ਦੂਜਾ ਸਮੂਏਲ 7:1-29

  • ਦਾਊਦ ਮੰਦਰ ਨਹੀਂ ਬਣਾਵੇਗਾ (1-7)

  • ਦਾਊਦ ਨਾਲ ਰਾਜ ਦਾ ਇਕਰਾਰ (8-17)

  • ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ (18-29)

7  ਜਦੋਂ ਰਾਜਾ ਆਪਣੇ ਘਰ* ਰਹਿਣ ਲੱਗ ਪਿਆ+ ਅਤੇ ਯਹੋਵਾਹ ਨੇ ਉਸ ਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਵਾਈ,  ਤਾਂ ਰਾਜੇ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਸੱਚੇ ਪਰਮੇਸ਼ੁਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+  ਨਾਥਾਨ ਨੇ ਰਾਜੇ ਨੂੰ ਕਿਹਾ: “ਜਾਹ ਤੇ ਜੋ ਤੇਰਾ ਦਿਲ ਕਰਦਾ ਉਹੀ ਕਰ ਕਿਉਂਕਿ ਯਹੋਵਾਹ ਤੇਰੇ ਨਾਲ ਹੈ।”+  ਉਸੇ ਰਾਤ ਯਹੋਵਾਹ ਦਾ ਇਹ ਸੰਦੇਸ਼ ਨਾਥਾਨ ਨੂੰ ਆਇਆ:  “ਜਾਹ ਤੇ ਮੇਰੇ ਸੇਵਕ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਕੀ ਤੂੰ ਮੇਰੇ ਰਹਿਣ ਲਈ ਇਕ ਘਰ ਬਣਾਵੇਂਗਾ?+  ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਇਆਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ ਕਿਸੇ ਘਰ ਵਿਚ ਨਹੀਂ ਰਿਹਾ,+ ਪਰ ਕਦੇ ਤੰਬੂ ਵਿਚ ਤੇ ਕਦੇ ਡੇਰੇ ਵਿਚ ਘੁੰਮਦਾ* ਰਿਹਾ ਹਾਂ।+  ਜਿੰਨਾ ਚਿਰ ਮੈਂ ਸਾਰੇ ਇਜ਼ਰਾਈਲੀਆਂ ਨਾਲ ਜਾਂਦਾ ਰਿਹਾ ਅਤੇ ਆਪਣੀ ਪਰਜਾ ਇਜ਼ਰਾਈਲ ਦੀ ਚਰਵਾਹੀ ਕਰਨ ਲਈ ਗੋਤਾਂ ਦੇ ਆਗੂ ਨਿਯੁਕਤ ਕੀਤੇ, ਉਦੋਂ ਕੀ ਮੈਂ ਕਿਸੇ ਵੀ ਆਗੂ ਨੂੰ ਕਦੇ ਇਹ ਗੱਲ ਕਹੀ, ‘ਤੁਸੀਂ ਮੇਰੇ ਲਈ ਦਿਆਰ ਦੀ ਲੱਕੜ ਦਾ ਘਰ ਕਿਉਂ ਨਹੀਂ ਬਣਾਇਆ?’”’  ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ+ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+  ਤੂੰ ਜਿੱਥੇ ਵੀ ਜਾਵੇਂਗਾ, ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੇਰੇ ਅੱਗੋਂ ਤੇਰੇ ਸਾਰੇ ਦੁਸ਼ਮਣਾਂ ਨੂੰ ਮਿਟਾ ਦਿਆਂਗਾ;*+ ਨਾਲੇ ਮੈਂ ਤੇਰਾ ਨਾਂ ਧਰਤੀ ਦੇ ਮਹਾਨ ਆਦਮੀਆਂ ਦੇ ਨਾਵਾਂ ਜਿੰਨਾ ਉੱਚਾ ਕਰਾਂਗਾ।+ 10  ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ’ਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+ 11  ਹਾਂ, ਉਸ ਦਿਨ ਤੋਂ ਕਰ ਰਹੇ ਸਨ ਜਦੋਂ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਨਿਆਂਕਾਰ ਨਿਯੁਕਤ ਕੀਤੇ ਸਨ।+ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਵਾਵਾਂਗਾ।+ “‘“ਨਾਲੇ ਯਹੋਵਾਹ ਨੇ ਤੈਨੂੰ ਦੱਸਿਆ ਹੈ ਕਿ ਯਹੋਵਾਹ ਤੇਰੇ ਲਈ ਇਕ ਘਰ* ਬਣਾਵੇਗਾ।