Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਕ੍ਰਾਸ

ਕ੍ਰਾਸ

ਬਹੁਤ ਸਾਰੇ ਲੋਕ ਕ੍ਰਾਸ ਨੂੰ ਮਸੀਹੀਆਂ ਦਾ ਚਿੰਨ੍ਹ ਮੰਨਦੇ ਹਨ। ਪਰ ਸਾਰੇ ਇਹ ਨਹੀਂ ਮੰਨਦੇ ਕਿ ਕ੍ਰਾਸ ਨੂੰ ਪਾਇਆ ਜਾਣਾ ਚਾਹੀਦਾ ਹੈ ਜਾਂ ਇਸ ਨੂੰ ਘਰਾਂ ਅਤੇ ਚਰਚਾਂ ਵਿਚ ਟੰਗਿਆ ਜਾਣਾ ਚਾਹੀਦਾ ਹੈ।

ਕੀ ਯਿਸੂ ਕ੍ਰਾਸ ’ਤੇ ਮਰਿਆ ਸੀ?

ਲੋਕੀ ਕੀ ਕਹਿੰਦੇ ਹਨ

 

ਰੋਮੀਆਂ ਨੇ ਯਿਸੂ ਨੂੰ ਕ੍ਰਾਸ ’ਤੇ ਟੰਗਿਆ ਸੀ ਜੋ ਦੋ ਲੱਕੜੀਆਂ ਨਾਲ ਬਣਿਆ ਸੀ।

ਬਾਈਬਲ ਕੀ ਕਹਿੰਦੀ ਹੈ

 

ਯਿਸੂ ਨੂੰ “ਕਾਠ ਉੱਤੇ ਲਮਕਾ ਕੇ” ਮਾਰਿਆ ਗਿਆ ਸੀ। (ਰਸੂਲਾਂ ਦੇ ਕਰਤੱਬ 5:30, OV) ਯਿਸੂ ਨੂੰ ਜਿਸ ਚੀਜ਼ ’ਤੇ ਮਾਰਿਆ ਗਿਆ, ਉਸ ਲਈ ਬਾਈਬਲ ਲਿਖਾਰੀਆਂ ਨੇ ਜੋ ਦੋ ਸ਼ਬਦ ਵਰਤੇ, ਉਨ੍ਹਾਂ ਦਾ ਮਤਲਬ ਹੈ ਇਕ ਲੱਕੜ, ਨਾ ਕਿ ਦੋ। ਇਕ ਕਿਤਾਬ ਮੁਤਾਬਕ ਯੂਨਾਨੀ ਸ਼ਬਦ ਸਟਾਉਰੋਸ ਦਾ ਮਤਲਬ ਹੈ, “ਇਕ ਚੌੜਾ ਖੰਭਾ।” ਪਰ ਇਹ ‘ਕ੍ਰਾਸ’ ਦੇ ਬਰਾਬਰ ਨਹੀਂ ਹੈ। ਰਸੂਲਾਂ ਦੇ ਕੰਮ 5:30 ਵਿਚ ਵਰਤੇ ਜ਼ਾਈਲੋਨ ਸ਼ਬਦ ਦਾ ਮਤਲਬ ਹੈ, “ਇਕ ਸਿੱਧੀ ਥੰਮ੍ਹੀ ਜਾਂ ਬੱਲੀ। ਇਸ ’ਤੇ ਰੋਮੀ ਉਨ੍ਹਾਂ ਲੋਕਾਂ ਦੇ ਕਿੱਲ ਠੋਕਦੇ ਸਨ ਜਿਨ੍ਹਾਂ ਨੂੰ ਸੂਲੀ ’ਤੇ ਟੰਗ ਕੇ ਸਜ਼ਾ ਦੇਣ ਦਾ ਹੁਕਮ ਦਿੱਤਾ ਜਾਂਦਾ ਸੀ।” *

