ਦੂਜਾ ਇਤਿਹਾਸ 15:1-19

  • ਆਸਾ ਦੁਆਰਾ ਸੁਧਾਰ (1-19)

15  ਹੁਣ ਪਰਮੇਸ਼ੁਰ ਦੀ ਸ਼ਕਤੀ ਓਦੇਦ ਦੇ ਪੁੱਤਰ ਅਜ਼ਰਯਾਹ ’ਤੇ ਆਈ।  ਇਸ ਲਈ ਉਹ ਆਸਾ ਨੂੰ ਮਿਲਣ ਗਿਆ ਅਤੇ ਉਸ ਨੂੰ ਕਿਹਾ: “ਹੇ ਆਸਾ ਅਤੇ ਸਾਰੇ ਯਹੂਦਾਹ ਤੇ ਬਿਨਯਾਮੀਨ, ਮੇਰੀ ਗੱਲ ਸੁਣੋ! ਯਹੋਵਾਹ ਤੁਹਾਡੇ ਨਾਲ ਉਦੋਂ ਤਕ ਰਹੇਗਾ ਜਦੋਂ ਤਕ ਤੁਸੀਂ ਉਸ ਨਾਲ ਰਹੋਗੇ;+ ਜੇ ਤੁਸੀਂ ਉਸ ਨੂੰ ਭਾਲੋਗੇ, ਤਾਂ ਉਹ ਆਪੇ ਤੁਹਾਨੂੰ ਲੱਭ ਪਵੇਗਾ,+ ਪਰ ਜੇ ਤੁਸੀਂ ਉਸ ਨੂੰ ਛੱਡ ਦਿੱਤਾ, ਤਾਂ ਉਹ ਵੀ ਤੁਹਾਨੂੰ ਛੱਡ ਦੇਵੇਗਾ।+  ਲੰਬੇ ਸਮੇਂ* ਤਕ ਇਜ਼ਰਾਈਲ ਬਿਨਾਂ ਸੱਚੇ ਪਰਮੇਸ਼ੁਰ, ਬਿਨਾਂ ਸਿਖਾਉਣ ਵਾਲੇ ਪੁਜਾਰੀ ਅਤੇ ਬਿਨਾਂ ਕਾਨੂੰਨ ਦੇ ਰਿਹਾ ਸੀ।+  ਪਰ ਕਸ਼ਟ ਵਿਚ ਹੁੰਦਿਆਂ ਜਦੋਂ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜੇ ਅਤੇ ਉਸ ਦੀ ਭਾਲ ਕੀਤੀ, ਤਾਂ ਉਹ ਆਪੇ ਉਨ੍ਹਾਂ ਨੂੰ ਲੱਭ ਪਿਆ।+  ਉਨ੍ਹਾਂ ਸਮਿਆਂ ਵਿਚ ਕੋਈ ਵੀ ਸਹੀ-ਸਲਾਮਤ ਸਫ਼ਰ ਨਹੀਂ ਕਰ ਸਕਦਾ ਸੀ* ਕਿਉਂਕਿ ਇਲਾਕਿਆਂ ਦੇ ਸਾਰੇ ਵਾਸੀਆਂ ਵਿਚ ਬਹੁਤ ਗੜਬੜੀ ਮਚੀ ਹੋਈ ਸੀ।  ਇਕ ਕੌਮ ਦੂਜੀ ਕੌਮ ਨੂੰ ਅਤੇ ਇਕ ਸ਼ਹਿਰ ਦੂਜੇ ਸ਼ਹਿਰ ਨੂੰ ਕੁਚਲ ਰਿਹਾ ਸੀ ਕਿਉਂਕਿ ਪਰਮੇਸ਼ੁਰ ਨੇ ਹਰ ਤਰ੍ਹਾਂ ਦੀ ਮੁਸੀਬਤ ਨਾਲ ਉਨ੍ਹਾਂ ਵਿਚ ਗੜਬੜੀ ਫੈਲਾ ਰੱਖੀ ਸੀ।+  ਪਰ ਤੁਸੀਂ ਤਕੜੇ ਹੋਵੋ ਅਤੇ ਨਿਰਾਸ਼ ਨਾ ਹੋਵੋ*+ ਕਿਉਂਕਿ ਤੁਹਾਡੇ ਕੰਮ ਦਾ ਤੁਹਾਨੂੰ ਇਨਾਮ ਮਿਲੇਗਾ।”  ਆਸਾ ਨੇ ਇਹ ਗੱਲਾਂ ਅਤੇ ਓਦੇਦ ਨਬੀ ਦੀ ਭਵਿੱਖਬਾਣੀ ਸੁਣਦੇ ਸਾਰ ਹਿੰਮਤ ਤੋਂ ਕੰਮ ਲਿਆ ਅਤੇ ਯਹੂਦਾਹ ਤੇ ਬਿਨਯਾਮੀਨ ਦੇ ਸਾਰੇ ਇਲਾਕੇ ਅਤੇ ਇਫ਼ਰਾਈਮ ਦੇ ਪਹਾੜੀ ਇਲਾਕੇ ਦੇ ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ, ਜਿਨ੍ਹਾਂ ’ਤੇ ਉਸ ਨੇ ਕਬਜ਼ਾ ਕੀਤਾ ਸੀ, ਘਿਣਾਉਣੀਆਂ ਮੂਰਤਾਂ ਨੂੰ ਹਟਾ ਦਿੱਤਾ+ ਅਤੇ ਯਹੋਵਾਹ ਦੀ ਉਸ ਵੇਦੀ ਦੀ ਮੁਰੰਮਤ ਕੀਤੀ ਜੋ ਯਹੋਵਾਹ ਦੇ ਦਲਾਨ ਦੇ ਅੱਗੇ ਸੀ।+  ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਸਣੇ ਇਫ਼ਰਾਈਮ, ਮਨੱਸ਼ਹ ਅਤੇ ਸ਼ਿਮਓਨ ਦੇ ਪਰਦੇਸੀਆਂ ਨੂੰ ਇਕੱਠਾ ਕੀਤਾ+ ਕਿਉਂਕਿ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਸੀ, ਤਾਂ ਉਹ ਵੱਡੀ ਤਾਦਾਦ ਵਿਚ ਇਜ਼ਰਾਈਲ ਛੱਡ ਕੇ ਉਸ ਕੋਲ ਆ ਗਏ ਸਨ। 10  ਉਨ੍ਹਾਂ ਨੂੰ ਆਸਾ ਦੇ ਰਾਜ ਦੇ 15ਵੇਂ ਸਾਲ ਦੇ ਤੀਜੇ ਮਹੀਨੇ ਯਰੂਸ਼ਲਮ ਵਿਚ ਇਕੱਠਾ ਕੀਤਾ ਗਿਆ। 