ਹਿਜ਼ਕੀਏਲ 47:1-23
47 ਫਿਰ ਉਹ ਮੈਨੂੰ ਦੁਬਾਰਾ ਮੰਦਰ ਦੇ ਲਾਂਘੇ ਕੋਲ ਲੈ ਆਇਆ+ ਅਤੇ ਉੱਥੇ ਮੈਂ ਦੇਖਿਆ ਕਿ ਮੰਦਰ ਦੀ ਦਹਿਲੀਜ਼ ਦੇ ਹੇਠੋਂ ਪਾਣੀ ਦਾ ਇਕ ਚਸ਼ਮਾ ਪੂਰਬ ਵੱਲ ਨੂੰ ਵਗ ਰਿਹਾ ਸੀ+ ਕਿਉਂਕਿ ਮੰਦਰ ਦੇ ਸਾਮ੍ਹਣੇ ਵਾਲਾ ਪਾਸਾ ਪੂਰਬ ਵੱਲ ਸੀ। ਮੰਦਰ ਦੇ ਲਾਂਘੇ ਦੇ ਸੱਜੇ ਪਾਸੇ ਜ਼ਮੀਨ ਵਿੱਚੋਂ ਪਾਣੀ ਵਹਿ ਰਿਹਾ ਸੀ ਜੋ ਵੇਦੀ ਦੇ ਦੱਖਣ ਵੱਲ ਦੀ ਜਾ ਰਿਹਾ ਸੀ।
2 ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਬਾਹਰ ਲੈ ਆਇਆ+ ਅਤੇ ਉੱਥੋਂ ਪੂਰਬ ਵੱਲ ਬਾਹਰਲੇ ਦਰਵਾਜ਼ੇ ’ਤੇ ਲੈ ਆਇਆ+ ਅਤੇ ਮੈਂ ਦੇਖਿਆ ਕਿ ਦਰਵਾਜ਼ੇ ਦੇ ਸੱਜੇ ਪਾਸਿਓਂ ਵਗਦੇ ਚਸ਼ਮੇ ਵਿਚ ਥੋੜ੍ਹਾ ਹੀ ਪਾਣੀ ਸੀ।
3 ਫਿਰ ਉਹ ਆਦਮੀ ਆਪਣੇ ਹੱਥ ਵਿਚ ਮਿਣਤੀ ਕਰਨ ਵਾਲੀ ਰੱਸੀ ਲੈ ਕੇ ਪੂਰਬ ਵੱਲ ਚਲਾ ਗਿਆ।+ ਉਸ ਨੇ ਦਰਵਾਜ਼ੇ ਤੋਂ ਚਸ਼ਮੇ ਨੂੰ 1,000 ਹੱਥ* ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਗਿੱਟਿਆਂ ਤਕ ਸੀ।
4 ਫਿਰ ਉਸ ਨੇ 1,000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਗੋਡਿਆਂ ਤਕ ਸੀ।
ਫਿਰ ਉਸ ਨੇ 1,000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਲੱਕ ਤਕ ਸੀ।
5 ਜਦ ਉਸ ਨੇ 1,000 ਹੱਥ ਹੋਰ ਮਿਣਿਆ, ਤਾਂ ਇਹ ਤੇਜ਼ ਵਹਿਣ ਵਾਲੀ ਨਦੀ ਬਣ ਚੁੱਕਾ ਸੀ ਜਿਸ ਨੂੰ ਮੈਂ ਤੁਰ ਕੇ ਪਾਰ ਨਹੀਂ ਕਰ ਸਕਿਆ। ਪਾਣੀ ਇੰਨਾ ਡੂੰਘਾ ਸੀ ਕਿ ਇਹ ਤੈਰ ਕੇ ਪਾਰ ਕਰਨਾ ਪੈਣਾ ਸੀ। ਇਸ ਨੂੰ ਤੁਰ ਕੇ ਪਾਰ ਨਹੀਂ ਕੀਤਾ ਜਾ ਸਕਦਾ ਸੀ।
6 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਸਭ ਕੁਝ ਦੇਖਿਆ?”