ਬਾਈਬਲ ਯਿਸੂ ਦੇ ਸੂਲ਼ੀ ’ਤੇ ਟੰਗਣ ਦੇ ਤਰੀਕੇ ਨੂੰ ਪੁਰਾਣੇ ਇਜ਼ਰਾਈਲੀ ਕਾਨੂੰਨ ਨਾਲ ਵੀ ਜੋੜਦੀ ਹੈ। ਇਸ ਕਾਨੂੰਨ ਵਿਚ ਲਿਖਿਆ ਸੀ: “ਜੇ ਕਿਸੇ ਮਨੁੱਖ ਉੱਤੇ ਅਜਿਹਾ ਪਾਪ ਆ ਜਾਵੇ ਜੋ ਮੌਤ ਜੋਗ ਹੋਵੇ ਅਤੇ ਉਹ ਮਾਰਿਆ ਜਾਵੇ ਅਤੇ ਤੁਸੀਂ ਉਹ ਨੂੰ ਰੁੱਖ ਉੱਤੇ ਟੰਗ ਦਿਓ। . . . ਜਿਹੜਾ ਟੰਗਿਆ ਜਾਵੇ ਉਹ ਪਰਮੇਸ਼ੁਰ ਦਾ ਸਰਾਪੀ ਹੈ।” (ਬਿਵਸਥਾ ਸਾਰ 21:22, 23) ਉਸ ਕਾਨੂੰਨ ਦਾ ਹਵਾਲਾ ਦਿੰਦਿਆਂ ਪੌਲੁਸ ਰਸੂਲ ਨੇ ਲਿਖਿਆ ਕਿ ਯਿਸੂ ਨੇ “ਸਾਡਾ ਸਰਾਪ ਆਪਣੇ ’ਤੇ ਲੈ ਲਿਆ ਹੈ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਜਿਹੜਾ ਵੀ ਆਦਮੀ ਸੂਲ਼ੀ [ਜ਼ਾਈਲੋਨ] ਉੱਤੇ ਟੰਗਿਆ ਜਾਂਦਾ ਹੈ, ਉਹ ਸਰਾਪਿਆ ਹੋਇਆ ਹੁੰਦਾ ਹੈ।’” (ਗਲਾਤੀਆਂ 3:13) ਪੌਲੁਸ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਯਿਸੂ ਇਕ ਲੱਕੜ ਨਾਲ ਬਣੀ ਸੂਲ਼ੀ ’ਤੇ ਮਰਿਆ ਸੀ।

“ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਮਕਾ ਕੇ ਮਾਰ ਸੁੱਟਿਆ।”ਰਸੂਲਾਂ ਦੇ ਕਰਤੱਬ 10:39, OV.

ਕੀ ਯਿਸੂ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਭਗਤੀ ਕਰਨ ਜਾਂ ਆਪਣੀ ਪਛਾਣ ਲਈ ਕ੍ਰਾਸ ਵਰਤਿਆ ਸੀ?

ਬਾਈਬਲ ਕੀ ਕਹਿੰਦੀ ਹੈ

 

ਬਾਈਬਲ ਕਿਤੇ ਵੀ ਨਹੀਂ ਕਹਿੰਦੀ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਕ੍ਰਾਸ ਨੂੰ ਇਕ ਧਾਰਮਿਕ ਚਿੰਨ੍ਹ ਵਜੋਂ ਵਰਤਿਆ ਸੀ। ਇਸ ਦੀ ਬਜਾਇ, ਉਸ ਸਮੇਂ ਦੇ ਰੋਮੀਆਂ ਨੇ ਆਪਣੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਈ ਕ੍ਰਾਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਫਿਰ ਯਿਸੂ ਦੀ ਮੌਤ ਤੋਂ ਲਗਭਗ 300 ਸਾਲਾਂ ਬਾਅਦ ਰੋਮੀ ਸਮਰਾਟ ਕਾਂਸਟੰਟੀਨ ਨੇ ਆਪਣੀਆਂ ਫ਼ੌਜਾਂ ਲਈ ਕ੍ਰਾਸ ਨੂੰ ਚਿੰਨ੍ਹ ਵਜੋਂ ਚੁਣਿਆ। ਇਸ ਤੋਂ ਬਾਅਦ ਇਹ ਚਰਚ ਦਾ ਚਿੰਨ੍ਹ ਬਣ ਗਿਆ।

