ਪਹਿਲਾ ਰਾਜਿਆਂ 8:1-66
8 ਉਸ ਸਮੇਂ ਸੁਲੇਮਾਨ ਨੇ ਇਜ਼ਰਾਈਲ ਦੇ ਬਜ਼ੁਰਗਾਂ, ਗੋਤਾਂ ਦੇ ਸਾਰੇ ਮੁਖੀਆਂ ਤੇ ਇਜ਼ਰਾਈਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ।+ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਯਾਨੀ ਸੀਓਨ+ ਤੋਂ ਲਿਆਉਣ ਲਈ+ ਯਰੂਸ਼ਲਮ ਵਿਚ ਰਾਜਾ ਸੁਲੇਮਾਨ ਕੋਲ ਆਏ।
2 ਇਜ਼ਰਾਈਲ ਦੇ ਸਾਰੇ ਆਦਮੀ ਏਥਾਨੀਮ* ਮਹੀਨੇ ਯਾਨੀ ਸੱਤਵੇਂ ਮਹੀਨੇ ਵਿਚ ਤਿਉਹਾਰ* ਦੇ ਸਮੇਂ ਰਾਜਾ ਸੁਲੇਮਾਨ ਅੱਗੇ ਇਕੱਠੇ ਹੋਏ।+
3 ਫਿਰ ਇਜ਼ਰਾਈਲ ਦੇ ਸਾਰੇ ਬਜ਼ੁਰਗ ਆਏ ਅਤੇ ਪੁਜਾਰੀਆਂ ਨੇ ਸੰਦੂਕ ਨੂੰ ਚੁੱਕਿਆ।+
4 ਉਹ ਯਹੋਵਾਹ ਦਾ ਸੰਦੂਕ, ਮੰਡਲੀ ਦਾ ਤੰਬੂ+ ਅਤੇ ਤੰਬੂ ਵਿਚਲੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਆਏ। ਪੁਜਾਰੀ ਅਤੇ ਲੇਵੀ ਉਨ੍ਹਾਂ ਨੂੰ ਉਤਾਂਹ ਲੈ ਆਏ।
5 ਰਾਜਾ ਸੁਲੇਮਾਨ ਅਤੇ ਉਸ ਨੂੰ ਮਿਲਣ ਲਈ ਸੱਦੀ ਗਈ ਇਜ਼ਰਾਈਲ ਦੀ ਸਾਰੀ ਮੰਡਲੀ ਸੰਦੂਕ ਦੇ ਸਾਮ੍ਹਣੇ ਮੌਜੂਦ ਸੀ। ਇੰਨੀਆਂ ਸਾਰੀਆਂ ਭੇਡਾਂ ਅਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ ਜਾ ਰਹੀ ਸੀ+ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ।
6 ਫਿਰ ਪੁਜਾਰੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਵਿਚ ਕਰੂਬੀਆਂ ਦੇ ਖੰਭਾਂ ਹੇਠ+ ਇਸ ਦੀ ਠਹਿਰਾਈ ਜਗ੍ਹਾ ʼਤੇ ਲੈ ਆਏ।+
7 ਸੰਦੂਕ ਵਾਲੀ ਜਗ੍ਹਾ ʼਤੇ ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਕਰੂਬੀਆਂ ਨੇ ਸੰਦੂਕ ਅਤੇ ਉਸ ਦੇ ਡੰਡਿਆਂ ਨੂੰ ਢਕਿਆ ਹੋਇਆ ਸੀ।+
8 ਉਹ ਡੰਡੇ+ ਇੰਨੇ ਲੰਬੇ ਸਨ ਕਿ ਉਨ੍ਹਾਂ ਦੇ ਸਿਰੇ ਅੰਦਰਲੇ ਕਮਰੇ ਅੱਗੇ ਬਣੇ ਪਵਿੱਤਰ ਕਮਰੇ ਵਿੱਚੋਂ ਦਿਸਦੇ ਸਨ, ਪਰ ਉਹ ਬਾਹਰੋਂ ਨਜ਼ਰ ਨਹੀਂ ਸੀ ਆਉਂਦੇ। ਉਹ ਅੱਜ ਦੇ ਦਿਨ ਤਕ ਉੱਥੇ ਹੀ ਹਨ।
9 ਉਸ ਸੰਦੂਕ ਵਿਚ ਪੱਥਰ ਦੀਆਂ ਦੋ ਫੱਟੀਆਂ+ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+
10 ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦਾ ਭਵਨ ਬੱਦਲ+ ਨਾਲ ਭਰ ਗਿਆ।+
11 ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+
12 ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+
