਬਦਲ ਸਕਦੀ ਹੈ। ਆਓ ਆਪਾਂ ਰਿਕਾਰਡੋ ਅਤੇ ਆਂਡ੍ਰੇਸ ਦੀ ਮਿਸਾਲ ʼਤੇ ਗੌਰ ਕਰੀਏ।

ਰਿਕਾਰਡੋ: 15 ਸਾਲ ਦੀ ਕੱਚੀ ਉਮਰੇ ਮੈਂ ਇਕ ਗੈਂਗ ਦਾ ਮੈਂਬਰ ਬਣ ਗਿਆ। ਮੇਰੇ ਨਵੇਂ ਦੋਸਤਾਂ ਦਾ ਮੇਰੇ ʼਤੇ ਬਹੁਤ ਅਸਰ ਪਿਆ। ਉਦੋਂ ਮੈਂ ਠਾਣ ਲਿਆ ਸੀ ਕਿ ਮੈਂ 10 ਸਾਲਾਂ ਲਈ ਜੇਲ੍ਹ ਜਾਣਾ ਹੈ! ਤੁਸੀਂ ਸ਼ਾਇਦ ਸੋਚੋ ਕਿ ਮੈਂ ਪਾਗਲ ਸੀ, ਪਰ ਸਾਡੇ ਇਲਾਕੇ ਵਿਚ ਉਨ੍ਹਾਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ ਜੋ ਜੇਲ੍ਹ ਜਾਂਦੇ ਸਨ। ਮੈਂ ਚਾਹੁੰਦਾ ਸੀ ਕਿ ਲੋਕ ਮੇਰੀ ਵੀ ਇੱਜ਼ਤ ਕਰਨ।

ਗੈਂਗ ਵਿਚ ਹੁੰਦਿਆਂ ਮੈਂ ਹਰ ਤਰ੍ਹਾਂ ਦਾ ਬੁਰਾ ਕੰਮ ਕੀਤਾ, ਜਿਵੇਂ ਨਸ਼ੇ, ਸੈਕਸ ਅਤੇ ਮਾੜ-ਧਾੜ। ਇਕ ਰਾਤ ਦੂਸਰੇ ਗੈਂਗ ਦੇ ਮੈਂਬਰਾਂ ਨੇ ਸਾਡੇ ʼਤੇ ਗੋਲੀਆਂ ਚਲਾ ਦਿੱਤੀਆਂ। ਮੈਨੂੰ ਲੱਗਾ ਕਿ ਮੈਂ ਅੱਜ ਨਹੀਂ ਬਚਣਾ, ਪਰ ਮੈਂ ਕਿਸੇ ਤਰ੍ਹਾਂ ਬਚ ਨਿਕਲਿਆ। ਉਸ ਘਟਨਾ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਅਤੇ ਟੀਚਿਆਂ ਬਾਰੇ ਗਹਿਰਾਈ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੇ ਆਪ ਨੂੰ ਬਦਲ ਕੇ ਰਹਾਂਗਾ। ਪਰ ਕਿਵੇਂ? ਕੌਣ ਮੇਰੀ ਮਦਦ ਕਰੇਗਾ?

ਮੇਰੇ ਜ਼ਿਆਦਾਤਰ ਰਿਸ਼ਤੇਦਾਰਾਂ ਦੀਆਂ ਜ਼ਿੰਦਗੀਆਂ ਵਿਚ ਬਹੁਤ ਮੁਸ਼ਕਲਾਂ ਸਨ। ਪਰ ਮੇਰੇ ਇਕ ਮਾਮਾ ਜੀ ਦਾ ਪਰਿਵਾਰ ਬਹੁਤ ਖ਼ੁਸ਼ ਰਹਿੰਦਾ ਸੀ। ਮੈਨੂੰ ਪਤਾ ਸੀ ਕਿ ਉਹ ਚੰਗੇ ਲੋਕ ਹਨ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਨ। ਉਨ੍ਹਾਂ ਨੇ ਮੈਨੂੰ ਇਕ ਵਾਰ ਦੱਸਿਆ ਸੀ ਕਿ ਰੱਬ ਦਾ ਨਾਂ ਯਹੋਵਾਹ ਹੈ। ਗੋਲੀ ਵਾਲੀ ਘਟਨਾ ਵਾਪਰਨ ਤੋਂ ਥੋੜ੍ਹੀ ਦੇਰ ਬਾਅਦ ਮੈਂ ਯਹੋਵਾਹ ਦਾ ਨਾਂ ਲੈ ਕੇ ਉਸ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਕੋਲੋਂ ਮਦਦ ਮੰਗੀ। ਮੈਂ ਬਹੁਤ ਹੈਰਾਨ ਹੋਇਆ ਜਦੋਂ ਅਗਲੇ ਹੀ ਦਿਨ ਯਹੋਵਾਹ ਦੇ ਇਕ ਗਵਾਹ ਨੇ ਮੇਰਾ ਦਰਵਾਜ਼ਾ ਖੜਕਾਇਆ। ਉਸ ਨੇ ਮੈਨੂੰ ਬਾਈਬਲ ਅਧਿਐਨ ਕਰਾਉਣਾ ਸ਼ੁਰੂ ਕਰ ਦਿੱਤਾ।

