Skip to content

Skip to table of contents

ਸਹੀ ਇਲਾਜ ਉਹੀ ਹੈ ਜੋ ਬੀਮਾਰੀ ਦੀ ਜੜ੍ਹ ਨੂੰ ਖ਼ਤਮ ਕਰੇ ਨਾ ਕਿ ਸਿਰਫ਼ ਬੀਮਾਰੀ ਦੇ ਲੱਛਣਾਂ ਨੂੰ

ਸਮੱਸਿਆ ਹੈ ਕਿਉਂ?

ਮੁਸ਼ਕਲਾਂ ਦੀ ਜੜ੍ਹ ਲੱਭਣੀ

ਮੁਸ਼ਕਲਾਂ ਦੀ ਜੜ੍ਹ ਲੱਭਣੀ

ਤੁਹਾਨੂੰ ਕੀ ਲੱਗਦਾ ਕਿ ਅਸੀਂ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਾਂ ਜਿਨ੍ਹਾਂ ਕਰਕੇ ਅੱਜ ਸ਼ਾਂਤੀ ਅਤੇ ਸੁਰੱਖਿਆ ਨਹੀਂ ਹੈ ਅਤੇ ਸਾਡਾ ਭਵਿੱਖ ਖ਼ਤਰੇ ਵਿਚ ਹੈ? ਮੁਸ਼ਕਲਾਂ ਨੂੰ ਜੜ੍ਹੋਂ ਖ਼ਤਮ ਕਰਨ ਤੋਂ ਪਹਿਲਾਂ ਸਾਨੂੰ ਇਨ੍ਹਾਂ ਦਾ ਕਾਰਨ ਜਾਣਨ ਦੀ ਲੋੜ ਹੈ।

ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ। ਟੌਮ ਨਾਂ ਦਾ ਇਕ ਆਦਮੀ ਬੀਮਾਰ ਸੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਕਿਉਂ ਹੋਈ? ਉੱਥੋਂ ਦੇ ਇਕ ਡਾਕਟਰ ਨੇ ਕਿਹਾ: “ਜਦੋਂ ਬੀਮਾਰੀ ਦੇ ਲੱਛਣ ਦਿਸਣੇ ਸ਼ੁਰੂ ਹੀ ਹੋਏ ਸਨ, ਤਾਂ ਕਿਸੇ ਨੇ ਬੀਮਾਰੀ ਦਾ ਕਾਰਨ ਪਤਾ ਲਗਾਉਣ ਬਾਰੇ ਨਹੀਂ ਸੋਚਿਆ।” ਇੱਦਾਂ ਲੱਗਦਾ ਹੈ ਕਿ ਟੌਮ ਦੇ ਪਹਿਲੇ ਡਾਕਟਰਾਂ ਨੇ ਉਸ ਨੂੰ ਸਿਰਫ਼ ਉਹ ਦਵਾਈਆਂ ਦਿੱਤੀਆਂ ਜਿਨ੍ਹਾਂ ਨਾਲ ਉਸ ਨੂੰ ਲੱਗਦਾ ਸੀ ਕਿ ਉਹ ਠੀਕ ਹੋ ਰਿਹਾ ਹੈ।

ਕੀ ਦੁਨੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਵੀ ਇਨਸਾਨ ਇਹੀ ਤਰੀਕਾ ਵਰਤ ਰਹੇ ਹਨ? ਮਿਸਾਲ ਲਈ, ਅਪਰਾਧ ਨੂੰ ਰੋਕਣ ਲਈ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਲੋਕਾਂ ʼਤੇ ਨਿਗਰਾਨੀ ਰੱਖਣ ਲਈ ਕੈਮਰੇ ਲਾਉਂਦੀਆਂ ਹਨ ਅਤੇ ਪੁਲਿਸ ਬਲ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਨ੍ਹਾਂ ਤਰੀਕਿਆਂ ਨਾਲ ਮੁਸ਼ਕਲਾਂ ਕੁਝ ਹੱਦ ਤਕ ਤਾਂ ਹੱਲ ਹੋ ਜਾਂਦੀਆਂ ਹਨ, ਪਰ ਮੁਸ਼ਕਲਾਂ ਦੇ ਕਾਰਨ ਖ਼ਤਮ ਨਹੀਂ ਹੁੰਦੇ। ਕਿਹੜੇ ਕਾਰਨ? ਲੋਕਾਂ ਦੀ ਸੋਚ, ਉਨ੍ਹਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਦੀਆਂ ਇੱਛਾਵਾਂ।

