ਦੂਜਾ ਇਤਿਹਾਸ 29:1-36

  • ਯਹੂਦਾਹ ਦਾ ਰਾਜਾ ਹਿਜ਼ਕੀਯਾਹ (1, 2)

  • ਹਿਜ਼ਕੀਯਾਹ ਦੁਆਰਾ ਸੁਧਾਰ (3-11)

  • ਮੰਦਰ ਨੂੰ ਸ਼ੁੱਧ ਕੀਤਾ ਗਿਆ (12-19)

  • ਮੰਦਰ ਵਿਚ ਸੇਵਾ ਦੁਬਾਰਾ ਸ਼ੁਰੂ ਹੋਈ (20-36)

29  ਹਿਜ਼ਕੀਯਾਹ+ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ।+  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਠੀਕ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+  ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਉਸ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਤੇ ਉਨ੍ਹਾਂ ਦੀ ਮੁਰੰਮਤ ਕੀਤੀ।+  ਫਿਰ ਉਸ ਨੇ ਪੁਜਾਰੀਆਂ ਤੇ ਲੇਵੀਆਂ ਨੂੰ ਲਿਆਂਦਾ ਅਤੇ ਉਨ੍ਹਾਂ ਨੂੰ ਪੂਰਬ ਵੱਲ ਚੌਂਕ ਵਿਚ ਇਕੱਠਾ ਕੀਤਾ।  ਉਸ ਨੇ ਉਨ੍ਹਾਂ ਨੂੰ ਕਿਹਾ: “ਲੇਵੀਓ, ਮੇਰੀ ਗੱਲ ਸੁਣੋ। ਹੁਣ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ+ ਅਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਸਥਾਨ ਵਿੱਚੋਂ ਉਹ ਸਭ ਕੁਝ ਕੱਢ ਦਿਓ ਜੋ ਅਸ਼ੁੱਧ ਹੈ।+  ਕਿਉਂਕਿ ਸਾਡੇ ਪਿਉ-ਦਾਦੇ ਬੇਵਫ਼ਾ ਨਿਕਲੇ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਸਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ ਅਤੇ ਯਹੋਵਾਹ ਦੇ ਡੇਰੇ ਤੋਂ ਮੂੰਹ ਮੋੜ ਲਿਆ ਅਤੇ ਉਸ ਵੱਲ ਪਿੱਠ ਕਰ ਲਈ।+  ਨਾਲੇ ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ+ ਅਤੇ ਦੀਵਿਆਂ ਨੂੰ ਬੁਝਾ ਦਿੱਤਾ।