ਦੂਜਾ ਇਤਿਹਾਸ 33:1-25

  • ਯਹੂਦਾਹ ਦਾ ਰਾਜਾ ਮਨੱਸ਼ਹ (1-9)

  • ਮਨੱਸ਼ਹ ਦੀ ਬੁਰੇ ਕੰਮਾਂ ਤੋਂ ਤੋਬਾ (10-17)

  • ਮਨੱਸ਼ਹ ਦੀ ਮੌਤ (18-20)

  • ਯਹੂਦਾਹ ਦਾ ਰਾਜਾ ਆਮੋਨ (21-25)

33  ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+  ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਕੌਮਾਂ ਵਰਗੇ ਘਿਣਾਉਣੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਲੋਕਾਂ ਅੱਗੋਂ ਭਜਾ ਦਿੱਤਾ ਸੀ।+  ਉਸ ਨੇ ਉਨ੍ਹਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਦੁਬਾਰਾ ਬਣਾਇਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ+ ਅਤੇ ਉਸ ਨੇ ਬਆਲਾਂ ਲਈ ਵੇਦੀਆਂ ਬਣਾਈਆਂ ਅਤੇ ਪੂਜਾ-ਖੰਭੇ* ਖੜ੍ਹੇ ਕੀਤੇ। ਉਸ ਨੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।+  ਉਸ ਨੇ ਯਹੋਵਾਹ ਦੇ ਭਵਨ ਵਿਚ ਵੀ ਵੇਦੀਆਂ ਬਣਾਈਆਂ+ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ: “ਯਰੂਸ਼ਲਮ ਵਿਚ ਮੇਰਾ ਨਾਂ ਸਦਾ ਲਈ ਰਹੇਗਾ।”+  ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋ ਵਿਹੜਿਆਂ ਵਿਚ ਆਕਾਸ਼ ਦੀ ਸਾਰੀ ਫ਼ੌਜ ਲਈ ਵੇਦੀਆਂ ਬਣਾਈਆਂ।+  ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ+ ਵਿਚ ਆਪਣੇ ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ;*+ ਉਹ ਜਾਦੂਗਰੀ ਕਰਦਾ ਸੀ,+ ਫਾਲ* ਪਾਉਂਦਾ ਸੀ, ਜਾਦੂ-ਟੂਣਾ ਕਰਦਾ ਸੀ ਅਤੇ ਉਸ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਠਹਿਰਾਇਆ।+ ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।  ਉਸ ਨੇ ਜਿਹੜੀ ਘੜੀ ਹੋਈ ਮੂਰਤ ਬਣਾਈ ਸੀ, ਉਸ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਰੱਖਿਆ+ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਮੈਂ ਆਪਣਾ ਨਾਂ ਸਦਾ ਲਈ ਇਸ ਭਵਨ ਵਿਚ ਅਤੇ ਯਰੂਸ਼ਲਮ ਵਿਚ ਰੱਖਾਂਗਾ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।+  ਮੈਂ ਫਿਰ ਕਦੇ ਵੀ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਨਹੀਂ ਕੱਢਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਬਸ਼ਰਤੇ ਕਿ ਉਹ ਧਿਆਨ ਨਾਲ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ, ਹਾਂ, ਉਸ ਪੂਰੇ ਕਾਨੂੰਨ, ਨਿਯਮਾਂ ਅਤੇ ਫ਼ੈਸਲਿਆਂ ਦੀ ਪਾਲਣਾ ਕਰਨ ਜੋ ਮੂਸਾ ਦੇ ਰਾਹੀਂ ਦਿੱਤੇ ਗਏ ਸਨ।”  