ਝੂਠੇ ਧਰਮਾਂ ਨੇ ਆਪਣੇ ਦੇਵੀ-ਦੇਵਤਿਆਂ ਦੀ ਭਗਤੀ ਲਈ ਕ੍ਰਾਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪਰ ਕੀ ਯਿਸੂ ਦੇ ਚੇਲਿਆਂ ਨੇ ਸੱਚੇ ਪਰਮੇਸ਼ੁਰ ਦੀ ਭਗਤੀ ਲਈ ਇਸ ਨੂੰ ਵਰਤਿਆ? ਨਹੀਂ, ਕਿਉਂਕਿ ਉਹ ਜਾਣਦੇ ਸਨ ਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਕਿਸੇ ਵੀ ਚੀਜ਼ ਦੀ ਭਗਤੀ ਕਰਨ ਤੋਂ ਮਨ੍ਹਾ ਕੀਤਾ ਸੀ। ਨਾਲੇ ਮਸੀਹੀਆਂ ਨੂੰ ਕਿਹਾ ਗਿਆ ਸੀ ਕਿ “ਮੂਰਤੀ-ਪੂਜਾ ਤੋਂ ਭੱਜੋ।” (ਬਿਵਸਥਾ ਸਾਰ 4:15-19; 1 ਕੁਰਿੰਥੀਆਂ 10:14) “ਪਰਮੇਸ਼ੁਰ ਅਦਿੱਖ ਹੈ।” ਇਸ ਲਈ ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਦੇ ਨੇੜੇ ਜਾਣ ਲਈ ਕਿਸੇ ਚੀਜ਼ ਜਾਂ ਚਿੰਨ੍ਹ ਦੀ ਵਰਤੋਂ ਨਹੀਂ ਕਰਦੇ ਸਨ। ਇਸ ਦੀ ਬਜਾਇ, ਉਨ੍ਹਾਂ ਨੇ “ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ” ਯਾਨੀ ਬਾਈਬਲ ਵਿਚ ਦੱਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਭਗਤੀ ਕੀਤੀ।ਯੂਹੰਨਾ 4:24.

“ਸੱਚੇ ਭਗਤ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ।”ਯੂਹੰਨਾ 4:23.

ਮਸੀਹੀਆਂ ਨੂੰ ਯਿਸੂ ਮਸੀਹ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ?

ਲੋਕੀ ਕੀ ਕਹਿੰਦੇ ਹਨ

 

“ਇਹ ਕੁਦਰਤੀ ਹੈ ਕਿ ਜਿਸ ਚੀਜ਼ ਨਾਲ ਮੁਕਤੀ ਮਿਲਣੀ ਹੈ, ਉਸ ਚੀਜ਼ ਦਾ ਖ਼ਾਸ ਆਦਰ ਤੇ ਸਤਿਕਾਰ ਕੀਤਾ ਜਾਵੇ। . . . ਜਿਹੜਾ ਵਿਅਕਤੀ ਮੂਰਤੀਆਂ ਦਾ ਆਦਰ ਕਰਦਾ ਹੈ, ਉਹ ਉਨ੍ਹਾਂ ਦਾ ਵੀ ਆਦਰ ਕਰੇਗਾ ਜਿਨ੍ਹਾਂ ਨੂੰ ਉਹ ਮੂਰਤੀਆਂ ਜਾਂ ਚਿੰਨ੍ਹ ਦਰਸਾਉਂਦੇ ਹਨ।”ਨਿਊ ਕੈਥੋਲਿਕ ਐਨਸਾਈਕਲੋਪੀਡੀਆ।