+ 12  ਜਦ ਤੇਰੇ ਦਿਨ ਪੂਰੇ ਹੋ ਜਾਣਗੇ+ ਅਤੇ ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ* ਯਾਨੀ ਤੇਰੇ ਆਪਣੇ ਪੁੱਤਰ ਨੂੰ* ਖੜ੍ਹਾ ਕਰਾਂਗਾ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+ 13  ਉਹੀ ਮੇਰੇ ਨਾਂ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+ 14  ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਜਦ ਉਹ ਗ਼ਲਤੀ ਕਰੇਗਾ, ਤਾਂ ਮੈਂ ਉਸ ਨੂੰ ਇਨਸਾਨਾਂ ਦੀ ਸੋਟੀ, ਹਾਂ, ਆਦਮੀਆਂ* ਦੇ ਪੁੱਤਰਾਂ ਦੀ ਸੋਟੀ ਦੀ ਮਾਰ ਨਾਲ ਸੁਧਾਰਾਂਗਾ।+ 15  ਮੈਂ ਉਸ ਨੂੰ ਅਟੱਲ ਪਿਆਰ ਕਰਨਾ ਨਹੀਂ ਛੱਡਾਂਗਾ ਜਿਸ ਤਰ੍ਹਾਂ ਮੈਂ ਸ਼ਾਊਲ ਨੂੰ ਕਰਨਾ ਛੱਡ ਦਿੱਤਾ ਸੀ+ ਜਿਸ ਨੂੰ ਮੈਂ ਤੇਰੇ ਅੱਗੋਂ ਹਟਾ ਦਿੱਤਾ। 16  ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।”’”+ 17  ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇਹ ਸਾਰਾ ਦਰਸ਼ਣ ਦਾਊਦ ਨੂੰ ਦੱਸਿਆ।+ 18  ਇਸ ਤੋਂ ਬਾਅਦ ਰਾਜਾ ਦਾਊਦ ਅੰਦਰ ਆਇਆ ਤੇ ਯਹੋਵਾਹ ਅੱਗੇ ਬੈਠ ਕੇ ਕਹਿਣ ਲੱਗਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਹਾਂ ਹੀ ਕੌਣ? ਅਤੇ ਮੇਰੇ ਘਰਾਣੇ ਦੀ ਹੈਸੀਅਤ ਹੀ ਕੀ ਹੈ ਜੋ ਤੂੰ ਮੇਰੇ ਲਈ ਇੰਨਾ ਕੁਝ ਕੀਤਾ?+ 19  ਇੰਨਾ ਹੀ ਨਹੀਂ, ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਤਾਂ ਆਪਣੇ ਸੇਵਕ ਦੇ ਘਰਾਣੇ ਦੇ ਦੂਰ ਭਵਿੱਖ ਬਾਰੇ ਵੀ ਦੱਸ ਦਿੱਤਾ ਹੈ; ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਇਹ ਕਾਨੂੰਨ* ਸਾਰੀ ਮਨੁੱਖਜਾਤੀ ਉੱਤੇ ਲਾਗੂ ਹੁੰਦਾ ਹੈ। 20  ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੇਰਾ ਸੇਵਕ ਦਾਊਦ ਤੈਨੂੰ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦਾ ਕਿਉਂਕਿ ਤੂੰ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈਂ?+ 21  ਤੂੰ ਆਪਣੇ ਬਚਨ ਦੀ ਖ਼ਾਤਰ ਅਤੇ ਆਪਣੀ ਇੱਛਾ ਅਨੁਸਾਰ* ਇਹ ਸਾਰੇ ਵੱਡੇ-ਵੱਡੇ ਕੰਮ ਕੀਤੇ ਤੇ ਇਨ੍ਹਾਂ ਨੂੰ ਆਪਣੇ ਸੇਵਕ ਅੱਗੇ ਜ਼ਾਹਰ ਕੀਤਾ।+ 22  ਇਸੇ ਕਰਕੇ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਸੱਚ-ਮੁੱਚ ਮਹਾਨ ਹੈਂ।+ ਤੇਰੇ ਵਰਗਾ ਕੋਈ ਹੈ ਹੀ ਨਹੀਂ+ ਅਤੇ ਤੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;+ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਸਾਰੀਆਂ ਗੱਲਾਂ ਤੋਂ ਹੁੰਦੀ ਹੈ ਜੋ ਅਸੀਂ ਆਪਣੇ ਕੰਨੀਂ ਸੁਣੀਆਂ ਹਨ। 