ਹਿਜ਼ਕੀਏਲ 42:1-20

  • ਰੋਟੀ ਖਾਣ ਵਾਲੇ ਕਮਰਿਆਂ ਦੀਆਂ ਇਮਾਰਤਾਂ (1-14)

  • ਮੰਦਰ ਦੀਆਂ ਚਾਰੇ ਕੰਧਾਂ ਦੀ ਮਿਣਤੀ (15-20)

42  ਫਿਰ ਉਹ ਮੈਨੂੰ ਉੱਤਰ ਵੱਲ ਬਾਹਰਲੇ ਵਿਹੜੇ ਵਿਚ ਲੈ ਗਿਆ।+ ਅਤੇ ਉੱਥੇ ਉਹ ਮੈਨੂੰ ਰੋਟੀ ਖਾਣ ਵਾਲੇ ਕਮਰਿਆਂ ਦੀ ਇਮਾਰਤ ਵਿਚ ਲੈ ਗਿਆ। ਇਹ ਇਮਾਰਤ ਖੁੱਲ੍ਹੀ ਥਾਂ ਦੇ ਨਾਲ+ ਅਤੇ ਇਕ ਹੋਰ ਇਮਾਰਤ* ਦੇ ਉੱਤਰ ਵੱਲ ਸੀ।+  ਇਸ ਇਮਾਰਤ ਦਾ ਲਾਂਘਾ ਉੱਤਰ ਵਾਲੇ ਪਾਸੇ ਸੀ ਅਤੇ ਉਸ ਪਾਸਿਓਂ ਇਮਾਰਤ ਦੀ ਲੰਬਾਈ 100 ਹੱਥ* ਅਤੇ ਚੁੜਾਈ 50 ਹੱਥ ਸੀ।  ਇਹ 20 ਹੱਥ ਚੌੜੇ ਅੰਦਰਲੇ ਵਿਹੜੇ ਅਤੇ ਬਾਹਰਲੇ ਵਿਹੜੇ ਦੇ ਫ਼ਰਸ਼ ਦੇ ਵਿਚਕਾਰ ਸੀ।+ ਇਸ ਇਮਾਰਤ ਦੇ ਦੋ ਹਿੱਸੇ ਸਨ ਅਤੇ ਦੋਵੇਂ ਹਿੱਸੇ ਤਿੰਨ-ਤਿੰਨ ਮੰਜ਼ਲਾਂ ਉੱਚੇ ਸਨ ਜਿਨ੍ਹਾਂ ਦੀਆਂ ਬਾਲਕੋਨੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ।  ਇਨ੍ਹਾਂ ਦੋਵਾਂ ਹਿੱਸਿਆਂ ਦੇ ਵਿਚਕਾਰ 10 ਹੱਥ ਚੌੜਾ ਅਤੇ 100 ਹੱਥ* ਲੰਬਾ ਇਕ ਰਸਤਾ ਸੀ+ ਅਤੇ ਰੋਟੀ ਖਾਣ ਵਾਲੇ ਕਮਰਿਆਂ ਦੇ ਲਾਂਘੇ ਉੱਤਰ ਵੱਲ ਸਨ।  ਉੱਪਰਲੀ ਮੰਜ਼ਲ ਦੇ ਕਮਰੇ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਦੇ ਕਮਰਿਆਂ ਨਾਲੋਂ ਘੱਟ ਚੌੜੇ ਸਨ ਕਿਉਂਕਿ ਬਾਲਕੋਨੀਆਂ ਲਈ ਜ਼ਿਆਦਾ ਜਗ੍ਹਾ ਛੱਡੀ ਗਈ ਸੀ।  ਰੋਟੀ ਖਾਣ ਵਾਲੇ ਕਮਰੇ ਦੀਆਂ ਤਿੰਨ ਮੰਜ਼ਲਾਂ ਸਨ, ਪਰ ਵਿਹੜੇ ਦੇ ਥੰਮ੍ਹਾਂ ਵਾਂਗ ਇਨ੍ਹਾਂ ਵਿਚ ਥੰਮ੍ਹ ਨਹੀਂ ਵਰਤੇ ਗਏ ਸਨ। ਇਸੇ ਕਰਕੇ ਉੱਪਰਲੀ ਮੰਜ਼ਲ ਦੇ ਕਮਰੇ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਦੇ ਕਮਰਿਆਂ ਨਾਲੋਂ ਛੋਟੇ ਸਨ।  