13 ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਉਣ ਵਿਚ ਸਫ਼ਲ ਹੋਇਆ ਹਾਂ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+
14 ਫਿਰ ਰਾਜਾ ਮੁੜਿਆ ਅਤੇ ਉੱਥੇ ਖੜ੍ਹੀ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਅਸੀਸ ਦੇਣ ਲੱਗਾ।+
15 ਉਸ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹੋਂ ਵਾਅਦਾ ਕੀਤਾ ਸੀ ਤੇ ਆਪਣੇ ਹੱਥੀਂ ਉਸ ਨੂੰ ਪੂਰਾ ਕੀਤਾ ਹੈ। ਉਸ ਨੇ ਕਿਹਾ ਸੀ,
16 ‘ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਤੋਂ ਕੱਢ ਲਿਆਇਆ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਇਕ ਵੀ ਸ਼ਹਿਰ ਨਹੀਂ ਚੁਣਿਆ ਜਿੱਥੇ ਮੈਂ ਆਪਣੇ ਨਾਂ ਲਈ ਇਕ ਭਵਨ ਬਣਾਵਾਂ ਤਾਂਕਿ ਮੇਰਾ ਨਾਂ ਉੱਥੇ ਰਹੇ,+ ਪਰ ਮੈਂ ਦਾਊਦ ਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਰਾਜ ਕਰਨ ਲਈ ਚੁਣਿਆ ਹੈ।’
17 ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+
18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ, ‘ਇਹ ਤੇਰੀ ਦਿਲੀ ਇੱਛਾ ਸੀ ਕਿ ਤੂੰ ਮੇਰੇ ਨਾਂ ਲਈ ਇਕ ਭਵਨ ਬਣਾਵੇਂ ਅਤੇ ਤੂੰ ਇਹ ਦਿਲੀ ਇੱਛਾ ਰੱਖ ਕੇ ਬਹੁਤ ਵਧੀਆ ਕੀਤਾ।
19 ਪਰ ਇਹ ਭਵਨ ਤੂੰ ਨਹੀਂ ਬਣਾਵੇਂਗਾ, ਸਗੋਂ ਤੇਰਾ ਪੁੱਤਰ ਜੋ ਤੇਰੇ ਤੋਂ ਪੈਦਾ ਹੋਵੇਗਾ, ਉਹ ਮੇਰੇ ਨਾਂ ਲਈ ਭਵਨ ਬਣਾਵੇਗਾ।’+
20 ਯਹੋਵਾਹ ਨੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ ਕਿਉਂਕਿ ਮੈਂ ਆਪਣੇ ਪਿਤਾ ਦਾਊਦ ਦੀ ਜਗ੍ਹਾ ਲਈ ਹੈ ਅਤੇ ਮੈਂ ਇਜ਼ਰਾਈਲ ਦੇ ਸਿੰਘਾਸਣ ਉੱਤੇ ਬੈਠਾ ਹਾਂ, ਠੀਕ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ। ਨਾਲੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਬਣਾਇਆ ਹੈ+
21 ਅਤੇ ਉੱਥੇ ਸੰਦੂਕ ਲਈ ਜਗ੍ਹਾ ਤਿਆਰ ਕੀਤੀ ਹੈ ਜਿਸ ਵਿਚ ਉਹ ਇਕਰਾਰ ਪਿਆ ਹੈ+ ਜੋ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲਿਆ ਰਿਹਾ ਸੀ।”
22 ਫਿਰ ਸੁਲੇਮਾਨ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਸਾਮ੍ਹਣੇ ਯਹੋਵਾਹ ਦੀ ਵੇਦੀ ਅੱਗੇ ਖੜ੍ਹਾ ਹੋਇਆ ਤੇ ਉਸ ਨੇ ਆਕਾਸ਼ ਵੱਲ ਆਪਣੇ ਹੱਥ ਫੈਲਾਏ+