ਡੈਨੀਅਲ, ਦੱਖਣੀ ਅਮਰੀਕਾ ਵਿਚ ਰਹਿੰਦਾ ਹੈ। ਉਸ ਦੇ ਦੇਸ਼ ਦੀ ਆਰਥਿਕ ਹਾਲਤ ਬਹੁਤ ਖ਼ਸਤਾ ਹੋ ਰਹੀ ਹੈ। ਉਹ ਕਹਿੰਦਾ ਹੈ: “ਅਸੀਂ ਪਹਿਲਾਂ ਆਮ ਜ਼ਿੰਦਗੀ ਜੀਉਂਦੇ ਸੀ। ਸਾਨੂੰ ਡਰ ਨਹੀਂ ਸੀ ਕਿ ਹਥਿਆਰਾਂ ਨਾਲ ਲੈਸ ਲੋਕ ਸਾਡੇ ਨਾਲ ਲੁੱਟ-ਖੋਹ ਕਰਨਗੇ। ਪਰ ਹੁਣ ਦੇਸ਼ ਦੇ ਕਿਸੇ ਵੀ ਪਿੰਡ ਜਾਂ ਕਸਬੇ ਵਿਚ ਸ਼ਾਂਤੀ ਦਾ ਨਾਮੋ-ਨਿਸ਼ਾਨ ਨਹੀਂ ਹੈ। ਇਨ੍ਹਾਂ ਮੁਸ਼ਕਲ ਹਾਲਾਤਾਂ ਕਰਕੇ ਇਹ ਸਾਫ਼ ਦੇਖਿਆ ਜਾ ਸਕਦਾ ਕਿ ਬਹੁਤ ਸਾਰੇ ਲੋਕ ਕਿੰਨੇ ਲਾਲਚੀ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਦੂਸਰਿਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਚੀਜ਼ਾਂ ਦੀ ਕੋਈ ਕਦਰ ਨਹੀਂ ਹੈ।”

ਮੱਧ ਪੂਰਬ ਵਿਚ ਲੜਾਈ ਲੱਗਣ ਕਰਕੇ ਇਕ ਆਦਮੀ ਉੱਥੋਂ ਭੱਜ ਗਿਆ ਤੇ ਬਾਅਦ ਵਿਚ ਉਸ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਹ ਦੱਸਦਾ ਹੈ: “ਮੇਰੇ ਸ਼ਹਿਰ ਦੇ ਬਹੁਤ ਸਾਰੇ ਜਵਾਨ ਮੁੰਡਿਆਂ ਦੇ ਪਰਿਵਾਰ ਵਾਲਿਆਂ ਨੇ ਅਤੇ ਰਾਜਨੀਤਿਕ-ਧਾਰਮਿਕ ਸੰਸਥਾਵਾਂ ਨੇ ਉਨ੍ਹਾਂ ʼਤੇ ਜ਼ੋਰ ਪਾਇਆ ਕਿ ਉਹ ਲੜਾਈ ਵਿਚ ਹਿੱਸਾ ਲੈਣ ਅਤੇ ਲੋਕਾਂ ਦੀ ਵਾਹ-ਵਾਹ ਖੱਟਣ। ਦੁਸ਼ਮਣ ਦੇਸ਼ ਦੇ ਨੌਜਵਾਨਾਂ ʼਤੇ ਵੀ ਇਹੀ ਜ਼ੋਰ ਪਾਇਆ ਗਿਆ। ਇਸ ਸਭ ਤੋਂ ਪਤਾ ਲੱਗਦਾ ਹੈ ਕਿ ਇਨਸਾਨੀ ਹਾਕਮਾਂ ʼਤੇ ਭਰੋਸਾ ਕਰਨਾ ਕਿੰਨਾ ਗ਼ਲਤ ਹੈ।”

ਇਕ ਪੁਰਾਣੀ ਕਿਤਾਬ ਬਿਲਕੁਲ ਸਹੀ ਕਹਿੰਦੀ ਹੈ:

  • “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।”​—ਉਤਪਤ 8:21.

  • “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?”​—ਯਿਰਮਿਯਾਹ 17:9.

  • “ਇਹ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ: ਭੈੜੀ ਸੋਚ, ਕਤਲ, . . . ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ।”​—ਮੱਤੀ 15:19.