ਜਲਦੀ ਹੀ ਮੇਰੇ ʼਤੇ ਇਕ ਵੱਡੀ ਮੁਸੀਬਤ ਆਈ। ਮੇਰੇ ਪੁਰਾਣੇ ਦੋਸਤ ਮੈਨੂੰ ਵਾਰ-ਵਾਰ ਫ਼ੋਨ ਕਰ ਕੇ ਕਹਿੰਦੇ ਸਨ ਕਿ ਮੈਂ ਉਨ੍ਹਾਂ ਨਾਲ ਸਮਾਂ ਬਿਤਾਵਾਂ। ਮੈਂ ਉਨ੍ਹਾਂ ਨੂੰ ਨਾਂਹ ਕਰ ਦਿੱਤੀ ਭਾਵੇਂ ਮੇਰੇ ਲਈ ਇੱਦਾਂ ਕਰਨਾ ਬਹੁਤ ਔਖਾ ਸੀ। ਮੈਂ ਬਾਈਬਲ ਅਧਿਐਨ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਮੈਂ ਖ਼ੁਸ਼ ਹਾਂ ਕਿ ਮੈਂ ਅਧਿਐਨ ਜਾਰੀ ਰੱਖਿਆ! ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਤੇ ਮੈਨੂੰ ਸੱਚੀ ਖ਼ੁਸ਼ੀ ਮਿਲੀ।

ਮੈਨੂੰ ਯਾਦ ਹੈ ਕਿ ਮੈਂ ਰੱਬ ਨੂੰ ਕਿਹਾ ਸੀ ਕਿ ਮੈਂ ਇਕ ਸਮੇਂ ʼਤੇ ਗੈਂਗ ਮੈਂਬਰ ਵਜੋਂ ਇੱਜ਼ਤ ਕਮਾਉਣ ਲਈ 10 ਸਾਲਾਂ ਲਈ ਜੇਲ੍ਹ ਜਾਣਾ ਚਾਹੁੰਦਾ ਸੀ। ਪਰ ਹੁਣ ਮੈਂ ਕਿਹਾ ਕਿ ਜੇ ਤੁਹਾਡੀ ਇੱਛਾ ਹੋਵੇ ਤਾਂ ਮੈਂ ਘੱਟੋ-ਘੱਟ 10 ਸਾਲਾਂ ਲਈ ਪੂਰੇ ਸਮੇਂ ਦੇ ਪ੍ਰਚਾਰਕ ਵਜੋਂ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਚਾਹੁੰਦਾ ਹਾਂ। ਜਿੱਦਾਂ ਮੇਰੀ ਮਦਦ ਹੋਈ ਸੀ, ਮੈਂ ਵੀ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਰੱਬ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਤੇ ਮੈਂ ਪਿਛਲੇ 17 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਹਾਂ! ਨਾਲੇ ਇਕ ਹੋਰ ਗੱਲ, ਮੈਂ ਕਦੇ ਵੀ ਜੇਲ੍ਹ ਨਹੀਂ ਗਿਆ।