ਫਿਰ ਉਹ ਮੈਨੂੰ ਤੋਰ ਕੇ ਦੁਬਾਰਾ ਨਦੀ ਦੇ ਕੰਢੇ ’ਤੇ ਲੈ ਆਇਆ।
7 ਜਦ ਮੈਂ ਕੰਢੇ ’ਤੇ ਵਾਪਸ ਆਇਆ, ਤਾਂ ਮੈਂ ਨਦੀ ਦੇ ਦੋਵੇਂ ਕੰਢਿਆਂ ’ਤੇ ਬਹੁਤ ਸਾਰੇ ਦਰਖ਼ਤ ਦੇਖੇ।+
8 ਫਿਰ ਉਸ ਨੇ ਮੈਨੂੰ ਕਿਹਾ: “ਇਹ ਪਾਣੀ ਪੂਰਬ ਦੇ ਇਲਾਕੇ ਵੱਲ ਵਹਿੰਦਾ ਹੈ ਅਤੇ ਅਰਾਬਾਹ*+ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ ਸਮੁੰਦਰ ਵਿਚ ਜਾ ਪੈਂਦਾ ਹੈ। ਜਦ ਇਹ ਸਮੁੰਦਰ ਵਿਚ ਜਾਵੇਗਾ,+ ਤਾਂ ਸਮੁੰਦਰ ਦਾ ਪਾਣੀ ਮਿੱਠਾ* ਹੋ ਜਾਵੇਗਾ।
9 ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਬਹੁਤ ਸਾਰੇ ਜੀਵ-ਜੰਤੂ ਜੀਉਂਦੇ ਰਹਿਣਗੇ। ਉੱਥੇ ਬਹੁਤਾਤ ਵਿਚ ਮੱਛੀਆਂ ਹੋਣਗੀਆਂ ਕਿਉਂਕਿ ਇਹ ਪਾਣੀ* ਉੱਥੇ ਵਗੇਗਾ। ਸਮੁੰਦਰ ਦਾ ਪਾਣੀ ਮਿੱਠਾ ਹੋ ਜਾਵੇਗਾ ਅਤੇ ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।
10 “ਏਨ-ਗਦੀ+ ਤੋਂ ਲੈ ਕੇ ਏਨ-ਅਗਲਾਇਮ ਤਕ ਮਛਿਆਰੇ ਸਮੁੰਦਰ ਕੰਢੇ ਖੜ੍ਹੇ ਹੋਣਗੇ ਅਤੇ ਉੱਥੇ ਜਾਲ਼ ਸੁਕਾਉਣ ਦੀ ਜਗ੍ਹਾ ਹੋਵੇਗੀ। ਵੱਡੇ ਸਾਗਰ*+ ਵਾਂਗ ਉੱਥੇ ਬਹੁਤਾਤ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮੱਛੀਆਂ ਹੋਣਗੀਆਂ।
11 “ਸਮੁੰਦਰ ਕੰਢੇ ਦਲਦਲੀ ਥਾਵਾਂ ਹੋਣਗੀਆਂ ਅਤੇ ਇਨ੍ਹਾਂ ਥਾਵਾਂ ਦਾ ਪਾਣੀ ਮਿੱਠਾ ਨਹੀਂ ਹੋਵੇਗਾ। ਇਨ੍ਹਾਂ ਦਾ ਪਾਣੀ ਖਾਰਾ ਰਹੇਗਾ।+
12 “ਚਸ਼ਮੇ ਦੇ ਦੋਵੇਂ ਪਾਸੇ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਉੱਗਣਗੇ। ਉਨ੍ਹਾਂ ਦੇ ਪੱਤੇ ਨਹੀਂ ਸੁੱਕਣਗੇ ਅਤੇ ਨਾ ਹੀ ਉਹ ਫਲ ਦੇਣਾ ਬੰਦ ਕਰਨਗੇ। ਉਹ ਹਰ ਮਹੀਨੇ ਨਵੇਂ ਸਿਰਿਓਂ ਫਲ ਦੇਣਗੇ ਕਿਉਂਕਿ ਉਹ ਪਵਿੱਤਰ ਸਥਾਨ ਤੋਂ ਵਗਦੇ ਪਾਣੀ ਨਾਲ ਸਿੰਜੇ ਜਾਣਗੇ।+ ਉਨ੍ਹਾਂ ਦੇ ਫਲ ਭੋਜਨ ਲਈ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।”+