23 ਅਤੇ ਉਸ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਵਰਗਾ ਹੋਰ ਕੋਈ ਪਰਮੇਸ਼ੁਰ ਨਹੀਂ,+ ਨਾ ਉੱਪਰ ਆਕਾਸ਼ ਵਿਚ, ਨਾ ਹੇਠਾਂ ਧਰਤੀ ਉੱਤੇ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਆਪਣੇ ਉਨ੍ਹਾਂ ਸੇਵਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈਂ+ ਜੋ ਪੂਰੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ।+
24 ਤੂੰ ਉਹ ਵਾਅਦਾ ਪੂਰਾ ਕੀਤਾ ਹੈ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ। ਤੂੰ ਆਪਣੇ ਮੂੰਹੋਂ ਇਹ ਵਾਅਦਾ ਕੀਤਾ ਸੀ ਅਤੇ ਅੱਜ ਦੇ ਦਿਨ ਆਪਣੇ ਹੱਥੀਂ ਇਸ ਨੂੰ ਪੂਰਾ ਕੀਤਾ ਹੈ।+
25 ਹੁਣ ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਉਹ ਵਾਅਦਾ ਪੂਰਾ ਕਰ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ ਜਦ ਤੂੰ ਕਿਹਾ ਸੀ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਮੇਰੇ ਅੱਗੇ ਉਸੇ ਤਰ੍ਹਾਂ ਚੱਲਣ ਜਿਸ ਤਰ੍ਹਾਂ ਤੂੰ ਚੱਲਿਆ ਹੈਂ, ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+
26 ਹੇ ਇਜ਼ਰਾਈਲ ਦੇ ਪਰਮੇਸ਼ੁਰ, ਹੁਣ ਤੇਰਾ ਇਹ ਵਾਅਦਾ ਸੱਚਾ ਠਹਿਰੇ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ।
27 “ਪਰ ਕੀ ਪਰਮੇਸ਼ੁਰ ਸੱਚੀਂ ਧਰਤੀ ਉੱਤੇ ਵੱਸੇਗਾ?+ ਦੇਖ! ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਤੈਨੂੰ ਸਮਾ ਨਹੀਂ ਸਕਦਾ;+ ਤਾਂ ਫਿਰ, ਇਹ ਭਵਨ ਤੈਨੂੰ ਕਿਵੇਂ ਸਮਾ ਸਕਦਾ ਹੈ ਜੋ ਮੈਂ ਬਣਾਇਆ ਹੈ?+
28 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਮਿਹਰ ਲਈ ਉਸ ਦੀ ਬੇਨਤੀ ਵੱਲ ਧਿਆਨ ਦੇ, ਮਦਦ ਲਈ ਉਸ ਦੀ ਦੁਹਾਈ ਨੂੰ ਸੁਣ ਤੇ ਇਸ ਪ੍ਰਾਰਥਨਾ ਨੂੰ ਸੁਣ ਜੋ ਤੇਰਾ ਸੇਵਕ ਅੱਜ ਤੇਰੇ ਅੱਗੇ ਕਰ ਰਿਹਾ ਹੈ।
29 ਤੇਰੀਆਂ ਅੱਖਾਂ ਇਸ ਭਵਨ ਵੱਲ ਦਿਨ-ਰਾਤ ਲੱਗੀਆਂ ਰਹਿਣ, ਹਾਂ, ਉਸ ਜਗ੍ਹਾ ਵੱਲ ਜਿਸ ਬਾਰੇ ਤੂੰ ਕਿਹਾ ਸੀ, ‘ਮੇਰਾ ਨਾਂ ਉੱਥੇ ਹੋਵੇਗਾ,’+ ਤਾਂਕਿ ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਸੁਣੇਂ ਜੋ ਉਹ ਇਸ ਜਗ੍ਹਾ ਵੱਲ ਨੂੰ ਕਰੇ।+
30 ਤੂੰ ਮਿਹਰ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਲੋਕਾਂ ਦੀ ਅਰਜ਼ੋਈ ਸੁਣੀਂ ਜੋ ਉਹ ਇਸ ਭਵਨ ਵੱਲ ਨੂੰ ਕਰਨ। ਤੂੰ ਸਵਰਗ ਵਿਚ ਆਪਣੇ ਨਿਵਾਸ-ਸਥਾਨ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+
