Skip to content

Skip to table of contents

ਖ਼ੁਸ਼ੀ ਦਾ ਰਾਹ

ਉਮੀਦ

ਉਮੀਦ

‘ਮੈਂ ਸ਼ਾਂਤੀ ਦੀਆਂ ਸੋਚਾਂ ਸੋਚਦਾ ਹਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।’​ਯਿਰਮਿਯਾਹ 29:11.

ਇਕ ਕਿਤਾਬ ਕਹਿੰਦੀ ਹੈ: ‘ਉਮੀਦ ਤੋਂ ਬਗੈਰ ਰੱਬ ਨਾਲ ਰਿਸ਼ਤਾ ਜੋੜਨਾ ਨਾਮੁਮਕਿਨ ਹੈ। ਉਮੀਦ ਹੋਣ ਨਾਲ ਬੇਬੱਸੀ, ਇਕੱਲੇਪਣ ਅਤੇ ਡਰ ਵਰਗੀਆਂ ਭਾਵਨਾਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।’

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਨਸਾਨਾਂ ਨੂੰ ਉਮੀਦ ਦੀ ਲੋੜ ਹੈ। ਨਾਲੇ ਬਾਈਬਲ ਸਾਨੂੰ ਝੂਠੀਆਂ ਉਮੀਦਾਂ ਤੋਂ ਖ਼ਬਰਦਾਰ ਵੀ ਕਰਦੀ ਹੈ। ਜ਼ਬੂਰਾਂ ਦੀ ਪੋਥੀ 146:3 ਕਹਿੰਦਾ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” ਆਪਣੇ ਬਚਾਅ ਲਈ ਇਨਸਾਨਾਂ ’ਤੇ ਭਰੋਸਾ ਕਰਨ ਦੀ ਬਜਾਇ ਅਸੀਂ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਸ੍ਰਿਸ਼ਟੀਕਰਤਾ ’ਤੇ ਭਰੋਸਾ ਕਰਦੇ ਹਾਂ ਕਿਉਂਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੀ ਤਾਕਤ ਰੱਖਦਾ ਹੈ। ਉਸ ਨੇ ਸਾਡੇ ਨਾਲ ਕਿਹੜੇ ਵਾਅਦੇ ਕੀਤੇ ਹਨ? ਜ਼ਰਾ ਹੇਠਾਂ ਦੱਸੇ ਵਾਅਦਿਆਂ ’ਤੇ ਗੌਰ ਕਰੋ:

ਦੁਸ਼ਟ ਲੋਕਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ; ਧਰਮੀ ਲੋਕ ਹਮੇਸ਼ਾ ਸ਼ਾਂਤੀ ਨਾਲ ਰਹਿਣਗੇ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:10, 11) ਜ਼ਬੂਰਾਂ ਦੀ ਪੋਥੀ 37:29 ਦੱਸਦਾ ਹੈ: ‘ਧਰਮੀ ਧਰਤੀ ’ਤੇ ਸਦਾ ਵੱਸਣਗੇ।’

ਲੜਾਈਆਂ ਦਾ ਖ਼ਾਤਮਾ: “ਯਹੋਵਾਹ . . . ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”​—ਜ਼ਬੂਰਾਂ ਦੀ ਪੋਥੀ 46:8, 9.

ਬੀਮਾਰੀਆਂ, ਦੁੱਖ-ਤਕਲੀਫ਼ਾਂ ਅਤੇ ਮੌਤ ਦਾ ਖ਼ਾਤਮਾ: “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:3, 4.

ਸਾਰਿਆਂ ਲਈ ਬਹੁਤ ਅੰਨ ਹੋਵੇਗਾ: “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ।”​—ਜ਼ਬੂਰਾਂ ਦੀ ਪੋਥੀ 72:16.

ਹਰ ਪਾਸੇ ਮਸੀਹ ਦੀ ਸਰਕਾਰ ਹੋਵੇਗੀ ਅਤੇ ਇਹ ਨਿਆਂ ਕਰੇਗੀ: “ਪਾਤਸ਼ਾਹੀ ਅਰ ਪਰਤਾਪ ਅਰ ਰਾਜ [ਯਿਸੂ ਮਸੀਹ] ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।”​—ਦਾਨੀਏਲ 7:14.

ਸਾਨੂੰ ਪੱਕਾ ਯਕੀਨ ਕਿਉਂ ਹੈ ਕਿ ਇਹ ਵਾਅਦੇ ਜ਼ਰੂਰ ਪੂਰੇ ਹੋਣਗੇ? ਧਰਤੀ ’ਤੇ ਹੁੰਦਿਆਂ ਯਿਸੂ ਨੇ ਸਾਬਤ ਕੀਤਾ ਕਿ ਉਹ ਰਾਜਾ ਬਣਨ ਦੇ ਯੋਗ ਹੈ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਖੁਆਇਆ ਅਤੇ ਮਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ। ਇਨ੍ਹਾਂ ਤੋਂ ਵੀ ਅਹਿਮ ਸੀ, ਉਸ ਦੀਆਂ ਸਿੱਖਿਆਵਾਂ ਕਿਉਂਕਿ ਇਨ੍ਹਾਂ ਸਿੱਖਿਆਵਾਂ ਵਿਚ ਉਹ ਅਸੂਲ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਇਨਸਾਨ ਹਮੇਸ਼ਾ ਲਈ ਸ਼ਾਂਤੀ ਅਤੇ ਏਕਤਾ ਨਾਲ ਰਹਿ ਸਕਣਗੇ। ਯਿਸੂ ਨੇ ਦੱਸਿਆ ਸੀ ਕਿ ਭਵਿੱਖ ਵਿਚ ਕੀ ਕੁਝ ਹੋਵੇਗਾ ਅਤੇ ਉਸ ਦੀਆਂ ਭਵਿੱਖਬਾਣੀਆਂ ਵਿਚ ਦੁਨੀਆਂ ਦੇ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਵੀ ਸ਼ਾਮਲ ਸਨ।