+ ਉਨ੍ਹਾਂ ਨੇ ਧੂਪ ਧੁਖਾਉਣਾ ਅਤੇ ਪਵਿੱਤਰ ਸਥਾਨ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਲਈ ਹੋਮ-ਬਲ਼ੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ।+  ਇਸ ਲਈ ਯਹੋਵਾਹ ਦਾ ਕ੍ਰੋਧ ਯਹੂਦਾਹ ਅਤੇ ਯਰੂਸ਼ਲਮ ਉੱਤੇ ਭੜਕਿਆ+ ਜਿਸ ਕਰਕੇ ਉਸ ਨੇ ਉਨ੍ਹਾਂ ਦਾ ਅਜਿਹਾ ਹਾਲ ਕੀਤਾ ਕਿ ਜੋ ਵੀ ਦੇਖਦਾ ਸੀ ਉਹ ਖ਼ੌਫ਼ ਖਾਂਦਾ ਸੀ, ਹੈਰਾਨ ਰਹਿ ਜਾਂਦਾ ਸੀ ਅਤੇ ਸੀਟੀ ਵਜਾਉਂਦਾ ਸੀ,* ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ।+  ਇਸ ਕਰਕੇ ਸਾਡੇ ਪਿਉ-ਦਾਦੇ ਤਲਵਾਰ ਨਾਲ ਮਾਰੇ ਗਏ+ ਅਤੇ ਸਾਡੇ ਧੀਆਂ-ਪੁੱਤਰ ਤੇ ਸਾਡੀਆਂ ਪਤਨੀਆਂ ਨੂੰ ਗ਼ੁਲਾਮ ਬਣਾ ਲਿਆ ਗਿਆ।+ 10  ਹੁਣ ਮੇਰੀ ਇਹ ਦਿਲੀ ਇੱਛਾ ਹੈ ਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨਾਲ ਇਕਰਾਰ ਕੀਤਾ ਜਾਵੇ+ ਤਾਂਕਿ ਸਾਡੇ ਉੱਤੇ ਭੜਕੀ ਉਸ ਦੇ ਕ੍ਰੋਧ ਦੀ ਅੱਗ ਬੁੱਝ ਜਾਵੇ। 11  ਮੇਰੇ ਪੁੱਤਰੋ, ਇਹ ਸਮਾਂ ਲਾਪਰਵਾਹੀ ਦਿਖਾਉਣ* ਦਾ ਨਹੀਂ ਹੈ ਕਿਉਂਕਿ ਯਹੋਵਾਹ ਨੇ ਤੁਹਾਨੂੰ ਚੁਣਿਆ ਹੈ ਕਿ ਤੁਸੀਂ ਉਸ ਅੱਗੇ ਖੜ੍ਹੇ ਹੋਵੋ, ਉਸ ਦੀ ਸੇਵਾ ਕਰੋ+ ਅਤੇ ਉਸ ਅੱਗੇ ਬਲ਼ੀਆਂ ਚੜ੍ਹਾਓ ਜਿਨ੍ਹਾਂ ਦਾ ਧੂੰਆਂ ਉੱਠੇ।”+ 12  ਇਹ ਸੁਣ ਕੇ ਇਹ ਲੇਵੀ ਉੱਠੇ: ਕਹਾਥੀਆਂ+ ਵਿੱਚੋਂ ਅਮਾਸਾਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮਰਾਰੀਆਂ+ ਵਿੱਚੋਂ ਅਬਦੀ ਦਾ ਪੁੱਤਰ ਕੀਸ਼ ਅਤੇ ਯਹੱਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ+ ਵਿੱਚੋਂ ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ; 13  ਅਲਸਾਫਾਨ ਦੇ ਪੁੱਤਰਾਂ ਵਿੱਚੋਂ ਸ਼ਿਮਰੀ ਅਤੇ ਯਊਏਲ; ਆਸਾਫ਼ ਦੇ ਪੁੱਤਰਾਂ+ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ; 14  ਹੇਮਾਨ ਦੇ ਪੁੱਤਰਾਂ+ ਵਿੱਚੋਂ ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਪੁੱਤਰਾਂ+ ਵਿੱਚੋਂ ਸ਼ਮਾਯਾਹ ਅਤੇ ਉਜ਼ੀਏਲ। 