31 “ਜੇ ਕੋਈ ਆਦਮੀ ਆਪਣੇ ਸਾਥੀ ਖ਼ਿਲਾਫ਼ ਪਾਪ ਕਰੇ ਤੇ ਉਸ ਨੂੰ ਸਹੁੰ ਖੁਆਈ ਜਾਵੇ* ਅਤੇ ਉਹ ਮੰਨੇ ਕਿ ਇਹ ਸਹੁੰ ਤੋੜਨ ਤੇ ਉਸ ਨੂੰ ਸਰਾਪ ਮਿਲੇਗਾ ਅਤੇ ਉਹ ਇਹ ਸਹੁੰ* ਖਾਣ ਮਗਰੋਂ ਇਸ ਭਵਨ ਵਿਚ ਤੇਰੀ ਵੇਦੀ ਅੱਗੇ ਆਵੇ,+
32 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਦੋਸ਼ੀ* ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+
33 “ਜੇ ਤੇਰੀ ਪਰਜਾ ਇਜ਼ਰਾਈਲ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ ਦੁਸ਼ਮਣ ਹੱਥੋਂ ਹਾਰ ਜਾਵੇ+ ਅਤੇ ਫਿਰ ਉਹ ਤੇਰੇ ਵੱਲ ਮੁੜੇ ਤੇ ਤੇਰੇ ਨਾਂ ਦੀ ਮਹਿਮਾ ਕਰੇ+ ਅਤੇ ਇਸ ਭਵਨ ਵਿਚ ਤੈਨੂੰ ਪ੍ਰਾਰਥਨਾ ਕਰੇ ਤੇ ਤੇਰੇ ਤੋਂ ਰਹਿਮ ਦੀ ਭੀਖ ਮੰਗੇ,+
34 ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਤੇ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਈਂ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+
35 “ਜੇ ਉਨ੍ਹਾਂ ਵੱਲੋਂ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ+ ਆਕਾਸ਼ ਬੰਦ ਹੋ ਜਾਣ ਤੇ ਮੀਂਹ ਨਾ ਪਵੇ+ ਅਤੇ ਫਿਰ ਉਹ ਇਸ ਜਗ੍ਹਾ ਵੱਲ ਨੂੰ ਦੁਆ ਕਰਨ ਤੇ ਤੇਰੇ ਨਾਂ ਦੀ ਮਹਿਮਾ ਕਰਨ ਅਤੇ ਆਪਣੇ ਪਾਪ ਤੋਂ ਮੁੜਨ ਕਿਉਂਕਿ ਤੂੰ ਉਨ੍ਹਾਂ ਨੂੰ ਨੀਵਾਂ ਕੀਤਾ,*+
36 ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੇ ਸੇਵਕਾਂ, ਹਾਂ, ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਕਿਉਂਕਿ ਤੂੰ ਉਨ੍ਹਾਂ ਨੂੰ ਚੰਗੇ ਰਾਹ ਬਾਰੇ ਸਿਖਾਵੇਂਗਾ+ ਜਿਸ ਰਾਹ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ; ਅਤੇ ਤੂੰ ਆਪਣੇ ਉਸ ਦੇਸ਼ ਉੱਤੇ ਮੀਂਹ ਪਾਈਂ+ ਜੋ ਤੂੰ ਆਪਣੀ ਪਰਜਾ ਨੂੰ ਵਿਰਾਸਤ ਵਜੋਂ ਦਿੱਤਾ ਸੀ।
37 “ਜੇ ਦੇਸ਼ ਵਿਚ ਕਾਲ਼,+ ਮਹਾਂਮਾਰੀ, ਲੂ, ਉੱਲੀ,+ ਟਿੱਡੀਆਂ ਦੇ ਦਲਾਂ ਜਾਂ ਭੁੱਖੜ ਟਿੱਡੀਆਂ ਦੀ ਮਾਰ ਪਵੇ; ਜਾਂ ਦੇਸ਼ ਦੇ ਕਿਸੇ ਸ਼ਹਿਰ* ਵਿਚ ਉਨ੍ਹਾਂ ਦਾ ਕੋਈ ਦੁਸ਼ਮਣ ਉਨ੍ਹਾਂ ਨੂੰ ਘੇਰਾ ਪਾ ਲਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਪਤਾ ਜਾਂ ਬੀਮਾਰੀ ਆ ਪਵੇ+