ਮੇਰੇ ਬਹੁਤ ਸਾਰੇ ਪੁਰਾਣੇ ਦੋਸਤ ਲੰਬੇ ਸਮੇਂ ਤੋਂ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ ਤੇ ਕਈਆਂ ਦੀ ਮੌਤ ਹੋ ਚੁੱਕੀ ਹੈ। ਹੁਣ ਮੈਂ ਜਦੋਂ ਬੀਤੇ ਸਮੇਂ ਨੂੰ ਯਾਦ ਕਰਦਾ ਹਾਂ, ਤਾਂ ਮੈਂ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਯਹੋਵਾਹ ਨੂੰ ਮੰਨਦੇ ਹਨ। ਉਹ ਲੋਕਾਂ ਤੋਂ ਅਲੱਗ ਦਿਸਣ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਤੋਂ ਪਿੱਛੇ ਨਹੀਂ ਹਟੇ। ਮੇਰੇ ਦਿਲ ਵਿਚ ਉਨ੍ਹਾਂ ਲਈ ਇੰਨੀ ਇੱਜ਼ਤ ਪੈਦਾ ਹੋ ਗਈ ਜਿੰਨੀ ਕਿਸੇ ਵੀ ਗੈਂਗ ਮੈਂਬਰ ਲਈ ਨਹੀਂ ਸੀ। ਇਸ ਤੋਂ ਵੀ ਵੱਧ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਇਆ।

ਆਂਡ੍ਰੇਸ: ਮੇਰਾ ਜਨਮ ਅਤੇ ਪਰਵਰਿਸ਼ ਇਕ ਗ਼ਰੀਬ ਇਲਾਕੇ ਵਿਚ ਹੋਈ। ਉੱਥੇ ਨਸ਼ੇ, ਲੁੱਟ-ਖੋਹ, ਕਤਲ ਅਤੇ ਵੇਸਵਾਗਿਰੀ ਆਮ ਗੱਲ ਸੀ। ਮੇਰੇ ਡੈਡੀ ਨੂੰ ਸ਼ਰਾਬ ਪੀਣ ਅਤੇ ਕੋਕੀਨ ਲੈਣ ਦੀ ਲਤ ਲੱਗੀ ਹੋਈ ਸੀ। ਮੇਰੇ ਮੰਮੀ-ਡੈਡੀ ਹਮੇਸ਼ਾ ਇਕ-ਦੂਜੇ ਨੂੰ ਗਾਲ਼ਾਂ ਕੱਢਦੇ ਸੀ ਤੇ ਮਾਰਦੇ-ਕੁੱਟਦੇ ਸੀ।

ਛੋਟੀ ਉਮਰੇ ਹੀ ਮੈਂ ਸ਼ਰਾਬ ਪੀਣੀ ਤੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਮੇਰਾ ਜ਼ਿਆਦਾਤਰ ਸਮਾਂ ਗਲੀਆਂ ਵਿਚ ਹੀ ਲੰਘਦਾ ਸੀ। ਮੈਂ ਚੋਰੀਆਂ ਕਰਦਾ ਸੀ ਤੇ ਉਹੀ ਚੀਜ਼ਾਂ ਵੇਚ ਦਿੰਦਾ ਸੀ। ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਗਿਆ, ਮੇਰੇ ਡੈਡੀ ਨੇ ਚੰਗਾ ਬਾਪ ਬਣਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਨ੍ਹਾਂ ਨੇ ਮੈਨੂੰ ਗ਼ਲਤ ਕੰਮ ਸਿਖਾਏ। ਉਨ੍ਹਾਂ ਨੇ ਮੈਨੂੰ ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਚੀਜ਼ਾਂ ਦੀ ਸਮਗਲਿੰਗ ਕਰਨੀ ਅਤੇ ਇਨ੍ਹਾਂ ਨੂੰ ਵੇਚਣਾ ਸਿਖਾਇਆ। ਮੈਂ ਥੋੜ੍ਹੇ ਸਮੇਂ ਦੇ ਅੰਦਰ-ਅੰਦਰ ਹੀ ਬਹੁਤ ਪੈਸਾ ਕਮਾ ਲਿਆ। ਫਿਰ ਇਕ ਦਿਨ ਪੁਲਿਸ ਮੇਰੇ ਘਰ ਆਈ ਤੇ ਮੈਨੂੰ ਬੰਦੀ ਬਣਾ ਕੇ ਲੈ ਗਈ। ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਕਰਕੇ ਪੰਜ ਸਾਲਾਂ ਦੀ ਸਜ਼ਾ ਹੋਈ।