ਬਾਈਬਲ ਕੀ ਕਹਿੰਦੀ ਹੈ

 

ਮਸੀਹੀ ਯਿਸੂ ਦੇ ਕਰਜ਼ਦਾਰ ਹਨ। ਕਿਉਂ? ਕਿਉਂਕਿ ਉਸ ਦੀ ਮੌਤ ਕਰਕੇ ਉਹ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਨ। ਨਾਲੇ ਪਾਪਾਂ ਤੋਂ ਮਾਫ਼ੀ ਮਿਲਣ ਦੇ ਨਾਲ-ਨਾਲ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲ ਸਕਦੀ ਹੈ। (ਯੂਹੰਨਾ 3:16; ਇਬਰਾਨੀਆਂ 10:19-22) ਉਨ੍ਹਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਉਹ ਇਸ ਤੋਹਫ਼ੇ ਦਾ ਆਦਰ ਕਰਨ ਲਈ ਯਿਸੂ ਦੇ ਕਿਸੇ ਚਿੰਨ੍ਹ ਨੂੰ ਵਰਤਣ ਜਾਂ ਸਿਰਫ਼ ਯਿਸੂ ’ਤੇ ਵਿਸ਼ਵਾਸ ਕਰਨ। ਬਾਈਬਲ ਦੱਸਦੀ ਹੈ: “ਜੇ ਤੁਸੀਂ ਨਿਹਚਾ ਰੱਖਣ ਦੇ ਨਾਲ-ਨਾਲ ਇਸ ਮੁਤਾਬਕ ਕੰਮ ਨਹੀਂ ਕਰਦੇ, ਤਾਂ ਤੁਹਾਡੀ ਨਿਹਚਾ ਮਰੀ ਹੋਈ ਹੈ।” (ਯਾਕੂਬ 2:17) ਮਸੀਹੀਆਂ ਨੂੰ ਯਿਸੂ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਕਿਵੇਂ?

ਬਾਈਬਲ ਦੱਸਦੀ ਹੈ: “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ, ਕਿਉਂਕਿ ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ . . . ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ।” (2 ਕੁਰਿੰਥੀਆਂ 5:14, 15) ਮਸੀਹੀ ਯਿਸੂ ਦੁਆਰਾ ਦਿਖਾਏ ਬੇਮਿਸਾਲ ਪਿਆਰ ਦੀ ਕਦਰ ਕਰਦੇ ਹਨ। ਇਸ ਕਰਕੇ ਉਹ ਮਸੀਹ ਦੀ ਰੀਸ ਕਰਨ ਲਈ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਦੇ ਹਨ। ਇਸ ਲਈ ਉਹ ਕਿਸੇ ਧਾਰਮਿਕ ਚਿੰਨ੍ਹ ਨੂੰ ਵਰਤਣ ਦੀ ਬਜਾਇ ਯਿਸੂ ਦੀ ਰੀਸ ਕਰ ਕੇ ਉਸ ਦਾ ਆਦਰ ਕਰਦੇ ਹਨ।

“ਮੇਰੇ ਪਿਤਾ ਦੀ ਇੱਛਾ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।”ਯੂਹੰਨਾ 6:40.

^ ਪੈਰਾ 8 ਏਥਲਬਰਟ ਡਬਲਯੂ. ਬੁਲਿੰਗਰ ਦੁਆਰਾ ਲਿਖੀ ਅ ਕ੍ਰਿਟੀਕਲ ਲੈਕਸੀਕਨ ਐਂਡ ਕੌਨਕੌਰਡੈਂਸ ਟੂ ਦ ਇੰਗਲਿਸ਼ ਐਂਡ ਗ੍ਰੀਕ ਨਿਊ ਟੈਸਟਾਮੈਂਟ, 11ਵਾਂ ਐਡੀਸ਼ਨ, ਸਫ਼ੇ 818-819.