38 ਤੇ ਇਸ ਕਾਰਨ ਜੇ ਕੋਈ ਵੀ ਆਦਮੀ ਜਾਂ ਤੇਰੀ ਸਾਰੀ ਪਰਜਾ ਇਜ਼ਰਾਈਲ ਇਸ ਭਵਨ ਵੱਲ ਨੂੰ ਆਪਣੇ ਹੱਥ ਅੱਡ ਕੇ ਜੋ ਵੀ ਪ੍ਰਾਰਥਨਾ ਕਰੇ ਤੇ ਮਿਹਰ ਲਈ ਜੋ ਵੀ ਬੇਨਤੀ ਕਰੇ+ (ਕਿਉਂਕਿ ਹਰ ਕੋਈ ਆਪਣੇ ਦਿਲ ਦੇ ਕਸ਼ਟ ਨੂੰ ਜਾਣਦਾ ਹੈ),+
39 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਮਾਫ਼ ਕਰੀਂ+ ਤੇ ਕਦਮ ਚੁੱਕੀਂ; ਅਤੇ ਹਰੇਕ ਨੂੰ ਉਸ ਦੇ ਸਾਰੇ ਕੰਮਾਂ ਅਨੁਸਾਰ ਫਲ ਦੇਈਂ+ ਕਿਉਂਕਿ ਤੂੰ ਉਸ ਦੇ ਦਿਲ ਨੂੰ ਜਾਣਦਾ ਹੈਂ (ਸਿਰਫ਼ ਤੂੰ ਹੀ ਹਰ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ)+
40 ਤਾਂਕਿ ਜਿੰਨਾ ਚਿਰ ਉਹ ਉਸ ਦੇਸ਼ ਵਿਚ ਰਹਿਣ ਜੋ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਉਹ ਉਨ੍ਹਾਂ ਸਾਰੇ ਦਿਨਾਂ ਦੌਰਾਨ ਤੇਰਾ ਡਰ ਮੰਨਣ।
41 “ਨਾਲੇ ਉਹ ਪਰਦੇਸੀ ਜੋ ਤੇਰੀ ਪਰਜਾ ਇਜ਼ਰਾਈਲ ਦਾ ਹਿੱਸਾ ਨਹੀਂ ਹੈ ਅਤੇ ਜੋ ਤੇਰੇ ਨਾਂ* ਕਰਕੇ ਕਿਸੇ ਦੂਰ ਦੇਸ਼ ਤੋਂ ਆਉਂਦਾ ਹੈ+
42 (ਕਿਉਂਕਿ ਉਹ ਤੇਰੇ ਮਹਾਨ ਨਾਂ ਬਾਰੇ ਸੁਣਨਗੇ,+ ਤੇਰੇ ਤਾਕਤਵਰ ਹੱਥ ਅਤੇ ਤਾਕਤਵਰ ਬਾਂਹ* ਬਾਰੇ ਸੁਣਨਗੇ) ਅਤੇ ਉਹ ਆ ਕੇ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰੇ,
43 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਉਹ ਸਭ ਕੁਝ ਕਰੀਂ ਜੋ ਕੁਝ ਉਹ ਪਰਦੇਸੀ ਤੇਰੇ ਤੋਂ ਮੰਗੇ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰਾ ਨਾਂ ਜਾਣਨ ਅਤੇ ਤੇਰਾ ਡਰ ਮੰਨਣ+ ਜਿਵੇਂ ਤੇਰੀ ਪਰਜਾ ਇਜ਼ਰਾਈਲ ਮੰਨਦੀ ਹੈ ਅਤੇ ਉਹ ਜਾਣ ਲੈਣ ਕਿ ਇਹ ਭਵਨ ਜੋ ਮੈਂ ਬਣਾਇਆ ਹੈ, ਤੇਰੇ ਨਾਂ ਦਾ ਸਦਾਉਂਦਾ ਹੈ।
44 “ਹੇ ਯਹੋਵਾਹ, ਜੇ ਤੇਰੇ ਲੋਕ ਆਪਣੇ ਦੁਸ਼ਮਣ ਖ਼ਿਲਾਫ਼ ਯੁੱਧ ਕਰਨ ਲਈ ਉਸੇ ਰਾਹ ਥਾਣੀਂ ਜਾਣ ਜਿਸ ਰਾਹੀਂ ਤੂੰ ਉਨ੍ਹਾਂ ਨੂੰ ਘੱਲੇਂ+ ਅਤੇ ਉਹ ਤੇਰੇ ਚੁਣੇ ਹੋਏ ਸ਼ਹਿਰ ਦੀ ਦਿਸ਼ਾ ਵੱਲ ਨੂੰ+ ਤੇ ਇਸ ਭਵਨ ਵੱਲ ਨੂੰ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ,+ ਤੈਨੂੰ ਪ੍ਰਾਰਥਨਾ ਕਰਨ,+
45 ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ।
46 “ਜੇ ਉਹ ਤੇਰੇ ਖ਼ਿਲਾਫ਼ ਪਾਪ ਕਰਨ (ਕਿਉਂਕਿ ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ)+ ਅਤੇ ਤੇਰਾ ਕ੍ਰੋਧ ਉਨ੍ਹਾਂ ਉੱਤੇ ਭੜਕੇ ਤੇ ਤੂੰ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਦੇ ਦੇਵੇਂ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਦੁਸ਼ਮਣ ਦੇ ਦੇਸ਼ ਲੈ ਜਾਣ, ਚਾਹੇ ਦੂਰ ਜਾਂ ਨੇੜੇ;+
