ਹਿਜ਼ਕੀਏਲ 35:1-15

  • ਸੇਈਰ ਦੇ ਪਹਾੜਾਂ ਖ਼ਿਲਾਫ਼ ਭਵਿੱਖਬਾਣੀ (1-15)

35  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਸੇਈਰ ਦੇ ਪਹਾੜੀ ਇਲਾਕੇ+ ਵੱਲ ਆਪਣਾ ਮੂੰਹ ਕਰ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰ।+  ਇਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਸੇਈਰ ਦੇ ਪਹਾੜੀ ਇਲਾਕੇ, ਮੈਂ ਤੇਰੇ ਖ਼ਿਲਾਫ਼ ਹਾਂ। ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਉਜਾੜ ਤੇ ਵੀਰਾਨ ਬਣਾ ਦਿਆਂਗਾ।+  ਮੈਂ ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿਆਂਗਾ। ਤੂੰ ਉਜਾੜ ਤੇ ਵੀਰਾਨ ਹੋ ਜਾਵੇਂਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।  ਜਦੋਂ ਇਜ਼ਰਾਈਲੀਆਂ ’ਤੇ ਬਿਪਤਾ ਆਈ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ, ਤਾਂ ਤੂੰ ਉਨ੍ਹਾਂ ਨੂੰ ਤਲਵਾਰ ਦੇ ਹਵਾਲੇ ਕੀਤਾ+ ਕਿਉਂਕਿ ਤੂੰ ਹਮੇਸ਼ਾ ਉਨ੍ਹਾਂ ਨਾਲ ਦੁਸ਼ਮਣੀ ਰੱਖੀ।”’+  “‘ਇਸ ਲਈ ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੇਰੀ ਮੌਤ* ਤੈਅ ਕਰ ਦਿੱਤੀ ਹੈ ਅਤੇ ਮੌਤ ਤੇਰਾ ਪਿੱਛਾ ਕਰੇਗੀ।+ ਹਾਂ, ਮੌਤ ਤੇਰਾ ਪਿੱਛਾ ਕਰੇਗੀ ਕਿਉਂਕਿ ਤੂੰ ਉਨ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਨ੍ਹਾਂ ਲੋਕਾਂ ਨਾਲ ਤੂੰ ਨਫ਼ਰਤ ਕੀਤੀ।+  ਮੈਂ ਸੇਈਰ ਦੇ ਪਹਾੜੀ ਇਲਾਕੇ ਨੂੰ ਉਜਾੜ ਅਤੇ ਵੀਰਾਨ ਬਣਾ ਦਿਆਂਗਾ+ ਅਤੇ ਇਸ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਅਤੇ ਵਾਪਸ ਆਉਣ ਵਾਲੇ ਨੂੰ ਖ਼ਤਮ ਕਰ ਦਿਆਂਗਾ।  ਮੈਂ ਇਸ ਦੇ ਪਹਾੜਾਂ ਨੂੰ ਲਾਸ਼ਾਂ ਨਾਲ ਭਰ ਦਿਆਂਗਾ ਅਤੇ ਤਲਵਾਰ ਨਾਲ ਮਾਰੇ ਗਏ ਲੋਕ ਤੇਰੀਆਂ ਪਹਾੜੀਆਂ, ਤੇਰੀਆਂ ਘਾਟੀਆਂ ਅਤੇ ਤੇਰੇ ਪਾਣੀ ਦੇ ਸਾਰੇ ਚਸ਼ਮਿਆਂ ਵਿਚ ਡਿਗਣਗੇ।  ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਤੇਰੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’ 10  “ਭਾਵੇਂ ਕਿ ਯਹੋਵਾਹ ਉੱਥੇ ਸੀ, ਫਿਰ ਵੀ ਤੂੰ ਕਿਹਾ, ‘ਇਹ ਦੋਵੇਂ ਕੌਮਾਂ ਅਤੇ ਦੋਵੇਂ ਦੇਸ਼ ਮੇਰੇ ਹੋ ਜਾਣਗੇ ਅਤੇ ਅਸੀਂ ਇਨ੍ਹਾਂ ’ਤੇ ਕਬਜ਼ਾ ਕਰ ਲਵਾਂਗੇ,+ 11  ਇਸ ਲਈ ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਜਿਵੇਂ ਤੂੰ ਉਨ੍ਹਾਂ ਨਾਲ ਈਰਖਾ ਕੀਤੀ ਅਤੇ ਗੁੱਸੇ ਵਿਚ ਆ ਕੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕੀਤਾ, ਮੈਂ ਵੀ ਤੇਰੇ ਨਾਲ ਉਸੇ ਤਰ੍ਹਾਂ ਸਲੂਕ ਕਰਾਂਗਾ।+ ਜਦੋਂ ਮੈਂ ਤੇਰਾ ਨਿਆਂ ਕਰਾਂਗਾ, ਤਾਂ ਮੈਂ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕਰਾਂਗਾ। 12  ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਤੇਰੀਆਂ ਸਾਰੀਆਂ ਬੇਇੱਜ਼ਤੀ ਭਰੀਆਂ ਗੱਲਾਂ ਸੁਣੀਆਂ ਜੋ ਤੂੰ ਇਜ਼ਰਾਈਲ ਦੇ ਪਹਾੜਾਂ ਦੇ ਖ਼ਿਲਾਫ਼ ਕਹੀਆਂ ਸਨ। ਤੂੰ ਕਿਹਾ, “ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਾਡੇ ਹਵਾਲੇ ਕਰ ਦਿੱਤਾ ਗਿਆ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਹੜੱਪ ਜਾਈਏ।” 13  ਤੂੰ ਹੰਕਾਰ ਵਿਚ ਆ ਕੇ ਮੇਰੇ ਖ਼ਿਲਾਫ਼ ਬੋਲਿਆ ਅਤੇ ਮੇਰੇ ਖ਼ਿਲਾਫ਼ ਬਹੁਤ ਸਾਰੀਆਂ ਗੱਲਾਂ ਕਹੀਆਂ।+ ਮੈਂ ਇਹ ਸਾਰੀਆਂ ਗੱਲਾਂ ਸੁਣੀਆਂ।’ 14  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਦ ਮੈਂ ਤੈਨੂੰ ਉਜਾੜ ਤੇ ਵੀਰਾਨ ਬਣਾ ਦਿਆਂਗਾ, ਤਾਂ ਸਾਰੀ ਧਰਤੀ ਖ਼ੁਸ਼ੀਆਂ ਮਨਾਵੇਗੀ, 15  ਜਿਵੇਂ ਤੂੰ ਇਜ਼ਰਾਈਲ ਦੇ ਘਰਾਣੇ ਦੀ ਵਿਰਾਸਤ ਦੀ ਤਬਾਹੀ ਵੇਲੇ ਖ਼ੁਸ਼ੀਆਂ ਮਨਾਈਆਂ ਸਨ। ਮੈਂ ਵੀ ਤੇਰਾ ਉਹੀ ਹਾਲ ਕਰਾਂਗਾ।+ ਹੇ ਸੇਈਰ ਦੇ ਪਹਾੜੀ ਇਲਾਕੇ, ਹਾਂ, ਸਾਰੇ ਅਦੋਮ, ਤੂੰ ਤਬਾਹ ਹੋ ਕੇ ਖੰਡਰ ਬਣ ਜਾਵੇਂਗਾ।+ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”

ਫੁਟਨੋਟ

ਇਬ, “ਖ਼ੂਨ; ਕਤਲੇਆਮ।”