ਹਿਜ਼ਕੀਏਲ 5:1-17

  • ਯਰੂਸ਼ਲਮ ਦਾ ਡਿਗਣਾ ਦਰਸਾਇਆ ਗਿਆ (1-17)

    • ਨਬੀ ਦੇ ਹਜਾਮਤ ਕੀਤੇ ਗਏ ਵਾਲ਼ਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ (1-4)

    • ਯਰੂਸ਼ਲਮ ਦੂਜੀਆਂ ਕੌਮਾਂ ਨਾਲੋਂ ਵੀ ਭੈੜਾ (7-9)

    • ਬਾਗ਼ੀਆਂ ਨੂੰ ਤਿੰਨ ਤਰੀਕਿਆਂ ਨਾਲ ਸਜ਼ਾ (12)

5  “ਹੇ ਮਨੁੱਖ ਦੇ ਪੁੱਤਰ, ਤੂੰ ਇਕ ਤਿੱਖੀ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗ ਉਸ ਨਾਲ ਆਪਣੇ ਸਿਰ ਅਤੇ ਦਾੜ੍ਹੀ ਦੀ ਹਜਾਮਤ ਕਰ। ਫਿਰ ਤੂੰ ਉਨ੍ਹਾਂ ਵਾਲ਼ਾਂ ਨੂੰ ਤੱਕੜੀ ਵਿਚ ਤੋਲ ਕੇ ਤਿੰਨ ਹਿੱਸਿਆਂ ਵਿਚ ਵੰਡ ਦੇਈਂ।  ਜਦ ਘੇਰਾਬੰਦੀ ਦੇ ਦਿਨ ਪੂਰੇ ਹੋ ਜਾਣ, ਤਾਂ ਤੂੰ ਵਾਲ਼ਾਂ ਦਾ ਇਕ ਹਿੱਸਾ ਲੈ ਕੇ ਸ਼ਹਿਰ ਅੰਦਰ ਅੱਗ ਵਿਚ ਸਾੜ ਦੇਈਂ।+ ਫਿਰ ਤੂੰ ਦੂਜੇ ਹਿੱਸੇ ਨੂੰ ਸ਼ਹਿਰ ਦੇ ਹਰ ਪਾਸੇ ਤਲਵਾਰ ਨਾਲ ਵੱਢ ਸੁੱਟੀਂ+ ਅਤੇ ਫਿਰ ਤੀਜੇ ਹਿੱਸੇ ਨੂੰ ਹਵਾ ਵਿਚ ਖਿਲਾਰ ਦੇਈਂ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+  “ਤੂੰ ਤੀਸਰੇ ਹਿੱਸੇ ਵਿੱਚੋਂ ਕੁਝ ਵਾਲ਼ ਲੈ ਕੇ ਆਪਣੇ ਚੋਗੇ ਦੇ ਪੱਲੇ ਵਿਚ ਵੀ ਬੰਨ੍ਹ ਲਈਂ  ਅਤੇ ਕੁਝ ਵਾਲ਼ ਅੱਗ ਵਿਚ ਸੁੱਟ ਕੇ ਸਾੜ ਦੇਈਂ। ਇੱਥੋਂ ਹੀ ਇਜ਼ਰਾਈਲ ਦੇ ਸਾਰੇ ਘਰਾਣੇ ਵਿਚ ਅੱਗ ਫੈਲੇਗੀ।+  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਹ ਯਰੂਸ਼ਲਮ ਸ਼ਹਿਰ ਹੈ। ਮੈਂ ਇਸ ਨੂੰ ਕੌਮਾਂ ਦੇ ਵਿਚਕਾਰ ਕਾਇਮ ਕੀਤਾ ਹੈ ਅਤੇ ਹੋਰ ਦੇਸ਼ ਇਸ ਦੇ ਆਲੇ-ਦੁਆਲੇ ਵੱਸੇ ਹੋਏ ਹਨ।  ਪਰ ਇਸ ਨੇ ਮੇਰੇ ਹੁਕਮਾਂ ਤੇ ਨਿਯਮਾਂ ਦੇ ਖ਼ਿਲਾਫ਼ ਬਗਾਵਤ ਕੀਤੀ ਹੈ ਅਤੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੇ ਦੇਸ਼ਾਂ ਨਾਲੋਂ ਵੀ ਜ਼ਿਆਦਾ ਬੁਰੇ ਕੰਮ ਕੀਤੇ ਹਨ।+ ਸ਼ਹਿਰ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਠੁਕਰਾ ਦਿੱਤਾ ਅਤੇ ਉਹ ਮੇਰੇ ਨਿਯਮਾਂ ’ਤੇ ਨਹੀਂ ਚੱਲੇ।’  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਨਾਲੋਂ ਕਿਤੇ ਬੁਰਾ ਸੀ ਅਤੇ ਤੂੰ ਮੇਰੇ ਹੁਕਮਾਂ ਅਤੇ ਕਾਨੂੰਨਾਂ ਮੁਤਾਬਕ ਚੱਲਣ ਦੀ ਬਜਾਇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਨੂੰਨਾਂ ਮੁਤਾਬਕ ਚੱਲਿਆ,+  ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਯਰੂਸ਼ਲਮ, ਮੈਂ ਤੇਰੇ ਖ਼ਿਲਾਫ਼ ਹਾਂ+ ਅਤੇ ਮੈਂ ਤੇਰਾ ਨਿਆਂ ਕਰ ਕੇ ਤੈਨੂੰ ਕੌਮਾਂ ਸਾਮ੍ਹਣੇ ਸਜ਼ਾ ਦਿਆਂਗਾ।+  ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਮੈਂ ਤੇਰੇ ਨਾਲ ਉਹ ਕਰਾਂਗਾ ਜੋ ਮੈਂ ਨਾ ਪਹਿਲਾਂ ਕਦੇ ਕੀਤਾ ਅਤੇ ਨਾ ਹੀ ਦੁਬਾਰਾ ਕਰਾਂਗਾ।