47 ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਣ ਵਾਲਿਆਂ ਦੇ ਦੇਸ਼ ਵਿਚ ਉਨ੍ਹਾਂ ਦੀ ਸੁਰਤ ਟਿਕਾਣੇ ਆਵੇ+ ਤੇ ਉਹ ਤੇਰੇ ਵੱਲ ਮੁੜਨ+ ਅਤੇ ਦੁਸ਼ਮਣ ਦੇ ਦੇਸ਼ ਵਿਚ ਉਹ ਤੇਰੇ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਣ,+ ‘ਅਸੀਂ ਪਾਪ ਕੀਤਾ ਹੈ, ਸਾਡੇ ਤੋਂ ਗ਼ਲਤੀ ਹੋਈ ਹੈ; ਅਸੀਂ ਦੁਸ਼ਟਤਾ ਕੀਤੀ ਹੈ,’+
48 ਅਤੇ ਬੰਦੀ ਬਣਾ ਕੇ ਲਿਜਾਣ ਵਾਲੇ ਦੁਸ਼ਮਣਾਂ ਦੇ ਦੇਸ਼ ਵਿਚ ਉਹ ਪੂਰੇ ਦਿਲ ਤੇ ਪੂਰੀ ਜਾਨ ਨਾਲ ਤੇਰੇ ਵੱਲ ਮੁੜਨ+ ਅਤੇ ਉਹ ਆਪਣੇ ਉਸ ਦੇਸ਼ ਦੀ ਦਿਸ਼ਾ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਤੇਰੇ ਚੁਣੇ ਹੋਏ ਸ਼ਹਿਰ ਤੇ ਉਸ ਭਵਨ ਦੀ ਦਿਸ਼ਾ ਵੱਲ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਪ੍ਰਾਰਥਨਾ ਕਰਨ,+
49 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ+ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ
50 ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀਂ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਉਹ ਸਾਰੇ ਅਪਰਾਧ ਮਾਫ਼ ਕਰੀਂ ਜੋ ਉਨ੍ਹਾਂ ਨੇ ਤੇਰੇ ਵਿਰੁੱਧ ਕੀਤੇ ਹਨ। ਤੂੰ ਬੰਦੀ ਬਣਾਉਣ ਵਾਲਿਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਨੂੰ ਦਇਆ ਦੇ ਭਾਗੀ ਬਣਾਈਂ ਤੇ ਉਹ ਉਨ੍ਹਾਂ ਉੱਤੇ ਰਹਿਮ ਕਰਨਗੇ+
51 (ਕਿਉਂਕਿ ਉਹ ਤੇਰੀ ਪਰਜਾ ਅਤੇ ਤੇਰੀ ਵਿਰਾਸਤ ਹਨ+ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਹਾਂ, ਲੋਹਾ ਪਿਘਲਾਉਣ ਵਾਲੀ ਭੱਠੀ ਵਿੱਚੋਂ ਬਾਹਰ ਕੱਢ ਲਿਆਇਆ ਸੀ)।+
52 ਤੇਰੀਆਂ ਅੱਖਾਂ ਤੇਰੇ ਸੇਵਕ ਵੱਲੋਂ ਮਿਹਰ ਲਈ ਕੀਤੀ ਬੇਨਤੀ ਵੱਲ ਅਤੇ ਤੇਰੀ ਪਰਜਾ ਇਜ਼ਰਾਈਲ ਵੱਲੋਂ ਰਹਿਮ ਲਈ ਕੀਤੀ ਅਰਜ਼ੋਈ ਵੱਲ ਲੱਗੀਆਂ ਰਹਿਣ+ ਤੇ ਉਹ ਜਦੋਂ ਵੀ ਤੈਨੂੰ ਪੁਕਾਰਨ, ਤੂੰ ਉਨ੍ਹਾਂ ਦੀ ਸੁਣੀਂ।*+
53 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਨੂੰ ਆਪਣੀ ਵਿਰਾਸਤ ਵਜੋਂ ਵੱਖਰਾ ਕੀਤਾ+ ਜਿਵੇਂ ਤੂੰ ਆਪਣੇ ਸੇਵਕ ਮੂਸਾ ਦੇ ਜ਼ਰੀਏ ਐਲਾਨ ਕੀਤਾ ਸੀ ਜਦੋਂ ਤੂੰ ਸਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆ ਰਿਹਾ ਸੀ।”