23  ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ+ ਤੇ ਉਸ ਨੇ ਉਨ੍ਹਾਂ ਲਈ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ+ ਆਪਣਾ ਨਾਂ ਬੁਲੰਦ ਕੀਤਾ।+ ਤੂੰ ਆਪਣੀ ਪਰਜਾ ਦੀ ਖ਼ਾਤਰ, ਜਿਸ ਨੂੰ ਤੂੰ ਮਿਸਰ ਤੋਂ ਆਪਣੇ ਲਈ ਛੁਡਾਇਆ ਸੀ, ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਭਜਾ ਦਿੱਤਾ। 24  ਤੂੰ ਆਪਣੇ ਇਜ਼ਰਾਈਲੀ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਪਰਜਾ ਬਣਾਇਆ;+ ਅਤੇ ਹੇ ਯਹੋਵਾਹ, ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।+ 25  “ਹੁਣ ਹੇ ਯਹੋਵਾਹ ਪਰਮੇਸ਼ੁਰ, ਆਪਣਾ ਉਹ ਵਾਅਦਾ ਹਮੇਸ਼ਾ ਨਿਭਾਈਂ ਜੋ ਤੂੰ ਆਪਣੇ ਸੇਵਕ ਅਤੇ ਉਸ ਦੇ ਘਰਾਣੇ ਦੇ ਸੰਬੰਧ ਵਿਚ ਕੀਤਾ ਹੈ। ਤੂੰ ਉਸੇ ਤਰ੍ਹਾਂ ਕਰੀਂ ਜਿਵੇਂ ਤੂੰ ਵਾਅਦਾ ਕੀਤਾ ਹੈ।+ 26  ਤੇਰਾ ਨਾਂ ਹਮੇਸ਼ਾ-ਹਮੇਸ਼ਾ ਲਈ ਉੱਚਾ ਹੋਵੇ+ ਤਾਂਕਿ ਲੋਕ ਕਹਿਣ, ‘ਸੈਨਾਵਾਂ ਦਾ ਯਹੋਵਾਹ ਇਜ਼ਰਾਈਲ ਦਾ ਪਰਮੇਸ਼ੁਰ ਹੈ’ ਅਤੇ ਤੇਰੇ ਸੇਵਕ ਦਾਊਦ ਦਾ ਘਰਾਣਾ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ।+ 27  ਹੇ ਸੈਨਾਵਾਂ ਦੇ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ, ਤੂੰ ਆਪਣੇ ਸੇਵਕ ਅੱਗੇ ਇਹ ਗੱਲ ਜ਼ਾਹਰ ਕੀਤੀ ਹੈ ਕਿ ‘ਮੈਂ ਤੇਰੇ ਲਈ ਇਕ ਘਰ* ਬਣਾਵਾਂਗਾ।’+ ਇਸੇ ਕਰਕੇ ਤੇਰਾ ਸੇਵਕ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਕਰ ਸਕਿਆ। 28  ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੇਰੀਆਂ ਗੱਲਾਂ ਸੱਚੀਆਂ ਹਨ+ ਤੇ ਤੂੰ ਆਪਣੇ ਸੇਵਕ ਨਾਲ ਇਨ੍ਹਾਂ ਚੰਗੀਆਂ ਗੱਲਾਂ ਦਾ ਵਾਅਦਾ ਕੀਤਾ ਹੈ। 29  ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ;+ ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਹ ਵਾਅਦਾ ਕੀਤਾ ਹੈ ਅਤੇ ਤੇਰੀ ਬਰਕਤ ਤੇਰੇ ਸੇਵਕ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਹੇ।”+

ਫੁਟਨੋਟ

ਜਾਂ, “ਮਹਿਲ।”
ਇਬ, “ਤੁਰਦਾ-ਫਿਰਦਾ।”
ਇਬ, “ਵੱਢ ਸੁੱਟਾਂਗਾ।”
ਜਾਂ, “ਰਾਜ-ਘਰਾਣਾ।”
ਇਬ, “ਬੀ।”
ਇਬ, “ਤੇਰੇ ਅੰਦਰੂਨੀ ਅੰਗਾਂ ਵਿੱਚੋਂ ਨਿਕਲਣ ਵਾਲੇ ਨੂੰ।”
ਜਾਂ ਸੰਭਵ ਹੈ, “ਆਦਮ।”
ਜਾਂ, “ਹਿਦਾਇਤ।”
ਜਾਂ, “ਆਪਣੇ ਦਿਲ ਦੀ ਸਹਿਮਤੀ ਨਾਲ।”
ਜਾਂ, “ਰਾਜ-ਘਰਾਣਾ।”