15  ਫਿਰ ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਅਤੇ ਸਾਰਿਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਉਹ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰਨ ਆਏ, ਜਿਵੇਂ ਰਾਜੇ ਨੇ ਯਹੋਵਾਹ ਦੇ ਕਹੇ ਅਨੁਸਾਰ ਹੁਕਮ ਦਿੱਤਾ ਸੀ।+ 16  ਫਿਰ ਪੁਜਾਰੀ ਯਹੋਵਾਹ ਦੇ ਭਵਨ ਨੂੰ ਸ਼ੁੱਧ ਕਰਨ ਅੰਦਰ ਗਏ ਅਤੇ ਉਹ ਉਨ੍ਹਾਂ ਸਾਰੀਆਂ ਅਸ਼ੁੱਧ ਚੀਜ਼ਾਂ ਨੂੰ ਬਾਹਰ ਕੱਢ ਲਿਆਏ ਜੋ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿਚ ਮਿਲੀਆਂ ਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਵਿਹੜੇ+ ਵਿਚ ਰੱਖ ਦਿੱਤਾ। ਫਿਰ ਲੇਵੀ ਉਨ੍ਹਾਂ ਨੂੰ ਚੁੱਕ ਕੇ ਬਾਹਰ ਕਿਦਰੋਨ ਘਾਟੀ+ ਵਿਚ ਲੈ ਗਏ। 17  ਇਸ ਤਰ੍ਹਾਂ ਉਨ੍ਹਾਂ ਨੇ ਪਵਿੱਤਰ ਕਰਨ ਦਾ ਕੰਮ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸ਼ੁਰੂ ਕੀਤਾ ਅਤੇ ਮਹੀਨੇ ਦੀ 8 ਤਾਰੀਖ਼ ਨੂੰ ਉਹ ਯਹੋਵਾਹ ਦੀ ਦਲਾਨ+ ਤਕ ਪਹੁੰਚ ਗਏ। ਉਨ੍ਹਾਂ ਨੇ ਅੱਠ ਦਿਨਾਂ ਤਕ ਯਹੋਵਾਹ ਦੇ ਭਵਨ ਨੂੰ ਪਵਿੱਤਰ ਕੀਤਾ ਅਤੇ ਪਹਿਲੇ ਮਹੀਨੇ ਦੀ 16 ਤਾਰੀਖ਼ ਨੂੰ ਕੰਮ ਖ਼ਤਮ ਕੀਤਾ। 18  ਇਸ ਤੋਂ ਬਾਅਦ ਉਹ ਰਾਜਾ ਹਿਜ਼ਕੀਯਾਹ ਕੋਲ ਗਏ ਤੇ ਕਿਹਾ: “ਅਸੀਂ ਯਹੋਵਾਹ ਦੇ ਸਾਰੇ ਭਵਨ ਨੂੰ, ਹੋਮ-ਬਲ਼ੀ ਦੀ ਵੇਦੀ+ ਤੇ ਇਸ ਦੇ ਸਾਰੇ ਸਾਮਾਨ ਨੂੰ+ ਅਤੇ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਵਾਲੇ ਮੇਜ਼+ ਤੇ ਇਸ ਦੇ ਸਾਰੇ ਭਾਂਡਿਆਂ ਨੂੰ ਸ਼ੁੱਧ ਕਰ ਦਿੱਤਾ ਹੈ। 