ਮਨੱਸ਼ਹ ਯਹੂਦਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਗੁਮਰਾਹ ਕਰਦਾ ਰਿਹਾ ਅਤੇ ਉਨ੍ਹਾਂ ਤੋਂ ਉਨ੍ਹਾਂ ਕੌਮਾਂ ਨਾਲੋਂ ਵੀ ਭੈੜੇ ਕੰਮ ਕਰਾਏ ਜਿਨ੍ਹਾਂ ਦਾ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ।+ 10  ਯਹੋਵਾਹ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਦਾ ਰਿਹਾ, ਪਰ ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ।+ 11  ਇਸ ਲਈ ਯਹੋਵਾਹ ਨੇ ਉਨ੍ਹਾਂ ਦੇ ਖ਼ਿਲਾਫ਼ ਅੱਸ਼ੂਰ ਦੇ ਰਾਜੇ ਦੀ ਫ਼ੌਜ ਦੇ ਮੁਖੀਆਂ ਨੂੰ ਲਿਆਂਦਾ ਅਤੇ ਉਨ੍ਹਾਂ ਨੇ ਮਨੱਸ਼ਹ ਨੂੰ ਕੁੰਡੀਆਂ ਪਾ ਕੇ* ਫੜ ਲਿਆ ਅਤੇ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਗਏ। 12  ਕਸ਼ਟ ਵਿਚ ਹੁੰਦਿਆਂ ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕਰਦਾ ਰਿਹਾ। 13  ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ੁਰ ਨੂੰ ਉਸ ਦੇ ਤਰਲੇ ਦੇਖ ਕੇ ਬਹੁਤ ਤਰਸ ਆਇਆ ਤੇ ਉਸ ਨੇ ਰਹਿਮ ਲਈ ਕੀਤੀ ਉਸ ਦੀ ਬੇਨਤੀ ਸੁਣ ਲਈ ਅਤੇ ਉਸ ਨੂੰ ਯਰੂਸ਼ਲਮ ਲਿਆ ਕੇ ਰਾਜ ਦੁਬਾਰਾ ਦੇ ਦਿੱਤਾ।+ ਫਿਰ ਮਨੱਸ਼ਹ ਜਾਣ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+ 14  ਇਸ ਤੋਂ ਬਾਅਦ ਉਸ ਨੇ ਦਾਊਦ ਦੇ ਸ਼ਹਿਰ+ ਲਈ ਘਾਟੀ ਵਿਚ ਗੀਹੋਨ+ ਦੇ ਪੱਛਮ ਵੱਲ ਇਕ ਬਾਹਰੀ ਕੰਧ ਬਣਾਈ ਜੋ ਮੱਛੀ ਫਾਟਕ+ ਤਕ ਸੀ ਤੇ ਉੱਥੋਂ ਇਹ ਕੰਧ ਸ਼ਹਿਰ ਨੂੰ ਘੇਰਦੇ ਹੋਏ ਓਫਲ ਤਕ ਜਾਂਦੀ ਸੀ।+ ਉਸ ਨੇ ਇਹ ਕੰਧ ਬਹੁਤ ਉੱਚੀ ਬਣਾਈ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜ ਦੇ ਮੁਖੀ ਨਿਯੁਕਤ ਕੀਤੇ। 15  ਫਿਰ ਉਸ ਨੇ ਝੂਠੇ ਦੇਵਤਿਆਂ ਨੂੰ, ਯਹੋਵਾਹ ਦੇ ਭਵਨ ਵਿਚਲੀ ਮੂਰਤ ਨੂੰ+ ਅਤੇ ਯਹੋਵਾਹ ਦੇ ਭਵਨ ਦੇ ਪਹਾੜ ਤੋਂ ਅਤੇ ਯਰੂਸ਼ਲਮ ਵਿੱਚੋਂ ਉਨ੍ਹਾਂ ਸਾਰੀਆਂ ਵੇਦੀਆਂ ਨੂੰ ਕੱਢ ਦਿੱਤਾ ਜੋ ਉਸ ਨੇ ਬਣਾਈਆਂ ਸਨ+ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਸੁਟਵਾ ਦਿੱਤਾ। 16  ਉਸ ਨੇ ਯਹੋਵਾਹ ਦੀ ਵੇਦੀ ਵੀ ਤਿਆਰ ਕੀਤੀ+ ਅਤੇ ਉਹ ਉਸ ਉੱਤੇ ਸ਼ਾਂਤੀ-ਬਲ਼ੀਆਂ+ ਤੇ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਉਣ ਲੱਗਾ+ ਅਤੇ ਉਸ ਨੇ ਯਹੂਦਾਹ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਕਿਹਾ। 