ਹੁਣ ਤਕ ਇਨਸਾਨ ਆਪਣੇ ਔਗੁਣਾਂ ਨੂੰ ਖ਼ਤਮ ਕਰਨ ਵਿਚ ਨਾਕਾਮ ਰਹੇ ਹਨ। ਅਸਲ ਵਿਚ ਅੱਜ-ਕੱਲ੍ਹ ਲੋਕਾਂ ਵਿਚ ਔਗੁਣ ਦਿਨ-ਬਦਿਨ ਵਧ ਰਹੇ ਹਨ ਅਤੇ ਇਹ ਗੱਲ ਪਿਛਲੇ ਲੇਖ ਵਿਚ ਦੱਸੀਆਂ ਮੁਸ਼ਕਲਾਂ ਤੋਂ ਸਾਫ਼ ਜ਼ਾਹਰ ਹੁੰਦੀ ਹੈ। (2 ਤਿਮੋਥਿਉਸ 3:1-5) ਭਾਵੇਂ ਅੱਜ ਲੋਕਾਂ ਕੋਲ ਜਾਣਕਾਰੀ ਦੀ ਕੋਈ ਕਮੀ ਨਹੀਂ ਹੈ ਅਤੇ ਆਪਣੀ ਗੱਲ ਦੂਸਰਿਆਂ ਤਕ ਪਹੁੰਚਾਉਣ ਦੇ ਬਹੁਤ ਸਾਰੇ ਜ਼ਰੀਏ ਵੀ ਹਨ, ਪਰ ਫਿਰ ਵੀ ਲੋਕ ਆਪਣੇ ਔਗੁਣਾਂ ਨੂੰ ਖ਼ਤਮ ਨਹੀਂ ਕਰ ਸਕੇ। ਸੋ ਇਨਸਾਨ ਦੁਨੀਆਂ ਵਿਚ ਸੁਰੱਖਿਆ ਕਿਉਂ ਨਹੀਂ ਕਾਇਮ ਕਰ ਸਕੇ? ਕੀ ਇੱਦਾਂ ਕਰਨਾ ਇਨਸਾਨਾਂ ਦੇ ਵੱਸ ਵਿਚ ਨਹੀਂ ਹੈ? ਕੀ ਦੁਨੀਆਂ ʼਤੇ ਸੁਰੱਖਿਆ ਕਾਇਮ ਕਰਨੀ ਮੁਮਕਿਨ ਵੀ ਹੈ?

ਕੀ ਦੁਨੀਆਂ ʼਤੇ ਸੁਰੱਖਿਆ ਕਾਇਮ ਕਰਨੀ ਮੁਮਕਿਨ ਵੀ ਹੈ?

ਚਾਹੇ ਕਿਸੇ ਚਮਤਕਾਰ ਨਾਲ ਇਨਸਾਨਾਂ ਦੇ ਔਗੁਣ ਖ਼ਤਮ ਹੋ ਵੀ ਜਾਣ, ਪਰ ਫਿਰ ਵੀ ਅਸੀਂ ਦੁਨੀਆਂ ʼਤੇ ਸਾਰਿਆਂ ਲਈ ਸੁਰੱਖਿਆ ਕਾਇਮ ਨਹੀਂ ਕਰ ਸਕਦੇ? ਕਿਉਂ? ਕਿਉਂਕਿ ਇਨਸਾਨ ਹੋਣ ਕਰਕੇ ਸਾਡੀਆਂ ਕੁਝ ਹੱਦਾਂ ਹਨ।

ਸੱਚਾਈ ਤਾਂ ਇਹ ਹੈ ਕਿ “ਏਹ ਮਨੁੱਖ ਦੇ ਵੱਸ ਨਹੀਂ ਕਿ . . . [ਉਹ] ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਜੀ ਹਾਂ, ਸਾਨੂੰ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਕਿ ਅਸੀਂ ਇਕ-ਦੂਜੇ ਉੱਤੇ ਰਾਜ ਕਰੀਏ। ਅਸਲ ਵਿਚ, ਜਿਸ ਤਰ੍ਹਾਂ ਸਾਨੂੰ ਪਾਣੀ ਜਾਂ ਪੁਲਾੜ ਵਿਚ ਰਹਿਣ ਲਈ ਨਹੀਂ ਬਣਾਇਆ ਗਿਆ, ਉਸੇ ਤਰ੍ਹਾਂ ਸਾਨੂੰ ਇਕ-ਦੂਜੇ ਉੱਤੇ ਰਾਜ ਕਰਨ ਲਈ ਨਹੀਂ ਬਣਾਇਆ ਗਿਆ।