13 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਹ ਉਹ ਇਲਾਕਾ ਹੈ ਜੋ ਤੁਸੀਂ ਇਜ਼ਰਾਈਲ ਦੇ 12 ਗੋਤਾਂ ਨੂੰ ਵਿਰਾਸਤ ਵਜੋਂ ਦਿਓਗੇ ਅਤੇ ਯੂਸੁਫ਼ ਨੂੰ ਦੋ ਹਿੱਸੇ ਮਿਲਣਗੇ।+
14 ਤੁਹਾਨੂੰ ਇਹ ਇਲਾਕਾ ਵਿਰਾਸਤ ਵਿਚ ਮਿਲੇਗਾ ਅਤੇ ਸਾਰਿਆਂ ਨੂੰ ਬਰਾਬਰ ਹਿੱਸਾ ਮਿਲੇਗਾ।* ਮੈਂ ਇਹ ਦੇਸ਼ ਤੁਹਾਡੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ+ ਅਤੇ ਹੁਣ ਇਹ ਤੁਹਾਨੂੰ ਵਿਰਾਸਤ ਵਜੋਂ ਦਿੱਤਾ ਜਾਂਦਾ ਹੈ।
15 “ਇਹ ਦੇਸ਼ ਦੀ ਉੱਤਰੀ ਸਰਹੱਦ ਹੈ: ਇਹ ਵੱਡੇ ਸਾਗਰ ਤੋਂ ਸ਼ੁਰੂ ਹੋ ਕੇ ਹਥਲੋਨ ਹੁੰਦੇ ਹੋਏ+ ਸਦਾਦ,+
16 ਹਮਾਥ,+ ਬੇਰੋਥਾਹ+ ਅਤੇ ਸਿਬਰਾਈਮ ਵੱਲ ਜਾਂਦੀ ਹੈ। ਸਿਬਰਾਈਮ ਦਮਿਸਕ ਦੇ ਇਲਾਕੇ ਅਤੇ ਹਮਾਥ ਦੇ ਇਲਾਕੇ ਵਿਚਕਾਰ ਹੈ। ਇਹ ਸਰਹੱਦ ਹਸੇਰ-ਹੱਤੀਕੋਨ ਤਕ ਜਾਂਦੀ ਹੈ ਜੋ ਕਿ ਹੌਰਾਨ+ ਦੀ ਸਰਹੱਦ ’ਤੇ ਹੈ।
17 ਇਸ ਲਈ ਇਹ ਸਰਹੱਦ ਸਮੁੰਦਰ ਤੋਂ ਲੈ ਕੇ ਹਸਰ-ਏਨੋਨ+ ਤਕ ਹੈ। ਇਹ ਦਮਿਸਕ ਦੀ ਉੱਤਰੀ ਸਰਹੱਦ ਅਤੇ ਹਮਾਥ ਦੀ ਸਰਹੱਦ ਦੇ ਨਾਲ-ਨਾਲ ਜਾਂਦੀ ਹੈ।+ ਇਹ ਉੱਤਰੀ ਸਰਹੱਦ ਹੈ।
18 “ਪੂਰਬੀ ਸਰਹੱਦ ਹੌਰਾਨ ਤੋਂ ਲੈ ਕੇ ਦਮਿਸਕ ਤਕ ਯਰਦਨ ਦੇ ਨਾਲ-ਨਾਲ ਜਾਂਦੀ ਹੈ ਜੋ ਗਿਲਆਦ+ ਅਤੇ ਇਜ਼ਰਾਈਲ ਦੇਸ਼ ਦੇ ਵਿਚਕਾਰ ਹੈ। ਤੁਸੀਂ ਉੱਤਰੀ ਸਰਹੱਦ ਤੋਂ ਪੂਰਬੀ ਸਮੁੰਦਰ* ਤਕ ਸਰਹੱਦ ਠਹਿਰਾਉਣੀ। ਇਹ ਪੂਰਬੀ ਸਰਹੱਦ ਹੈ।