19  ਅਤੇ ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ੁੱਧ ਕਰ ਕੇ ਤਿਆਰ ਕੀਤਾ ਹੈ+ ਜਿਨ੍ਹਾਂ ਨੂੰ ਰਾਜਾ ਆਹਾਜ਼ ਨੇ ਆਪਣੇ ਰਾਜ ਦੌਰਾਨ ਬਾਹਰ ਕੱਢ ਦਿੱਤਾ ਸੀ ਜਦੋਂ ਉਹ ਬੇਵਫ਼ਾ ਹੋ ਗਿਆ ਸੀ।+ ਹੁਣ ਉਹ ਚੀਜ਼ਾਂ ਯਹੋਵਾਹ ਦੀ ਵੇਦੀ ਦੇ ਅੱਗੇ ਹਨ।” 20  ਰਾਜਾ ਹਿਜ਼ਕੀਯਾਹ ਸਵੇਰੇ ਜਲਦੀ ਉੱਠਿਆ ਤੇ ਉਸ ਨੇ ਸ਼ਹਿਰ ਦੇ ਹਾਕਮਾਂ ਨੂੰ ਇਕੱਠਾ ਕੀਤਾ ਅਤੇ ਉਹ ਯਹੋਵਾਹ ਦੇ ਭਵਨ ਨੂੰ ਗਏ। 21  ਉਹ ਰਾਜ ਲਈ, ਪਵਿੱਤਰ ਸਥਾਨ ਲਈ ਅਤੇ ਯਹੂਦਾਹ ਲਈ ਪਾਪ-ਬਲ਼ੀ ਵਜੋਂ ਸੱਤ ਬਲਦ, ਸੱਤ ਭੇਡੂ, ਸੱਤ ਲੇਲੇ ਅਤੇ ਸੱਤ ਬੱਕਰੇ ਲੈ ਕੇ ਗਏ।+ ਉਨ੍ਹਾਂ ਨੇ ਪੁਜਾਰੀਆਂ ਯਾਨੀ ਹਾਰੂਨ ਦੀ ਔਲਾਦ ਨੂੰ ਕਿਹਾ ਕਿ ਉਹ ਯਹੋਵਾਹ ਦੀ ਵੇਦੀ ’ਤੇ ਇਨ੍ਹਾਂ ਦੀ ਬਲ਼ੀ ਚੜ੍ਹਾਉਣ। 22  ਫਿਰ ਉਨ੍ਹਾਂ ਨੇ ਬਲਦਾਂ ਨੂੰ ਵੱਢਿਆ+ ਤੇ ਪੁਜਾਰੀਆਂ ਨੇ ਲਹੂ ਲੈ ਕੇ ਵੇਦੀ ’ਤੇ ਛਿੜਕਿਆ;+ ਇਸ ਤੋਂ ਬਾਅਦ ਉਨ੍ਹਾਂ ਨੇ ਭੇਡੂਆਂ ਨੂੰ ਵੱਢਿਆ ਤੇ ਖ਼ੂਨ ਵੇਦੀ ’ਤੇ ਛਿੜਕਿਆ ਅਤੇ ਫਿਰ ਉਨ੍ਹਾਂ ਨੇ ਲੇਲਿਆਂ ਨੂੰ ਵੱਢਿਆ ਤੇ ਉਨ੍ਹਾਂ ਦਾ ਖ਼ੂਨ ਵੇਦੀ ’ਤੇ ਛਿੜਕਿਆ। 23  ਫਿਰ ਉਹ ਪਾਪ-ਬਲ਼ੀ ਦੇ ਬੱਕਰਿਆਂ ਨੂੰ ਰਾਜੇ ਅਤੇ ਮੰਡਲੀ ਦੇ ਅੱਗੇ ਲੈ ਕੇ ਆਏ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ। 24  ਪੁਜਾਰੀਆਂ ਨੇ ਉਨ੍ਹਾਂ ਨੂੰ ਵੱਢਿਆ ਅਤੇ ਉਨ੍ਹਾਂ ਦੇ ਖ਼ੂਨ ਨੂੰ ਸਾਰੇ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ ਪਾਪ-ਬਲ਼ੀ ਵਜੋਂ ਵੇਦੀ ’ਤੇ ਚੜ੍ਹਾਇਆ ਕਿਉਂਕਿ ਰਾਜੇ ਨੇ ਕਿਹਾ ਸੀ ਕਿ ਹੋਮ-ਬਲ਼ੀ ਅਤੇ ਪਾਪ-ਬਲ਼ੀ ਸਾਰੇ ਇਜ਼ਰਾਈਲ ਲਈ ਚੜ੍ਹਾਈ ਜਾਵੇ। 