ਬਾਹਰਲੇ ਵਿਹੜੇ ਵੱਲ ਰੋਟੀ ਖਾਣ ਵਾਲੇ ਕਮਰਿਆਂ ਦੇ ਨੇੜੇ ਅਤੇ ਦੂਜੇ ਪਾਸੇ ਦੇ ਕਮਰਿਆਂ ਦੇ ਸਾਮ੍ਹਣੇ ਇਕ ਪੱਥਰ ਦੀ ਕੰਧ ਸੀ ਜਿਸ ਦੀ ਲੰਬਾਈ 50 ਹੱਥ ਸੀ।  ਜਿਹੜੇ ਕਮਰੇ ਬਾਹਰਲੇ ਵਿਹੜੇ ਵੱਲ ਸਨ, ਉਨ੍ਹਾਂ ਦੀ ਲੰਬਾਈ 50 ਹੱਥ ਸੀ, ਪਰ ਜਿਹੜੇ ਕਮਰੇ ਪਵਿੱਤਰ ਸਥਾਨ ਵੱਲ ਸਨ, ਉਨ੍ਹਾਂ ਦੀ ਲੰਬਾਈ 100 ਹੱਥ ਸੀ।  ਰੋਟੀ ਖਾਣ ਵਾਲੇ ਕਮਰਿਆਂ ਦਾ ਦਰਵਾਜ਼ਾ ਪੂਰਬ ਵੱਲ ਸੀ ਜਿਸ ਰਾਹੀਂ ਬਾਹਰਲੇ ਵਿਹੜੇ ਤੋਂ ਇਮਾਰਤ ਦੇ ਅੰਦਰ ਆਇਆ ਜਾ ਸਕਦਾ ਸੀ। 10  ਦੱਖਣ ਵੱਲ ਵੀ ਰੋਟੀ ਖਾਣ ਵਾਲੇ ਕਮਰੇ ਸਨ ਜੋ ਖੁੱਲ੍ਹੀ ਜਗ੍ਹਾ ਅਤੇ ਇਮਾਰਤ* ਦੇ ਨੇੜੇ ਸਨ। ਵਿਹੜੇ ਦੀ ਕੰਧ ਇਨ੍ਹਾਂ ਕਮਰਿਆਂ ਦੇ ਪੂਰਬ ਵੱਲ ਸੀ।+ 11  ਉੱਤਰ ਵੱਲ ਦੇ ਕਮਰਿਆਂ ਵਾਂਗ ਹੀ ਇਨ੍ਹਾਂ ਕਮਰਿਆਂ ਦੇ ਸਾਮ੍ਹਣੇ ਵੀ ਇਕ ਰਸਤਾ ਸੀ।+ ਇਨ੍ਹਾਂ ਕਮਰਿਆਂ ਦੀ ਲੰਬਾਈ, ਚੁੜਾਈ, ਬਾਹਰ ਜਾਣ ਵਾਲੇ ਰਸਤੇ ਅਤੇ ਪੂਰਾ ਨਕਸ਼ਾ ਉੱਤਰ ਵੱਲ ਦੀ ਇਮਾਰਤ ਵਰਗਾ ਸੀ। ਇਨ੍ਹਾਂ ਕਮਰਿਆਂ ਦੇ ਲਾਂਘੇ 12  ਵੀ ਰੋਟੀ ਖਾਣ ਵਾਲੇ ਉਨ੍ਹਾਂ ਕਮਰਿਆਂ ਵਾਂਗ ਸਨ ਜੋ ਦੱਖਣ ਵੱਲ ਸਨ। ਰਸਤੇ ਦੇ ਸਿਰੇ ’ਤੇ ਇਕ ਦਰਵਾਜ਼ਾ ਸੀ ਜੋ ਪੂਰਬ ਵਾਲੇ ਪਾਸੇ ਪੱਥਰ ਦੀ ਕੰਧ ਦੇ ਨਾਲ ਸੀ ਜਿੱਥੋਂ ਅੰਦਰ ਆਇਆ ਜਾ ਸਕਦਾ ਸੀ।+ 13  ਫਿਰ ਉਸ ਆਦਮੀ ਨੇ ਮੈਨੂੰ ਕਿਹਾ: “ਖੁੱਲ੍ਹੀ ਜਗ੍ਹਾ ਦੇ ਕੋਲ ਉੱਤਰ ਅਤੇ ਦੱਖਣ ਵੱਲ ਜੋ ਰੋਟੀ ਖਾਣ ਵਾਲੇ ਕਮਰੇ ਹਨ,+ ਉਹ ਪਵਿੱਤਰ ਹਨ। ਯਹੋਵਾਹ ਦੇ ਹਜ਼ੂਰ ਜਾਣ ਵਾਲੇ ਪੁਜਾਰੀ ਇੱਥੇ ਅੱਤ ਪਵਿੱਤਰ ਭੇਟਾਂ ਖਾਂਦੇ ਹਨ।+ ਇੱਥੇ ਉਹ ਅੱਤ ਪਵਿੱਤਰ ਭੇਟਾਂ, ਅਨਾਜ ਦੇ ਚੜ੍ਹਾਵੇ, ਪਾਪ-ਬਲ਼ੀਆਂ ਅਤੇ ਦੋਸ਼-ਬਲ਼ੀਆਂ ਰੱਖਦੇ ਹਨ ਕਿਉਂਕਿ ਇਹ ਜਗ੍ਹਾ ਪਵਿੱਤਰ ਹੈ।