19 “ਦੱਖਣੀ ਸਰਹੱਦ* ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀਆਂ+ ਤਕ ਅਤੇ ਫਿਰ ਘਾਟੀ* ਤੋਂ ਲੈ ਕੇ ਵੱਡੇ ਸਾਗਰ ਤਕ ਜਾਂਦੀ ਹੈ।+ ਇਹ ਦੱਖਣੀ ਸਰਹੱਦ ਹੈ।*
20 “ਪੱਛਮੀ ਸਰਹੱਦ ’ਤੇ ਵੱਡਾ ਸਾਗਰ ਹੈ। ਇਹ ਸਰਹੱਦ ਦੱਖਣੀ ਸਰਹੱਦ ਤੋਂ ਲੈ ਕੇ ਉਸ ਜਗ੍ਹਾ ਤਕ ਹੈ ਜੋ ਲੇਬੋ-ਹਮਾਥ+ ਦੇ ਸਾਮ੍ਹਣੇ ਹੈ। ਇਹ ਪੱਛਮੀ ਸਰਹੱਦ ਹੈ।”
21 “ਤੁਸੀਂ ਇਸ ਦੇਸ਼ ਨੂੰ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਆਪਸ ਵਿਚ ਵੰਡ ਲੈਣਾ।
22 ਤੁਸੀਂ ਇਸ ਦੇਸ਼ ਨੂੰ ਵਿਰਾਸਤ ਵਜੋਂ ਆਪਣੇ ਵਿਚ ਵੰਡ ਲੈਣਾ। ਤੁਹਾਡੇ ਵਿਚ ਰਹਿੰਦਿਆਂ ਜਿਨ੍ਹਾਂ ਪਰਦੇਸੀਆਂ ਦੇ ਬੱਚੇ ਪੈਦਾ ਹੋਏ ਹਨ, ਤੁਸੀਂ ਉਨ੍ਹਾਂ ਨੂੰ ਵੀ ਵਿਰਾਸਤ ਵਜੋਂ ਹਿੱਸਾ ਦੇਣਾ। ਉਹ ਤੁਹਾਡੇ ਵਿਚ ਪੈਦਾਇਸ਼ੀ ਇਜ਼ਰਾਈਲੀਆਂ ਵਾਂਗ ਹੋਣਗੇ। ਤੁਹਾਡੇ ਨਾਲ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਮਿਲੇਗੀ।
23 ਤੁਸੀਂ ਪਰਦੇਸੀ ਨੂੰ ਉਸ ਗੋਤ ਦੇ ਇਲਾਕੇ ਵਿਚ ਵਿਰਾਸਤ ਦੇਣੀ ਜਿੱਥੇ ਉਹ ਰਹਿੰਦਾ ਹੈ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
ਫੁਟਨੋਟ
^ ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਉਜਾੜ।”
^ ਇਬ, “ਤੰਦਰੁਸਤ।”
^ ਇਬ, “ਦੋ ਚਸ਼ਮੇ।”
^ ਯਾਨੀ, ਭੂਮੱਧ ਸਾਗਰ।
^ ਇਬ, “ਹਰੇਕ ਨੂੰ ਆਪਣੇ ਭਰਾ ਵਾਂਗ ਵਿਰਾਸਤ ਵਿਚ ਇਲਾਕਾ ਮਿਲੇਗਾ।”
^ ਯਾਨੀ, ਮ੍ਰਿਤ ਸਾਗਰ।
^ ਇਬ, “ਦੱਖਣੀ ਦਿਸ਼ਾ ਵੱਲ ਦੱਖਣੀ ਸਰਹੱਦ।”
^ ਯਾਨੀ, ਮਿਸਰ ਵਾਦੀ।
^ ਇਬ, “ਦੱਖਣੀ ਦਿਸ਼ਾ ਵੱਲ ਦੱਖਣੀ ਸਰਹੱਦ।”