ਇਕ ਸਵੇਰ ਜੇਲ੍ਹ ਵਿਚ ਘੋਸ਼ਣਾ ਹੋਈ ਕਿ ਯਹੋਵਾਹ ਦੇ ਗਵਾਹ ਬਾਈਬਲ ਬਾਰੇ ਦੱਸਣ ਲਈ ਆ ਰਹੇ ਹਨ ਅਤੇ ਸਾਰੇ ਕੈਦੀ ਸੁਣਨ ਲਈ ਆ ਸਕਦੇ ਹਨ। ਮੈਂ ਵੀ ਜਾਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਉਨ੍ਹਾਂ ਦੀਆਂ ਗੱਲਾਂ ਸੁਣੀਆਂ, ਤਾਂ ਮੈਨੂੰ ਚੰਗੀਆਂ ਲੱਗੀਆਂ ਅਤੇ ਮੈਂ ਗਵਾਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੇਰੇ ਨਾਲ ਗੋਲ-ਮੋਲ ਗੱਲ ਨਹੀਂ ਕੀਤੀ, ਸਗੋਂ ਮੈਨੂੰ ਬਾਈਬਲ ਵਿੱਚੋਂ ਰੱਬ ਦੇ ਉੱਚੇ-ਸੁੱਚੇ ਨੈਤਿਕ ਮਿਆਰਾਂ ਬਾਰੇ ਦੱਸਿਆ।

ਮੇਰੇ ਨਾਲ ਦੇ ਕੈਦੀ ਮੈਨੂੰ ਡਰਾਉਂਦੇ-ਧਮਕਾਉਂਦੇ ਸਨ ਕਿਉਂਕਿ ਉਨ੍ਹਾਂ ਨੂੰ ਮੇਰਾ ਬਾਈਬਲ ਅਧਿਐਨ ਕਰਨਾ ਪਸੰਦ ਨਹੀਂ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਂ ਬਿਨਾਂ ਕਿਸੇ ਦੀ ਮਦਦ ਦੇ ਆਪਣੇ ਆਪ ਨੂੰ ਬਦਲ ਨਹੀਂ ਸਕਦਾ। ਇਸ ਲਈ ਮੈਂ ਯਹੋਵਾਹ ਨੂੰ ਬੁੱਧ ਅਤੇ ਤਾਕਤ ਲਈ ਪ੍ਰਾਰਥਨਾ ਕੀਤੀ ਅਤੇ ਉਸ ਨੇ ਮੇਰੀ ਮਦਦ ਕੀਤੀ ਜਿਸ ਕਰਕੇ ਮੈਂ ਕੈਦੀਆਂ ਤੋਂ ਡਰਨ ਦੀ ਬਜਾਇ ਦਲੇਰੀ ਨਾਲ ਉਨ੍ਹਾਂ ਨੂੰ ਬਾਈਬਲ ਬਾਰੇ ਦੱਸ ਸਕਿਆ।

ਜਦੋਂ ਮੇਰੀ ਰਿਹਾਈ ਦਾ ਦਿਨ ਆਇਆ, ਤਾਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਜੇਲ੍ਹ ਵਿਚ ਰਹਿਣ ਦਾ ਆਦੀ ਹੋ ਚੁੱਕਾ ਸੀ। ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਰਿਹਾ ਸੀ, ਤਾਂ ਕਈ ਕੈਦੀਆਂ ਨੇ ਮੈਨੂੰ ਅਲਵਿਦਾ ਕਿਹਾ। ਕਈਆਂ ਨੇ ਤਾਂ ਇਹ ਵੀ ਕਿਹਾ ਕਿ “ਚੰਗਾ ਫਿਰ, ਮਸੀਹ ਦੇ ਬੰਦਿਆ।”

ਮੈਂ ਇਹ ਸੋਚ ਕੇ ਹੀ ਡਰ ਜਾਂਦਾ ਹਾਂ ਕਿ ਜੇ ਮੈਂ ਰੱਬ ਬਾਰੇ ਨਾ ਸਿੱਖਦਾ, ਤਾਂ ਮੇਰੀ ਜ਼ਿੰਦਗੀ ਕਿੱਦਾਂ ਦੀ ਹੋਣੀ ਸੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਰੱਬ ਮੈਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਕਦੇ ਵੀ ਮੈਨੂੰ ਬੇਕਾਰ ਨਹੀਂ ਸਮਝਿਆ। *

^ ਸਾਡੀ ਵੈੱਬਸਾਈਟ jw.org/pa ʼਤੇ ਇਹੋ ਜਿਹੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ। ਲਾਇਬ੍ਰੇਰੀ ʼਤੇ ਜਾਓ ਅਤੇ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖ ਦੇਖੋ।