+ 10  “‘“ਇਸ ਲਈ ਤੇਰੇ ਵਿਚ ਪਿਤਾ ਆਪਣੇ ਪੁੱਤਰਾਂ ਨੂੰ ਖਾਣਗੇ+ ਅਤੇ ਪੁੱਤਰ ਆਪਣੇ ਪਿਤਾਵਾਂ ਨੂੰ ਖਾਣਗੇ। ਮੈਂ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ ਅਤੇ ਤੇਰੇ ਬਚੇ ਹੋਏ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ।”’+ 11  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ,+ ਇਸ ਕਰਕੇ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਵੀ ਤੈਨੂੰ ਠੁਕਰਾ* ਦਿਆਂਗਾ; ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ’ਤੇ ਰਹਿਮ ਨਹੀਂ ਕਰਾਂਗਾ।+ 12  ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+ 13  ਫਿਰ ਕਿਤੇ ਜਾ ਕੇ ਮੇਰਾ ਗੁੱਸਾ ਠੰਢਾ ਹੋਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਮੇਰਾ ਕ੍ਰੋਧ ਸ਼ਾਂਤ ਹੋਵੇਗਾ ਅਤੇ ਮੈਨੂੰ ਚੈਨ ਆਵੇਗਾ।+ ਜਦੋਂ ਉਨ੍ਹਾਂ ਦੇ ਖ਼ਿਲਾਫ਼ ਮੇਰੇ ਗੁੱਸੇ ਦਾ ਕਹਿਰ ਥੰਮ੍ਹ ਜਾਵੇਗਾ, ਉਦੋਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਇਹ ਗੱਲ ਇਸ ਕਰਕੇ ਕਹੀ ਹੈ ਕਿਉਂਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ 14  “‘ਮੈਂ ਤੈਨੂੰ ਬਰਬਾਦ ਕਰ ਦਿਆਂਗਾ ਅਤੇ ਤੇਰਾ ਹਸ਼ਰ ਦੇਖ ਕੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਅਤੇ ਤੇਰੇ ਕੋਲੋਂ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਣਗੇ।+ 15  ਜਦੋਂ ਮੈਂ ਗੁੱਸੇ ਵਿਚ ਆ ਕੇ ਤੇਰਾ ਨਿਆਂ ਕਰਾਂਗਾ ਅਤੇ ਕ੍ਰੋਧਵਾਨ ਹੋ ਕੇ ਤੈਨੂੰ ਸਜ਼ਾ ਦਿਆਂਗਾ, ਤਾਂ ਤੇਰਾ ਹਸ਼ਰ ਦੇਖ ਕੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ ਅਤੇ ਤੇਰੇ ਨਾਲ ਘਿਰਣਾ ਕਰਨਗੇ+ ਅਤੇ ਖ਼ੌਫ਼ ਖਾਣਗੇ। ਇਸ ਤੋਂ ਉਨ੍ਹਾਂ ਨੂੰ ਚੇਤਾਵਨੀ ਮਿਲੇਗੀ। ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ। 16  “‘ਮੈਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਉੱਤੇ ਕਾਲ਼ ਦੇ ਜਾਨਲੇਵਾ ਤੀਰ ਚਲਾਵਾਂਗਾ। ਮੈਂ ਤੀਰ ਚਲਾ ਕੇ ਤੈਨੂੰ ਮਾਰ-ਮੁਕਾਵਾਂਗਾ।+ ਮੈਂ ਤੇਰੇ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ* ਜਿਸ ਕਰਕੇ ਕਾਲ਼ ਤੇਰੇ ਲਈ ਹੋਰ ਵੀ ਭਿਆਨਕ ਹੋ ਜਾਵੇਗਾ।+ 17  ਮੈਂ ਤੇਰੇ ਖ਼ਿਲਾਫ਼ ਕਾਲ਼ ਅਤੇ ਖੂੰਖਾਰ ਜੰਗਲੀ ਜਾਨਵਰ ਘੱਲਾਂਗਾ+ ਜੋ ਤੇਰੇ ਤੋਂ ਤੇਰੇ ਬੱਚੇ ਖੋਹ ਲੈਣਗੇ। ਤੇਰੇ ਵਿਚ ਹਰ ਪਾਸੇ ਮਹਾਂਮਾਰੀ ਅਤੇ ਖ਼ੂਨ-ਖ਼ਰਾਬਾ ਹੋਵੇਗਾ ਅਤੇ ਮੈਂ ਤੇਰੇ ਖ਼ਿਲਾਫ਼ ਤਲਵਾਰ ਘੱਲਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।’”

ਫੁਟਨੋਟ

ਜਾਂ, “ਤੁਹਾਡੀ ਗਿਣਤੀ ਘਟਾ।”
ਜਾਂ, “ਬੀਮਾਰੀ।”
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ’ਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।