54 ਜਿਉਂ ਹੀ ਸੁਲੇਮਾਨ ਯਹੋਵਾਹ ਨੂੰ ਇਹ ਸਾਰੀ ਪ੍ਰਾਰਥਨਾ ਅਤੇ ਮਿਹਰ ਲਈ ਬੇਨਤੀ ਕਰ ਹਟਿਆ, ਤਾਂ ਉਹ ਯਹੋਵਾਹ ਦੀ ਵੇਦੀ ਦੇ ਅੱਗਿਓਂ ਉੱਠਿਆ ਜਿੱਥੇ ਉਹ ਆਕਾਸ਼ ਵੱਲ ਹੱਥ ਫੈਲਾਈ ਗੋਡਿਆਂ ਭਾਰ ਬੈਠਾ ਸੀ।+
55 ਫਿਰ ਉਹ ਖੜ੍ਹਾ ਹੋ ਗਿਆ ਅਤੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਉੱਚੀ ਆਵਾਜ਼ ਵਿਚ ਇਹ ਕਹਿ ਕੇ ਅਸੀਸ ਦਿੱਤੀ:
56 “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਆਪਣੀ ਪਰਜਾ ਇਜ਼ਰਾਈਲ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਹੈ, ਠੀਕ ਜਿਵੇਂ ਉਸ ਨੇ ਵਾਅਦਾ ਕੀਤਾ ਸੀ।+ ਉਸ ਵਾਅਦੇ ਦਾ ਇਕ ਵੀ ਸ਼ਬਦ ਅਧੂਰਾ ਨਹੀਂ ਰਿਹਾ ਜੋ ਉਸ ਨੇ ਆਪਣੇ ਸੇਵਕ ਮੂਸਾ ਦੇ ਜ਼ਰੀਏ ਕੀਤਾ ਸੀ।+
57 ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨਾਲ ਰਹੇ ਜਿਵੇਂ ਉਹ ਸਾਡੇ ਪਿਉ-ਦਾਦਿਆਂ ਦੇ ਨਾਲ ਸੀ।+ ਉਹ ਸਾਨੂੰ ਨਾ ਛੱਡੇ ਤੇ ਨਾ ਹੀ ਤਿਆਗੇ।+
58 ਉਹ ਸਾਡੇ ਦਿਲਾਂ ਨੂੰ ਆਪਣੇ ਵੱਲ ਖਿੱਚੇ+ ਤਾਂਕਿ ਅਸੀਂ ਉਸ ਦੇ ਸਾਰੇ ਰਾਹਾਂ ʼਤੇ ਚੱਲੀਏ ਤੇ ਉਸ ਦੇ ਹੁਕਮਾਂ, ਉਸ ਦੇ ਨਿਯਮਾਂ ਤੇ ਉਸ ਦੇ ਕਾਨੂੰਨਾਂ ਦੀ ਪਾਲਣਾ ਕਰੀਏ ਜਿਨ੍ਹਾਂ ਨੂੰ ਮੰਨਣ ਦਾ ਹੁਕਮ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ।
59 ਮੇਰੇ ਇਹ ਸ਼ਬਦ ਜਿਨ੍ਹਾਂ ਨਾਲ ਮੈਂ ਯਹੋਵਾਹ ਕੋਲੋਂ ਰਹਿਮ ਦੀ ਭੀਖ ਮੰਗੀ ਹੈ, ਉਹ ਦਿਨ-ਰਾਤ ਸਾਡੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਰਹਿਣ ਅਤੇ ਉਹ ਹਰ ਦਿਨ ਦੀ ਲੋੜ ਮੁਤਾਬਕ ਆਪਣੇ ਸੇਵਕ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਪੱਖ ਵਿਚ ਫ਼ੈਸਲਾ ਕਰੇ
60 ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਜਾਣ ਲੈਣ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ,+ ਹੋਰ ਕੋਈ ਨਹੀਂ!+
61 ਇਸ ਲਈ ਅੱਜ ਦੇ ਦਿਨ ਵਾਂਗ ਉਸ ਦੇ ਨਿਯਮਾਂ ਅਨੁਸਾਰ ਚੱਲ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਤੁਹਾਡਾ ਦਿਲ ਪੂਰੀ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਵੱਲ ਲੱਗਾ ਰਹੇ।”+
62 ਫਿਰ ਰਾਜੇ ਅਤੇ ਸਾਰੇ ਇਜ਼ਰਾਈਲ ਨੇ ਮਿਲ ਕੇ ਯਹੋਵਾਹ ਅੱਗੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ।+