17  ਲੋਕ ਅਜੇ ਵੀ ਉੱਚੀਆਂ ਥਾਵਾਂ ’ਤੇ ਬਲ਼ੀਆਂ ਚੜ੍ਹਾ ਰਹੇ ਸਨ, ਪਰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਲਈ। 18  ਮਨੱਸ਼ਹ ਦੀ ਬਾਕੀ ਕਹਾਣੀ, ਆਪਣੇ ਪਰਮੇਸ਼ੁਰ ਨੂੰ ਕੀਤੀ ਉਸ ਦੀ ਪ੍ਰਾਰਥਨਾ ਅਤੇ ਦਰਸ਼ੀਆਂ ਦੀਆਂ ਗੱਲਾਂ ਜਿਹੜੀਆਂ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ’ਤੇ ਉਸ ਨਾਲ ਕੀਤੀਆਂ ਸਨ, ਉਹ ਇਜ਼ਰਾਈਲ ਦੇ ਰਾਜਿਆਂ ਦੇ ਇਤਿਹਾਸ ਵਿਚ ਦਰਜ ਹਨ। 19  ਨਾਲੇ ਉਸ ਦੀ ਪ੍ਰਾਰਥਨਾ,+ ਕਿਵੇਂ ਉਸ ਦੇ ਤਰਲੇ ਸੁਣੇ ਗਏ, ਉਸ ਦੇ ਸਾਰੇ ਪਾਪਾਂ ਅਤੇ ਉਸ ਦੀ ਬੇਵਫ਼ਾਈ ਬਾਰੇ+ ਅਤੇ ਉਨ੍ਹਾਂ ਥਾਵਾਂ ਬਾਰੇ ਜਿੱਥੇ ਉਸ ਨੇ ਆਪਣੇ ਆਪ ਨੂੰ ਨਿਮਰ ਕਰਨ ਤੋਂ ਪਹਿਲਾਂ ਉੱਚੀਆਂ ਥਾਵਾਂ ਬਣਾਈਆਂ ਸਨ ਤੇ ਪੂਜਾ-ਖੰਭੇ* ਅਤੇ ਘੜੀਆਂ ਹੋਈਆਂ ਮੂਰਤਾਂ ਖੜ੍ਹੀਆਂ ਕੀਤੀਆਂ ਸਨ,+ ਉਸ ਦੇ ਦਰਸ਼ੀਆਂ ਦੀਆਂ ਲਿਖਤਾਂ ਵਿਚ ਲਿਖਿਆ ਹੋਇਆ ਹੈ। 20  ਫਿਰ ਮਨੱਸ਼ਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਘਰ ਵਿਚ ਦਫ਼ਨਾ ਦਿੱਤਾ; ਅਤੇ ਉਸ ਦਾ ਪੁੱਤਰ ਆਮੋਨ ਉਸ ਦੀ ਜਗ੍ਹਾ ਰਾਜਾ ਬਣ ਗਿਆ।+ 21  ਆਮੋਨ+ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 22  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਕੀਤਾ ਸੀ;+ ਆਮੋਨ ਨੇ ਉਨ੍ਹਾਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਦੇ ਪਿਤਾ ਮਨੱਸ਼ਹ ਨੇ ਬਣਾਈਆਂ ਸਨ+ ਅਤੇ ਉਹ ਉਨ੍ਹਾਂ ਦੀ ਭਗਤੀ ਕਰਦਾ ਰਿਹਾ। 23  ਪਰ ਉਸ ਨੇ ਆਪਣੇ ਆਪ ਨੂੰ ਯਹੋਵਾਹ ਅੱਗੇ ਨਿਮਰ ਨਹੀਂ ਕੀਤਾ+ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ;+ ਇਸ ਦੀ ਬਜਾਇ, ਆਮੋਨ ਨੇ ਹੋਰ ਜ਼ਿਆਦਾ ਅਪਰਾਧ ਕੀਤਾ। 24  ਅਖ਼ੀਰ ਉਸ ਦੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਉਸ ਨੂੰ ਉਸ ਦੇ ਘਰ ਵਿਚ ਜਾਨੋਂ ਮਾਰ ਦਿੱਤਾ। 25  ਪਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜਾ ਆਮੋਨ ਖ਼ਿਲਾਫ਼ ਸਾਜ਼ਸ਼ ਘੜੀ ਸੀ+ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਯੋਸੀਯਾਹ+ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ।

ਫੁਟਨੋਟ

ਇਬ, “ਨੂੰ ਅੱਗ ਦੇ ਵਿੱਚੋਂ ਦੀ ਲੰਘਾਇਆ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
ਜਾਂ ਸੰਭਵ ਹੈ, “ਖੱਡਾਂ ਵਿਚ।”