ਸ਼ਾਂਤੀ ਹੋਣ ਤੋਂ ਪਹਿਲਾਂ ਤੂਫ਼ਾਨ

ਯਿਸੂ ਨੇ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਬਾਰੇ ਭਵਿੱਖਬਾਣੀ ਕੀਤੀ ਸੀ। ਇਹ ਨਿਸ਼ਾਨੀਆਂ ਸ਼ਾਂਤੀ ਅਤੇ ਸੁਰੱਖਿਆ ਦੀਆਂ ਨਹੀਂ ਸਨ। ‘ਯੁਗ ਦੇ ਆਖ਼ਰੀ ਸਮੇਂ ਦੀਆਂ’ ਨਿਸ਼ਾਨੀਆਂ ਵਿਚ ਸ਼ਾਮਲ ਹੈ, ਦੇਸ਼-ਦੇਸ਼ ਉੱਤੇ ਹਮਲਾ ਕਰਨਗੇ, ਕਾਲ਼ ਪੈਣਗੇ, ਮਹਾਂਮਾਰੀਆਂ ਫੈਲਣਗੀਆਂ ਅਤੇ ਵੱਡੇ-ਵੱਡੇ ਭੁਚਾਲ਼ ਆਉਣਗੇ। (ਮੱਤੀ 24:3, 7; ਲੂਕਾ 21:10, 11; ਪ੍ਰਕਾਸ਼ ਦੀ ਕਿਤਾਬ 6:3-8) ਯਿਸੂ ਨੇ ਇਹ ਵੀ ਦੱਸਿਆ: “ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।”​—ਮੱਤੀ 24:12.

ਅੱਜ ਅਸੀਂ ਲੋਕਾਂ ਦੀ ਖ਼ੁਦਗਰਜ਼ੀ ਉਨ੍ਹਾਂ ਦੇ ਕੰਮਾਂ ਤੋਂ ਦੇਖ ਸਕਦੇ ਹਾਂ। ਇਸ ਬਾਰੇ ਬਾਈਬਲ ਦੇ ਇਕ ਲਿਖਾਰੀ ਨੇ ਭਵਿੱਖਬਾਣੀ ਕੀਤੀ ਸੀ। 2 ਤਿਮੋਥਿਉਸ 3:1-5 ਵਿਚ ਅਸੀਂ ਪੜ੍ਹਦੇ ਹਾਂ ਕਿ ‘ਆਖ਼ਰੀ ਦਿਨਾਂ’ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ ਅਤੇ ਮੌਜ-ਮਸਤੀ ਕਰਨ ਵਾਲੇ ਹੋਣਗੇ। ਉਹ ਹੰਕਾਰੀ ਅਤੇ ਵਹਿਸ਼ੀ ਹੋਣਗੇ। ਪਰਿਵਾਰਾਂ ਵਿਚ ਮੋਹ ਨਹੀਂ ਹੋਵੇਗਾ ਅਤੇ ਬੱਚੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਣਗੇ। ਧਰਮਾਂ ਵਿਚ ਪਖੰਡ ਹੋਵੇਗਾ।

ਅੱਜ-ਕੱਲ੍ਹ ਦੀਆਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵੀ ਰਹਿ ਰਹੇ ਹਾਂ। ਇਸ ਤੋਂ ਇਹ ਵੀ ਪੱਕਾ ਹੁੰਦਾ ਹੈ ਕਿ ਰੱਬ ਦੇ ਰਾਜ ਰਾਹੀਂ ਛੇਤੀ ਹੀ ਸ਼ਾਂਤੀ ਹੋਣ ਵਾਲੀ ਹੈ। ਯਿਸੂ ਨੇ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਸੀ ਕਿ ਅੰਤ ਦੇ ਦਿਨਾਂ ਵਿਚ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”​—ਮੱਤੀ 24:14.

ਇਸ ਖ਼ੁਸ਼ ਖ਼ਬਰੀ ਰਾਹੀਂ ਧਰਮੀ ਲੋਕਾਂ ਨੂੰ ਉਮੀਦ ਦਿੱਤੀ ਗਈ ਹੈ ਨਾਲੇ ਬੁਰੇ ਕੰਮ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਇਸ ਖ਼ੁਸ਼ ਖ਼ਬਰੀ ਰਾਹੀਂ ਧਰਮੀ ਲੋਕਾਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਉਨ੍ਹਾਂ ਨੂੰ ਬਹੁਤ ਜਲਦ ਵਾਅਦਾ ਕੀਤੀਆਂ ਬਰਕਤਾਂ ਮਿਲਣਗੀਆਂ। ਕੀ ਤੁਸੀਂ ਇਨ੍ਹਾਂ ਬਰਕਤਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਇਸ ਰਸਾਲੇ ਦਾ ਅਗਲਾ ਪੰਨਾ ਦੇਖੋ।