63 ਸੁਲੇਮਾਨ ਨੇ ਯਹੋਵਾਹ ਅੱਗੇ ਇਹ ਸ਼ਾਂਤੀ-ਬਲ਼ੀਆਂ ਚੜ੍ਹਾਈਆਂ:+ ਉਸ ਨੇ 22,000 ਗਾਂਵਾਂ-ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਸ ਤਰ੍ਹਾਂ ਰਾਜੇ ਅਤੇ ਸਾਰੇ ਇਜ਼ਰਾਈਲੀਆਂ ਨੇ ਯਹੋਵਾਹ ਦੇ ਭਵਨ ਦਾ ਉਦਘਾਟਨ ਕੀਤਾ।+
64 ਉਸ ਦਿਨ ਯਹੋਵਾਹ ਦੇ ਅੱਗੇ ਪਈ ਤਾਂਬੇ ਦੀ ਵੇਦੀ+ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਲਈ ਬਹੁਤ ਛੋਟੀ ਪੈ ਗਈ ਸੀ, ਇਸ ਲਈ ਰਾਜੇ ਨੂੰ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕਰਨਾ ਪਿਆ ਤਾਂਕਿ ਉਹ ਉੱਥੇ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ+ ਚੜ੍ਹਾ ਸਕੇ।
65 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ+ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਮੰਡਲੀ ਨਾਲ ਮਿਲ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਿਉਹਾਰ ਮਨਾਇਆ।+ ਉਨ੍ਹਾਂ ਨੇ ਇਹ ਤਿਉਹਾਰ 7 ਦਿਨ ਮਨਾਇਆ, ਫਿਰ ਹੋਰ 7 ਦਿਨ ਤੇ ਕੁੱਲ ਮਿਲਾ ਕੇ 14 ਦਿਨਾਂ ਲਈ ਮਨਾਇਆ।
66 ਅਗਲੇ* ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ ਅਤੇ ਉਨ੍ਹਾਂ ਨੇ ਰਾਜੇ ਨੂੰ ਦੁਆਵਾਂ ਦਿੱਤੀਆਂ ਤੇ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਤੇ ਉਸ ਸਾਰੀ ਭਲਾਈ ਕਰਕੇ ਜੋ ਯਹੋਵਾਹ ਨੇ ਆਪਣੇ ਸੇਵਕ ਦਾਊਦ ਅਤੇ ਆਪਣੀ ਪਰਜਾ ਇਜ਼ਰਾਈਲ ਨਾਲ ਕੀਤੀ ਸੀ, ਦਿਲੋਂ ਆਨੰਦ ਮਨਾਉਂਦੇ ਹੋਏ+ ਆਪਣੇ ਘਰਾਂ ਨੂੰ ਚਲੇ ਗਏ।
ਫੁਟਨੋਟ
^ ਵਧੇਰੇ ਜਾਣਕਾਰੀ 2.15 ਦੇਖੋ।
^ ਯਾਨੀ, ਛੱਪਰਾਂ ਦਾ ਤਿਉਹਾਰ।
^ ਜਾਂ, “ਅਤੇ ਉਸ ਦਾ ਸਾਥੀ ਉਸ ਨੂੰ ਸਰਾਪ ਦੇਵੇ।” ਯਾਨੀ, ਜੇ ਝੂਠੀ ਸਹੁੰ ਖਾਧੀ ਜਾਵੇ ਜਾਂ ਸਹੁੰ ਪੂਰੀ ਨਾ ਕੀਤੀ ਜਾਵੇ, ਤਾਂ ਉਸ ਦੀ ਸਜ਼ਾ ਵਜੋਂ ਸਰਾਪ ਮਿਲੇਗਾ।
^ ਇਬ, “ਸਰਾਪ।”
^ ਇਬ, “ਦੁਸ਼ਟ।”
^ ਇਬ, “ਧਰਮੀ।”
^ ਜਾਂ, “ਦੁੱਖ ਦਿੱਤਾ।”
^ ਇਬ, “ਉਸ ਦੇ ਦਰਵਾਜ਼ਿਆਂ ਵਾਲੇ ਦੇਸ਼।”
^ ਜਾਂ, “ਤੇਰੀ ਨੇਕਨਾਮੀ।”
^ ਇਬ, “ਪਸਾਰੀ ਹੋਈ ਬਾਂਹ।”
^ ਜਾਂ, “ਜੋ ਵੀ ਉਹ ਤੇਰੇ ਤੋਂ ਮੰਗਣ, ਤੂੰ ਉਨ੍ਹਾਂ ਦੀ ਸੁਣੀਂ।”
^ ਜਾਂ, “ਹਮਾਥ ਦੇ ਲਾਂਘੇ।”
^ ਇਬ, “ਅੱਠਵੇਂ,” ਯਾਨੀ ਦੂਜੇ ਸੱਤ ਦਿਨਾਂ ਤੋਂ ਬਾਅਦ ਦਾ ਦਿਨ।