ਜਿਸ ਤਰ੍ਹਾਂ ਸਾਨੂੰ ਪਾਣੀ ਵਿਚ ਰਹਿਣ ਲਈ ਨਹੀਂ ਬਣਾਇਆ ਗਿਆ, ਉਸੇ ਤਰ੍ਹਾਂ ਸਾਨੂੰ ਇਕ-ਦੂਜੇ ਉੱਤੇ ਰਾਜ ਕਰਨ ਲਈ ਨਹੀਂ ਬਣਾਇਆ ਗਿਆ

ਜ਼ਰਾ ਗੌਰ ਕਰੋ: ਕੀ ਲੋਕਾਂ ਨੂੰ ਚੰਗਾ ਲੱਗਦਾ ਹੈ ਜਦੋਂ ਦੂਸਰੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਕਿਵੇਂ ਜੀਉਣੀ ਚਾਹੀਦੀ ਹੈ ਜਾਂ ਕਿਹੜੇ ਨੈਤਿਕ ਮਿਆਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ? ਕੀ ਲੋਕਾਂ ਨੂੰ ਚੰਗਾ ਲੱਗਦਾ ਕਿ ਦੂਸਰੇ ਉਨ੍ਹਾਂ ਨੂੰ ਦੱਸਣ ਕਿ ਗਰਭਪਾਤ ਜਾਂ ਫਾਂਸੀ ਬਾਰੇ ਸਹੀ ਨਜ਼ਰੀਆ ਕੀ ਹੈ ਜਾਂ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਚਾਹੀਦੀ ਹੈ? ਇਨ੍ਹਾਂ ਕੁਝ ਮਸਲਿਆਂ ਕਰਕੇ ਲੋਕਾਂ ਵਿਚ ਫੁੱਟ ਪੈਂਦੀ ਹੈ। ਚਾਹੇ ਇਹ ਗੱਲ ਮੰਨਣੀ ਔਖੀ ਲੱਗੇ, ਪਰ ਬਾਈਬਲ ਜੋ ਕਹਿੰਦੀ ਹੈ, ਉਹ ਬਿਲਕੁਲ ਸਹੀ ਹੈ। ਸਾਡੇ ਕੋਲ ਦੂਸਰੇ ਇਨਸਾਨਾਂ ਉੱਤੇ ਰਾਜ ਕਰਨ ਦਾ ਨਾ ਤਾਂ ਅਧਿਕਾਰ ਹੈ ਤੇ ਨਾ ਹੀ ਕਾਬਲੀਅਤ। ਫਿਰ ਅਸੀਂ ਮਦਦ ਲਈ ਕਿਸ ਕੋਲ ਜਾ ਸਕਦੇ ਹਾਂ?

ਆਪਣੇ ਸ੍ਰਿਸ਼ਟੀਕਰਤਾ ਕੋਲੋਂ ਮਦਦ ਲੈਣੀ ਹੀ ਸਮਝਦਾਰੀ ਦੀ ਗੱਲ ਹੋਵੇਗੀ। ਆਖ਼ਰਕਾਰ ਉਸ ਨੇ ਹੀ ਤਾਂ ਸਾਨੂੰ ਬਣਾਇਆ ਹੈ! ਚਾਹੇ ਲੋਕ ਕੁਝ ਵੀ ਕਹਿਣ, ਉਹ ਸਾਨੂੰ ਭੁੱਲਿਆ ਨਹੀਂ ਹੈ, ਸਗੋਂ ਬਾਈਬਲ ਵਿਚ ਦੱਸੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਉਸ ਨੂੰ ਸਾਡਾ ਕਿੰਨਾ ਫ਼ਿਕਰ ਹੈ। ਜਦੋਂ ਅਸੀਂ ਇਸ ਲਾਜਵਾਬ ਕਿਤਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਖ਼ੁਦ ਦੀਆਂ ਕਮੀਆਂ-ਕਮਜ਼ੋਰੀਆਂ ਪਤਾ ਲੱਗਦੀਆਂ ਹਨ। ਅਸੀਂ ਇਹ ਵੀ ਸਮਝ ਪਾਉਂਦੇ ਹਾਂ ਕਿ ਇਨਸਾਨਾਂ ਦਾ ਇਤਿਹਾਸ ਇੰਨਾ ਦੁਖਦਾਈ ਕਿਉਂ ਰਿਹਾ ਹੈ। ਨਾਲੇ ਜਰਮਨ ਦੇ ਇਕ ਵਿਦਵਾਨ ਨੇ ਕਿਹਾ ਸੀ ਕਿ “ਲੋਕਾਂ ਅਤੇ ਸਰਕਾਰਾਂ ਨੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਅਤੇ ਆਪਣਾ ਰਵੱਈਆ ਵੀ ਨਹੀਂ ਬਦਲਿਆ।” ਅਸੀਂ ਬਾਈਬਲ ਵਿੱਚੋਂ ਜਾਣਾਂਗੇ ਕਿ ਇੱਦਾਂ ਕਿਉਂ ਹੋਇਆ?