11  ਉਸ ਦਿਨ ਉਨ੍ਹਾਂ ਨੇ ਲੁੱਟ ਦੇ ਉਸ ਮਾਲ ਵਿੱਚੋਂ ਜੋ ਉਹ ਲਿਆਏ ਸਨ, ਯਹੋਵਾਹ ਅੱਗੇ 700 ਬਲਦਾਂ ਅਤੇ 7,000 ਭੇਡਾਂ ਦੀ ਬਲ਼ੀ ਚੜ੍ਹਾਈ। 12  ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਇਕਰਾਰ ਕੀਤਾ ਕਿ ਉਹ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲਣਗੇ।+ 13  ਜਿਹੜਾ ਵੀ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਭਾਲ ਨਹੀਂ ਕਰੇਗਾ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ, ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਆਦਮੀ ਹੋਵੇ ਜਾਂ ਔਰਤ।+ 14  ਇਸ ਲਈ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਖ਼ੁਸ਼ੀ ਨਾਲ ਜੈਕਾਰੇ ਲਾਉਂਦਿਆਂ ਅਤੇ ਤੁਰ੍ਹੀਆਂ ਤੇ ਨਰਸਿੰਗੇ ਵਜਾਉਂਦੇ ਹੋਏ ਯਹੋਵਾਹ ਅੱਗੇ ਸਹੁੰ ਖਾਧੀ। 15  ਅਤੇ ਸਾਰਾ ਯਹੂਦਾਹ ਇਸ ਸਹੁੰ ਕਰਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪੂਰੇ ਦਿਲ ਨਾਲ ਇਹ ਸਹੁੰ ਖਾਧੀ ਸੀ ਅਤੇ ਜੋਸ਼ ਨਾਲ ਉਸ ਦੀ ਭਾਲ ਕੀਤੀ ਅਤੇ ਉਹ ਉਨ੍ਹਾਂ ਨੂੰ ਲੱਭ ਗਿਆ+ ਤੇ ਯਹੋਵਾਹ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਆਰਾਮ ਦਿੰਦਾ ਰਿਹਾ।+ 16  ਰਾਜਾ ਆਸਾ ਨੇ ਤਾਂ ਆਪਣੀ ਨਾਨੀ ਮਾਕਾਹ+ ਨੂੰ ਵੀ ਰਾਜ-ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਪੂਜਾ-ਖੰਭੇ* ਦੀ ਭਗਤੀ ਲਈ ਇਕ ਅਸ਼ਲੀਲ ਮੂਰਤੀ ਬਣਾਈ ਸੀ।+ ਆਸਾ ਨੇ ਉਸ ਦੀ ਬਣਾਈ ਅਸ਼ਲੀਲ ਮੂਰਤੀ ਨੂੰ ਢਾਹ ਸੁੱਟਿਆ ਅਤੇ ਇਸ ਨੂੰ ਚੂਰ-ਚੂਰ ਕਰ ਕੇ ਕਿਦਰੋਨ ਘਾਟੀ ਵਿਚ ਸਾੜ ਦਿੱਤਾ।+ 17  ਪਰ ਇਜ਼ਰਾਈਲ ਵਿੱਚੋਂ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ।+ ਫਿਰ ਵੀ ਆਸਾ ਦਾ ਦਿਲ ਉਸ ਦੀ ਸਾਰੀ ਜ਼ਿੰਦਗੀ* ਪਰਮੇਸ਼ੁਰ ਵੱਲ ਪੂਰੀ ਤਰ੍ਹਾਂ ਲੱਗਾ* ਰਿਹਾ।+ 18  ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਪਵਿੱਤਰ ਕੀਤੀਆਂ ਸਨ​—ਚਾਂਦੀ, ਸੋਨਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ।+ 19  ਆਸਾ ਦੇ ਰਾਜ ਦੇ 35ਵੇਂ ਸਾਲ ਤਕ ਕੋਈ ਯੁੱਧ ਨਾ ਹੋਇਆ।+

ਫੁਟਨੋਟ

ਇਬ, “ਬਹੁਤ ਦਿਨਾਂ।”
ਇਬ, “ਬਾਹਰ ਜਾਣ ਵਾਲੇ ਜਾਂ ਅੰਦਰ ਆਉਣ ਵਾਲੇ ਲਈ ਸ਼ਾਂਤੀ ਨਹੀਂ ਸੀ।”
ਇਬ, “ਤੁਹਾਡੇ ਹੱਥ ਢਿੱਲੇ ਨਾ ਪੈਣ।”
ਇਬ, “ਦਿਨ।”
ਜਾਂ, “ਸਮਰਪਿਤ।”