25  ਇਸ ਦੌਰਾਨ ਉਸ ਨੇ ਯਹੋਵਾਹ ਦੇ ਭਵਨ ਵਿਚ ਲੇਵੀਆਂ ਨੂੰ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਦਰਸ਼ੀ ਗਾਦ+ ਅਤੇ ਨਾਥਾਨ+ ਨਬੀ ਦਾ ਹੁਕਮ ਸੀ+ ਕਿਉਂਕਿ ਇਹ ਹੁਕਮ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਦਿੱਤਾ ਸੀ। 26  ਇਸ ਲਈ ਲੇਵੀ ਦਾਊਦ ਦੇ ਸਾਜ਼ ਲੈ ਕੇ ਅਤੇ ਪੁਜਾਰੀ ਤੁਰ੍ਹੀਆਂ ਲੈ ਕੇ ਖੜ੍ਹੇ ਸਨ।+ 27  ਫਿਰ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਵੇਦੀ ’ਤੇ ਹੋਮ-ਬਲ਼ੀ ਚੜ੍ਹਾਈ ਜਾਵੇ।+ ਜਦੋਂ ਹੋਮ-ਬਲ਼ੀ ਚੜ੍ਹਾਉਣੀ ਸ਼ੁਰੂ ਹੋਈ, ਤਾਂ ਇਜ਼ਰਾਈਲ ਦੇ ਰਾਜੇ ਦਾਊਦ ਦੇ ਸਾਜ਼ਾਂ ਦੀ ਧੁਨ ’ਤੇ ਯਹੋਵਾਹ ਲਈ ਗੀਤ ਗਾਇਆ ਜਾਣ ਲੱਗਾ ਅਤੇ ਤੁਰ੍ਹੀਆਂ ਵਜਾਈਆਂ ਜਾਣ ਲੱਗੀਆਂ। 28  ਜਦੋਂ ਗੀਤ ਗਾਇਆ ਜਾ ਰਿਹਾ ਸੀ ਤੇ ਤੁਰ੍ਹੀਆਂ ਵਜਾਈਆਂ ਜਾ ਰਹੀਆਂ ਸਨ, ਤਾਂ ਸਾਰੀ ਮੰਡਲੀ ਨੇ ਸਿਰ ਝੁਕਾਇਆ ਹੋਇਆ ਸੀ। ਇਹ ਸਭ ਉਦੋਂ ਤਕ ਹੁੰਦਾ ਰਿਹਾ ਜਦ ਤਕ ਹੋਮ-ਬਲ਼ੀਆਂ ਚੜ੍ਹਾਈਆਂ ਨਾ ਜਾ ਚੁੱਕੀਆਂ। 29  ਜਿਉਂ ਹੀ ਬਲ਼ੀਆਂ ਚੜ੍ਹਾਉਣ ਦਾ ਕੰਮ ਪੂਰਾ ਹੋਇਆ, ਤਾਂ ਰਾਜੇ ਤੇ ਉਸ ਦੇ ਨਾਲ ਦੇ ਸਾਰੇ ਜਣਿਆਂ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 30  ਫਿਰ ਰਾਜਾ ਹਿਜ਼ਕੀਯਾਹ ਅਤੇ ਹਾਕਮਾਂ ਨੇ ਲੇਵੀਆਂ ਨੂੰ ਕਿਹਾ ਕਿ ਉਹ ਦਾਊਦ ਅਤੇ ਦਰਸ਼ੀ ਆਸਾਫ਼+ ਦੇ ਭਜਨ ਗਾ ਕੇ ਯਹੋਵਾਹ ਦੀ ਮਹਿਮਾ ਕਰਨ।+ ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਮਹਿਮਾ ਕੀਤੀ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 31  ਫਿਰ ਹਿਜ਼ਕੀਯਾਹ ਨੇ ਕਿਹਾ: “ਹੁਣ ਤੁਹਾਨੂੰ ਯਹੋਵਾਹ ਲਈ ਵੱਖਰਾ ਕੀਤਾ ਗਿਆ ਹੈ,* ਇਸ ਲਈ ਆਓ ਤੇ ਯਹੋਵਾਹ ਦੇ ਭਵਨ ਵਿਚ ਬਲ਼ੀਆਂ ਤੇ ਧੰਨਵਾਦ ਦੇ ਚੜ੍ਹਾਵੇ ਲੈ ਕੇ ਆਓ।” ਇਸ ਲਈ ਮੰਡਲੀ ਬਲ਼ੀਆਂ ਤੇ ਧੰਨਵਾਦ ਦੇ ਚੜ੍ਹਾਵੇ ਲਿਆਉਣ ਲੱਗੀ ਤੇ ਕੁਝ ਤਾਂ ਆਪਣੀ ਦਿਲੀ ਇੱਛਾ ਨਾਲ ਹੋਮ-ਬਲ਼ੀਆਂ ਵੀ ਲਿਆਏ।