ਬਾਈਬਲ ਵਿਚ ਪਾਈ ਜਾਂਦੀ ਬੁੱਧ ਸਾਡੀ ਰਾਖੀ ਕਰਦੀ ਹੈ!

ਬਾਈਬਲ ਕਹਿੰਦੀ ਹੈ: “ਗਿਆਨ ਆਪਣੇ ਸਾਰੇ ਬਾਲਕਾਂ” ਜਾਂ ਨਤੀਜਿਆਂ ਤੋਂ “ਸੱਚਾ ਠਹਿਰਿਆ!” (ਲੂਕਾ 7:35, OV) ਇਸ ਗਿਆਨ ਜਾਂ ਬੁੱਧ ਦੀ ਇਕ ਮਿਸਾਲ ਯਸਾਯਾਹ 2:22 (ERV) ਵਿਚ ਪਾਈ ਜਾਂਦੀ ਹੈ ਜਿੱਥੇ ਲਿਖਿਆ: ‘ਆਪਣੀ ਮੁਕਤੀ ਲਈ ਲੋਕਾਂ ਉੱਤੇ ਭਰੋਸਾ ਕਰਨਾ ਛੱਡ ਦਿਓ।’ ਇਸ ਸਲਾਹ ਦੀ ਮਦਦ ਨਾਲ ਅਸੀਂ ਕੋਈ ਅਜਿਹੀ ਉਮੀਦ ਨਹੀਂ ਰੱਖਾਂਗੇ ਜੋ ਕਦੇ ਪੂਰੀ ਨਹੀਂ ਹੋ ਸਕਦੀ। ਮਿਸਾਲ ਲਈ, ਉੱਤਰੀ ਅਮਰੀਕਾ ਦੇ ਇਕ ਸ਼ਹਿਰ ਵਿਚ ਹਿੰਸਾ ਦਾ ਬੋਲਬਾਲਾ ਹੈ। ਉੱਥੇ ਰਹਿਣ ਵਾਲਾ ਕੈਨੱਥ ਕਹਿੰਦਾ ਹੈ: “ਇਕ ਤੋਂ ਬਾਅਦ ਇਕ ਨੇਤਾ ਵਾਅਦਾ ਕਰਦੇ ਹਨ ਕਿ ਉਹ ਹਾਲਾਤ ਸੁਧਾਰ ਦੇਣਗੇ, ਪਰ ਉਹ ਕਦੇ ਵੀ ਵਾਅਦੇ ਪੂਰੇ ਨਹੀਂ ਕਰਦੇ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਸਲਾਹ ਸੱਚੀ ਅਤੇ ਵਧੀਆ ਹੈ।”

ਡੈਨੀਅਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਹਰ ਦਿਨ ਮੇਰਾ ਯਕੀਨ ਹੋਰ ਪੱਕਾ ਹੋ ਜਾਂਦਾ ਹੈ ਕਿ ਇਨਸਾਨ ਚੰਗੀ ਤਰ੍ਹਾਂ ਰਾਜ ਨਹੀਂ ਕਰ ਸਕਦੇ। . . . ਬੈਂਕ ਖਾਤੇ ਵਿਚ ਪੈਸਾ ਹੋਣਾ ਜਾਂ ਕੋਈ ਵਧੀਆ ਪੈਨਸ਼ਨ ਸਕੀਮ ਲੈਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਸਾਡਾ ਭਵਿੱਖ ਵਧੀਆ ਹੋਵੇਗਾ। ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈ ਜੋ ਇਹ ਉਮੀਦ ਰੱਖ ਕੇ ਬਹੁਤ ਨਿਰਾਸ਼ ਹੋਏ ਹਨ।”

ਭਾਵੇਂ ਬਾਈਬਲ ਸਾਨੂੰ ਲੋਕਾਂ ʼਤੇ ਭਰੋਸਾ ਰੱਖਣ ਤੋਂ ਖ਼ਬਰਦਾਰ ਕਰਦੀ ਹੈ, ਪਰ ਇਹ ਸਾਨੂੰ ਉਮੀਦ ਵੀ ਦਿੰਦੀ ਹੈ ਕਿ ਬਹੁਤ ਜਲਦ ਹਾਲਾਤ ਬਦਲਣ ਵਾਲੇ ਹਨ। ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।