ਦੂਜਾ ਇਤਿਹਾਸ 5:1-14

  • ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ (1-14)

    • ਸੰਦੂਕ ਮੰਦਰ ਵਿਚ ਲਿਆਂਦਾ ਗਿਆ (2-10)

5  ਇਸ ਤਰ੍ਹਾਂ ਸੁਲੇਮਾਨ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸ ਨੇ ਯਹੋਵਾਹ ਦੇ ਭਵਨ ਲਈ ਕਰਨਾ ਸੀ।+ ਫਿਰ ਸੁਲੇਮਾਨ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਉਸ ਦੇ ਪਿਤਾ ਦਾਊਦ ਨੇ ਪਵਿੱਤਰ ਕੀਤੀਆਂ ਸਨ+ ਅਤੇ ਉਸ ਨੇ ਚਾਂਦੀ, ਸੋਨਾ ਤੇ ਸਾਰੀਆਂ ਚੀਜ਼ਾਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨਿਆਂ ਵਿਚ ਰੱਖ ਦਿੱਤੀਆਂ।+  ਉਸ ਸਮੇਂ ਸੁਲੇਮਾਨ ਨੇ ਇਜ਼ਰਾਈਲ ਦੇ ਬਜ਼ੁਰਗਾਂ, ਗੋਤਾਂ ਦੇ ਸਾਰੇ ਮੁਖੀਆਂ ਤੇ ਇਜ਼ਰਾਈਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਯਾਨੀ ਸੀਓਨ ਤੋਂ ਲਿਆਉਣ ਲਈ ਯਰੂਸ਼ਲਮ ਵਿਚ ਆਏ।+  ਇਜ਼ਰਾਈਲ ਦੇ ਸਾਰੇ ਆਦਮੀ ਸੱਤਵੇਂ ਮਹੀਨੇ ਵਿਚ ਮਨਾਏ ਜਾਂਦੇ ਤਿਉਹਾਰ* ਦੇ ਸਮੇਂ ਰਾਜੇ ਅੱਗੇ ਇਕੱਠੇ ਹੋਏ।+  ਫਿਰ ਇਜ਼ਰਾਈਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਨੂੰ ਚੁੱਕਿਆ।+  ਉਹ ਸੰਦੂਕ, ਮੰਡਲੀ ਦਾ ਤੰਬੂ+ ਅਤੇ ਤੰਬੂ ਵਿਚਲੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਆਏ। ਪੁਜਾਰੀ ਅਤੇ ਲੇਵੀ* ਉਨ੍ਹਾਂ ਨੂੰ ਉਤਾਂਹ ਲੈ ਆਏ।  ਰਾਜਾ ਸੁਲੇਮਾਨ ਅਤੇ ਉਸ ਨੂੰ ਮਿਲਣ ਲਈ ਸੱਦੀ ਗਈ ਇਜ਼ਰਾਈਲ ਦੀ ਸਾਰੀ ਮੰਡਲੀ ਸੰਦੂਕ ਦੇ ਸਾਮ੍ਹਣੇ ਮੌਜੂਦ ਸੀ। ਇੰਨੀਆਂ ਸਾਰੀਆਂ ਭੇਡਾਂ ਅਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ ਜਾ ਰਹੀ ਸੀ+ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ।  ਫਿਰ ਪੁਜਾਰੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਵਿਚ ਕਰੂਬੀਆਂ ਦੇ ਖੰਭਾਂ ਹੇਠ ਇਸ ਦੀ ਠਹਿਰਾਈ ਜਗ੍ਹਾ ’ਤੇ ਲੈ ਆਏ।+  ਸੰਦੂਕ ਵਾਲੀ ਜਗ੍ਹਾ ’ਤੇ ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਕਰੂਬੀਆਂ ਨੇ ਸੰਦੂਕ ਅਤੇ ਉਸ ਦੇ ਡੰਡਿਆਂ ਨੂੰ ਉੱਪਰੋਂ ਢਕਿਆ ਹੋਇਆ ਸੀ।+  ਉਹ ਡੰਡੇ ਇੰਨੇ ਲੰਬੇ ਸਨ ਕਿ ਉਨ੍ਹਾਂ ਦੇ ਸਿਰੇ ਅੰਦਰਲੇ ਕਮਰੇ ਅੱਗੇ ਬਣੇ ਪਵਿੱਤਰ ਕਮਰੇ ਵਿੱਚੋਂ ਦਿਸਦੇ ਸਨ, ਪਰ ਉਹ ਬਾਹਰੋਂ ਨਜ਼ਰ ਨਹੀਂ ਸੀ ਆਉਂਦੇ। ਉਹ ਅੱਜ ਦੇ ਦਿਨ ਤਕ ਉੱਥੇ ਹੀ ਹਨ। 10  ਉਸ ਸੰਦੂਕ ਵਿਚ ਦੋ ਫੱਟੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ+ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+ 11  ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ (ਕਿਉਂਕਿ ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਸੀ,+ ਭਾਵੇਂ ਉਹ ਕਿਸੇ ਵੀ ਟੋਲੀ ਵਿੱਚੋਂ ਸਨ),+ 12  ਤਾਂ ਆਸਾਫ਼,+ ਹੇਮਾਨ,+ ਯਦੂਥੂਨ+ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਅਧੀਨ ਆਉਂਦੇ ਸਾਰੇ ਲੇਵੀ ਗਾਇਕਾਂ+ ਨੇ ਵਧੀਆ ਕੱਪੜੇ ਪਾਏ ਹੋਏ ਸਨ ਅਤੇ ਛੈਣੇ, ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਫੜੀਆਂ ਹੋਈਆਂ ਸਨ; ਉਹ ਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਤੇ ਉਨ੍ਹਾਂ ਦੇ ਨਾਲ 120 ਪੁਜਾਰੀ ਸਨ ਜੋ ਤੁਰ੍ਹੀਆਂ ਵਜਾ ਰਹੇ ਸਨ।+ 13  ਜਦੋਂ ਤੁਰ੍ਹੀਆਂ ਵਜਾਉਣ ਵਾਲੇ ਅਤੇ ਗਾਇਕ ਮਿਲ ਕੇ ਯਹੋਵਾਹ ਦੀ ਮਹਿਮਾ ਤੇ ਉਸ ਦਾ ਧੰਨਵਾਦ ਕਰ ਰਹੇ ਸਨ ਅਤੇ ਤੁਰ੍ਹੀਆਂ, ਛੈਣਿਆਂ ਅਤੇ ਹੋਰ ਸਾਜ਼ਾਂ ਦੀ ਆਵਾਜ਼ ਗੂੰਜ ਰਹੀ ਸੀ ਤੇ ਉਹ ਇਹ ਕਹਿੰਦੇ ਹੋਏ ਯਹੋਵਾਹ ਦੀ ਮਹਿਮਾ ਕਰ ਰਹੇ ਸਨ, “ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,”+ ਤਾਂ ਭਵਨ, ਹਾਂ, ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ।+ 14  ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਸੱਚੇ ਪਰਮੇਸ਼ੁਰ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+

ਫੁਟਨੋਟ

ਯਾਨੀ, ਛੱਪਰਾਂ ਦਾ ਤਿਉਹਾਰ।
ਜਾਂ, “ਲੇਵੀ ਪੁਜਾਰੀ।”