+ 32  ਮੰਡਲੀ ਜੋ ਹੋਮ-ਬਲ਼ੀਆਂ ਲੈ ਕੇ ਆਈ, ਉਨ੍ਹਾਂ ਦੀ ਗਿਣਤੀ ਸੀ 70 ਬਲਦ, 100 ਭੇਡੂ ਅਤੇ 200 ਲੇਲੇ। ਇਹ ਸਭ ਯਹੋਵਾਹ ਲਈ ਹੋਮ-ਬਲ਼ੀਆਂ ਸਨ।+ 33  ਅਤੇ ਪਵਿੱਤਰ ਚੜ੍ਹਾਵੇ ਸਨ 600 ਬਲਦ ਅਤੇ ਇੱਜੜ ਵਿੱਚੋਂ 3,000 ਭੇਡਾਂ। 34  ਪਰ ਸਾਰੀਆਂ ਹੋਮ-ਬਲ਼ੀਆਂ ਦੀ ਖੱਲ ਲਾਹੁਣ ਲਈ ਉੱਥੇ ਕਾਫ਼ੀ ਪੁਜਾਰੀ ਨਹੀਂ ਸਨ, ਇਸ ਲਈ ਉਨ੍ਹਾਂ ਦੇ ਭਰਾਵਾਂ ਯਾਨੀ ਲੇਵੀਆਂ ਨੇ ਉਨ੍ਹਾਂ ਦੀ ਮਦਦ ਕੀਤੀ+ ਜਦੋਂ ਤਕ ਕੰਮ ਪੂਰਾ ਨਾ ਹੋ ਗਿਆ ਅਤੇ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਨਾ ਕਰ ਲਿਆ+ ਕਿਉਂਕਿ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰਨ ਵੱਲ ਪੁਜਾਰੀਆਂ ਨਾਲੋਂ ਜ਼ਿਆਦਾ ਧਿਆਨ ਦਿੱਤਾ।* 35  ਇਸ ਦੇ ਨਾਲ-ਨਾਲ ਉੱਥੇ ਬਹੁਤ ਸਾਰੀਆਂ ਹੋਮ-ਬਲ਼ੀਆਂ+ ਤੇ ਸ਼ਾਂਤੀ-ਬਲ਼ੀਆਂ ਦੀ ਚਰਬੀ+ ਅਤੇ ਹੋਮ-ਬਲ਼ੀਆਂ ਲਈ ਪੀਣ ਦੀਆਂ ਭੇਟਾਂ ਸਨ।+ ਇਸ ਤਰ੍ਹਾਂ ਯਹੋਵਾਹ ਦੇ ਭਵਨ ਵਿਚ ਸੇਵਾ ਦੁਬਾਰਾ ਸ਼ੁਰੂ ਹੋਈ।* 36  ਸੱਚੇ ਪਰਮੇਸ਼ੁਰ ਨੇ ਲੋਕਾਂ ਲਈ ਜੋ ਕੁਝ ਕੀਤਾ ਸੀ, ਉਸ ਕਾਰਨ ਹਿਜ਼ਕੀਯਾਹ ਅਤੇ ਸਾਰੇ ਲੋਕ ਬਹੁਤ ਖ਼ੁਸ਼ ਹੋਏ+ ਕਿਉਂਕਿ ਇਹ ਸਾਰਾ ਕੁਝ ਅਚਾਨਕ ਹੋਇਆ ਸੀ।

ਫੁਟਨੋਟ

ਜਾਂ, “ਮਜ਼ਾਕ ਉਡਾਉਂਦਾ ਸੀ।”
ਜਾਂ, “ਆਰਾਮ ਕਰਨ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਇਬ, “ਹੁਣ ਤੁਸੀਂ ਆਪਣਾ ਹੱਥ ਭਰ ਲਿਆ ਹੈ।”
ਇਬ, “ਸਿੱਧੇ ਦਿਲ ਦੇ ਸਨ।”
ਜਾਂ, “ਤਿਆਰ ਕੀਤੀ ਗਈ।”