+ 14  ਪੁਜਾਰੀ ਜੋ ਲਿਬਾਸ ਪਾ ਕੇ ਸੇਵਾ ਕਰਦੇ ਹਨ, ਉਹ ਉਸ ਲਿਬਾਸ ਵਿਚ ਪਵਿੱਤਰ ਸਥਾਨ ਤੋਂ ਬਾਹਰਲੇ ਵਿਹੜੇ ਵਿਚ ਨਾ ਜਾਣ ਕਿਉਂਕਿ ਇਹ ਲਿਬਾਸ ਪਵਿੱਤਰ ਹੈ।+ ਉਹ ਹੋਰ ਕੱਪੜੇ ਪਾ ਕੇ ਉਨ੍ਹਾਂ ਥਾਵਾਂ ’ਤੇ ਜਾਣ ਜਿੱਥੇ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।” 15  ਜਦ ਉਹ ਪੂਰੇ ਮੰਦਰ* ਦੀ ਮਿਣਤੀ ਕਰ ਚੁੱਕਿਆ, ਤਾਂ ਉਹ ਮੈਨੂੰ ਪੂਰਬੀ ਦਰਵਾਜ਼ੇ ਰਾਹੀਂ ਬਾਹਰ ਲੈ ਗਿਆ+ ਅਤੇ ਉਸ ਨੇ ਪੂਰੀ ਜਗ੍ਹਾ ਨੂੰ ਮਿਣਿਆ। 16  ਉਸ ਨੇ ਮਿਣਤੀ ਕਰਨ ਵਾਲੇ ਕਾਨੇ* ਨਾਲ ਪੂਰਬੀ ਪਾਸੇ ਨੂੰ ਮਿਣਿਆ। ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਇਸ ਦੀ ਲੰਬਾਈ 500 ਕਾਨੇ ਸੀ। 17  ਉਸ ਨੇ ਉੱਤਰੀ ਪਾਸੇ ਨੂੰ ਮਿਣਿਆ ਅਤੇ ਇਸ ਦੀ ਲੰਬਾਈ 500 ਕਾਨੇ ਸੀ। 18  ਉਸ ਨੇ ਦੱਖਣੀ ਪਾਸੇ ਨੂੰ ਮਿਣਿਆ ਅਤੇ ਇਸ ਦੀ ਲੰਬਾਈ 500 ਕਾਨੇ ਸੀ। 19  ਫਿਰ ਉਸ ਨੇ ਪੱਛਮੀ ਪਾਸੇ ਜਾ ਕੇ ਮਿਣਤੀ ਕੀਤੀ ਅਤੇ ਇਸ ਦੀ ਲੰਬਾਈ 500 ਕਾਨੇ ਸੀ। 20  ਉਸ ਨੇ ਚਾਰੇ ਪਾਸਿਆਂ ਨੂੰ ਮਿਣਿਆ। ਇਸ ਦੇ ਆਲੇ-ਦੁਆਲੇ ਇਕ ਕੰਧ ਸੀ+ ਜਿਸ ਦੀ ਲੰਬਾਈ 500 ਕਾਨੇ ਅਤੇ ਚੁੜਾਈ 500 ਕਾਨੇ ਸੀ।+ ਇਹ ਕੰਧ ਪਵਿੱਤਰ ਥਾਂ ਨੂੰ ਸਾਧਾਰਣ ਥਾਂ ਤੋਂ ਵੱਖ ਕਰਨ ਲਈ ਕੀਤੀ ਗਈ ਸੀ।+

ਫੁਟਨੋਟ

ਯਾਨੀ, ਮੰਦਰ ਦੇ ਪੱਛਮ ਵੱਲ ਦੀ ਇਮਾਰਤ।
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਯੂਨਾਨੀ ਸੈਪਟੁਜਿੰਟ ਅਨੁਸਾਰ, “100 ਹੱਥ ਲੰਬਾ।” ਇਬਰਾਨੀ ਲਿਖਤਾਂ ਵਿਚ: “ਇਕ ਹੱਥ ਚੌੜਾ ਰਸਤਾ।” ਵਧੇਰੇ ਜਾਣਕਾਰੀ 2.14 ਦੇਖੋ।
ਆਇਤ 1 ਵਿਚ ਜ਼ਿਕਰ ਕੀਤੀ ਗਈ ਇਮਾਰਤ।
ਇਬ, “ਅੰਦਰਲੇ ਭਵਨ।”